Headlines News :
Home » » “ਪੰਜਾਬੀਓ! ਰੜੇ-ਪਟੱਕ ਹੋ ਕੇ ਚੀਕਾਂ ਨਾ ਮਾਰਿਆ ਕਰੋ” - ਮਨਦੀਪ ਖੁਰਮੀ ਹਿੰਮਤਪੁਰਾ

“ਪੰਜਾਬੀਓ! ਰੜੇ-ਪਟੱਕ ਹੋ ਕੇ ਚੀਕਾਂ ਨਾ ਮਾਰਿਆ ਕਰੋ” - ਮਨਦੀਪ ਖੁਰਮੀ ਹਿੰਮਤਪੁਰਾ

Written By Unknown on Friday, 20 December 2013 | 21:55

ਮਾਨਸਿਕ ਰੋਗੀ ਲੋਕਾਂ ਦੇ ਬਾਪੂ ਬਣੇ ਆਸ਼ਾ ਰਾਮ ਦਾ ਪੁੱਤ ਵੀ ਪਿਓ ਤੋਂ ਚਾਰ ਰੱਤੀਆਂ ਅੱਗੇ ਲੰਘ ਗਿਐ। ਯੋਨ ਸ਼ੋਸ਼ਣ ਦੇ ਦਰਜ ਹੋਏ ਕੇਸ ਕਾਰਨ ਪਿਓ ਤੋਂ ਵੀ ਵੱਧ ਮਸ਼ਹੂਰੀ ਖੱਟ ਗਿਐ। ਪਿਓ ਤਾਂ ਇੱਕਦਮ ਹੀ ਪੁਲਿਸ ਦੀ ਕੜਿੱਕੀ ‘ਚ ਆ ਗਿਆ ਸੀ ਪਰ ਉਹਨੇ ਲਗਭਗ ਦੋ ਮਹੀਨੇ ਮੀਡੀਏ ਨੂੰ ਕੰਮ ਲਾਈ ਰੱਖਿਐ। ਪੁਲਿਸ ਨਾਲ ਦੋ ਮਹੀਨੇ ਦੀ ਲੁਕਣਮੀਟੀ ਤੋਂ ਬਾਦ ਹਰਿਆਣੇ ਵਾਲੇ ਪਾਸੇ ਤੋਂ ਪੰਜਾਬ ‘ਚ ਦਾਖਲ ਹੁੰਦਾ ਫੜ੍ਹਿਆ ਗਿਆ। ਭੇਸ ਵੀ ਸਰਦਾਰਾਂ ਵਾਲਾ ਧਾਰਿਆ ਹੋਇਆ ਸੀ ਜਾਣੀਕਿ ਪੱਗ ਬੰਨ੍ਹੀ ਹੋਈ ਸੀ। ਚੰਗਾ ਹੋਇਆ ਜਿਹੜਾ ਰਾਹ ‘ਚ ਹੀ ਦਬੋਚਿਆ ਗਿਆ ਨਹੀਂ ਤਾਂ ਨਾਮ ਬਦਲ ਕੇ ਓਹਨੇ ਵੀ ਪੰਜਾਬ ਦੇ ਸਾਧਾਂ ਦੇ ਵੱਗ ‘ਚ ਰਲ ਜਾਣਾ ਸੀ। ਭਲੀ ਕਿਸਮਤ ਸੀ ਪੰਜਾਬ ਦੀ ਕਿ ਚੱਲੋ ਬਚਾਅ ਹੋ ਗਿਆ ਨਹੀਂ ਤਾਂ ਸ਼ਾਇਦ ਕਿਸੇ ਸੜਕ ਕਿਨਾਰੇ ਪ੍ਰਾਈਵੇਟ ਡੇਰਾ ਬਣਾ ਕੇ ਇਹਨੇ ਵੀ ਪੰਜਾਬ ‘ਚ ਵਸਦੇ ਮਾਨਸਿਕ ਰੋਗੀਆਂ ਦਾ ਪਿਓ ਬਣ ਬਹਿਣਾ ਸੀ। ਤੇ ਸਾਡੇ ਭਾਈਚਾਰੇ ਨੇ ਬਿਨਾਂ ਦੇਖੇ ਪਰਖੇ ਇਹਦੇ ਮਗਰ ਵੀ ਡਾਰਾਂ ਬੰਨ੍ਹ ਤੁਰਨਾ ਸੀ ਜਿਵੇਂ ਇੱਕ ਹੱਕ ਮੰਗਣ ਵਾਲੀ ਫਿਲਮ ਮਗਰ ਨਾਅਰੇ ਫਿਰਦੇ ਸੀ। ਓਹ ਫਿਲਮ ਤਾਂ ਸਰਕਾਰ ਨੇ ‘ਬੈਨ’ ਕਰ ਦਿੱਤੀ ਸੀ ਪਰ ਪੰਜਾਬ ਅਤੇ ਦੇਸ਼ ਵਿਦੇਸ਼ ‘ਚ ਵਸਦੇ ਜ਼ਜ਼ਬਾਤੀ ਪੰਜਾਬੀਆਂ ਨੇ ਉਸੇ ਫਿਲਮ ਨੂੰ ਹੀ ਸਿੱਖੀ ਦਾ ਆਖਰੀ ਸੱਚ ਮੰਨ ਕੇ ਖੁਦ ਧਰਨੇ ਮੁਜਾਹਰੇ ਕੀਤੇ। ਸਰਕਾਰ ਦੀ ਬੂ-ਦੁਹਾਈ ਕੀਤੀ। ਫਿਲਮ ਦੇ ਨਾਇਕ ਤੋਂ ਲੈ ਕੇ ਨਿਰਮਾਤਾ ਨਿਰਦੇਸਕ ਤੱਕ ਨੇ ਦੁਨੀਆਂ ਦਾ ਕੋਈ ਕੋਨਾ ਨਹੀਂ ਸੀ ਛੱਡਿਆ ਜਿੱਥੇ ਜਾ ਕੇ ਪੰਥ ਦਾ ਵਾਸਤਾ ਨਾ ਪਾਇਆ ਹੋਵੇ। ਚਰਚਾ ਇਹ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਭੇਡ ਵਾਂਗ ‘ਮੁੰਨ’ ਕੇ ਹੁਣ ਓਸੇ ਫਿਲਮ ਵਾਲੇ ਭਾਈ ਸਾਹਿਬ ਪੰਜਾਬ ਦੇ ਵੱਖ ਵੱਖ ਹਿੱਸਿਆਂ ‘ਚ ਲਗਭਗ ਡੇਢ ਦਰਜਨ ਸੈਲੂਨ ਖੋਲ੍ਹ ਕੇ ਪੰਜਾਬ ਦੇ ਲੋਕਾਂ ਦੇ ਵਾਲ ਮੁੰਨਣ ਤੇ ਮੁੰਨਣੇ ਸਿਖਾਉਣ ਦੀ ਸਿਖਲਾਈ ਦੇਣਗੇ। ਹੁਣ ਲੋਕਾਂ ਨੂੰ ਮੁੰਨਣ ਲਈ ਕਿਹਾ ਜਾ ਰਿਹਾ ਹੈ ਕਿ ਵਾਲ ਮੁੰਨਣ ਦੀ ਟਰੇਨਿੰਗ ਤੋਂ ਬਾਦ ਇੰਗਲੈਂਡ ਦੀ ‘ਮੁੰਨਣ ਸੰਸਥਾ’ ਤੋਂ ਸਰਟੀਫਿਕੇਟ ਵੀ ਦਿਵਾਇਆ ਜਾਵੇਗਾ ਤਾਂ ਜੋ ਵਿਦੇਸ਼ਾਂ ਵਿੱਚ ਨੌਕਰੀਆਂ ਮਿਲ ਸਕਣ। ਪੰਜਾਬੀ ਵੀਰੋ, ਉਦੋਂ ਹੀ ਮਾੜੀ ਮੋਟੀ ਸਮਝ ਤੋਂ ਕੰਮ ਲੈ ਲਿਆ ਕਰੋ ਜਦੋਂ ਕੋਈ ਤੁਹਾਨੂੰ ਮੁੰਨਣ ਲਈ ਅਜੇ ਉਸਤਰੇ ਦੀ ਧਾਰ ਤੇਜ਼ ਕਰ ਰਿਹਾ ਹੁੰਦਾ ਹੈ, ਬਾਦ ‘ਚ ਰੜੇ-ਪਟੱਕ ਨਿੱਕਲ ਕੇ ਚੀਕਾਂ ਨਾ ਮਾਰਿਆ ਕਰੋ.....ਜਾਗਦੇ ਰਹੋ।



ਮਨਦੀਪ ਖੁਰਮੀ ਹਿੰਮਤਪੁਰਾ
 0044- (0) 75191 12312

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template