ਪਿਤਾ ਜੀ, ਹੈਪੀ ਨਿਊ ਯੀਅਰ (ਨਵਾਂ ਸਾਲ ਮੁਬਾਰਕ ਹੋਵੇ) ਪੰਜਾਬ ਵਿਚ ਰਾਤ ਬਾਰਾਂ ਵੱਜ ਕੇ ਇਕ ਦੋ ਮਿੰਟ ਹੋ ਗਏ ਹੋਣਗੇ। ਕੈਲਗਰੀ ਵਿਚ ਹਾਲੀ ਨਵਾਂ ਸਾਲ ਨਹੀਂ ਚੜਿਆ ਏਥੇ ਦਿਨ ਦੇ ਸਾਢੇ ਗਿਆਰਾਂ ਵਜੇ ਦਾ ਸਮਾਂ ਹੈ। ਮੈਂ ਸੋਚਿਆ ਪਿਤਾ ਜੀ ਹਾਲੀ ਜਾਗਦੇ ਹੋਣੇ ਹਨ- ਜੇ ਸੌਂ ਵੀ ਗਏ ਹੋਏ ਤਾਂ ਵੀ ਜਾਗ ਪੈਣਗੇ। ਸਭ ਤੋਂ ਪਹਿਲਾਂ ਮੈਂ ਆਪਣੇ ਪਿਤਾ ਜੀ (ਦਾਦਾ ਜੀ) ਨੂੰ ਸ਼ੁਭ ਨਵਾਂ ਸਾਲ ਕਹਾਂ।
ਮੇਰੀ ਪੋਤਰੀ ਵੋਲਗਾ ਦਾ ਫੋਨ ਸੀ। ਹੋਰ ਭਾਵੇਂ ਕੋਈ ਮੇਰਾ ਖਿਆਲ ਰਖੇ ਨਾ ਰਖੇ, ਮੇਰੀ ਪੋਤਰੀ ਜ਼ਰੂਰ ਮੇਰਾ ਖਿਆਲ ਰਖਦੀ ਹੈ। ਕੈਲਗਰੀ ਵਿਖੇ ਸਤਵੀਂ ਵਿਚ ਪੜ੍ਹਦੀ ਹੈ ਮੇਰੀ ਪੋਤਰੀ।
ਮੈਂ ਅੱਜ ਦਿਨ ਚੜ੍ਹੇ ਵੋਲਗਾ ਦੇ ਸਮਰਾਲਾ ਵਾਲੇ ਨਨਕਾਣਾ ਸਾਹਿਬ ਸਕੂਲ ਜਾਵਾਂਗਾ। ਉਸ ਦੀਆਂ ਜਮਾਤੀ ਕੁੜੀਆਂ ਨੂੰ ਇਕ ਇਕ ਸਕੈਚ ਬੁੱਕ ਤੇ ਸਕੈਚ ਪੈਨ ਦਿਆਂਗਾ। ਸ਼ੁਭ ਨਵਾਂ ਸਾਲ ਕਹਾਂਗਾ। ਬੇਟੀਆਂ ਨੂੰ ਕਹਾਂਗਾ- ਆਪਣੇ ਸੋਹਣੇ ਸੁਪਨਿਆਂ ਦੇ ਸਕੈਚ ਬਨਾਉਂਣ, ਹਵਾਵਾਂ, ਗੁਫਾਵਾਂ, ਮੈਦਾਨਾਂ, ਢਲਾਣਾਂ, ਪਹਾੜਾਂ, ਵਸ ਰਹੀਆਂ ਉਜਾੜਾਂ ਦੇ ਚਿੱਤਰ ਬਨਾਉਣ। ਸਾਗਰਾਂ, ਚਰਾਗਾਵਾਂ, ਵਾਦੀਆਂ, ਸਹਿਜ਼ਾਦੀਆਂ, ਬਰਫਾਂ, ਬਿਰਖਾਂ, ਪੰਛੀਆਂ, ਆਹਲ੍ਹਣਿਆਂ ਦੇ ਖਾਕੇ ਉਲੀਕਣ।
ਕੱਲ ਮੈਨੂੰ ਸਵੇਰੇ ਉਠਦਿਆਂ ਹੀ ਖਿਆਲ ਆਇਆ ਸੀ ਕਿ ਨਵੇਂ ਸਾਲ ਦਾ ਆਗਮਨ ਹੋ ਰਿਹਾ ਹੈ- ਮੈਂ ਆਪਣਾ ਘਰ ਸਾਫ ਕਰਾਂ। ਪਰ ਘਰ ਸਾਫ ਕਰਨ ਤੋਂ ਪਹਿਲਾਂ ਮੈਂ ਆਪਣੇ ਆਪ ਵਲ ਵੇਖਾਂ। ਅੰਦਰੋਂ ਕਮਰੇ ਸਾਫ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਅੰਦਰੋਂ ਸਾਫ ਕਰਾਂ। ਕਮਰਿਆਂ ਦੀਆਂ ਦੀਵਾਰਾਂ, ਕੋਨਿਆਂ ਵਿਚ ਲੱਗੇ ਜਾਲੇ ਸਾਫ ਕਰਨ ਤੋਂ ਪਹਿਲਾਂ ਆਪਣੇ ਮਨ ਅੰਦਰ ਲਗੇ ਜਾਲੇ ਉਤਾਰਾਂ। ਮੇਰੇ ਮਨ ਅੰਦਰ ਬਹੁਤ ਕੁਝ ਮਾੜਾ ਹੈ। ਮੈਂ ਕਿਸੇ ਦੀ ਉਨਤੀ ਵੇਖ ਕੇ ਮੈਂ ਖੁਸ਼ ਨਹੀਂ ਹੁੰਦਾ। ਮੈਂ ਉਹਨਾਂ ਹੀ ਬੰਦਿਆਂ ਪਾਸੋਂ ਵਾਰ ਵਾਰ ਧੋਖਾ ਖਾਂਦਾ ਹਾਂ, ਜਿਹੜੇ ਮੈਨੂੰ ਪਹਿਲਾਂ ਹੀ ਦਗਾ ਦੇ ਚਲੇ ਗਏ ਹੁੰਦੇ ਹਨ। ਮੈਂ ਏਨਾ ਭੋਲਾ ਹਾਂ ਮੈਨੂੰ ਪਤਾ ਹੀ ਲੱਗਦਾ ਕਿ ਬੰਦਾ ਮੇਰੇ ਨਾਲ ਛਲ ਕਰ ਰਿਹਾ ਹੈ- ਮੈਂ ਐਵੇਂ ਹੀ ਹਰ ਇਕ ਉਤੇ ਵਿਸ਼ਵਾਸ ਕਰ ਲੈਂਦਾ ਹਾਂ। ਫੇਰ ਧੋਖਾ ਖਾਂਦਾ ਹਾਂ। ਸਕੂਲ ਪੜ੍ਹ ਰਹੀਆਂ, ਪੜ੍ਹ ਕੇ ਸਕੂਲੋਂ ਵਾਪਸ ਆ ਰਹੀਆਂ, ਨਿੱਕੀਆਂ ਨਿੱਕੀਆਂ ਬੱਚੀਆਂ ਮੈਨੂੰ ਪਿਆਰੀਆਂ ਲੱਗਦੀਆਂ- ਮੁੰਡੇ ਮੇਰੀ ਪਿਆਰ-ਮਮਤਾ-ਖਿੱਚ ਤੋਂ ਅਕਸਰ ਬਾਹਰ ਹੀ ਰਹਿੰਦੇ ਹਨ।
ਅੱਜ ਮੈਂ ਆਪਣੀ ਸੇਵਾਦਾਰਨੀ ਨੂੰ ਨਾਲ ਲੈ ਕੇ ਘਰ ਦੇ ਸਾਰੇ ਕੋਨੇ, ਝਰੋਖੇ ਸਾਫ ਕਰਾਂਗਾ। ਜਿਹੜੇ ਕਪੜੇ ਮੈਂ ਕਦੀ ਨਹੀਂ ਪਹਿਨਣੇ ਉਹਨਾਂ ਕਪੜਿਆਂ ਨੂੰ ਬਾਹਰ ਕਢ ਕੇ ਰਖਾਂਗਾ। ਦਸ ਬਾਰਾਂ ਕਮੀਜ਼ ਮੈਂ ਕੀ ਕਰਨੇ ਹਨ- ਮੈਨੂੰ ਪੰਜ ਛੇ ਕਮੀਜ਼ ਹੀ ਕਾਫੀ ਹਨ। ਟਾਈਆਂ ਦੀ ਮੈਨੂੰ ਕੋਈ ਲੋੜ ਨਹੀਂ। ਮੈਂ ਕਿਹੜਾ ਕਿਤੇ ਹੁਣ ਕਾਲਜ ਪੜ੍ਹਾਉਣ ਜਾਣਾ ਹੈ। ਪੁਰਾਣੀਆਂ ਜੁੱਤੀਆਂ, ਘਸੀਆਂ ਜਰਾਬਾਂ, ਮੋਰੀਆਂ ਵਾਲੀਆਂ ਬੁਨਾਇਣਾਂ, ਪੁਰਾਣੀਆਂ ਚਾਦਰਾਂ, ਸਾਰੀਆਂ ਕੱਢਕੇ ਮੈਂ ਇਕ ਪਾਸੇ ਰੱਖ ਦਿਆਂਗਾ। ਇਹਨਾਂ ਵਸਤਾਂ ਵਿੱਚ ਜਿਹੜੀਆਂ ਵਸਤੂਆਂ ਮੇਰੀ ਸੇਵਾਦਾਰਨੀ ਚਾਹੇਗੀ ਲੈ ਜਾਵੇਗੀ। ਬਾਕੀ ਮੈਂ ਝਾੜੂ ਵੇਚਣ ਆਏ ਰਾਮ ਮੂਰਤੀ ਨੂੰ ਚੁਕਾ ਦਿਆਂਗਾ। ਪਿਛਲੇ ਸਾਲਾਂ ਵਿਚ ਮੇਰੀ ਕਲਮ ਨੂੰ ਦਿੱਤੇ ਗਏ ਸਾਰੇ ਮੋਮੈਂਟੋ- ਯਾਦ ਚਿੰਨ੍ਹ ਬਾਹਰ ਕੱਢ ਕੇ ਰੱਖ ਦਿਆਂਗਾ। ਕੀ ਕਰਨਾ ਹੈ ਮੈਂ ਇਹਨਾਂ ਯਾਦ ਚਿੰਨ੍ਹ ਨੂੰ, ਜਿਹੜੇ ਕੋਈ ਪਿਆਰੀ ਯਾਦ ਨਾ ਬਣ ਸਕੇ। ਇਹ ਸਨਮਾਨ ਸਰਟੀਫਿਕੇਟ, ਨਾ ਪੈਨਸ਼ਨ ਬਣ ਸਕੇ ਨਾ ਜੇਬ ਵਿੱਚ ਰੌਣਕ ਕਰ ਸਕੇ।
ਹਜ਼ਾਰਾਂ ਕਿਤਾਬਾਂ, ਅਲਮਾਰੀਆਂ, ਰੈਕਾਂ ਵਿਚੋਂ ਬਾਹਰ ਕੱਢ ਕੇ ਬੇਲੋੜੀਆਂ ਕਿਤਾਬਾਂ ਬਾਹਰ ਕੱਢ ਦਿਆਂਗਾ, ਕਿਤਾਬਾਂ ਨੂੰ ਧੁੱਪ ਲਵਾਉਣੀ, ਭਾਵੇਂ ਵੱਡਾ ਖਿਲਾਰੇ ਵਾਲਾ ਕੰਮ ਹੈ- ਪਰ ਕਰਨਾ ਹੀ ਪਵੇਗਾ। ਮੱਕੜੀ ਦੇ ਜਾਲੇ, ਕਹੜਾ ਕਿਰਲੀ ਦੇ ਆਂਡੇ, ਕਿਤਾਬਾਂ ਵਿਚਲੇ ਚਿੱਟੇ ਕੀੜੇ ਬਾਹਰ ਕੱਢਾਂਗਾ। ਕਿਤਾਬਾਂ ਉਤੋਂ ਘੱਟਾ ਝਾੜਾਂਗਾ। ਵਾਧੂ ਕਿਤਾਬਾਂ ਕਿਸੇ ਉਸਰ ਰਹੀ ਲਾਇਬਰੇਰੀ ਨੂੰ ਦਾਨ ਕਰ ਦਿਆਂਗਾ।
ਸਾਫ ਕੱਪੜੇ ਨਾਲ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ, ਮਾਰਕਸ, ਲੈਨਿਨ, ਗੁਰਬਖਸ਼ ਸਿੰਘ, ਪੂਰਨ ਸਿੰਘ, ਬਾਵਾ ਬਲਵੰਤ, ਵਾਲਟ ਵਿਟਮੈਟ, ਲੀਓ ਟਾਲਸਟਾਏ, ਵਾਰਸ ਸ਼ਾਹ, ਪ੍ਰੀਤਮ ਕੌਰ ਦੀਆਂ ਤਸਵੀਰਾਂ ਸਾਫ ਕਰਕੇ, ਫੇਰ ਸਜਾਵਾਂਗਾ। ਝਾੜੂ ਨਾਲ ਕਮਰਿਆਂ ਦੀਆਂ ਕੰਧਾਂ ਸਾਫ ਕਰਾਂਗਾ- ਬੇਸ਼ੱਕ ਜਾਲਿਆਂ ਨਾਲ ਕੱਲਰੀਆਂ ਕੰਧਾਂ ਦੀ ਕਲੀ- ਸੀਮਿੰਟ ਵੀ ਝੜ ਜਾਵੇਗਾ।
ਹਿਲਦੇ ਟੇਬਲ, ਟੁੱਟੀ ਹੋਈ ਕੁਰਸੀ, ਚੂਹੀਆਂ ਦੀਆਂ ਮੋਰੀਆਂ ਵਾਲਾ ਸੋਫਾ, ਪੁਰਾਣੇ ਟਰੰਕ, ਕਿੰਨੀਆਂ ਸਾਰੀਆਂ ਲੋਹੇ ਦੀਆਂ ਤਾਰਾਂ, ਪਾਈਪ, ਕਿੱਲ ਪਤੱਰੀਆਂ, ਬੋਤਲਾਂ, ਕੱਪ, ਬਾਹਰ ਕੱਢ ਕੇ ਸਿਕੰਦਰ ਕਬਾੜੀਏ ਨੂੰ ਚੁਕਾ ਦਿਆਂਗਾ।
ਨਹਾ ਧੋ ਕੇ, ਧੋਤੇ ਕੱਪੜੇ ਪਹਿਨ ਕੇ, ਚਿਹਰੇ ਉਤੇ ਮੁਸਕਾਨ ਲਿਆ ਕੇ, ਮੱਥੇ ਨੂੰ ਚੜ੍ਹਦੇ ਸੂਰਜ ਦੀਆਂ ਕਿਰਨਾਂ ਛੁਹਾ ਕੇ, ਮੈਂ ਨਵੇਂ ਸਾਲ ਨੂੰ ਜੀ ਆਇਆ ਕਹਾਂਗਾ।
ਸਵੇਰੇ ਸਭ ਤੋਂ ਪਹਿਲਾਂ ਮੈਂ ਕਰਨੈਲ ਸਿੰਘ, ਹਰਜਿੰਦਰਪਾਲ ਸਿੰਘ ਤੇ ਦੋਹਤੀ ਨਮਰਤਾ ਨੂੰ ਫੋਨ ਕਰਾਂਗਾ। ਸ਼ੁਭ ਨਵਾਂ ਸਾਲ ਕਹਾਂਗਾ। ਫੇਰ ਮੈਂ ਵਿਹੜੇ ਵਿੱਚ ਲਗੇ ਬਿਰਖਾਂ ਦੀ ਹਰਿਆਵਲ ਮਾਣਾਂਗਾ। ਫੁੱਲਾਂ ਦਾ ਖੇੜਾ ਅੱਖਾਂ ਵਿੱਚ ਵਸਾਵਾਂਗਾ।
ਮੂੰਹ ਹਨੇਰੇ ਹੀ ਇੱਕ ਨਿੱਕੀ ਜਹੀ ਚਿੜੀ, ਪਤਾ ਨਹੀਂ ਕਿਹੜੇ ਦੇਸ਼ ਵਿੱਚੋਂ, ਉਡਦੀ ਉਡਦੀ ਮੇਰੇ ਗੇਟ ਦੇ ਤਖਤੇ ਉਤੇ ਆ ਬੈਠੀ ਹੈ। ਆਸਮਾਨੀ ਰੰਗ, ਨਿੱਖਰੇ ਖੰਭ, ਧਰਤੀ ਰੰਗੀ ਚੁੰਝ। ਚੁੰਝ ਵਿੱਚ ਕਾਗਜ਼ ਦੀ ਕਾਤਰ। ਲਗਦਾ ਹੈ ਹੁਣ ਚਿੜੀਆਂ ਵੀ ਪੜ੍ਹਨ ਲਗ ਪਈਆਂ ਨੇ। ਨਿੱਕੀ ਜਹੀ, ਸੋਹਲ ਜਿਹੀ ਚਿੜੀ ਸੁਰੀਲੀ ਆਵਾਜ਼ ਵਿੱਚ ਬੋਲੀ। ਉਸ ਦੀ ਚੁੰਝ ਵਾਲੀ ਕਾਗਜ਼ ਦੀ ਕਾਤਰ ਮੇਰੇ ਪੈਰਾਂ ਵਿੱਚ ਡਿੱਗ ਪਈ। ਹੱਛਾ, ਚਿੜੀ ਤਾਂ ਮੇਰੇ ਲਈ ਦਾਅਵਤ ਪੱਤਰ ਲੈ ਕੇ ਆਈ ਹੈ। ਮੈਨੂੰ ਕਹਿਣ ਆਈ ਹੈ- ਸ਼ੁਭ ਨਵਾਂ ਸਾਲ।
ਬਾਹਰ ਸਰਦੀ ਹੈ, ਕੋਹਰਾ ਹੈ, ਧੁੰਦ ਹੈ। ਵਿਹੜੇ ਵਿੱਚ ਫਲਦਾਰ ਬਿਰਖਾਂ ਦੇ ਪੱਤਿਆਂ ਤੋਂ ਤਰੇਲ ਕਤਰੇ ਡਿੱਗ ਰਹੇ ਹਨ। ਬਿਰਖਾਂ ਨੇ ਇਸ਼ਨਾਨ ਕਰ ਲਿਆ ਹੈ। ਗੁਲਾਬ ਦਾ ਪੌਦਾ, ਮੇਰੇ ਮੋਢੇ ਦੇ ਬਰਾਬਰ ਹੋ ਗਿਆ ਹੈ- ਮੈਂ ਗੁਲਾਬ ਦੇ ਪੂਰੇ ਖਿੜੇ ਫੁੱਲ ਨੂੰ ਸੁੰਘਿਆ। ਫੁੱਲ ਨੇ ਕਿਹਾ ਹੈ- ਸ਼ੁਭ ਸਵੇਰ, ਸ਼ੁਭ ਨਵਾਂ ਸਾਲ।
ਮੈਂ ਸੂਏ ਦੀ ਪਟੜੀ ਉਤੇ ਸੈਰ ਕਰਨ ਤੁਰ ਪਿਆ ਹਾਂ। ਸਾਈਕਲ ਪਿੱਛੇ, ਪੱਤਿਆਂ ਸਮੇਤ, ਪਾਣੀ ਚੋਂਦੀਆਂ ਮੂਲੀਆਂ ਲੱਦੀ ਸਾਈਕਲ ਸ਼ਹਿਰ ਵਲ ਜਾ ਰਿਹਾ ਸੀ। ਖੇਤ ਵਿੱਚੋਂ ਮੂਲੀਆਂ ਪੁੱਟ ਕੇ, ਟਿਊਬਵੈਲ ਤੇ ਓਲੂ ਵਿੱਚ ਧੋ ਕੇ, ਵਿਕਰੀ ਲਈ ਸਬਜ਼ੀ ਮੰਡੀ ਜਾ ਰਿਹਾ ਸੀ। ਨਵੇਂ ਸਾਲ ਦਾ ਆਗਮਨ ਹੈ, ਸ਼ਾਇਦ ਮੂਲੀਆਂ ਦਾ ਭਾਅ ਚੰਗਾ ਲੱਗ ਜਾਵੇ।
ਲਿੰਕ ਸੜਕ ਕਿਨਾਰੇ ਬਹੁਤ ਪੁਰਾਣਾ, ਪਿੱਪਲ ਹੁੰਦਾ ਸੀ- ਫੈਲਿਆ ਹੋਇਆ। ਹੇਠਾਂ ਇਕ ਨਿੱਕੀ ਜਹੀ ਸਮਾਧ ਹੁੰਦੀ ਸੀ। ਹੁਣ ਪਿੱਪਲ ਵੱਢ ਦਿੱਤਾ ਗਿਆ ਹੈ। ਬੇਨਾਮ ਜਹੀ ਸਮਾਧ ਵੱਧ ਕੇ, ਇਕ ਵੱਡੇ ਕਮਰੇ ਦਾ, ਕਿਸੇ ਦੇਵੀ ਦਾ ਮੰਦਰ ਬਣ ਗਿਆ ਹੈ। ਪਿੰਡ ਦੀਆਂ ਸਾਂਝੀਆਂ ਸ਼ਾਮਲਾਟਾਂ ਜ਼ਮੀਨਾਂ ਮੱਲੀਆਂ ਜਾ ਚੁੱਕੀਆਂ ਹਨ। ਪਿੰਡ ਦੇ ਮੁੰਡੇ ਹੁਣ ਖੇਡਣ ਕਿੱਥੇ? ਨੇੜੇ ਦੇ ਘਰ ਫੈਲਦੇ ਫੈਲਦੇ ਸਾਂਝੇ ਛੱਪੜ ਉਤੇ ਕਾਬਜ਼ ਹੋ ਚੁੱਕੇ ਹਨ। ਲੱਗਦਾ ਹੈ ਸਾਲ ਪਿਛਾਂਹ ਨੂੰ ਤੁਰ ਰਹੇ ਹਨ। ਪਰ ਮੈਂ ਤਾਂ ਪਿਛਾਂਹ ਵੱਲ ਨਹੀਂ ਤੁਰਨਾ- ਮੈਂ ਤਾਂ ਕੁਝ ਨਵਾਂ ਕਰਨਾ ਹੈ-ਨਵਾਂ ਸਾਲ ਹੈ।
ਬਹੁਤੇ ਸਿਆਸੀ ਬੰਦੇ ਬਹੁਰੂਪੀਏ ਨਹੀਂ, ਗਿਰਗਟ ਹਨ। ਰੰਗ ਬਦਲਦੇ ਹਨ। ਈਮਾਨ ਬਦਲਦੇ ਹਨ। ਇਸ਼ਟ ਬਦਲਦੇ ਹਨ। ਤਾਕਤ ਨਸ਼ੀਲੀ ਹਵਾ ਦੇ ਰੁੱਖ ਵੇਖਦੇ ਹਨ। ਬਹੁਤ ਮਾਲ ਇਕੱਠਾ ਕਰਦੇ ਹਨ- ਕੀਮਤੀ ਕਬਾੜ। ਪਰ ਅੰਦਰੋਂ ਉਹ ਖਾਲੀ ਹੁੰਦੇ ਹਨ। ਦਹਾਕੇ ਬੀਤ ਗਏ ਹਨ- ਮੇਰਾ ਰੰਗ ਸੂਰਜ ਦਾ ਰੰਗ ਹੈ। ਮੇਰੀ ਤੋਰ ਸੂਰਜ ਦੀ ਤੋਰ ਹੈ। ਸੂਰਜ ਉਤੇ ਹੋਰ ਕੋਈ ਰੰਗ ਨਹੀਂ ਚੜ੍ਹ ਸਕਦਾ। ਅੱਜ ਮੈਂ ਆਪਣੇ ਲਾਲ ਰੰਗ ਨੂੰ ਹੋਰ ਲਿਸ਼ਕਾਵਾਂਗਾ- ਚਮਕਾਵਾਂਗਾ। ਸਮੇਂ ਦੇ ਭਰਿਸ਼ਟ ਧੱਬੇ ਧੋਵਾਂਗਾ। ਨਵਾਂ ਸਾਲ ਮੁਬਾਰਕ ਕਹਾਂਗਾ।
ਮੈਂ ਦਾਣਾ ਮੰਡੀ ਵਿੱਚ ਜਾਵਾਂਗਾ। ਦਾਣਿਆਂ ਦੇ ਬੋਹੜ ਦੇ ਸਿਰਹਾਣੇ ਨੀਵੀ ਪਾਈ ਬੈਠੇ ਕਿਸਾਨ ਨੂੰ ਕਹਾਂਗਾ- ਇਸ ਵਾਰ ਦਾਣੇ ਥੋੜੇ ਹੋਏ- ਬੋਹਲ ਨਿੱਕਾ ਲਗਾ- ਹਿੰਮਤ ਨਾ ਹਾਰ। ਨਵੇਂ ਸਾਲ ਨਾਲ ਨਵਾਂ ਹੁੰਗਾਰਾ ਲੈ ਕੇ ਅਗੇ ਤੁਰ। ਹੋਰ ਹਿੰਮਤ ਜੁਟਾ- ਅਗਲੀ ਵਾਰ ਦਾਣਿਆਂ ਦਾ ਵਡਾ ਬੋਹਲ ਲਗੇਗਾ।
ਮੈਂ ਝੁੱਗੀ ਝੌਪੜੀ ਬਸਤੀ ਜਾਵਾਂਗਾ। ਨੰਗ ਧੜੰਗੇ ਮਿੱਟੀ ਵਿੱਚ ਖੇਡ ਰਹੇ ਬੱਚਿਆਂ ਨੂੰ ਇਕੱਠਾ ਕਰਾਂਗਾ। ਮੂੰਹ ਹੱਥ ਧੁਆ ਕੇ, ਬੱਚਿਆਂ ਨੂੰ ਨੇੜੇ ਦੀ ਸਾਫ ਥਾਂ ਉਤੇ ਬੈਠਾਵਾਂਗਾ। ਅੱਖਰਾਂ ਬਾਰੇ ਦੱਸਾਂਗਾ। ਦੱਸਾਂਗਾ ਕਿ 2014 ਕਿਵੇਂ ਬਣਿਆ? 2014 ਦੇ ਬਨਣ ਵਿੱਚ ਉਹਨਾਂ ਦੇ ਮਾਪਿਆਂ ਦਾ ਕਿੰਨਾ ਕੁ ਹਿੱਸਾ ਹੈ? 2013 ਦੀ ਗਿਣਤੀ ਵਿੱਚ ਕਿਰਤੀਆਂ ਮਜ਼ਦੂਰਾ ਕਿਉਂ ਸ਼ਾਮਲ ਨਹੀਂ ਸਨ। ਬੱਚਿਆਂ ਨੂੰ ਸਕੂਲ ਦਾ ਰਾਹ ਦਿਖਾਵਾਂਗਾ। ਕਹਾਂਗਾ- ਤੁਸੀਂ ਮਹਿਜ਼ ਵੋਟ ਨਹੀਂ ਬਨਣਾ- ਸਿਰਫ ਨਗ ਨਹੀਂ ਬਨਣØਾ- ਮਨੁੱਖ ਬਨਣਾ ਹੈ।
ਰੇਲਵੇ ਸਟੇਸ਼ਨ ਨੇੜੇ ਭੀਖ ਲਈ ਹੱਥ ਅੱਡੀ ਖੜੀ ਬੱਚੀ ਨੂੰ ਕਹਾਂਗਾ- ਰੇਲ ਗੱਡੀਆਂ ਦੀਆਂ ਚੀਕਾਂ ਗਿਣ। ਇਹਨਾਂ ਚੀਕਾਂ ਵਿੱਚ ਤੇਰੀ ਵੀ ਇਕ ਚੀਕ ਹੈ। ਆਪਣੀਆਂ ਗੱਲ੍ਹਾਂ ਉੱਤੇ ਜੰਮ ਚੁੱਕੇ ਅਥਰੂਆਂ ਦੀਆਂ ਘਰਾਲਾਂ ਨੂੰ ਪੂੰਝ। ਸਮੇਂ ਦੀ ਗਤੀ ਨਾਪ। ਸਮਾਂ ਅਗਾਂਹ ਨੂੰ ਦੌੜ ਰਿਹਾ ਤਾਂ, ਤੂੰ ਕਿਉਂ ਉਥੇ ਹੀ ਖੜੀ ਏਂ? ਸਕੂਲ ਦੀ ਮੈਡਮ ਨੂੰ ਸ਼ੁਭ 2014 ਕਹਿ ਕੇ ਤੇ ਜਮਾਤ ਵਿੱਚ ਬੈਠ ਜਾ। ਆਪਣੇ ਹੱਥਾਂ ਦੇ ਖਾਲੀ ਕਾਸੇ ਨੂੰ ਅੱਖਰਾਂ ਨਾਲ ਭਰ। ਡਰ ਨਾ, ਮੈਂ ਜੂ ਤੇਰੇ ਨਾਲ ਹਾਂ।
ਮੈਂ ਸ਼ਮਸ਼ਾਨਘਾਟ ਜਾਵਾਂਗਾ। ਫਿਰਕੂ ਫਸਾਦਾਂ ਵਿੱਚ ਮਾਰੇ ਆਪਣੇ ਇਕਲੋਤੇ ਪੁੱਤਰ ਦੀ ਮੜ੍ਹੀ ਸਰਾਹਣੇ ਬੈਠੀ ਮਾਂ ਪਾਸ ਪਲ ਬੈਠਾਂਗਾ। ਮਾਂ, ਤੂੰ ਆਪਣੇ ਦੁੱਖ ਵਿੱਚ ਮੈਨੂੰ ਸ਼ਾਮਲ ਕਰ ਲੈ। 1947 ਦੇ ਕਤਲੇਆਮ ਵਿੱਚ, 1984 ਦੇ ਕਤਲੇਆਮ ਵਿੱਚ, 2002 ਦੇ ਕਤਲੇਆਮ ਵਿੱਚ, ਹਜ਼ਾਰਾਂ ਮਾਵਾਂ ਦੇ ਬੇਕਸੂਰ ਪੁੱਤਰ ਮਾਰੇ ਗਏ। ਮਾਂ, ਰੁਦਨ ਨਾ ਕਰ। ਉੱਠ, ਮੇਰੇ ਨਾਲ ਵਿਸ਼ਵਾਸ਼- ਸਭਾ ਵਿੱਚ ਸ਼ਾਮਲ ਹੋ। ਸਮੂਹ ਦਾ ਅੰਗ ਬਣ ਜਾ। ਆਪਣਾ ਦੁੱਖ ਸਮੂਹ ਦੀ ਝੋਲੀ ਵਿੱਚ ਪਾ ਦੇ। ਮਿਲ ਕੇ ਅਰਦਾਸ ਕਰ। 2014 ਉਤੇ 1947, 1984, 2002 ਦਾ ਪਰਛਾਵਾਂ ਨਾ ਪਵੇ। ਮਨੁੱਖ ਜੀਊਂਦਾ ਰਹੇ। ਖੁਸ਼ੀਆਂ ਮਾਣੇ।
ਜੰਗਾਂ ਵਿੱਚ ਮਾਰੇ ਗਏ, ਬੇਨਾਮ ਸਿਪਾਹੀਆਂ ਦੀ ਯਾਦਗਾਰ ਸਾਹਮਣੇ ਖਲੋ ਕੇ ਦੋ ਮਿੰਟ ਮੌਨ ਰੱਖਾਂਗਾ। ਹੇ ਪਰਵਰਦਗਾਰ, ਇਹਨਾਂ ਬੇਨਾਮ ਰੂਹ ਨੂੰ ਆਪਣੇ ਆਪਣੇ ਨਾਮ ਮਿਲ ਜਾਣ। ਇਹਨਾਂ ਦੀ ਪਛਾਣ ਪਰਤ ਆਵੇ। ਇਹਨਾਂ ਜਿੰਦਾਂ ਨੂੰ ਆਪਣੇ ਘਰ ਦੇ ਪਤੇ ਮਿਲ ਜਾਣ। ਇਹਨਾਂ ਦੇ ਸਰਵਿਸ ਨੰਬਰਾਂ ਵਿੱਚੋਂ 2014 ਦੀ ਪਛਾਣ ਹੋ ਜਾਵੇ। ਖਲੋਤੇ ਸਮੇਂ ਵਿਚ ਗਤੀ ਆ ਜਾਵੇ।
ਜ਼ਿੰਦਗੀ ਦੇ ਉਹਨਾਂ ਗੀਤਕਾਰਾਂ ਪਾਸ ਜਾਵਾਂਗਾ ਜਿਹਨਾਂ ਨਾਲ ਜ਼ਿੰਦਗੀ ਨੇ ਵਫਾ ਨਹੀਂ ਕੀਤੀ। ਢਾਹੇ ਤੇ ਉਦਾਸ ਖੜੇ ਉਸ ਕਿਸਾਨ ਪਾਸ ਜਾਵਾਂਗਾ, ਜਿਸ ਦੀ ਉਪਜਾਊ ਜ਼ਮੀਨ ਦਰਿਆ ਰੋਹੜ ਕੇ ਲੈ ਗਿਆ। ਉਸ ਬੇਕੂਰ ਚਿਤਰਕਾਰ ਪਾਸ ਜਾਵਾਂਗਾ, ਜਿਸ ਦੇ ਮਾਨਵੀ ਚਿਤਰਾਂ ਵਿੱਚੋਂ ਸ਼ਾਖਸਾਤ ਰੂਹ ਧੜਕਦੀ ਸੀ ਪਰ ਉਹਨਾਂ ਦੀ ਛਾਤੀ ਹੇਠਲਾ ਦਿਲ ਕਦੀ ਨਾ ਧੜਕਿਆ। ਉਹਨਾਂ ਕਲਮਾਂ ਪਾਸ ਜਾਵਾਂਗਾ, ਜਿਹਨਾ ਦੀ ਜੜ੍ਹ ਨਾ ਲਗੀ। ਫੁੱਲ ਨਾ ਬਣ ਸਕੀ। ਉਹਨਾਂ ਕਲਮਾਂ ਪਾਸ ਜਾਵਾਂਗਾ- ਲਿਖਦਿਆਂ ਲਿਖਦਿਆਂ ਉਂਗਲਾਂ ਘਸੀ ਗਈਆਂ, ਸਮੇਂ ਢਲ ਗਏ, ਯੁੱਗ ਬਦਲ ਗਏ, ਪਰ ਉਹਨਾਂ ਲਈ ਨਾਮਮਣਾ ਦਾ ਇਕ ਨਿੱਕਾ ਜਿਹਾ ਲਮਹਾ ਨਾ ਆਇਆ। ਮੈਂ ਉਹਨਾਂ ਨੂੰ ਕਹਾਂਗਾ, ਆਸ ਨੂੰ ਨਾ ਮਰਨ ਦਿਓ, ਕੰਮ ਨੂੰ ਨਾ ਆਰਾਮ ਕਰਨ ਦਿਓ। ਜੇ 2013 ਨਹੀਂ ਸੀ ਤਾਂ 2014 ਉਤੇ ਵਿਸ਼ਵਾਸ ਰੱਖੋ।
ਪੱਤਣ ’ਤੇ ਖੜਾ ਮੈਂ ਕਿਸ਼ਤੀ ਲਈ। ਪੂਰਾਂ ਦੇ ਪੂਰੇ ਮੈਂ ਪਾਰ ਲੰਘਾਏ। ਪਰ ਆਪ ਨਾ ਹੋਇਆ ਪਾਰ, ਆਪ ਰਿਹਾ ਵਿੱਚ ਮੰਝਧਾਰ। ਸੈਂਕੜੇ ਚਪਟੇ ਪਾਤਰਾਂ ਨੂੰ ਮੈਂ ਬਹੁਕੋਨੀ ਮਨੁੱਖ ਬਣਾਇਆ। ਪੂਰਾ। ਪਰ ਆਪ ਰਿਹਾ ਸਦਾ ਅਧੂਰਾ। ਸੈਂਕੜੇ ਸ਼ਿਸ਼ਾਂ ਨੂੰ ਰਾਹੇ ਪਾਇਆ, ਅੱਗੇ ਮੰਜ਼ਲ ਵੱਲ ਤੋਰਿਆ, ਪਰ ਆਪ ਰਿਹਾ ਸਦਾ ਚੌਹਾਰੇ। ਮੈਂ ਬਿਰਖਾਂ ਉਤੇ ਆਪਣਾ ਨਾਮ ਲਿਖਿਆ। ਬਿਰਖ ਵਧਿਆ। ਨਾਮ ਫੈਲਿਆ। ਪਰ ਮੈਂ ਸੁੰਗੜਿਆ। ਖੜਾ ਰਿਹਾ ਰੁੱਖਾਂ ਦੀ ਜੀਰਾਂਦ। ਬਾਰਾਂ ਸਾਲ ਮਾਲਕ ਦੀਆਂ ਮੱਝਾਂ ਚਰਾਈਆਂ। ਚੌਵੀ ਸਾਲ ਅਕਲਾਂ ਦਾ ਭੱਠ ਝੋਰਿਆ। ਅੱਠਤਾਲੀ ਸਾਲ ਕਲਮ ਘਸਾਈ। ਨਾ ਕਿਧਰੇ ਹੋਈ ਰਸਾਈ- 1937 ਤੋਂ ਤੁਰਿਆਂ ਤੁਰਦਿਆਂ 2013 ਵਿੱਚ ਗੋਤਾ ਖਾ ਕੇ, 2014 ਦੇ ਕਿਨਾਰੇ ਆ ਲੱਗਾ ਹਾਂ- ਹੇ 2014 ਰਾਹ ਦੇ।
ਅਜ ਮੈਂ ਉਹਨਾਂ ਸਾਰੀਆਂ ਥਾਵਾਂ ਨੂੰ ਯਾਦ ਕਰਾਂਗਾ, ਜਿਥੇ ਕਦੀ ਮੈਂ ਗਿਆ ਸਾਂ। ਆਪਣੇ ਆਪ ਨੂੰ ਚੰਗਾ ਚੰਗਾ ਮਹਿਸੂਸ ਕੀਤਾ। ਜਿਥੇ ਗਿਆਂ ਊਣਾਂ ਭਰੀਆਂ ਗਈਆਂ। ਉਹਨਾਂ ਚੰਗੀਆਂ ਥਾਵਾਂ ਤੋਂ ਮੈਂ ਕੁਝ ਲੈ ਕੇ ਆਇਆ। ਸਾਂਭਿਆ। ਕਿਤੇ ਮੈਂ ਉਹਨਾਂ ਚੰਗੀਆਂ ਥਾਵਾਂ ਦੀਆਂ ਪਿਆਰੀਆਂ ਯਾਦਾਂ ਭੁਲ ਨਾ ਜਾਵਾਂ। ਅੱਜ ਦੇ ਦਿਨ ਮੈਂ ਉਹਨਾਂ ਹੁਸੀਨ ਲਮਹਿਆਂ ਨੂੰ ਮੁੜ ਤਾਜ਼ਾ ਕਰਦਾ ਹਾਂ। ਮਦਰਾਸ ਦਾ ਮਹੀਨਾ ਬੀਚ ਜਿਥੋਂ ਮੈਂ ਸਮੁੰਦਰੀ ਘੋਗੇ ਉਤੇ ਸਾਧੂ ਸਿੰਘ ਦਾ ਨਾਮ ਉਕਰਵਾਇਆ। ਲਲਿਤਪੁਰ ਦੇ ਜੰਗਲ ਜਿਥੇ ਮੇਰਾ ਔਟਰ ਹਵਾਈ ਜਹਾਜ਼ ਉਤਰਿਆ। ਚੈਲ ਦੀ ਉਹ ਪਹਾੜੀ ਚੋਟੀ ਜਿਥੇ ਬਰਫ ਉਤੇ ਮੈਂ ਆਪਣੇ ਪੈਨ ਦੀ ਨਿੱਭ ਨਾਲ ਲਿਖਿਆ - ਮਰਦ ਅਗੰਮੜਾ। ਲਾਹੌਰ ਦੇ ਨੇੜੇ ਰਾਵੀਉਂ ਪਾਰ, ਸਰਾਏ ਜਹਾਂਗੀਰ ਵਿਖੇ ਪਾਕਿਸਤਾਨੀ ਸਕੂਲੀ ਬੱਚਿਆਂ ਨਾਲ ਤਸਵੀਰ ਖਿਚਵਾਈ। ਮੈਂ ਧਾਰਾਵੀ ਝੌਂਪੜ ਬਸਤੀ ਗਿਆ, ਜਿਥੇ ਸੂਰਜ ਬਹੁਤ ਦੇਰ ਨਾਲ ਚੜਦਾ ਹੈ ਤੇ ਛੇਤੀ ਹੀ ਡੁੱਬ ਜਾਂਦਾ ਹੈ। ਆਪਣੇ ਨਾਨਕਾ ਪਿੰਡ ਗੰਡੀਵਿੰਡ ਦੀ ਅੱਠ ਭੌਣੀਆਂ ਵਾਲੀ ਖੂਹੀ ਨੂੰ ਜਾ ਕੇ ਪੁੱਛਾਂਗਾ- ਤਰੀਆਂ ਭੌਣੀਆਂ ਕਿਉਂ ਭੌਣੋਂ ਹਟ ਗਈਆਂ- ਤੇਰੀਆਂ ਲੱਜਾਂ ਕਿਉਂ ਬੇਲੱਜ ਹੋ ਗਈਆਂ। ਤੇਰਾ ਪਾਣੀ ਕਿਉਂ ਪਤਾਲ ਨੂੰ ਜਾ ਲੱਗਾ! ਚੋਹਲਾ ਸਾਹਿਬ ਨੇੜੇ ਦਰਿਆ ਬਿਆਸ ਦੇ ਢਾਹੇ ਕੰਡੇ ਆਪਣੇ ਸੌਹਰਿਆਂ ਦੇ ਪਿੰਡ ਜਾਵਾਂਗਾ- ਢਾਹੇ ਤੋਂ ਹੇਠਾਂ ਉਤਰਾਂਗਾ। ਠੰਡੇ ਬਰੇਤੇ ਉੱਤੇ ਚੌਂਕੜੀ ਮਾਰ ਕੇ ਬੈਠਾਂਗਾ ਤੇ ਬੀਤੇ ਜੰਨਤੀ- ਵਕਤਾਂ ਨੂੰ ਯਾਦ ਕਰਾਂਗਾ। ਨਾਰੀਅਲ ਬਿਰਖਾਂ ਦੇ ਝੁੰਡਾਂ ਵਿੱਚੋਂ ਦੀ ਨੀਵਾਂ ਹੋ ਕੇ ਨਿਕਲੀ ਹਵਾ ਨੂੰ, ਲੈ ਕੇ ਚਿਨਾਰ ਦੇ ਬਿਰਖਾਂ ਨੂੰ ਗਲਵਕੜੀ ਪਾ, ਨਿਕਲਦੀ ਹਵਾ ਦੇ ਸੰਗਮ ਦਾ ਗਵਾਹ ਬਣਾਂਗਾ। ਆਪਣੇ ਅੰਦਰ ਦੀ ਹਿਰਾਸੀ, ਬਾਸੀ ਹਵਾੜ ਨੂੰ ਬਾਹਰ ਕੱਢਾਂਗਾ। ਆਪਣਾ ਦਿਲ ਅੰਦਰਲੀਆਂ ਤਰੇੜਾਂ ਤੇ ਕਵਿਤਾ ਭਵਨ ਦੀਆਂ ਬਾਹਰੀ ਦੀਵਾਰਾਂ ਦੀਆਂ ਤਰੇੜਾਂ, ਚੰਦ ਦੀਆਂ ਰਿਸ਼ਮਾ ਨਾਲ ਭਰਾਂਗਾ। ਬਹਾਰ ਦੀ ਖੁਸ਼ਬੂ ਨੇੜੇ ਨੇੜੇ ਹੋਵੇਗੀ। ਦੀਵਾਰ ਦਾ ਇਕ ਝਰੋਖਾ ਮੈਂ ਨਹੀਂ ਭਰਾਂਗਾ- ਪੰਛੀ ਘਰ ਵਸਾਉਂਣਗੇ- ਬੋਟ ਚਹਿਚਹਾਉਂਣਗੇ। ਨਵੇਂ ਸਾਲ ਦਾ ਸਤ ਬਾਗਾਂ ਦੀ ਖੁਸ਼ਬੂ ਨਾਲ, ਸਵਾਗਤ ਕਰਾਂਗਾ। ਬਾਗਾਂ ਨੂੰ ਕਹਾਂਗਾ ਕਿ ਖੁਸ਼ਬੂ ਦਾ ਸਫਰ ਸਿਰਫ ਇਕ ਦਿਨ ਦਾ ਨਾ ਹੋਵੇ- ਮਹਿਕਾਂ ਦਾ ਪੰਧ ਜਾਰੀ ਰਹੇ।
ਸਰਕਾਰੀ ਕੰਨਿਆਂ ਹਾਈ ਸਕੂਲ ਜਾਵਾਂਗਾ- ਜਿਥੇ ਮੇਰੀਆਂ ਦੋਵੇਂ ਬੇਟੀਆਂ ਪੜ੍ਹੀਆਂ ਤੇ ਪਰਵਾਨ ਚੜ੍ਹੀਆਂ। ਸਕੂਲ ਜਾਵਾਂਗਾ। ਬੱਚੀਆਂ ਨੂੰ ਸ਼ੁਭ ਨਵਾਂ ਸਾਲ ਕਹਾਂਗਾ। ਆਸ ਕਰੋ ਇਹ ਸਾਲ ਬੀਤੇ ਸਾਲਾਂ ਦੀ ਹਵਸ- ਧੂੜ ਉੱਤੇ ਮਿਟੀ ਪਾਵੇ। ਆ ਰਹੇ ਚੰਗੇ ਸਾਲਾਂ ਦੀ ਆਸ ਬਨਾਵੇਂ। ਕਾਮ, ਕਾਲੋਂ, ਕਾਲਖ ਤੇ ਕਲੰਕ ਦੂਰ ਕਰੇ। ਗਿਆਨ ਚਾਨਣ ਵਧਾਵੇ।

ਪ੍ਰੋ. ਹਮਦਰਦਵੀਰ ਨੌਸ਼ਹਿਰਵੀ
ਕਵਿਤਾ ਭਵਨ,
ਮਾਛੀਵਾੜਾ ਰੋਡ,
ਸਮਰਾਲਾ-141114
94638-08697

0 comments:
Speak up your mind
Tell us what you're thinking... !