ਰੇਖਾ ਚਿੱਤਰ-
ਸਵ. ਮਹਿਮਾ ਸਿੰਘ ਕੰਗਲੋਕਾਂ ਦੇ ਲਈ ਲੜਦੇ ਤੁਰ ਗਏ,
ਹੱਕ ਸੱਚ ਨਾਲ ਖੜ੍ਹਦੇ ਤੁਰਗੇ।
ਸਫ਼ਰ ਸਾਰੀ ਜ਼ਿੰਦਗੀ ਦਾ,
ਲੰਘਿਆ ਏ ਇਕ ਜੰਗ ਵਰਗਾ।
ਹੋਰ ਕੋਈ ਨੀ ਬਣ ਸਕਦਾ,
ਸਰਦਾਰ ਮਹਿਮਾ ਸਿੰਘ ਕੰਗ ਵਰਗਾ।
ਸਮੇਂ ਦੇ ਪਾਬੰਦ ਪੂਰੇ,
ਨਾ ਕਦੇ ਹੁੰਦੇ ਸੀ ਲੇਟ ਉਹ।
ਸਾਦੀ ਸੀ ਰਹਿਣੀ-ਬਹਿਣੀ,
ਫਿਰ ਵੀ ‘ਅੱਪ-ਟੂ-ਡੇਟ’ ਸੀ ਉਹ।
ਦੁੱਧ ਦੇ ਵਰਗੀ ਚਿੱਟੀ ਦਾੜ੍ਹੀ,
ਸੀ ਰੰਗ ਸੇਬ ਦੇ ਰੰਗ ਵਰਗਾ।
ਹੋਰ ਕੋਈ ਨੀ ਬਣ ਸਕਦਾ,
ਮਾਸਟਰ ਮਹਿਮਾ ਸਿੰਘ ਕੰਗ ਵਰਗਾ।
ਵਿੱਦਿਆ ਦਾ ਦੀਪ ਜਗਾਉਣਾ,
ਇੱਕੋ ਨਿਸ਼ਾਨਾ ਮੇਚਿਆ ਸੀ।
ਭ੍ਰਿਸ਼ਟਾਚਾਰ ਦਾ ਹੂੰਝਣਾ ਕੂੜਾ,
ਇਹ ਵੀ ਸੁਪਨਾ ਦੇਖਿਆ ਸੀ।
ਲਾਲ ਝੰਡੇ ਵਾਂਗੂ ਉੱਡਦੇ ਰਹਿਣਾ,
ਸਰੀਰ ਪਿਆ ਸੀ ਵੰਗ ਵਰਗਾ।
ਹੋਰ ਕੋਈ ਨੀ ਬਣ ਸਕਦਾ,
ਕਾਮਰੇਡ ਮਹਿਮਾ ਸਿੰਘ ਕੰਗ ਵਰਗਾ।
ਸੂਰਜ ਨੂੰ ਮੈਂ ਦੀਵਾ ਦਿਖਾਵਾਂ,
ਏਨੀ ਮੇਰੀ ਔਕਾਤ ਨਹੀਂ।
ਸਾਰੇ ਜੀਵਨ ਤੇ ਚਾਨਣ ਪਾਵਾਂ,
ਮੈਥੋਂ ਲਿਖ ਹੋਣਾ ਇਤਿਹਾਸ ਨਹੀਂ।
ਹਰ ਦਿਲਬਰ ਇਹੋ ਚਾਹੁੰਦਾ ਏ,
ਸਾਥ ਮਿਲ ਜੇ ਓਹਦੇ ਸੰਗ ਵਰਗਾ।
ਹੋਰ ਕੋਈ ਨੀ ਬਣ ਸਕਦਾ,ਇਨਸਾਨ ਮਹਿਮਾ ਸਿੰਘ ਕੰਗ ਵਰਗਾ।
ਦੀਪ ਦਿਲਬਰ
ਪਿੰਡ ਤੇ ਡਾਕ : ਕੋਟਾਲਾ
ਤਹਿ: ਸਮਰਾਲਾ (ਲੁਧਿਆਣ)
ਮੋਬਾ: 98557-21844
ਨਾਨਕ ਨੇ ਮੁੜ੍ਹ ਨਹੀਂ ਆਉਣਾ
ਨਾਨਕ ਮੁੜ੍ਹ, ਫੇਰਾ ਪਾ ਜਾ
ਦੁਨੀਆਂ ਨੂੰ ਸਿੱਧੇ ਰਸਤੇ ਪਾ ਜਾ
ਭਟਕਦੀ ਲੋਕਾਈ ਨੂੰ ਕੋਈ ਰਸਤਾ ਦਿਖਾ ਜਾ।
ਪੰਜ ਸੌ ਸਾਲਾ ਜਨਮ ਉਤਸਵ ਤੇ
ਨਾਨਕ ਤੁਹਾਨੂੰ ਕੁਝ ਕਹਿਣਾ ਚਾਹੁੰਦੈ,
ਤੁਹਾਨੂੰ ਕੁਝ ਸਮਝਾਉਣਾ ਚਾਹੁੰਦੈ।
‘ਮੈਂ ਸੋਚ ਵਿੱਚ ਆਵਾਂਗਾ
ਮੈਂ ਵਿਚਾਰਾਂ ਵਿੱਚ ਆਵਾਂਗਾ
ਮੈਂ ਮੱਥੇ ਵਿੱਚ ਉਗਮਾਂਗਾ’
ਮੈਂ ਜੀਵਨ ਭਰ ਚਾਰੇ ਕੂੰਟਾਂ ਵੱਲ ਤੁਰਿਆ ਹਾਂ
ਬਹਿਸਾਂ ਵਿੱਚ ਲੋਕਾਂ ਨਾਲ ਉਲਝਿਆ ਹਾਂ
ਭੁੱਲਿਆਂ ਨੂੰ ਸਿੱਧੇ ਰਸਤੇ ਪਾਇਆ ਹੈ
‘ਸੱਜਣ ਠੱਗਾਂ ਨੂੰ ਚਾਨਣ ਦਿਖਾਇਆ ਹੈ।
ਵਿਚਾਰਾਂ ਰਾਹੀਂ ਮੱਕੇ ਨੂੰ ਘੁੰਮਾ ਕੇ
ਪਾਣੀ ਕਰਤਾਰਪੁਰ ਪਹੁੰਚਾਇਆ ਹੈ’
ਵਲੀ ਕੰਧਾਰੀ ਦਾ ਪੱਥਰ ਰੋਕ ਕੇ
ਜੇਲ੍ਹੀਂ ਚੱਕੀ ਚਲਾ ਕੇ,
ਉਹ ਹੁਣ ਤੁਹਾਨੂੰ ਪਰਖਣਾ ਚਾਹੇ, ਦੇਖਣਾ ਚਾਹੇ,
ਤੁਸੀਂ ਉਸਦੇ ਪਾਏ ਪੂਰਨਿਆਂ ਤੇ ਉਸਦੇ ਦਿਖਾਈ ਰਸਤੇ
ਤੇ ਕਿੰਨਾ ਕੁ ਚਲਦੇ ਹੋ।
ਹੁਣ ਗੁਰੂ ਨਾਨਕ ਮੁੜ੍ਹ ਨਹੀਂ ਆਏਗਾ।
ਮਹਿਮਾ ਸਿੰਘ ਕੰਗ
ਅਜੋਕੀ ਸਿਆਸਤ
ਅਸੀਂ ਕਿਹੋ ਜਿਹੇ
ਦੁਖਾਂਤਿਕ ਸੱਚ ਵਿੱਚੋਂ ਗੁਜ਼ਰ ਰਹੇ ਹਾਂ,
ਅੱਖਾਂ ਪਾੜ-ਪਾੜ ਕੇ ਦੇਖ ਰਹੇ ਹਾਂ।
ਅੱਜ ਦੀ ਸਿਆਸਤ ਅਰਥਹੀਣ ਅਤੇ ਰੰਗਹੀਣ
ਹੋਣ ਦੇ ਬਾਵਜੂਦ ਸਾਨੂੰ ਦਿਸ ਨਹੀਂ ਰਹੀ।
ਮੁੱਦੇ ਅਲੋਪ ਹੋ ਰਹੇ ਹਨ,
ਮਖੌਟੇ ਉੱਤਰ ਰਹੇ ਹਨ।
ਸਿਆਸਤ ਦਾ ਮੰਚ ਮਸਖਰਿਆਂ, ਮਜ਼ਮੇਦਾਰਾਂ
ਤੇ ਲਤੀਫੇਬਾਜ਼ ਦੇ ਢੇਹੇ ਚੜ੍ਹ ਗਿਆ ਹੈ।
ਸੱਚ, ਇਮਾਨਦਾਰੀ, ਇਨਸਾਫ ਖੂੰਜੇ ਲੱਗ,
ਖਲ੍ਹੋ ਗਿਆ ਹੈ।
ਮਹਿਮਾ ਸਿੰਘ ਕੰਗ

0 comments:
Speak up your mind
Tell us what you're thinking... !