ਬਾਬਾ ਜੀ ਇੱਕ ਗਿਆਨੀ ਤੇ ਇੱਕ ਬਹੁਤ ਹੀ ਚੰਗੇ ਪ੍ਰਚਾਰਕ ਹੋਣ ਦੇ ਨਾਲ-ਨਾਲ ਇੱਕ ਬਹਾਦਰ ਤੇ ਨਿਰਭੈ ਯੋਧੇ ਵੀ ਸਨ। ਸਿੱਖ ਕੌਮ ਦੇ ਮਹਾਨ ਜਰਨੈਲ ਤੇ ਅਣਖੀਲੇ ਯੋਧੇ ਲੰਬਾ ਕੱਦ, ਭਰਵਾਂ ਚੇਹਰਾ, ਸੋਹਣਾ ਤੇ ਸੁੰਦਰ ਦਾੜਾ, ਮੋਟੀਆਂ ਅੱਖਾਂ, ਲਾਲ ਸੂਹਾ ਭੱਖਦਾ ਚੇਹਰਾ, ਫੁਰਤੀਲੇ ਤੇ ਜੋਸ਼ੀਲੇ ਸਰਦਾਰ ਸਨ, ਧੰਨ- ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਬਾਬਾ ਜੀ ਦਾ ਬਾਹੂਬਲ ਦੇਖ ਕੇ ਵੈਰੀ ਥਰ-ਥਰ ਕੰਬਦੇ ਸਨ। ਬਾਬਾ ਜੀ ਵਿੱਚ ਨਿੱਡਰਤਾ, ਸ਼ਹਾਦਤ ਦਾ ਚਾਉ ਤੇ ਗੁਰਬਾਣੀ ਨਾਲ ਅਥਾਹ ਪਿਆਰ ਸੀ। ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਈ: (14 ਮਾਘ 1739 ਬਿਕਰਮੀ) ਨੂੰ ਮਾਤਾ ਜਿਊਣੀ ਜੀ ਦੇ ਉ ੱਦਰ ਪਿਤਾ ਭਾਈ ਭਗਤਾ ਸੰਧੂ ਦੇ ਗ੍ਰਹਿ ਪਿੰਡ ਪਹੂਵਿੰਡ, ਤਹਿਸੀਲ ਪੱਟੀ, ਜਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਆਪ ਦਾ ਨਾਮ ਭਾਈ ਦੀਪਾ ਰੱਖਿਆ ਗਿਆ।(ਕਲਗੀਧਰ ਪਿਤਾ ਜੀ ਕੋਲੋ ਅੰਮ੍ਰਿਤ ਪਾਨ ਕਰਕੇ ਆਪ ਦੇ ਨਾਵਾਂ ਨਾਲ ਕੌਰ ਤੇ ਸਿੰਘ ਸ਼ਬਦ ਜੁੜਨ ਉਪਰੰਤ ਮਾਤਾ ਜਿਊਣ ਕੌਰ, ਭਾਈ ਭਗਤ ਸਿੰਘ ਤੇ ਆਪ ਭਾਈ ਦੀਪ ਸਿੰਘ ਹੋ ਗਏ) ਬਚਪਨ ਵਿੱਚ ਆਪ ਆਪਣੇ ਸਭ ਹਾਣੀਆਂ ਵਿੱਚੋਂ ਚੌੜਾ ਮੱਥਾ, ਸਡੌਲ ਜਿਸਮ, ਜੋਸ਼ੀਲੇ ਤੇ ਤਕੜੇ ਸਨ। ਆਪ 18 ਸਾਲ ਦੇ ਹੋਏ ਤਾਂ ਆਪ ਜੀ ਨੂੰ ਥੋੜ੍ਹੀ- ਥੋੜ੍ਹੀ ਮੁੱਛ ਫੁੱਟ ਰਹੀ ਸੀ। ਹੋਲੇ-ਮਹੱਲੇ ਦਾ ਸਮਾਂ ਨਜ਼ਦੀਕ ਆ ਚੁੱਕਾ ਸੀ। ਮਾਤਾ ਪਿਤਾ ਗੁਰੂ ਘਰ ਦੇ ਅਨਿੰਨ ਸੇਵਕ ਸਨ। ਮਾਝੇ ਦੀਆਂ ਸੰਗਤਾਂ ਨੇ ਐਂਤਕੀ ਹੋਲਾ-ਮਹੱਲਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਸਾਹਿਬਾਂ ਦੇ ਸਨਮੁੱਖ ਮਨਾਉਣ ਦਾ ਫੈਸਲਾ ਕੀਤਾ। ਭਾਈ ਦੀਪੇ ਦੇ ਕਹਿਣ ਤੇ ਮਾਤਾ ਪਿਤਾ ਵੀ ਗੁਰੂ ਦਰਸ਼ਨਾਂ ਨੂੰ ਤਿਆਰ ਹੋ ਗਏ। ਕਈ ਦਿਨ ਪੈਦਲ ਯਾਤਰਾ ਕਰਕੇ ਜਥਾ ਸ੍ਰੀ ਆਨੰਦਪੁਰ ਸਾਹਿਬ ਪੁੱਜਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਦੀਦਾਰੇ ਕਰਕੇ ਸੰਗਤਾਂ ਨਿਹਾਲ ਹੋਈਆਂ ਤੇ ਗੁਰੂ ਜੀ ਦੀ ਪ੍ਰੇਰਨਾ ਸਦਕਾ ਸਭ ਨੇ ਕਲਗੀਧਰ ਪਾਤਸ਼ਾਹ ਜੀ ਕੋਲੋਂ ਪਵਿੱਤਰ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਉਸ ਦਿਨ ਤੋਂ ਸਭ ਦੇ ਨਾਮ ਨਾਲ ਕੌਰ ਤੇ ਸਿੰਘ ਸ਼ਬਦ ਜੁੜ ਗਿਆ ਤੇ ਸਭ ਪ੍ਰਾਣੀ ਗੁਰੂ ਵਾਲੇ ਬਣ ਗਏ। ਕੁਝ ਮਹੀਨੇ ਸੇਵਾ ਕਰਕੇ ਜਦੋਂ ਸੰਗਤਾਂ ਵਾਪਸ ਮੁੜਨ ਲੱਗੀਆਂ ਤੇ ਪਾਤਸ਼ਾਹ ਜੀ ਕੋਲੋਂ ਆਗਿਆ ਮੰਗੀ ਤਾਂ ਪਾਤਸ਼ਾਹ ਫੁਰਮਾਏ ਕਿ “ਤੁਸੀ ਜਾਉ, ਦੀਪ ਸਿੰਘ ਨੂੰ ਸਾਡੇ ਕੋਲ ਇੱਥੇ ਹੀ ਰਹਿਣ ਦਿੳ।ੁ” ਆਪ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਰਹਿ ਕੇ ਗੁਰਮੁੱਖੀ, ਫਾਰਸੀ ਤੇ ਅਰਬੀ ਲਿਪੀ ਵਿੱਚ ਨਿਪੁੰਨਤਾ ਹਾਸਲ ਕੀਤੀ ਤੇ ਇੱਥੇ ਹੀ ਆਪ ਨੇ ਸ਼ਸਤਰ ਵਿਦਿਆ, ਘੋੜ ਸਵਾਰੀ, ਤਲਵਾਰਬਾਜ਼ੀ, ਤੀਰਅੰਦਾਜ਼ੀ ਤੇ ਨੇਜਾਬਾਜ਼ੀ ਦੀ ਮੁਹਾਰਤ ਹਾਸਲ ਕੀਤੀ। ਜਦੋਂ ਕਲਗੀਧਰ ਪਾਤਸ਼ਾਹ ਸ਼ਿਕਾਰ ਖੇਡਣ ਜਾਂਦੇ ਤਾਂ ਭਾਈ ਦੀਪ ਸਿੰਘ ਜੀ ਵੀ ਨਾਲ ਹੀ ਜਾਂਦੇ ਸਨ। ਆਪ ਗੁਰੂ ਗੋਬਿੰਦ ਸਿੰਘ ਜੀ ਪਾਸ ਸੰਮਤ 1757 ਤੋਂ 1762 ਤੱਕ ਪੰਜ ਸਾਲ ਤੱਕ ਰਹੇ। ਜਦੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਆਪਣੇ ਮਹਿਲ (ਸੁਪਤਨੀਆਂ) ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੀ ਸੇਵਾ ਸੰਭਾਲ ਅਤੇ ਦੇਖ-ਰੇਖ ਲਈ ਭਾਈ ਮਨੀ ਸਿੰਘ, ਭਾਈ ਧੰਨਾ ਸਿੰਘ ਅਤੇ ਭਾਈ ਜਵਾਹਰ ਸਿੰਘ ਜੀ ਨੂੰ ਮੁੱਖੀਆ ਬਣਾ ਕੇ ਤੇ ਦੋ ਦਾਸੀਆਂ ਬੀਬੀ ਭਾਗ ਕੌਰ ਤੇ ਬੀਬੀ ਹਰਦਾਸ ਕੌਰ ਦੇ ਕੇ ਦਿੱਲੀ ਭੇਜ ਦਿੱਤਾ। ਉਸ ਸਮੇਂ ਭਾਈ ਦੀਪ ਸਿੰਘ ਕੁਝ ਸਮਾਂ ਭਾਈ ਜਵਾਹਰ ਸਿੰਘ ਦੇ ਘਰ ਰਹਿ ਕੇ ਮਾਤਾ ਜੀ ਦੀ ਖੁਸ਼ੀ ਅਤੇ ਆਗਿਆ ਲੈ ਕੇ ਆਪਣੇ ਪਿੰਡ ਪਹੂਵਿੰਡ ਆ ਕੇ ਸਿੱਖੀ ਦਾ ਪ੍ਰਚਾਰ ਕਰਨ ਵਿੱਚ ਜੁੱਟ ਗਏ। ਮੁਕਤਸਰ ਦੀ ਜੰਗ ਤੋਂ ਬਾਅਦ 1704 ਈ: ਨੂੰ ਗੁਰੂ ਜੀ ਪਿੰਡਾਂ ਤੋਂ ਹੁੰਦੇ ਹੋਏ ਸਾਬੋਂ ਕੀ ਤਲਵੰਡੀ ਜਿਲ੍ਹਾ ਬਠਿੰਡਾ ਪਹੁੰਚੇ। ਇੱਥੇ ਗੁਰੂ ਜੀ ਨੇ ਕਈ ਚਿਰਾਂ ਦਾ ਕਮਰਕੱਸਾ ਖੋਲਿਆ ਤੇ ਦਮ ਲਿਆ ਤਾਂ ਇਸ ਅਸਥਾਨ ਦਾ ਨਾਂ ਦਮਦਮਾ ਸਾਹਿਬ ਪ੍ਰਸਿੱਧ ਹੋਇਆ। ਆਪ ਜੀ ਇੱਥੇ ਨੌਂ ਮਹੀਨੇ ਰਹੇ। ਇੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਮੁਕੰਮਲ ਕਰਨ ਵੱਲ ਧਿਆਨ ਦਿੱਤਾ ਗਿਆ। 1705 ਈ: ਨੂੰ ਭਾਈ ਮਨੀ ਸਿੰਘ ਜੀ ਤੋਂ ਬੀੜ ਲਿਖਵਾਉਣੀ ਸ਼ੁਰੂ ਕੀਤੀ ਗਈ ਤੇ ਬਾਬਾ ਦੀਪ ਸਿੰਘ ਜੀ ਲਿੱਖਣ ਦੇ ਸਾਰੇ ਸਮਾਨ ਦਾ ਪ੍ਰਬੰਧ ਕਰਨ ਲੱਗੇ। 1707 ਈ: ਨੂੰ ਮਾਧੋ ਦਾਸ ਬੈਰਾਗੀ ਨੂੰ ਅੰਮ੍ਰਿਤ ਛਕਾ ਕੇ ਬਾਬਾ ਬੰਦਾ ਸਿੰਘ ਬਹਾਦਰ(ਗੁਰਬਖਸ਼ ਸਿੰਘ) ਬਣਾ ਦਿੱਤਾ। ਗੁਰੂ ਜੀ ਆਪ ਪੰਜਾਬ ਛੱਡ ਕੇ ਦੱਖਣ ਵੱਲ ਚਲੇ ਗਏ। 1708 ਈ: ਨੂੰ ਬੰਦਾ ਬਹਾਦਰ ਪੰਜਾਬ ਆਇਆ । ਬੰਦਾ ਬਹਾਦਰ ਨੂੰ ਪੰਜਾਬ ਭੇਜਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ 7 ਅਕਤੂਬਰ 1708 ਈ: ਨੂੰ ਜੋਤੀ ਜੋਤ ਸਮਾ ਗਏ ਸਨ। ਜਦੋਂ ਭਾਈ ਦੀਪ ਸਿੰਘ ਜੀ ਨੇ ਸੁਣਿਆ ਕਿ ਬਾਬਾ ਬੰਦਾ ਬਹਾਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਮੁਤਾਬਿਕ ਪੰਜਾਬ ਆਇਆ ਹੈ ਤਾਂ ਸਿੱਖੀ ਦੀ ਸ਼ਾਨ ਨੂੰ ਹੋਰ ਵਧਾਉਣ ਲਈ ਆਪ ਮੈਦਾਨ ਵਿੱਚ ਕੁੱਦ ਪਏ। 1708 ਤੋਂ ਲੈ ਕੇ 1715 ਤੱਕ ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਬਹਾਦਰ ਦੀ ਹਰ ਯੁੱਧ ਵਿੱਚ ਮਦਦ ਕੀਤੀ ਤੇ ਜਿੱਤ ਦਾ ਪਰਚਮ ਲਹਿਰਾਇਆ।1734 ਵਿੱਚ ਦੀਵਾਨ ਦਰਬਾਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਨਵਾਬ ਕਪੂਰ ਸਿੰਘ, ਭਾਈ ਫਤਿਹ ਸਿੰਘ, ਭਾਈ ਬੁੱਢਾ ਸਿੰਘ ਤੇ ਭਾਈ ਭੂਮਾ ਸਿੰਘ ਆਦਿ ਸਿੱਖਾਂ ਨੇ ਇੱਕਠੇ ਹੋ ਕੇ ਵਿਚਾਰ ਕਰਨ ਉਪਰੰਤ ਤਰਨਾ ਦਲ ਤੇ ਬੁੱਢਾ ਦਲ ਬਨਾਉਣ ਦੀ ਪ੍ਰਵਾਨਗੀ ਦੇ ਦਿੱਤੀ। ਬਾਬਾ ਦੀਪ ਸਿੰਘ ਜੀ ਨੂੰ ਤਰਨਾ ਦਲ ਦੇ ਮੁੱਖੀ ਥਾਪਿਆ ਗਿਆ, ਉਸ ਸਮੇਂ ਆਪ ਜੀ ਦੀ ਉਮਰ ਬਵੰਜਾ ਸਾਲ ਸੀ। ਉਧਰ ਮੀਰ ਮੁਹੰਮਦ ਦੀ ਮੌਤ ਤੋਂ ਬਾਅਦ ਜਹਾਨ ਖਾਂ ਲਾਹੌਰ ਦਾ ਸੂਬੇਦਾਰ ਥਾਪਿਆ ਗਿਆ। ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਨੇ ਜਹਾਨ ਖਾਂ ਅਤੇ ਸਰਬੁਲੰਦ ਖਾਂ ਨੂੰ ਅੰਮ੍ਰਿਤਸਰ ਸਿੱਖਾਂ ਦਾ ਮਲੀਆਮੇਟ ਕਰਨ ਲਈ ਭੇਜਿਆ। ਇੰਨ੍ਹਾਂ ਦੋਵਾਂ ਨੇ ਆਉਂਦਿਆ ਹੀ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨਾ ਸ਼ੁਰੂ ਕਰ ਦਿੱਤਾ ਤੇ ਪਵਿੱਤਰ ਹਰੀਮੰਦਰ ਸਾਹਿਬ ਜੀ ਦੀ ਮਰਿਆਦਾ ਭੰਗ ਕੀਤੀ ਤੇ ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ ਤੇ ਆਪਣੀਆਂ ਮਨਮਾਨੀਆਂ ਕਰਨ ਲੱਗਾ। ਇਹ ਸਭ ਦੀ ਖਬਰ ਭਾਗ ਸਿੰਘ ਨਿਹੰਗ ਸਿੰਘ ਨੇ ਦਮਦਮਾ ਸਾਹਬ ਜਾ ਕੇ ਬਾਬਾ ਦੀਪ ਸਿੰਘ ਜੀ ਨੂੰ ਦੱਸੀ। ਉਸ ਵਕਤ ਬਾਬਾ ਜੀ ਬਾਣੀ ਲਿੱਖ ਰਹੇ ਸਨ। ਸੁਣਦਿਆ ਸਾਰ ਹੀ ਬਾਬਾ ਜੀ ਨੂੰ ਗੱਸਾ ਆ ਗਿਆ। ਡੇਰੇ ਦੀ ਸੇਵਾ ਸ੍ਰ.ਮਸੰਦਾ ਸਿੰਘ ਨੂੰ ਸੌਪ ਕੇ ਸਿੱਖਾਂ ਨੂੰ ਦਮਦਮਾ ਸਾਹਬ ਇੱਕਠੇ ਹੋਣ ਦੇ ਸੰਦੇਸ਼ੇ ਭੇਜੇ। ਬਾਬਾ ਜੀ ਭੁੱਖੇ ਸ਼ੇਰ ਦੀ ਤਰ੍ਹਾਂ ਦਹਾੜਨ ਲੱਗੇ। ਅੱਖਾਂ ਵਿੱਚੋਂ ਅੰਗਾਰੇ ਬਰਸ ਰਹੇ ਸਨ। ਨਗਾਰੇ ਤੇ ਚੋਟ ਲੱਗ ਗਈ।
ਬਾਬਾ ਜੀ ਦਮਦਮਾ ਸਾਹਬ ਤੋਂ 500 ਸਿੰਘਾਂ ਦਾ ਜਥਾ ਲੈ ਕੇ ਤੁਰ ਪਏ। ਤਰਨਤਾਰਨ ਸਾਹਬ ਪੁੱਜ ਕੇ ਇਸ਼ਨਾਨ ਕਰਨ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ “ਹੇ, ਸ਼ਹੀਦਾ ਦੇ ਸਿਰਤਾਜ, ਜਾਲਮਾਂ ਦੇ ਸ੍ਰੀ ਅੰਮ੍ਰਿਤਸਰ ਸਾਹਬ ਤੋਂ ਝੰਡੇ ਪੁੱਟ ਕੇ ਹੀ ਸ਼ਹੀਦ ਹੋਵਾਂਗਾ।” 500 ਸਿੰਘਾਂ ਦਾ ਜਥਾ ਤਰਨਤਾਰਨ ਤੋਂ ਤੁਰਨ ਵੇਲੇ 5000 ਸਿੰਘਾਂ ਦਾ ਜਥਾ ਬਣ ਚੁੱਕਾ ਸੀ। ਪਿੰਡ ਗੋਹਲਵਾੜ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਨੇ ਲਕੀਰ ਖਿੱਚੀ ਤੇ ਗਰਜ਼ਵੀਂ ਅਵਾਜ਼ ਵਿੱਚ ਕਿਹਾ ਕਿ “ਜਿਸ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾ ਵਿੱਚ ਸ਼ਹੀਦ ਹੋਣਾ ਹੈ, ਉਹ ਹੀ ਇਹ ਲਕੀਰ ਟੱਪਣ।”ਸਿੰਘ ਜੈਕਾਰ ਗਜਾਉਂਦੇ ਹੋਏ ਛਾਲਾਂ ਮਾਰ ਕੇ ਲਕੀਰ ਟੱਪ ਗਏ। ਉਧਰ ਜਹਾਨ ਖਾਂ ਭਾਰੀ ਭਰਕਮ ਫੌਜ ਲੈ ਕੇ ਗੋਹਲਵਾੜ ਦੇ ਨਜ਼ਦੀਕ ਪਹੁੰਚ ਚੁੱਕਾ ਸੀ। ਦੋਨਾਂ ਦੇ ਟਾਕਰੇ ਹੋ ਗਏ। ਸਿੰਘ ਤੇ ਦੁਰਾਨੀ ਲੜਦੇ ਹੋਏ ਪਿੰਡ ਚੱਬਾ ਅਤੇ ਪਿੰਡ ਵਰਪਾਲ ਦੀ ਸਾਂਝੀ ਜੂਹ ‘ਚ ਆਹਮੋ-ਸਾਹਮਣੇ ਹੋ ਗਏ। ਘੋੜਿਆ ਦੀ ਨੱਠ ਭੱਜ, ਹਾਥੀਆ ਦੀਆਂ ਫੁੰਕਾਰਾ, ਸਰੀਰਾ ਦੇ ਦੋ-ਦੋ, ਤਿੰਨ-ਤਿੰਨ ਟੋਟੇ ਹੋ ਰਹੇ ਸਨ। ਕਈ ਫੱਟੜ ਤੜਫ ਰਹੇ ਸਨ। ਬਾਬਾ ਦੀਪ ਸਿੰਘ ਜੀ ਦੋ ਧਾਰਾ ਖੰਡਾ (18 ਸੇਰ ਦਾ ਖੰਡਾ) ਫੜ ਕੇ ਇਸ ਤਰ੍ਹਾਂ ਅੱਗੇ ਵੱਧ ਰਹੇ ਸਨ ਜਿਵੇਂ ਕਲਗੀਧਰ ਪਾਤਸ਼ਾਹ ਆਪ ਇਸ ਯੁੱਧ ਦੀ ਅਗਵਾਈ ਕਰ ਰਹੇ ਹੋਣ। ਆਨੰਦਪੁਰ ਸਾਹਬ ਵਿੱਚ ਇਹ ਖਬਰ ਪਾ ਕੇ ਬਾਬਾ ਗੁਰਬਖਸ਼ ਸਿੰਘ ਜੀ ਵੀ ਘੋੜੇ ਤੇ ਸਵਾਰ ਹੋ ਕੇ ਕੁਝ ਸਿੰਘ ਲੈ ਕੇ ਮਦਦ ਲਈ ਆਣ ਪਹੁੰਚੇ ਤਾਂ ਦੁਰਾਨੀ ਇਹ ਵੇਖ ਕੇ ਘਬਰਾਹਟ ਵਿੱਚ ਆ ਗਏ। ਉਧਰ ਜਹਾਨ ਖਾਂ ਨੂੰ ਵੀ ਪਿੱਛੋਂ ਮਦਦ ਦੀ ਆਸ ਸੀ ਕਿ ਤਾਜ਼ੀ ਅਤਾ ਮੁਹੰਮਦ ਖਾਨ ਮਦਦ ਲੈ ਕੇ ਆਵੇਗਾ ਤਾਂ ਸਿੱਖਾਂ ਨਾਲ ਫਿਰ ਤੋਂ ਦੋ-ਦੋ ਹੱਥ ਕਰੇਗਾ, ਪਰ ਅਲੀ ਖਾਨ, ਸਾਬਰ ਖਾਨ ਤੇ ਯਕੂਬ ਖਾਨ ਨੇ ੳਨ੍ਹਾਂ ਨੂੰ ਨਾ ਉਡੀਕਿਆ ਤੇ ਸਿੱਖਾਂ ਤੇ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਯਕੂਬ ਖਾਨ ਤੇ ਅਮਾਨ ਖਾਨ ਸਾਥੀਆਂ ਸਮੇਤ ਮਾਰੇ ਗਏ। ਸਿੱਖਾਂ ਦਾ ਵੀ ਬਹੁਤ ਨੁਕਸਾਨ ਹੋਇਆ ਤੇ ਕਈ ਨਾਮੀ ਸਿੰਘ ਸ਼ਹੀਦ ਹੋ ਗਏ। ਬਾਬਾ ਦਿਆਲ ਸਿੰਘ ਜੀ ਹੱਥੋਂ ਜਹਾਨ ਖਾਂ ਮਾਰਿਆ ਗਿਆ। ਜਹਾਨ ਖਾਂ ਦਾ ਸਿਰ ਨੇਜ਼ੇ ਉੱਪਰ ਟੰਗਿਆ ਵੇਖ ਕੇ ਦੁਰਾਨੀ ਪਿੱਛੇ ਹੱਟਣ ਲੱਗੇ। ਇੰਨ੍ਹੇ ਚਿਰ ਨੂੰ ਦੁਰਾਨੀਆਂ ਦੀ ਮਦਦ ਲਈ ਫੌਜ ਆ ਗਈ। ਇਸ ਲੜਾਈ ਵਿੱਚ ਜੋ ਸਿੰਘ ਸ਼ਹੀਦ ਹੋਏ ਉਹ ਸਨ ਭਾਈ ਦਿਆਲ ਸਿੰਘ, ਭਾਈ ਅਰੂੜ ਸਿੰਘ, ਜਥੇ: ਬਾਬਾ ਬਲਵੰਤ ਸਿੰਘ, ਬਾਬਾ ਸੰਤੋਖ ਸਿੰਘ, ਭਾਈ ਹਰਚਰਨ ਸਿੰਘ,ਭਾਈ ਤਾਰਾ ਸਿੰਘ, ਭਾਈ ਕੁੰਦਨ ਸਿੰਘ, ਭਾਈ ਜਵੰਦ ਸਿੰਘ, ਭਾਈ ਕਰਤਾਰ ਸਿੰਘ, ਭਾਈ ਗੁਲਾਬ ਸਿੰਘ, ਭਾਈ ਰਾਮ ਸਿੰਘ, ਭਾਈ ਕੌਰ ਸਿੰਘ,ਭਾਈ ਗੁਰਬਖਸ਼ ਸਿੰਘ, ਭਾਈ ਅਜੀਤ ਸਿੰਘ, ਭਾਈ ਗਿਆਨ ਸਿੰਘ, ਭਾਈ ਰਣ ਸਿੰਘ, ਭਾਈ ਮੰਨਾਂ ਸਿੰਘ, ਭਾਈ ਸਹਿਤ ਸਿੰਘ, ਭਾਈ ਸੰਤ ਸਿੰਘ ਅਤੇ ਕਈ ਹੋਰ ਨਾਮਵਰ ਸਿੰਘ ਇਸ ਯੁੱਧ ਵਿੱਚ ਵੈਰੀ ਨਾਲ ਲੋਹਾ ਲੈਦੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਲਈ ਸ਼ਹੀਦ ਹੋ ਗਏ। ਇੰਨ੍ਹਾਂ ਸ਼ਹੀਦਾ ਸਿੰਘਾਂ ਦੇ ਗੁਰਦੁਆਰੇ ਪਿੰਡ ਚੱਬਾ ਅਤੇ ਪਿੰਡ ਵਰਪਾਲ ਦੀ ਸਾਂਝੀ ਜੂਹ ‘ਚ ਸੁਸ਼ੋਭਿਤ ਹਨ। ਬਾਬਾ ਧਰਮ ਸਿੰਘ ਤੇ ਬਾਬਾ ਨੌਧ ਸਿੰਘ ਜੀ ਦਾ ਗੁਰਦੁਆਰਾ ਤਰਨਤਾਰਨ ਰੋਡ ਦੇ ਐਨ ਉ ੱਪਰ ਸਥਿੱਤ ਹੈ। ਫੌਜਾਂ ਲੜਦੀਆਂ ਹੋਈਆਂ ਸ੍ਰੀ ਅੰਮ੍ਰਿਤਸਰ ਸਾਹਬ ਵੱਲ ਨੂੰ ਵੱਧ ਰਹੀਆਂ ਸਨ। ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਜਮਾਲ ਖਾਂ ਆ ਗਿਆ। ਦੋਵਾਂ ਵਿੱਚ ਬੜੀ ਜਬਰਦਸਤ ਟੱਕਰ ਹੋਈ। ਦੋਹਾਂ ਦੇ ਸਾਂਝੇ ਵਾਰ ਨਾਲ ਸੀਸ ਧੜ ਤੋਂ ਅਲੱਗ ਹੋ ਗਏ।( ਇਸ ਅਸਥਾਨ ਤੇ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਤਰਨਤਾਰਨ ਰੋਡ ਦੇ ਐਨ ਉ ੱਪਰ ਸਥਿੱਤ ਹੈ) ਇੱਕ ਸਿੰਘ ਵੱਲੋਂ ਬਾਬਾ ਜੀ ਨੂੰ ਇਹ ਕਹਿਣ ਤੇ ਕਿ “ਤੁਸੀ ਤਾਂ, ਸ੍ਰੀ ਹਰਿਮੰਦਰ ਸਾਹਿਬ ਜਾ ਕੇ ਸ਼ਹੀਦ ਹੋਣਾ ਸੀ, ਤੁਸੀ ਤਾਂ ਇੱਥੇ ਹੀ ਫਤਿਹ ਗਜਾ ਚੱਲੇ ਹੋ।” ਤਾਂ ਬਾਬਾ ਦੀਪ ਸਿੰਘ ਜੀ ਨੇ ਸੱਜੇ ਹੱਥ ਵਿੱਚ 18 ਸੇਰ ਦਾ ਖੰਡਾ ਤੇ ਖੱਬੇ ਹੱਥ ਤੇ ਸੀਸ ਟਿਕਾ ਕੇ ਦੁਸ਼ਮਣ ਦਲ ਦੀ ਵਾਢ ਇਸ ਤਰ੍ਹਾਂ ਕੀਤੀ ਕਿ ਦੁਸ਼ਮਣਾਂ ਵਿੱਚ ਹਫੜਾ ਦਫੜੀ ਮੱਚ ਗਈ ਤੇ ਵੈਰੀ ਮੈਦਾਨ ਛੱਡ ਕੇ ਭੱਜਣ ਲੱਗੇ। ਇਸ ਤਰ੍ਹਾਂ ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਬਾਬਾ ਜੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾ ਵਿੱਚ ਪਹੁੰਚ ਗਏ। ਸ੍ਰੀ ਹਰੀਮੰਦਰ ਸਾਹਿਬ ਜੀ ਦੀ ਦੱਖਣੀ ਬਾਹੀ ਵੱਲ ਇੱਕ ਗੁਰਦੁਆਰਾ ਤੇ ਇੱਕ ਨਿਸ਼ਾਨ ਸਾਹਿਬ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਨੇ 13 ਨਵੰਬਰ 1757 (30 ਕੱਤਕ 1814 ) ਨੂੰ ਸ਼ਹੀਦੀ ਪ੍ਰਾਪਤ ਕੀਤੀ। ਗੁਰਦੁਆਰਾ ਰਾਮਸਰ ਸਾਹਬ ਦੇ ਨਜ਼ਦੀਕ ਗੁਰਦੁਆਰਾ ‘ਸ਼ਹੀਦਾਂ ਸਾਹਬ’ ਹੈ, ਜਿੱਥੇ ਬਾਬਾ ਜੀ ਦਾ ਸੰਸਕਾਰ ਕੀਤਾ ਗਿਆ ਸੀ, ਹਰ ਐਤਵਾਰ ਅਤੇ ਸ਼ਹੀਦੀ ਜੋੜ ਮੇਲੇ ਤੇ ਸੰਗਤਾਂ ਹੁੰਮ -ਹੁੰਮਾ ਕੇ ਪਹੁੰਚਦੀਆਂ ਹਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।

ਧਰਮਿੰਦਰ ਸਿੰਘ ਵੜ੍ਹੈਚ(ਚੱਬਾ),
ਪਿੰਡ ਤੇ ਡਾਕ:ਚੱਬਾ,
ਤਰਨਤਾਰਨ ਰੋਡ,
ਅੰਮ੍ਰਿਤਸਰ-143022 ,
ਮੋਬਾ;97817-51690

0 comments:
Speak up your mind
Tell us what you're thinking... !