![]() |
| ਮਨਪ੍ਰੀਤ ਕੌਰ ਭਾਟੀਆ |
ਸਹੁਰੇ ਦਾ ਕਿਹਾ ਇੱਕ-ਇੱਕ ਸ਼ਬਦ ਰੀਮਾ ਦੇ ਦਿਲ 'ਤੇ ਹਥੌੜੇ ਵਾਂਗ ਵੱਜਾ। ਸਾਡੇ ਦਰਮਿਆਨ ਹੋਈ ਮਾਮੂਲੀ ਜਿਹੀ ਗੱਲ ਪਿੱਛੇ•••• ਇੰਨੀਆਂ ਗੱਲਾਂ•••• ਮੈਨੂੰ ਮਿੰਟ ਵਿਚ•••• ਬੇਗਾਨੀ••••• ਭੇਜਣ ਲਈ ਵੀ••••।
ਤੇ ਉਹ ਫੁੱਟ-ਪੁੱਟ ਕੇ ਰੋ ਪਈ। ਚੇਤਨ ਸ਼ਾਇਦ ਸੌਂ ਚੁੱਕਾ ਸੀ। ਉਹ ਕਿੰਨੀ ਦੇਰ ਹਾਓਕੇ ਭਰਦੀ ਰਹੀ। ਕੁਝ ਦੇਰ ਬਾਅਦ ਉਸਦਾ ਪਤੀ ਜ਼ਰਾ ਹਿੱਲਿਆ ਤਾਂ ਉਸਨੂੰ ਲੱਗਾ ਉਹ ਹੁਣੇ ਉਸ ਨੂੰ ਬਾਹਾਂ ਵਿਚ ਭਰ ਲਏਗਾ ਤੇ ਕਹੇਗਾ, ‘‘ਬਸ ਕਰ ਰੀਮੂੰ•••• ਛੱਡ ਹੁਣ ਸਾਰੀਆਂ ਗੱਲਾਂ।'' ਪਰ ਚੇਤਨ ਗੁੱਸੇ ਵਿਚ ਚੀਕਦਾ ਬੋਲਿਆ, ‘‘ਚੁੱਪ ਕਰ ਜਾ ਹੁਣ। ਦੋ ਘੰਟੇ ਹੋ ਗਏ ਤੈਨੂੰ ਰੋ-ਰੋ ਮੇਰਾ ਸਿਰ ਖਾਂਦੀ ਨੂੰ। ਡਰਾਮੇਬਾਜ਼ੀ ਬੰਦ ਕਰ ਤੇ ਸੌਣ ਦੇ।' ਤੇ ਉਸਦੇ ਸ਼ਬਦਾਂ ਨੇ ਹੁਣ ਰੀਮਾ ਨੂੰ ਸਾਰੀ ਰਾਤ ਰੋਣ ਲਈ ਮਜ਼ਬੂਤ ਕਰ ਦਿੱਤਾ।
ਸਵੇਰੇ ਉੱਠੀ ਤਾਂ ਉਸਦੇ ਸਿਰ ਬੇਹੱਦ ਭਾਰਾ ਤੇ ਅੱਖਾਂ ਸੁੱਜੀਆਂ ਹੋਈਆਂ ਸਨ। ਹੇਠਾਂ ਗਈ ਤਾਂ ਤੜਕੇ ਪਤੀ ਨੂੰ ਤਿਆਰ ਦੇਖ ਕੇ ਹੈਰਾਨ ਹੋ ਗਈ ਤੇ ਕਈ ਸਵਾਲ ਉਸਦੇ ਦਿਮਾਗ਼ ਵਿਚ ਘੁੰਮਣ ਲੱਗੇ। ਉਸ ਨੇ ਡਰਦੇ-ਡਰਦੇ ਸੱਸ ਨੂੰ ਪੁੱਛ ਈ ਲਿਆ। ‘‘ਦਿੱਲੀ ਚੱਲਿਐ ਭੈਣ ਨੂੰ ਮਿਲਣ•••• ਫੋਨ ਆਇਆ ਸੀ ਓਹਦਾ। ਗੱਲ ਕਰਦੀ-ਕਰਦੀ ਵਿਚਾਰੀ ਡੁੱਸਕਣ ਲੱਗ ਪਈ। ਖੌਰੇ ਕੀ ਹੋਇਆ। ਬਥੇਰਾ ਪੁੱਛਿਆ ਅਸਾਂ ਪਰ ਦੱਸਿਆ ਹੀ ਨਹੀਂ ਓਸ••••।
ਸਾਨੂੰ ਤਾਂ ਉਦੋਂ ਦਾ ਹੀ ਟਿਕਾਅ ਨਹੀਂ•••• ਇਹ ਵੀ ਕਹਿੰਦਾ ਇਕ ਵਾਰ ਉਸ ਨੂੰ ਦੇਖ ਆਵਾਂ............।''
ਰੀਮਾ ਹੈਰਾਨੀ ਨਾਲ ਚੇਤਨ ਨੂੰ ਤੱਕਣ ਲੱਗੀ ਪਰ ਉਹ ਉਸ ਵੱਲ ਦੇਖੇ ਬਗ਼ੈਰ ਬਾਹਰ ਜਾਣ ਲਈ ਗੇਟ ਵੱਲ ਵਧ ਗਿਆ।
ਐਮ.ਏ., ਬੀ.ਐੱਡ,
# 42, ਗਲੀ ਨੰ. : 2,
ਐਕਸਟੈਂਸ਼ਨ : 2,
ਕੁੰਦਨ ਨਗਰ,
ਫ਼ਿਰੋਜ਼ਪੁਰ ਸ਼ਹਿਰ।


0 comments:
Speak up your mind
Tell us what you're thinking... !