Headlines News :
Home » » ਖ਼ੂਬਸੂਰਤ ਜ਼ਿੰਦਗੀ ਲਈ ਉੱਚੀ ਸੋਚ ਵਾਲੇ ਦੋਸਤਾਂ ਦੀ ਸੰਗਤ ਜ਼ਰੂਰੀ - ਪੋਫੈਸਰ ਮਨਜੀਤ ਤਿਆਗੀ

ਖ਼ੂਬਸੂਰਤ ਜ਼ਿੰਦਗੀ ਲਈ ਉੱਚੀ ਸੋਚ ਵਾਲੇ ਦੋਸਤਾਂ ਦੀ ਸੰਗਤ ਜ਼ਰੂਰੀ - ਪੋਫੈਸਰ ਮਨਜੀਤ ਤਿਆਗੀ

Written By Unknown on Saturday, 9 November 2013 | 04:46

ਮਨੁੱਖ ਇਕ ਸਮਾਜਿਕ ਪ੍ਰਾਣੀ ਹੈ।ਉਸਨੂੰ ਆਪਣੀਆਂ ਰੋਜ਼ਮਰਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੂਜੇ ਲੋਕਾਂ ਨਾਲ਼ ਤਾਲਮੇਲ ਰੱਖਣਾ ਪੈਂਦਾ ਹੈ।ਇਹ ਸਮਾਜਿਕ ਦਾਇਰਾ ਹੀ ਉਸਦੀ ਸਖਸ਼ੀਅਤ ਨੂੰ ਨਿਖ਼ਾਰਨ ਜਾਂ ਨਿਘਾਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।ਦੋਸਤੀ ਦਾ ਰਿਸ਼ਤਾ ਊਚ-ਨੀਚ ਅਤੇ ਗ਼ਰੀਬੀ- ਅਮੀਰੀ  ਤੋ ਮੁਕਤ ਹੁੰਦਾ ਹੈ, ਉੱਚੀ ਸੋਚ ਵਾਲੇ ਬੰਦੇ ਵਿਚਾਰਾਂ ਤੇ ਵਿਚਾਰ ਕਰਦੇ ਹਨ, ਜਦੋਂ ਕਿ ਨੀਵੀਂ ਸੋਚ ਵਾਲੇ ਬੰਦੇ ਬੰਦਿਆਂ ਤੇ ਵਿਚਾਰ ਕਰਦੇ ਹਨ।ਇਸ ਲਈ ਦੋਸਤਾਂ ਦੀ ਚੋਣ ਧਿਆਨ ਨਾਲ ਕਰਨੀ ਚਾਹੀਦੀ ਹੈ।ਤੁਹਾਡੀ ਸੰਗ਼ਤ ਹੀ ਤੁਹਾਡੀ ਸਖਸ਼ੀਅਤ ਬਿਆਨ ਕਰ ਦਿੰਦੀ ਹੈ।
ਅਸਲ ਦੋਸਤ ਉਹ ਹੁੰਦੇ ਹਨ ਜਿਹੜੇ ਪਿੱਠ ਪਿੱਛੇ ਵੀ ਕਿਸੇ ਨੂੰ ਆਪਣੇ ਅਜ਼ੀਜ ਬਾਰੇ ਲਾਹ-ਪੱਤ ਕਰਨੋਂ ਰੋਕਣ।ਉੱਚੀ ਸੋਚ ਵਾਲੇ ਦੋਸਤ ਤੁਹਾਡੀ ਸ਼ਾਨ ਅਤੇ ਸਰਮਾਇਆ ਹੁੰਦੇ ਹਨ।ਅਜਿਹੇ ਦੋਸਤਾਂ ਨਾਲ ਬਿਤਾਏ ਪਲ਼ਾਂ ਦਾ ਸੁੱਖ ਜ਼ਿੰਦਗੀ ਦਾ ਮਾਣ ਬਣਦਾ ਹੈ।ਆਪਣੇ ਆਪ ਨੂੰ ਸਤਰੰਗੀ ਪੀਂਘ ਤੇ ਦੌੜਨ ਦਾ ਅਹਿਸਾਸ ਹੁੰਦਾ ਹੈ।ਬਹੁਤ ਸਾਰੀਆਂ ਗੁੰਝਲਦਾਰ ਸਮੱਸਿਆਵਾਂ ਦੇ ਹੱਲ ਆਪ ਹੀ ਸੁੱਝਣ ਲੱਗਦੇ ਹਨ ਤੇ ਤੁਹਾਨੂੰ ਕੁਝ ਚੰਗਾ ਕਰਨ ਦੀ ਪ੍ਰੇਰਨਾ ਮਿਲਦੀ ਹੈ।ਜਿਸ ਅਨੁਪਾਤ ਵਿਚ ਤੁਹਾਡੇ ਚੰਗੇ ਦੋਸਤ ਵਧਣਗੇ, ਉਸ ਅਨੁਪਾਤ ਵਿਚ ਹੀ ਤੁਹਾਡੇ ਕਾਮਯਾਬੀ ਦੇ ਮੌਕੇ ਵਧਣਗੇ।ਜੇਕਰ ਤੁਹਾਡੀਆਂ ਬੁਨਿਆਦੀ ਲੋਂੜਾਂ ਵਿਚ ਤੁਹਾਡੇ ਦੋਸਤ ਵੀ ਸ਼ਾਮਲ ਹਨ ਤਾਂ ਤੁਸੀ ਹਮੇਸ਼ਾ ਚੜਦੀ ਕਲਾ ਵਿਚ ਰਹੋਗੇ ਤੇ ਤੁਹਾਡੀ ਸੋਚ ਵਿਸ਼ਾਲ ਹੋ ਜਾਵੇਗੀ।ਚੰਗੇ ਦੋਸਤ ਤੁਹਾਡੇ ਲਈ ਅਲਾਦੀਨ ਦਾ ਚਿਰਾਗ਼ ਹੋ ਨਿਬੜਦੇ ਹਨ। 
ਇਸ ਤੋਂ ਉਲਟ ਘੋਰੀ, ਘਮੰਡੀ, ਘਰ ਘੁਸੜੂ ਅਤੇ ਘਪਲ਼ੇਬਾਜ਼ ਵਿਅਕਤੀਆਂ ਤੋਂ ਘੱਟੋ-ਘੱਟ 20 ਫੁੱਟ ਦੀ ਦੂਰੀ ਬਣਾ ਕੇ ਰੱਖੋ, ਜੇ ਤੁਸੀ ਇਨ੍ਹਾਂ ਦੀ ਰੇਂਜ਼ ਵਿਚ ਆ ਗਏ ਤਾਂ ਇਹ ਉਤਸ਼ਾਹੀਣਤਾ ਦੇ ਕੀਟਾਣੂ ਤੁਹਾਡੇ ਤੇ ਛੱਡ ਦੇਣਗੇ ਤੇ ਤੁਹਾਡੀ ਜ਼ਿੰਦਗੀ ਦਾ ਹਾਰਮੋਨੀਅਮ ਦੋ ਦਿਨ ਬੇਸੁਰਾ ਵੱਜੇਗਾ। ਮਾੜੇ ਦੋਸਤਾਂ ਤੋਂ ਚੰਗਾ ਹੈ ਕਿ ਉਹ ਤੁਹਾਡੇ ਦੁਸ਼ਮਣ ਹੀ ਹੋਣ ਕਿਉਂਕਿ ਅਜਿਹੇ ਦੋਸਤ ਤੁਹਾਡਾ ਕੁਝ ਸੰਵਾਰ ਨਹੀਂ ਸਕਦੇ ਸਗੋਂ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਹੀ ਬਨਣਗੇ ਜੇ ਕੁਝ ਹੋਰ ਨਾ ਕਰ ਸਕੇ ਤਾਂ ਤੁਹਾਡੇ ਤੋਂ ਪੈਸੇ ਹੀ ਉਧਾਰ ਮੰਗ ਲੈਣਗੇ।ਇਸੇ ਕਰਕੇ ਹੀ ਕਿਹਾ ਜਾਂਦਾ ਹੈ ਕਿ ਮਾੜੀ ਸੰਗਤ ਨਾਲ਼ੋ ਇਕੱਲਾ ਚੰਗਾ।ਚੰਗੀ ਸੋਚ ਵਾਲੇ ਦੋਸਤ ਭਾਵੇਂ ਘੱਟ ਹੋਣ ਪਰ ਵੱਧ ਗਿਣਤੀ ਮਾੜੀ ਸੋਚ ਵਾਲੇ ਦੋਸਤਾਂ ਤੋਂ ਜ਼ਿਆਦਾ ਮੱਦਦਗਾਰ ਹੁੰਦੇ ਹਨ।ਜਿਵੇਂ 11 ਜ਼ੰਗ ਲੱਗੀਆਂ ਤੋਪਾਂ ਨਾਲ਼ੋ ਬੇਹਤਰ ਹੈ ਕਿ ਤੁਹਾਡੇ ਕੋਲ਼ ਚੰਗੀ ਕੰਡੀਸ਼ਨ ਵਾਲੀ ੱਿੲਕ ਹੀ ਤੋਪ ਹੋਵੇ, ਘੱਟੋ-ਘੱਟ ਲੋੜ ਪੈਣ ਤੇ ਤੁਹਾਨੂੰ ਧੋਖਾ ਤਾਂ ਨਹੀਂ ਦੇਵੇਗੀ।ਅੱਜ ਕੱਲ ਜ਼ਿਆਦਾਤਰ ਲੋਕ ਆਪਣੇ ਖੀਸੇ ਪੱਥਰਾਂ ਨਾਲ਼ ਹੀ ਭਰੀ ਰੱਖਦੇ ਹਨ।ਮੇਰਾ ਵਿਚਾਰ ਹੈ ਕਿ ਇੰਨੇ ਪੱਥਰ ਰੱਖਣ ਨਾਲ਼ੋਂ ਇਕ ਹੀਰਾ ਹੀ ਆਪਣੇ ਕੋਲ਼ ਰੱਖ ਲਵੋ ਤਾਂ ਬੇਹਤਰ ਹੋਵੇਗਾ।ਕਾਬਲ਼ੀਅਤ ਹੋਣ ਦੇ ਬਾਵਜੂਦ ਵੀ ਬਹੁਤੇ ਲੋਕ ਇਸ ਲਈ ਅਸਫ਼ਲ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਨਿੱਗਰ ਸੋਚ ਵਾਲ਼ੇ ਦੋਸਤ ਨਹੀਂ ਮਿਲੇ ਹੁੰਦੇ।
ਜੇਕਰ ਤੁਸੀ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜਿਉਣਾ ਚਾਹੁੰਦੇ ਹੋ ਤਾਂ ਚੰਗੇ ਵਿਚਾਰਾਂ ਵਾਲੇ ਦੋਸਤਾਂ ਦੇ ਸੰਪਰਕ ਵਿਚ ਰਹੋ।ਚੰਗੇ ਦੋਸਤ ਉਹ ਸ਼ੀਸ਼ਾ ਹਨ ਜਿਸ ਵਿਚੋੱ ਦੀ ਤੱਕਿਆੱ ਤੁਹਾਡਾ ਜੀਵਨ ਤੇ ਇਸਦੇ ਸਾਰ ਪੱਖਾਂ ਦਾ ਹੂ-ਬਹੂ ਝਲਕਾਰਾ ਜਾਂ ਪ੍ਰਤੀਬਿੰਬ ਦਿਸਦਾ ਹੈ।ਜਿੰਨੀ ਉੱਚੀ ਸੋਚ ਵਾਲੇ ਦੋਸਤ ਤੁਹਾਡੇ ਸੰਪਰਕ’ਚ ਹੋਣਗੇ ਉਨ੍ਹੀ ਹੀ ਜ਼ਿੰਦਗੀ ਵਿਚ ਤੁਹਾਨੂੰ ਘੱਟ ਪ੍ਰੇਸ਼ਾਨੀ ਹੋਵੇਗੀ।ਉੱਚੀ ਸੋਚ ਵਾਲੇ ਦੋਸਤਾਂ ਦੀ ਹਾਜ਼ਰੀ ‘ਚ ਤੁਸੀ ਆਪਣੇ ਆਪ ਨੂੰ ਉੱਚਾ ਮਹਿਸੂਸ ਕਰਦੇ ਹੋ, ਤਰੋਤਾਜ਼ਾ ਹੋ ਜਾਂਦੀ ਹੈ, ਤੁਹਾਡੇ ਅੰਦਰ ਵਿਚਾਰਾਂ ਦੀਆਂ ਤਰੰਗਾਂ ਉਤਪੰਨ ਹੋ ਜਾਦੀਆਂ ਹਨ ਤੇ ਤੁਸੀ ਕੁਝ ਸਿਰਜਣ ਦੇ ਯੋਗ ਹੋ ਜਾਂਦੇ ਹੋ।

ਪੋਫੈਸਰ ਮਨਜੀਤ ਤਿਆਗੀ 
ਸਟੇਟ ਐਵਾਰਡੀ   
  ਮਲੇਰਕੋਟਲਾ (ਪੰਜਾਬ)  
 +91 9814096108

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template