ਉਹ ਅਕਸਰ ਉਸ ਦੇ ਘਰ ਆਉਂਦਾ ਜਾਂਦਾ ਰਹਿੰਦਾ। ਉਹ ਉਸ ਤੋਂ ਇਕ ਦੋ ਵਰ੍ਹੇ ਛੋਟਾ ਸੀ। ਉਹ ਉਸ ਨੂੰ ਦੀਦੀ ਕਹਿ ਕੇ ਬੁਲਾਉਂਦਾ ਪਰ ਜਦੋਂ ਵੀ ਉਸ ਦੀਆਂ ਨਜ਼ਰਾਂ ਉਸ ਨਾਲ ਮਿਲਦੀਆਂ ਉਹ ਉਸ ਦੀ ਅਜੀਬ ਜਿਹੀ ਤੱਕਣੀ ਤੋਂ ਇਕ ਦਮ ਘਬਰਾ ਜਾਂਦੀ। ਉਹ ਕਿੰਨਾ-ਕਿੰਨਾ ਚਿਰ ਉਸ ਨੂੰ ਨਿਹਾਰਦਾ ਰਹਿੰਦਾ। ਉਸ ਨੂੰ ਕਦੇ ਤਾਂ ਇੰਝ ਮਹਿਸੂਸ ਹੁੰਦਾ ਕਿ ਉਹ ਲੜਕਾ ਉਸ ਨੂੰ ਬੇਹੱਦ ਪਿਆਰ ਕਰਦਾ ਹੈ ਤਾਂ ਹੀ ਤਾਂ ਉਹ ਇੰਝ•••• ਤੇ ਕਈ ਵਾਰ ਉਹ ਜਜ਼ਬਾਤੀ ਹੋਈ ਸੋਚਦੀ ‘ਹਾਂ' ਮੈਂ ਵੀ ਤਾਂ ਉਸ ਨੂੰ ਪਿਆਰ ਕਰਦੀ ਹਾਂ।
ਪਰ ਫਿਰ ਦੂਸਰੇ ਹੀ ਪਲ ਸੋਚਦੀ ਨਹੀਂ••• ਨਹੀਂ, ਇਹ ਕਿਵੇਂ ਹੋ ਸਕਦਾ ਹੈ। ਉਹ ਤੇ ਮੈਨੂੰ ਦੀਦੀ••• ਨਹੀਂ•••• ਨਹੀਂ ਉਹ ਤਾਂ ਮੈਨੂੰ ਭੈਣ ਸਮਝਦਾ ਹੈ। ਉਸ ਦੀ ਨਜ਼ਰ ਤੋਂ ਸ਼ਾਇਦ ਮੈਂ ਹੀ ਧੋਖਾ ਖਾ ਰਹੀ ਹਾਂ। ਉਹ ਨਾ ਚਾਹ ਕੇ ਵੀ ਹਰ ਵੇਲੇ ਬਸ ਉਸ ਬਾਰੇ ਹੀ ਸੋਚਦੀ ਰਹਿੰਦੀ ਤੇ ਖ਼ੁਦ ਨੂੰ ਕਈ ਵਾਰ ਆਪਣੇ ਗ਼ਲਤ ਅੰਦਾਜ਼ਿਆਂ ਲਈ ਕੋਸਣ ਲੱਗਦੀ।
ਅੱਜ ਉਹ ਘਰ ਇਕੱਲੀ ਸੀ। ਉਸ ਦੇ ਆਉਂਦਿਆਂ ਹੀ ਉਸ ਨੇ ਕਿਹਾ, ‘‘ਵੀਰ ਜੀ ਘਰ ਨਹੀਂ•••• ਸ਼ਾਮ ਨੂੰ ਹੀ ਆਉਣਗੇ••• ਤੁਸੀਂ ਸ਼ਾਮ ਨੂੰ ਹੀ••••।''
‘‘ਪਰ•••• ਪਰ ਮੈਂ ਤਾਂ ਤੁਹਾਨੂੰ ਕੁਝ ਕਹਿਣਾ ਹੈ। ਮ•••• ਮੈਂ•••• ਮੈਂ ਤੁਹਾਨੂੰ ਬੇਹੱਦ ਪਿਆਰ ਕਰਦਾ ਹਾਂ। ਸੱਚ ਕਹਿੰਦਾ ਹਾਂ ਤੁਹਾਡੀਆਂ ਯਾਦਾਂ ਨੇ ਮੇਰਾ ਦਿਨ-ਰਾਤ ਦਾ ਚੈਨ ਖੋਹ ਲਿਆ ਹੈ। ਮੈਂ ਹਰ ਵੇਲੇ ਬਸ ਤੁਹਾਡੇ ਬਾਰੇ ਹੀ••••।''
‘‘ਕੀ ?'' ਉਹ ਇਕਦਮ ਤ੍ਰਭਕੀ। ‘‘ਨਹੀਂ•••• ਨਹੀਂ••• ਇਹ ਤੁਸੀਂ ਕੀ ਕਹਿ ਰਹੇ ਹੋ ? ਇਹ ਨਹੀਂ ਹੋ ਸਕਦਾ। ਤੁਹਾਨੂੰ ਸ਼ਰਮ ਕਰਨੀ ਚਾਹੀਦੀ ਹੈ। ਮੂੰਹ ਤੋਂ ਤਾਂ ਦੀਦੀ ਕਹਿੰਦੇ ਹੋ••• ਪਰ ਮਨ ਅੰਦਰ ਇਹ ਸੱਭ। ਨਹੀਂ••••ਨਹੀਂ••• ਇਹ•••ਇਹ ਪਿਆਰ ਨਹੀਂ ਹੋ ਸਕਦਾ•••• ਇਹ ਤਾਂ••••• ਹਵਸ ਐ।'' ਕਹਿੰਦੇ ਹੋਏ ਉਹ ਉਸ ਨੂੰ ਅਜੀਬ ਨਜ਼ਰਾਂ ਨਾਲ ਘੂਰਨ ਲੱਗੀ।
ਉਸ ਦੇ ਸ਼ਬਦ ਸ਼ਾਇਦ ਉਸ ਦੀ ਅੰਤਰ ਆਤਮਾ ਨੂੰ ਜਾ ਛੋਹੇ ਤੇ ਉਹ ਨਜ਼ਰਾਂ ਨੀਵੀਆਂ ਪਾਈ ‘ਮਾਫ਼ ਕਰਨਾ ਦੀਦੀ' ਕਹਿੰਦੇ ਹੋਏ ਜਲਦੀ ਨਾਲ ਉੱਥੋਂ ਚਲਾ ਗਿਆ। ਸ਼ਾਇਦ ਫਿਰ ਕਦੇ ਨਾ ਆਉਣ ਲਈ।
ਮਨਪ੍ਰੀਤ ਕੌਰ ਭਾਟੀਆ
ਐਮ.ਏ., ਬੀ.ਐੱਡ,
# 42, ਗਲੀ ਨੰ. : 2,
ਐਕਸਟੈਂਸ਼ਨ : 2,
ਕੁੰਦਨ ਨਗਰ,
ਫ਼ਿਰੋਜ਼ਪੁਰ ਸ਼ਹਿਰ।


0 comments:
Speak up your mind
Tell us what you're thinking... !