Headlines News :
Home » » ਦੁਨੀਆਂ ਦੇ ਦੁੱਖਾਂ ਦਾ ਦਾਰੂ ਸੱਚੀ ਸਰਕਾਰ - ਗੁਰਮੇਲ ਸਿੰਘ ਖਾਲਸਾ

ਦੁਨੀਆਂ ਦੇ ਦੁੱਖਾਂ ਦਾ ਦਾਰੂ ਸੱਚੀ ਸਰਕਾਰ - ਗੁਰਮੇਲ ਸਿੰਘ ਖਾਲਸਾ

Written By Unknown on Saturday, 21 December 2013 | 21:38

ਗੁਰੁ ਨਾਨਕ ਬਾਬੇ ਜੀ ਨੇ ਸੰਸਾਰ ਦੇ ਦੁੱਖ ਦੂਰ ਕਰਨ ਲਈ ਨਵੇਂ ਮਨੁੱਖਾਂ ਦੀ ਸਿਰਜਨਾ ਕੀਤੀ ਹੈ । ਨਵੇਂ ਮਨੁੱਖਾਂ ਦੀ ਪਹਿਲੀ ਵਿਸੇਸ਼ਤਾ ਇਹ ਹੈ ਕਿ ਉਹਨਾਂ ਨੂੰ ਰੱਬ ਤੇ ਪੂਰਨ ਵਿਸ਼ਵਾਸ਼ ਹੁੰਦਾ ਹੈ । ਰੱਬ ਸਾਰੇ ਬ੍ਰਹਿਮੰਡ ਵਿੱਚ ਇਸ ਤਰਾਂ ਹੈ ਜਿਵੇਂ ਸਾਰਾ ਬ੍ਰਹਿਮੰਡ ਫੁੱਲ ਹੋਵੇ । ਦਿਖਾਈ ਦੇਣ ਵਾਲਾ ਫੁੱਲ ਅਕਾਰ ਵਿੱਚ ਰੱਬ ਹੈ । ੳੇੁਸ ਵਿੱਚ ਜੋ ਸੁਗੰਧੀ ਹੈ ਉਹ ਨਿਰ ਆਕਾਰ ਜਾਂ ਨਿਰੰਕਾਰ ਰੂਪ ਵਿੱਚ ਰੱਬ ਹੈ । ਅਸੀਂ ਸਾਰੇ ਮਨੁੱਖ ਇਸ ਫੁੱਲ ਦਾ ਹਿੱਸਾ ਹਾਂ । ਮਨੁੱਖਾਂ ਵਿੱਚ ਜੋ ਅੱਛੇ ਗੁਣ ਹੁੰਦੇ ਹਨ ਉਹ ਉਸ ਵਿਰਾਟ ਫੁੱਲ ਦੀ ਸੁਗੰਧੀ ਹੈ ।ਅਗਰ ਮਨੁੱਖ ਮਨੁੱਖ ਵਿੱਚੋਂ ਅੱਛੇ ਗੁਣਾ ਦੀ ਭਾਲ਼ ਕਰੇਗਾ ਤਾਂ ਸਮਝੋ ਉਹ ਰੱਬ ਦੀ ਭਾਲ਼ ਕਰ ਰਿਹਾ ਹੁੰਦਾ ਹੈ । ਮਨੁੱਖ ਦੇ ਅੱਛੇ ਗੁਣ ਹੀ ਰੱਬ ਹਨ । ਗੁਰੁ ਬਾਬੇ ਨਾਨਕ ਸਾਹਿਬ ਜੀ ਨੇ ਰੱਬ ਨੂੰ ਨਾ ਮੰਨਣ ਵਾਲ਼ਿਆਂ ਨੂੰ ਮੁਰਦਿਆਂ ਦੀ ਸ਼੍ਰੇਣੀ ਵਿੱਚ ਰੱਖਿਆ ਹੈ । ਇਹ ਮੁਰਦੇ ਧਰਤੀ ਤੇ ਜੋ ਖਾ ਪੀ ਤੇ ਹੰਢਾ ਰਹੇ ਹਨ ਉਹ ਸੱਭ ਹਰਾਮ ਦਾ ਖਾ ਪੀ ਰਹੇ ਹੁੰਦੇ ਹਨ ਅਤੇ ਉਹ ਧਰਤੀ ਤੇ ਭੂਤ ਨਾਚ ਨੱਚਦੇ ਫਿਰਦੇ ਹੁੰਦੇ ਹਨ । ਇਸ ਤਰਾਂ ਦੇ ਮਨੁੱਖ ਰੱਬ ਤੋਂ ਇਸ ਲਈ ਮੁਨਕਰ ਹਨ ਕਿਉਂਕਿ ਰੱਬ ਨੇ ਜੋ ਮਾਲ ਧੰਨ ਆਦਿ ਬਣਾਇਆ ਹੁੰਦਾ ਹੈ । ਉਹ ਉਸ ਵਿੱਚ ਹੀ ਮਸਤ ਹੋ ਕੇ ਰੱਬ ਨੂੰ ਭੁਲਾ ਦਿੰਦੇ ਹਨ । ਬਹੁੱਤ ਸਾਰੇ ਮਨੁੱਖ ਰਾਜ ਦੀ ਮਸਤੀ ਵਿੱਚ , ਧਨ ਪਦਾਰਥਾਂ ਦੀ ਮਸਤੀ ਵਿੱਚ ਰੱਬ ਨੂੰ ਭੁਲਾਈ ਬੈਠੇ ਹਨ । ਇਸ ਤਰਾਂ ਦੇ ਮਨੁੱਖ ਆਪਣੇ ਅਮੋਲਕ ਜੀਵਨ ਨੂੰ ਭੰਗ ਦੇ ਭਾਣੇ ਗੁਆ ਕੇ ਇਥੋਂ ਚੱਲਦੇ ਬਣਦੇ ਹਨ । ਗੁਰਬਾਣੀ ਵਿੱਚ ਗੁਰੁ ਬਾਬੇ ਨੇ ਇਸ ਤਰਾਂ ਫੁਰਮਾਇਆ ਹੈ :-
ਮ:1 ਸਲੋਕ
ਸੋ ਜੀਵਿਆ ਜਿਸੁ ਮਨਿ ਵਸਿਆ ਸੋਇ । ਨਾਨਕ ਅਵਰ ਨ ਜੀਵੈ ਕੋਇ ॥
ਜੇ ਜੀਵੈ ਪਤਿ ਲੱਥੀ ਜਾਇ । ਸਭੁ ਹਰਾਮ ਜੇਤਾ ਕਿਛੁ ਖਾਇ ॥ 
ਰਾਜ ਰੰਗੁ ਮਾਲ ਰੰਗ ਰੰਗ ਰੱਤਾ ਨਚੈ ਨੰਗੁ । ਨਾਨਕ ਠਗਿਆ ਮੁਠਾ ਜਾਇ ॥
ਵਿਣੁ ਨਾਵੈ ਪਤਿ ਗਇਆ ਗਵਾਇ ॥ ਪੰਨਾ 142 ॥
ਮਨੁੱਖ ਦਾ ਅਸਲੀ ਕੰਮ ਪ੍ਰਭੂ ਦਾ ਸ਼ੁਕਰ ਕਰਨਾ ਹੈ । ਲੂਣ ਹਰਾਮੀ ਨਹੀਂ ਬਣਨਾ । ਲੂਣ ਹਰਾਮੀ ਦਾ ਮਤਲਬ ਹੈ ਕਿ ਕਿਸੇ ਦਾ ਲੂਣ ਜਿਤਨਾ ਖਾ ਕੇ ਭੀ ਉਹਦਾ ਧਨਵਾਦ ਕਰਨਾ ਹੈ । ਲੂਣ ਦੀ ਉਦਾਹਰਣ ਇਸ ਲਈ ਦਿਤੀ ਹੈ ਕਿ ਲੂਣ ਧਰਤੀ ਤੇ ਬਹੁਤ ਮਾਤਰਾ ਵਿੱਚ ਹੈ । ਹਰ ਰੋਜ ਦੇ ਖਾਣੇ ਵਿੱਚ ਭੀ ਲੂਣ ਬਹੁਤ ਘੱਟ ਪੈਂਦਾ ਹੈ । ਕੀਮਤ ਭੀ ਘੱਟ ਹੈ । ਇਕ ਸਮੇਂ ਇੱਕ ਖਾਣੇ ਵਿੱਚ ਅਸੀਂ ਇੱਕ ਚੁਟਕੀ ਨਮਕ ਖਾਂਦੇ ਹਾਂ ਅਤੇ ਕੀਮਤ ਨਾ ਮਾਤਰ ਹੁੰਦੀ ਹੈ । ਭਾਵ ਕਿ  ਲੂਣ ਜਿਨੇ ਖਾਧੇ ਦਾ ਵੀ ਧਨਵਾਦ ਜਾਂ ਸ਼ੁਕਰ ਕਰਨਾ ਜਰੂਰੀ ਹੈ । ਜਿਵੇਂ ਅਸੀਂ ਆਪਣੀ ਲਿਖਤ ਵਿੱਚ ਇੱਕ ਬਿੰਦੀ ਲਾਉਣੀ ਹੋਵੇ । ਉਹ ਬਿੰਦੀ ਲਗਾਉਣ ਲਈ ਸਾਡੇ ਕੋਲ਼ ਪੈਂਨ ਆਦਿ ਨਾ ਹੋਵੇ । ਕੋਲ਼ ਖੜੇ ਮਨੁੱਖ ਪਾਸੋ ‘ਪਲੀਜ਼’ ਕਹਿ ਕੇ ਪੈਨ ਲਿਆ ਹੋਵੇ । ਉਸ ਪੈਨ ਨਾਲ਼ ਬਿੰਦੀ ਲਾਈ ਹੋਵੇ । ਪੈਨ ਵਾਪਿਸ ਕਰਨ ਲੱਗਿਆਂ ਥੈਂਕ ਯੂ ਜਾਂ ਧਨਵਾਦ ਕਰਦੇ ਹਾਂ । ਇਹੀ ਸ਼ੁਕਰ ਹੈ । ਇਹ ਰੱਬ ਦਾ ਸ਼ੁਕਰ ਹੈ । ਬਹੁਤ ਸਾਰੇ ਮਨੁੱਖਾਂ ਨੇ ਸਾਡੇ ਤੇ ਬਹੁਤ ਉਪਕਾਰ ਕੀਤੇ ਹੁੰਦੇ ਹਨ ਜੇ ਅਸੀਂ ਉਹਨਾਂ ਦਾ ਨਾਮ ਚੇਤੇ ਨਹੀਂ ਕਰਦੇ ਅਤੇ ਉਹਨਾਂ ਦੇ ਕੀਤੇ ਉਪਕਾਰਾਂ ਨੂੰ ਭੁੱਲ ਜਾਂਦੇ ਹਾਂ ਤਾਂ ਅਸੀਂ ਰੱਬ ਦਾ ਨਾਮ ਕਿਸੇ ਹਾਲਤ ਵਿੱਚ ਭੀ ਨਹੀਂ ਲੈ ਸਕਦੇ । ਸਾਨੂੰ ਰੱਬ ਦਾ ਨਾਮ ਸਿਮਰਨ ਲਈ ਕਿਹਾ ਹੈ । ਰੱਬ ਮਨੁੱਖਾਂ ਵਿੱਚ ਵਸਦਾ ਹੈ । ਅਸੀਂ ਉਹਨਾਂ ਨੂੰ ਭੁੱਲ ਕੇ ਆਪਣਾ ਨਾਮ ਜਪਾਉਂਦੇ ਰਹਿੰਦੇ ਹਾਂ । ਅਛਾਈ ਕਿਸੇ ਨੇ ਕੀਤੀ ਹੁੰਦੀ ਹੈ ਉਸਨੂੰ ਆਪਣੇ ਖਾਤੇ ਪਾਉਣ ਲਈ ਆਪਣੀ ਸਾਰੀ ਸ਼ਕਤੀ ਲਗਾ ਦਿੰਦੇ ਹਾਂ । ਕੰਮ ਕਿਸੇ ਨੇ ਕੀਤਾ ਹੁੰਦਾ ਹੈ ਅਤੇ ਸਿਰੋਪਾ ਪਵਾਉਣ ਲਈ ਆਪ ਅੱਗੇ ਹੋ ਜਾਂਦੇ ਹਾਂ । ਕਈ ਵੇਰ ਮਨੁੱਖ ਅਕ੍ਰਿਤਘਣਤਾ ਦੀ ਹੱਦ ਭੀ ਪਾਰ ਕਰ ਜਾਂਦੇ ਹਨ, ਜਦੋਂ ਅਸੀਂ ਕਿਸੇ ਦੇ ਕੀਤੇ ਚੰਗੇ ਕੰਮਾਂ ਨੂੰ ਯਾਦ ਤਾਂ ਕੀ ਕਰਨਾ ਉਲਟਾ ਉਹਦੀ ਕੀਤੀ ਅੱਛਾਈ ਨੂੰ ਰੋਲਣ ਲਈ ਆਪਣੀ ਸਾਰੀ ਸਕਤੀ ਝੋਕ ਦਿੰਦੇ ਹਾਂ । ਇਸ ਨੂੰ ਮਹਾ ਅਕ੍ਰਿਤਘਣ ਕਿਹਾ ਜਾਂਦਾ ਹੈ ।
ਬਾਬਾ ਜੀ ਫੁਰਮਾਨ ਕਰਦੇ ਹਨ ਕਿ ਜਦੋਂ ਅਸੀਂ ਰੱਬ ਨੂੰ ਯਾਦ ਕੀਤੇ ਬਿਨਾ ਛੱਤੀ ਪ੍ਰਕਾਰ ਦੇ ਭੋਜਨਾ ਵਿੱਚ ਮਸਤ ਹੋਈਏ ਤਾਂ ਇਹ ਇਸ ਤਰਾਂ ਹੈ ਜਿਵੇਂ ਕੋਈ ਬੇਸ਼ਰਮ ਹੋ ਕੇ ਕਹਿ ਰਿਹਾ ਹੋਵੇ : ‘ਖਾਉ ਪੀਓ ਕਰੋ ਅਨੰਦ ਖਸਮਾ ਨੂੰ ਖਾਵੇ ਪਰਮ ਅਨੰਦ’ ! ਅਗਰ ਅਸੀਂ ਰੱਬ ਨੂੰ ਭੁੱਲ ਕੇ ਜਾਂ ਜਿਹਨਾਂ ਮਨੁੱਖਾਂ ਦੀ ਕ੍ਰਿਪਾ ਨਾਲ਼ ( ਮਾਤਾ ਪਿਤਾ, ਭੈਣ ਭਰਾ, ਰਿਸਤੇਦਾਰ ਜਾਂ ਹੋਰ ਕੋਈ ਭੀ ਹੋਵੇ ) ਅਸੀਂ ਸੋਹਣਾ ਪਹਿਨਦੇ ਹੋਈਏ । ਸੋਹਣੇ ਸੋਹਣੇ ਬਿਸਤਰਿਆਂ ਤੇ ਸਵੀਂਏ ਤੇ ਵਿਲਾਸਤਾਂ ਦੀਆਂ ਖੇਡਾਂ ਖੇਡੀਏ ਅਤੇ ਉਹਨਾਂ ਨੂੰ ਭੁੱਲ ਕੇ ਮਸਤ ਹੋਏ ਰਹੀਏ । ਇਹ ਸੱਭ ਭੀ ਬੇਸ਼ਰਮੀ ਹੈ । ਪੱਤ ਗਵਾ ਕੇ ਜੀਣਾ ਹੈ । ਕਈ ਵੇਰ ਮਨੁੱਖਾਂ ਨੇ ਮਨੁੱਖਾਂ ਨੂੰ ਝੂਠੇ ਲਾਰੇ ਲਾ ਕੇ ਰਾਜ ਪ੍ਰਾਪਤ ਕਰ ਲਿਆ ਹੁੰਦਾ ਹੈ । ਹੂਟਰਾਂ ਵਾਲ਼ੀਆਂ ਗੱਡੀਆਂ ਦੀ ਪ੍ਰਾਪਤੀ ਭੀ ਕਰ ਲਈ ਹੁੰਦੀ ਹੈ । ਘਰੋਂ ਨਿਕਲ਼ਦੇ ਵੜਦੇ ਸਲੂਟ ਭੀ ਮਰਵਾਉਂਦੇ ਹਾਂ । ਲੋਕਾਂ ਦੀ ਸੇਵਾ ਦੀ ਆੜ ਵਿੱਚ ਆਕੜ ਜਾਂ ਹੰਕਾਰ ਨਾਲ਼ ਆਪਣਾ ਮਨ ਅਤੇ ਘਰ ਧੰਨ ਨਾਲ਼ ਭਰ ਲੈਂਦੇ ਹਾਂ । ਵਿਲਾਸਤਾ ਦਾ ਜੀਵਨ ਜਿਉਂਣ ਲੱਗ ਪੈਂਦੇ ਹਾਂ । ਬਾਬੇ ਨੇ ਇਸ ਨੂੰ ਭੀ ਬੇਸ਼ਰਮੀ ਜਾਂ ਮੁਰਦਾਗਰੀ ਕਿਹਾ ਹੈ । ਆਪ ਨੇ ਫੁਰਮਾਇਆ :-
ਮ:1
ਕਿਆ ਖਾਧੈ ਕਿਆ ਪੈਧੇ ਹੋਇ । ਜਾ ਮਨਿ ਨਾਹੀ ਸਾਚਾ ਸੋਇ ॥
ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ ॥
ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗਿ ਵਿਲਾਸੁ ॥
ਕਿਆ ਲਸਕਰ ਕਿਆ ਨੇਬ ਖਵਾਜੀ ਆਵੇ ਮਹਿਲੀ ਵਾਸੁ ॥
ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ ॥ ਪੰਨਾ 142 ॥
ਕਦੇ ਕਦੇ ਮਨੁੱਖ ਨੂੰ ਲੱਗਦਾ ਹੈ ਕਿ ਜੋ ਭੀ ਉਸ ਨੇ ਪ੍ਰਾਪਤੀ ਕੀਤੀ ਹੈ ਉਹ ਉਸ ਦੀ ਆਪਣੀ ਮਿਹਨਤ ਸਦਕਾ ਹੀ ਹੈ । ਧੰਨ ਭੂਮੀ ਜੋ ਵੀ ਬਣਾਈ ਹੁੰਦੀ ਹੈ ਉਹ ਉਸ ਦੇ ਹੰਕਾਰ ਵਿੱਚ ਰਹਿੰਦਾ ਹੈ । ਜਿਸ ਦੀ ਕ੍ਰਿਪਾ ਨਾਲ਼ ਉਸ ਨੇ ਪ੍ਰਾਪਤੀ ਕੀਤੀ ਹੁੰਦੀ ਹੈ ਉਹ ਉਸ ਨੂੰ ਦਿਖਾਈ ਨਹੀਂ ਦਿੰਦਾ । ਗੁਰੁ ਜੀ ਨੇ ਫੁਰਮਾਇਆ ਹੈ ‘ਧਨ ਭੂਮਿ ਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਅਗਿਆਨ’ ਮਨੁੱਖ ਦੀ ਹਰ ਪ੍ਰਾਪਤੀ ਉੱਪਰ ਮਨੁੱਖਾ ਦਾ ਯੋਗਦਾਨ ਹੁੰਦਾ ਹੈ । ਉਸ ਨੂੰ ਇਸ ਲਾਇਕ ਬਣੱਇਆ ਹੁੰਦਾ ਹੈ । ਮਹੌਲ ਸਿਰਜ ਕੇ ਦਿਤਾ ਹੁੰਦਾ ਹੈ । ਇਹ ਸੱਭ ਵਾਹਿਗੁਰੂ ਦੀ ਬਖਸ਼ਿਸ ਹੁੰਦੀ ਹੈ ਅਤੇ ਸ਼ੁਕਰ ਕਰਨਾ ਬਣਦਾ ਹੈ । 
ਮਨੁੱਖ ਦੇ ਵਿਕਾਸ ਲਈ ਜਾਂ ਨਵੇਂ ਮਨੁੱਖ ਦੀ ਦੂਜੀ ਵਿਸ਼ੇਸਤਾ ਇਹ ਹੈ ਕਿ ਸੱਭ ਮਨੁੱਖਾਂ ਨੂੰ ਬਰਾਬਰ ਸਮਝਣਾ ਅਤੇ ਇੱਕ ਪ੍ਰਭੂ ਦੀ ਸੰਤਾਨ ਸਮਝਣਾ । ਅਸੀਂ ਸਿੱਖ ਕਹਾਉਣ ਵਾਲੇ ਵੀ ਆਪੋ ਆਪਣੀਆਂ ਜਾਤ ਦੀਆਂ ਖੁੱਡਾਂ ਵਿੱਚ ਵੜ ਗਏ ਹਾਂ । ਸਿੱਖਾਂ ਵਿੱਚ ਜਾਤ ਵਾਦ ਭਾਰੂ ਹੋ ਗਿਆ ਹੈ । ਅੱਜ ਜੱਟ ਜੱਟਾਂ ਦੇ ਚਮਾਰ ਚਮਾਰਾਂ ਦੇ ਤਰਖਾਣਾ ਦੇ ਹੋ ਗਏ ਹਾਂ । ਗੁਰੁ ਘਰ ਜਾਂ ਗੁਰਦੁਆਰੇ ਭੀ ਜਾਤਾਂ ਦੇ ਨਾਮ ਦੇ ਹੋ ਗਏ ਹਨ । ਜੱਟ ਵਾਦ ਭਾਰੂ ਹੈ । ਗੁਰੁ ਬਾਬੇ ਨਾਨਕ ਸਾਹਿਬ ਦੀ ਤਾਂ ਗੱਲ ਹੈ ਹੀ ਨਹੀਂ । ਨੀਵੀਂ ਸਮਝੀ ਜਾਣ ਵਾਲ਼ੀ ਜਾਤ ਦਾ ਸਿੰਘ ਜਿਨੀ ਮਰਜੀ ਸੇਵਾ ਕਰੇ ਉਸਨੂੰ ਹਰ ਪਾਸਿਉਂ ਠਿੱਬੀਆਂ ਲੱਗਦੀਆਂ ਹਨ । ਉਸ ਨੂੰ ਸਿੱਖ ਮੰਚ ਤੋਂ ਲਾਭੇ ਕੀਤਾ ਜਾਂਦਾ ਹੈ । ਅੱਜ ਦਾ ਅਖੌਤੀ ਸਿੱਖ ਨੀਂਵੀ ਸਮਝੀ ਜਾਣ ਵਾਲ਼ੀ ਜਾਤ ਦੇ ਸਿੰਘ ਦੇ ਅਧੀਨ ਚੱਲਣ ਲਈ ਤਿਆਰ ਨਹੀ ਹੈ । ਇਸ ਦੀ ਇੱਕ ਉਦਾਹਰਣ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਹੈ । ਇਸ ਸਿੰਘ ਨੇ ਬਿਪਰਾਂ ਦੁਆਰਾ ਕੀਤੇ ਕਤਲੇਆਮ ਦਾ ਸੱਚ ‘ਹੌਦ ਚਿੱਲੜ’ ਸੰਸਾਰ ਦੇ ਸਾਹਮਣੇ ਲਿਆਦਾ । ਇਸ ਸਿੰਘ ਦੇ ਠਿੱਬੀਆਂ ਲੱਗਦੀਆਂ ਅਸੀਂ ਹਰ ਰੋਜ ਦੇਖਦੇ ਹਾਂ । ਏਹੀ ਕੰਮ ਜੇ ਕੋਈ ਜੱਟਾਂ ਦਾ ਮੁੰਡਾ ਕਰਦਾ ਤਾਂ ਅਖੌਤੀ ਪੰਥ ਨੇ ਉਸ ਨੂੰ ਸਿਰ ਤੇ ਬਹਾਲ ਲੈਣਾ ਸੀ ਉਸ ਦੀ ਜੈ ਜੈਕਾਰ ਕਰਨੀ ਸੀ । ਕਿਉਂਕਿ ਪੰਜਾਬ ਵਿਚ ਜੱਟਵਾਦ ਭਾਰੂ ਹੈ । ਇਸ ਤਰਾਂ ਦੀਆਂ ਹੋਰ ਵੀ ਕਈ ਉਦਾਹਰਣਾ ਦਿਤੀਆਂ ਜਾ ਸਕਦੀਆਂ ਹਨ । ਗੁਰੁ ਨਾਨਕ ਪਾਤਿਸਾਹ ਨੇ ਫੁਰਮਾਇਆ ਹੈ ਕਿ ਮਨੁੱਖ ਨੁੰ ਉੱਚੀ ਨੀਂਵੀਂ ਜਾਤ ਵਿੱਚ ਨਹੀਂ ਵੰਡਣਾ ਚਾਹੀਦਾ । ਮਨੁੱਖ ਨੂੰ ਮਨੁੱਖ ਵਿੱਚੋਂ ਸੱਚ ਦੀ ਭਾਲ਼ ਕਰਨੀ ਚਾਹੀਦੀ ਹੈ । ਜਾਤ ਦਾ ਹੰਕਾਰ ਕਰਨਾ ਤਾਂ ਇਸ ਤਰਾਂ ਹੈ ਜਿਸ ਤਰਾਂ ਹੱਥ ਵਿੱਚ ਜ਼ਹਿਰ ਲੈ ਕੇ ਘੁੰਮਦਾ ਹੋਵੇ । ਜਾਤ ਦਾ ਹੰਕਾਰ ਕਰਨਾ ਜ਼ਹਿਰ ਖਾਣ ਦੇ ਬਰਾਬਰ ਹੈ । ਜ਼ਹਿਰ ਖਾਧਿਆਂ ਮਨੁੱਖ ਮਰ ਜਾਂਦਾ ਹੈ । ਇਸ ਲਈ ਉੱਚੀ ਜਾਤ ਦੇ ਹੰਕਾਰੀ ਭੀ ਮੁਰਦਿਆਂ ਦੀ ਸ੍ਰੇਣੀ ਵਿੱਚ ਅਉੰਦੇ ਹਨ । ਬਾਬਾ ਜੀ ਨੇ ਸੱਚੇ ਦੀ ਸਰਕਾਰ ਬਣਾਉਣ ਵਾਸਤੇ ਨਗਾਰਾ ਫੜ ਕੇ ਸਭ ਨੂੰ ਹੋਕਾ ਦਿਤਾ ਹੈ । ਜਿਹੜੇ ਵੀ ਸੱਚੇ ਦੀ ਸਰਕਾਰ ਬਣਾਉਣ ਤੇ ਲੱਗੇ ਹੋਏ ਹਨ ਉਹੀ ਅਸਲੀ ਸਰਦਾਰ ਹਨ । ਪ੍ਰਭੂ ਦੇ ਦਰ ਤੇ ਉਹਨਾਂ ਦਾ ਮਾਣ ਸਤਿਕਾਰ ਹੋਵੇਗਾ । ਬਾਬਾ ਜੀ ਨੇ ਫੁਰਮਾਇਆ ਹੈ ਕਿ ਇਹ ਹੋਕਾ ਦੇਣ ਲਈ ਹੀ ਪ੍ਰਭੂ ਨੇ ਉਹਨਾਂ ਨੂੰ ਨਿਯੁਕਤ ਕੀਤਾ ਹੈ । ਬਹੁਤ ਸਾਰੇ ਮਨੁੱਖਾ ਨੇ ਬਾਬਾ ਜੀ ਦਾ ਹੁਕਮ ਝੱਟ ਮੰਨ ਲਿਆ ਹੈ ਕੁੱਝ ਤਿਆਰੀ ਕਰ ਰਹੇ ਹਨ । ਬਾਬਾ ਜੀ ਨੇ ਬਾਣੀ ਵਿੱਚ ਇਸ ਤਰਾਂ ਫੁਰਮਾਇਆ ਹੈ :-
ਪਉੜੀ
ਜਾਤੀ ਦੇ ਕਿਆ ਹੱਥਿ ਸਚ ਪਰਖੀਐ ।ਮਹੁਰਾ ਹੋਵੈ ਹਥਿ ਮਰੀਐ ਚਾਖੀਐ ॥
ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ । ਹੁਕਮ ਮੰਨੇ ਸਿਰਦਾਰ ਦਰ ਦੀਬਾਣੀਐ ॥
ਫੁਰਮਾਨੀ ਹੈ ਕਾਰ ਖਸਮਿ ਪਠਾਇਆ । ਤਬਲਬਾਜ ਬੀਚਾਰੁ ਸਬਦਿ ਸੁਣਾਇਆ ॥
ਇਕਿ ਹੋਇ ਅਸਵਾਰ ਇਕਨਾ ਸਾਖਤੀ । ਇਕਨੀ ਬਧੇ ਭਾਰ ਇਕਨਾ ਤਾਖਤੀ ॥ ਪੰਨਾ 142 ॥
ਇਸਲਾਮ ਧਰਮ ਦੇ ਕੁਰਾਨ ਸ਼ਰੀਫ ਵਿੱਚ ਭੀ ਇਸ ਗੱਲ ਦਾ ਕਈ ਥਾਂ ਜ਼ਿਕਰ ਆਇਆ ਹੈ ਕਿ ਕਿਆਮਤ ਦੀ ਰਾਤ ਆਏਗੀ । ਸੱਭ ਮੁਰਦੇ ਕਬਰਾਂ ਵਿੱਚੋਂ ਜੀਅ ਉੱਠਣਗੇ ਤੇ ਕੁਫ਼ਰ ਦਾ ਸਾਰਾ ਕੂੜ ਕਬਾੜ ਹੂੰਝ ਕੇ ਸੁੱਟ ਦੇਣਗੇ । ਅਲਾਹ ਦਾ ਰਾਜ ਆਏਗਾ । ਧਰਤੀ ਦਰਗਾਹ ਦਾ ਰੂਪ ਲੈ ਲਏਗੀ । ਗੁਰਮਤਿ ਵਿਚ ਇਸੇ ਨੂੰ ਹਲੇਮੀ ਰਾਜ਼ ਕਿਹਾ ਹੈ । ਸੱਚ ਦਾ ਰਾਜ ਆਉਣ ਨਾਲ਼ ਧਰਤੀ ਸੱਚਖੰਡ ਬਣ ਜਾਵੇਗੀ । ਬੇਗਮਪੁਰਾ ਬਣ ਜਾਏਗੀ । ਅਬਚਲ ਨਗਰ ਬਣ ਜਾਏਗਾ । ਧਰਤੀ ਸਵਰਗ ਬਣ ਜਾਏਗੀ । ਬਹਿਸਤ ਬਣ ਜਾਏਗੀ । ਇਹੀ ਖ਼ਾਲਸਾ ਹੋਵੇਗਾ । ਉਥੇ ਕੋਈ ਦੁਖੀ ਨਹੀਂ ਹੋਵੇਗਾ । ਸਿੱਖ ਹਰ ਰੋਜ ਆਖਦੇ ਹਨ : ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨ ਕੋਇ ॥
ਕਿਹਾ ਜਾਂਦਾ ਹੈ ਕਿ ਯਹੂਦੀ ਕੌਂਮ ਨੇ ਆਪਣਾ ਦੇਸ਼ ਬਣਾਉਣ ਲਈ 2500 ਸਾਲ ਘੁੰਮਦੀ ਰਹੀ । ਆਖਰ ਉਹਨਾਂ ਆਪਣਾ ਦੇਸ਼ ਇਸਜ਼ਰਾਈਲ ਬਣਾ ਹੀ ਲਿਆ । ਇਹ ਭੀ ਸੁਣਿਆ ਜਾਂਦਾ ਹੈ ਕਿ ਅਮਰੀਕਾ ਦੇ ਰਾਜ ਦੀ ਨੀਤੀ ਘੜਨ ਵਾਲ਼ਿਆਂ ਵਿੱਚ ਯਹੂਦੀਆਂ ਦਾ ਬਹੁਤ ਵੱਡਾ ਯੋਗਦਾਨ ਹੈ । ਕਈ ਵਿਦਵਾਨ ਆਖਦੇ ਹਨ ਕਿ ਅਮਰੀਕਾ ਤੇ ਰਾਜ਼ ਹੀ ਯਹੂਦੀ ਕਰ ਰਹੇ ਹਨ । ਇਸ ਸਮੇਂ ਧਰਤੀ ਤੇ ਮਨੁੱਖਤਾ ਦੀ ਕਤਲੋਗਾਰਤ ਚਰਮ ਸੀਮਾ ਤੇ ਹੈ । ਅਫਗਾਨਿਸਤਾਨ ਰੋਲ਼ ਦਿਤਾ ਗਿਆ । ਇਰਾਕ ਵਿੱਚ ਮਨੁੱਖਤਾ ਦਾ ਤੇ ਮਨੁੱਖਾਂ ਦਾ ਹਰ ਰੋਜ ਘਾਣ ਹੋ ਰਿਹਾ ਹੈ । ਨਵੀਂਆਂ ਨਵੀਂਆਂ ਬੀਮਾਰੀਆਂ ਨੇ ਮਨੁੱਖਾਂ ਨੂੰ ਘੇਰ ਰੱਖਿਆ ਹੈ । ਪ੍ਰਦੂਸ਼ਨ ਹਰ ਰੋਜ ਵਧ ਰਿਹਾ ਹੈ । ਬਹੁਤ ਸਾਰੇ ਦੇਸਾਂ ਵਿੱਚ ਘੋਰ ਗਰੀਬੀ ਹੈ । ਜਿਸ ਤਰਾਂ ਸਾਫ ਪਾਣੀ ਦੀਆਂ ਬੋਤਲਾਂ ਆਮ ਹੋ ਗਈਆਂ ਹਨ ਉਹਨਾਂ ਦਾ ਮੁੱਲ ਵੀ ਵਧਦਾ ਜਾਂਦਾ ਹੈ ਇਵੇਂ ਹੀ ਪਰਦੂਸਣ ਤੋਂ ਬਚਣ ਲਈ ਪਲਾਸਟਿਕ ਦੇ ਲਿਫਾਫਿਆਂ ਵਿੱਚ ਆਕਸੀਜਨ ਦੀ ਗੈਸ ਭੀ ਮਿਲਣ ਲੱਗੇਗੀ । ਜਦੋਂ ਮਰਜੀ ਮਾਸਕ ਲਗਾਇਆ ਜਾ ਸਕੇਗਾ । ਮਤਲਬ ਕਿ ਕੁਦਰਤੀ ਸਾਫ ਪਾਣੀ ਤੇ ਸਾਫ ਹਵਾ ਮੁਫਤ ਵਿਚ ਨਹੀਂ ਮਿਲੇਗੀ । ਇਹਨਾਂ ਦਾ ਵਪਾਰੀਕਰਨ ਹੋਵੇਗਾ । ਨਹੀਂ ਮਿਲੇਗੀ । ਅੱਜ ਭਾਈ ਭਾਈ ਨਾਲ਼ ਲੜ ਰਹੇ ਹਨ । ਇੱਕ ਪਾਸੇ ਓਬਾਮਾ ਦੇ ਬੰਦੇ ਹਨ ਦੂਜੇ ਪਾਸੇ ਓਸਾਮਾਂ ਦੇ ਬੰਦੇ ਹਨ । ਇਕ ਪਾਸੇ ਇਕ ਬਰਾੜ ਸੱਚੀ ਸਰਕਾਰ ਬਣਾਵਾਉਣ ਲਈ ਸਿਰ ਧੜ ਦੀ ਬਾਜੀ ਲਗਾ ਗਿਆ ਦੂਜੇ ਪਾਸੇ ਕੁਫਰ ਦਾ ਰਾਜ ਬਚਾਉਣ ਲਈ ਭੀ ਬਰਾੜ ਹੀ ਹੈ । ਇਹ ਭੀ ਸੁਣਿਆ ਹੈ ਕਿ ਸਿੱਖਾਂ ਅਤੇ ਮੁਸਲਮਾਨਾ ਦਾ ਬੀਜ ਨਾਸ ਕਰਨ ਲਈ ਜਾ ਕਤਲੇਆਮ ਲਈ ਇਜ਼ਰਾਈਲ ਦੇਸ਼ ਨਾਲ਼ ਸਰਕਾਰ ਤੋਂ ਬਾਹਰੋਂ ਬਾਹਰ ਸਾਝ ਬਣ ਰਹੀ ਸੀ ਇਸ ਦਾ ਖੁਲਾਸਾ ਕਰਨਲ ਪ੍ਰੋਹਤ ਅਤੇ ਸਾਧਵੀ ਪ੍ਰਾਗਿਆ ਦੇ ਲੈਪਟਾਪ ਤੋ ਹੋ ਰਿਹਾ ਸੀ ਜੋ ਕਿ ਵਿੱਚ ਹੀ ਦਬਾ ਲਿਆ ਗਿਆ । ਸੱਚੀ ਸਰਕਾਰ ਜਾਂ ਖ਼ਾਲਸਾ ਰਾਜ ਆਉਣ ਨਾਲ਼ ਸੱਭ ਕਿਸਮ ਦੀ ਕਤਲੋਗਾਰਤ ਬੰਦ ਹੋਏਗੀ । ਬਿਮਾਰੀਆਂ ਦਾ ਨਾਸ਼ ਹੋਏਗਾ । ਗਰੀਬੀ ਦਾ ਅੰਤ ਹੋਵੇਗਾ । ਉਹਨਾ ਦੇਸ਼ਾਂ ਦੀ ਸਾਰ ਲਈ ਜਾਵੇਗੀ ਜਿਹਨਾਂ ਦੇਸ਼ਾਂ ਵਿੱਚ ਭੁੱਖ ਮਰੀ ਹੈ । ਪਰਦੂਸਣ ਹਟੇਗਾ । ਸੱਭ ਨੂੰ ਮੁਫਤ ਵਿੱਚ ਸਾਫ ਪਾਣੀ ਤੇ ਸਾਫ ਹਵਾ ਮਿਲੇਗੀ । ਇਹ ਗੱਲਾਂ ਮੈਂ ਹਵਾ ਵਿੱਚ ਤੀਰ ਨਹੀਂ ਛੱਡ ਰਿਹਾ । ਕੰਪਿਊਟਰ ਦਾ ਯੁੱਗ ਆ ਗਿਆ ਹੈ । ਬੁਰੇ ਮਨੁੱਖਾਂ ਦੇ ਚਿਹਰੇ ਨੰਗੇ ਹੋਣਗੇ । ਉਹ ਆਪਣੇ ਆਪ ਸਰਕਾਰਾਂ ਦੇ ਮੰਚ ਤੋਂ ਲਾਂਭੇ ਹੋ ਜਾਣਗੇ । ਸਚਿਆਰਾਂ ਦੀ ਸਰਕਾਰ ਹੋਵੇਗੀ । ਇਹਨਾਂ ਸਚਿਆਰਾਂ ਦੀਆਂ ਸਰਕਾਰਾਂ ਨੂੰ ਹੀ ਜੁੱਗਾਂ ਜੁਗਾਂਤਰਾਂ ਤੱਕ ਜਾਣਿਆ ਜਾਏਗਾ ਕਿਉਂਕਿ ਉਹਨਾਂ ਦਾ ਇਤਿਹਾਸ ਹੋਵੇਗਾ ਜੋ ਕਿ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਏਗਾ । ਗੁਰੁ ਬਾਬੇ ਨਾਨਕ ਦਾ ਸੰਦੇਸ਼ ਕੰਪਿਊਟਰਾਂ ਰਾਂਹੀ ਸਾਰੇ ਸੰਸਾਰ ਵਿੱਚ ਫੈਲ ਰਿਹਾ ਹੈ । ਖ਼ਾਲਸੇ ਨੂੰ ਸੱਚ ਦਾ ਰਾਜ ਲਿਆਉਣ ਲਈ 2500 ਸਾਲ ਉਡੀਕਣਾ ਨਹੀਂ ਪਵੇਗਾ । ਅਮਰੀਕਾ ਦੇਸ਼ ਦੇ ਵਾਈਟ ਹਾਊਸ ਵਿੱਚ ਗੁਰੁ ਨਾਨਕ ਪਾਤਿਸ਼ਾਹ ਜੀ ਦਾ ਗੁਰੁ ਪਰਵ ਮਨਾਉਣਾ ਸੱਚੀ ਸਰਕਾਰ ਆਉਣ ਦਾ ਸੰਕੇਤ ਹੈ । ਸੰਸਾਰ ਦੇ ਲੋਕ ਸਿੱਖਾਂ ਨੂੰ ਰਾਜ ਕਰਨ ਲਈ ਬੁਲਾਵੇ ਭੇਜਣਗੇ । ਇਹ ਤਾਂ ਹੀ ਹੋ ਸਕੇਗਾ ਜੇ ਸਿੱਖ ਆਪਣੇ ਮਨ ਤੇ ਕਾਬੂ ਪਾ ਲੈਣ ਤੇ ਗੁਰਮਤਿ ਅਨੁਸਾਰ ਆਪਣਾ ਜੀਵਨ ਜਿਉਣ । ਬਾਬੇ ਨਾਨਕ ਜੀ ਨੇ ਤਾਂ ਫੁਰਮਾਇਆ ਹੈ :- ਮਨ ਜੀਤੈ ਜਗ ਜੀਤ ‘ ਗੁਰੁ ਅਮਰਦਾਸ ਜੀ ਨੇ ਬਾਣੀ ਵਿਚ ਫੁਰਮਾਇਆ ਹੈ ਕਿ ਹਾਥੀ ਵਰਗੇ ਮਨ ਤੇ ਕਾਬੂ ਪਾ ਕੇ ਅਤੇ ਲੋਹਾਰ ਦੀ ਅਹਿਰਣ ਦੀ ਤਰਾਂ ਸਰੀਰ ਨੂੰ ਸਾਧ ਕੇ, ਸਾਧੇ ਹੋਏ ਮਨ ਤੇ ਤਨ ਨੂੰ ਗੁਰੁ ਨੂੰ ਭੇਂਟ ਕਰਨ ਨਾਲ਼ ਸਾਰੀ ਦੁਨੀਆਂ ਦਾ ਰਾਜ ਮਿਲ਼ ਸਕੇਗਾ ।
ਸਲੋਕ ਮ:3
ਹਸਤੀ ਸਿਰਿ ਜਿਉ ਅੰਕੁਸ ਹੈ ਅਹਰਣਿ ਜਿਉ ਸਿਰੁ ਦੇਇ ॥
ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥
ਇਉ ਗੁਰਮੁਖਿ ਆਪ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥
ਨਾਨਕ ਗੁਰਮੁਖਿ ਬੂਝੀਐ ਜਾ ਆਪੇ ਨਦਰਿ ਕਰੇਇ ॥ ਪੰਨਾ 647॥



ਗੁਰਮੇਲ ਸਿੰਘ ਖਾਲਸਾ
9914701469

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template