Headlines News :
Home » » “ਭਗਵੰਤ ਮਾਨ ਦੀ ਗਰਮ ਕੁਲਫ਼ੀ ਬਨਾਮ ‘ਭਟਕੀਆਂ’ ਹੋਈਆਂ ਭਾਵਨਾਵਾਂ” - ਮਨਦੀਪ ਖੁਰਮੀ ਹਿੰਮਤਪੁਰਾ

“ਭਗਵੰਤ ਮਾਨ ਦੀ ਗਰਮ ਕੁਲਫ਼ੀ ਬਨਾਮ ‘ਭਟਕੀਆਂ’ ਹੋਈਆਂ ਭਾਵਨਾਵਾਂ” - ਮਨਦੀਪ ਖੁਰਮੀ ਹਿੰਮਤਪੁਰਾ

Written By Unknown on Friday, 20 December 2013 | 21:33

ਪੰਜਾਬੀ ਹਾਸਰਸ ਕਲਾਕਾਰਾਂ ਵਿੱਚੋਂ ਜੇਕਰ ਕੁਝ ਕੁ ਸਾਫ ਸੁਥਰੀ ਕਲਾ ਵਾਲੇ ਕਲਾਕਾਰਾਂ ਵਿੱਚ ਭਗਵੰਤ ਮਾਨ ਦਾ ਨਾਂ ‘ਮਾਣ’ ਨਾਲ ਲਿਆ ਜਾਵੇ ਤਾਂ ਸ਼ਾਇਦ ਆਪ ਸਭ ਨੂੰ ਚੰਗਾ ਚੰਗਾ ਲੱਗੇਗਾ। ਕਾਮੇਡੀ ਦੇ ਨਾਂ ‘ਤੇ ਗੰਦ ਖਿਲਾਰਨ ਵਾਲੇ ਜਿਆਦਾਤਰ ਸਿਆਣੇ ਬਿਆਣੇ ਕਲਾਕਾਰਾਂ ਨਾਲੋਂ ਇਹੀ ਵੱਖਰਾਪਣ ਹੈ ਭਗਵੰਤ ਮਾਨ ਦਾ ਕਿ ਉਸਦੀ ਨਵੀ ਆਈ ਕਾਮੇਡੀ ‘ਰੀਲ੍ਹ’ “ਕੁਲਫ਼ੀ ਗਰਮਾ ਗਰਮ -2” ਵਿੱਚ ਇੱਕ ਵੀ ਲਫ਼ਜ਼ ਅਜਿਹਾ ਨਹੀਂ ਹੈ ਜੋ ਇਤਰਾਜ਼ਯੋਗ ਹੋਵੇ। ਪਰ ਹੈਰਾਨੀ ਉਦੋਂ ਹੋਈ ਜਦੋਂ ਪੰਜਾਬ ਦੇ ਅਸਲ ਹਾਲਾਤਾਂ ‘ਤੇ ਬੜੀ ਸੂਝਬੂਝ ਨਾਲ ਕਟਾਖਸ਼ ਕਰਦੇ ਭਗਵੰਤ ਮਾਨ ਖਿਲਾਫ ਰੋਪੜ ਦੇ ਇੱਕ ਯੂਥ ਅਕਾਲੀ ਆਗੂ ਸ਼ੈਲੀ ਵੱਲੋਂ ਭਾਵਨਾਵਾਂ ਭਵਕਾਉਣ ਦਾ ਕੇਸ ਦਾਇਰ ਕਰ ਦਿੱਤਾ ਅਤੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਕੋਲ ਵੀ ਸਿ਼ਕਾਇਤ ਕਰ ਦਿੱਤੀ। ਅਸੀਂ ਵੀ ਇਸ ਗੱਲ ਨੂੰ ਦੁੱਚਿਤੀ ‘ਚ ਸਾਂ ਕਿ ਸ਼ਾਇਦ ਭਵਕੀਆਂ ਹੋਈਆਂ ਭਾਵਨਾਵਾਂ ਵਾਲਾ ਸ਼ੈਲੀ ਪੂਰੀ ਗੁਰਸਿੱਖਾਂ ਵਾਲੀ ਦਿੱਖ ਵਾਲਾ ਹੋਵੇਗਾ ਤੇ ਪੂਰਾ ਗੁਣੀ ਗਿਆਨੀ ਵੀ.....ਜਿਸਨੇ ਭਗਵੰਤ ਮਾਨ ਵੱਲੋਂ ਬੋਲੇ ‘ਬਾਬਾ ਨਾਨਕ’ ਸ਼ਬਦ ਨੂੰ ਹੀ ਸ੍ਰੀ ਗੁਰੂ ਨਾਨਕ ਦੇਵ ਦੀ ਨਿਰਾਦਰੀ ਅਤੇ ਆਵਦੀਆਂ ਭਾਵਨਾਵਾਂ ਨਾਲ ਜੋੜ ਲਿਐ। ਪਰ ਥੈਲੇ ਵਿੱਚੋਂ ਗਲ ਬਾਹਰ ਕੱਢ ਕੇ ਬਿੱਲੀ ਨੇ ‘ਮਿਆਓ’ ਉਦੋਂ ਆਖਿਐ ਜਦੋਂ ਉਸੇ ਘੋਨ ਮੋਨ ਯੂਥ ‘ਕਾਲੀ ਆਗੂ ਨੂੰ ਖੰਡੇ ਵਾਲਾ ਰੁਮਾਲ ਬੰਨ੍ਹੀ ਸਿੰਘ ਸਾਹਿਬ ਨੂੰ ਸਿ਼ਕਾਇਤ ਪੱਤਰ ਸੌਂਪਦੇ ਦੀ ਫੋਟੋ ਦੇਖੀ। ਤੁਸੀਂ ਵੀ ਇਹੀ ਗੱਲ ਸੋਚੋਗੇ ਕਿ ਬੇਸ਼ੱਕ ਭਗਵੰਤ ਮਾਨ ਪੀਪੀਪੀ ਦੇ ਮੁਹਰੈਲ ਆਗੂਆਂ ‘ਚ ਸ਼ੁਮਾਰ ਹੈ ਅਤੇ ਨਿੱਜੀ ਸਟੇਜਾਂ (ਪਾਰਟੀ ਦੀਆਂ) ਰਾਹੀਂ ਵੀ ਸਰਕਾਰ ਦੀਆਂ ਗੈਰਵਾਜਬ ਲਗਦੀਆਂ ਨੀਤੀਆਂ ਨੂੰ ਕਰਾਰੇ ਹੱਥੀਂ ਲੈਂਦਾ ਹੈ ਫਿਰ ਸਿਰਫ ਬਾਬਾ ਨਾਨਕ ਦੇਵ ਜੀ ਨੂੰ ਹੀ ਆਧਾਰ ਬਣਾ ਕੇ ਭਗਵੰਤ ਮਾਨ ਨੂੰ ਦਾਬੇ ਹੇਠ ਲੈਣ ਦੀ ਕੋਸਿ਼ਸ਼ ਕਰਨਾ ਕੀ ‘ਭਟਕੀਆਂ’ ਹੋਈਆਂ ਭਾਵਨਾਵਾਂ ਦਾ ਆਪਣੇ ਹੱਥੀਂ ਜਲੂਸ ਕੱਢਣਾ ਤਾਂ ਨਹੀਂ ਹੈ? ਤੁਸੀਂ ਇਹ ਵੀ ਜਰੂਰ ਸੋਚੋਗੇ ਕਿ ਪੂਰੇ ਵਿਸ਼ਵ ਭਰ ‘ਚ ਬੈਠੇ ਪੰਜਾਬੀਆਂ ‘ਚੋਂ ਕਿਸੇ ਦੀ ਭਾਵਨਾ ਨਹੀਂ ਭਵਕਾਈ ਭਗਵੰਤ ਮਾਨ ਦੇ ਬੋਲਾਂ ਨੇ ਪਰ ਸਿਰਫ ‘ਸ਼ੈਲੀ’ ਦੇ ਹਿਰਦੇ ਦਾ ਵਲੂੰਧਰਿਆ ਜਾਣਾ ‘ਨੰਬਰ ਬਨਾਉਣ’ ਦੀ ਖੇਡ ਦਾ ਸ਼ੋਸ਼ਾ ਤਾਂ ਨਹੀਂ? ਸਵਾਲ ਇਹ ਵੀ ਪੈਦਾ ਹੁੰਦੈ ਕਿ ਕੀ ਬਾਬਾ ਨਾਨਕ ਸਿਰਫ ਇੱਕ ਰਾਜਨੀਤਕ ਪਾਰਟੀ ਦੇ ਲੋਕਾਂ ਦਾ ਹੀ ਬਾਬਾ ਤਾਂ ਨਹੀਂ ਬਨਣ ਜਾ ਰਿਹਾ? ਕੀ ਇਹਨਾਂ ਭਟਕੀਆਂ ਹੋਈਆਂ ਭਾਵਨਾਵਾਂ ਵਾਲਿਆਂ ਦੇ ਹਿਰਦੇ ਪੰਜਾਬ ਦੇ ਪਿੰਡ ਪਿੰਡ ‘ਚ ਵਿਕ ਰਿਹਾ ‘ਚਿੱਟਾ’ ਪੀ ਖਾ ਕੇ ਮਾਨਸਿਕ ਅਤੇ ਸਰੀਰਕ ਤੌਰ ‘ਤੇ ਨਿਪੁੰਸਕ ਹੋ ਦੇ ਰਾਹ ਤੁਰ ਰਹੀ ਜਵਾਨੀ ਬਾਰੇ ਸੋਚ ਕੇ ਨਹੀਂ ਵਲੂੰਧਰੇ ਜਾਂਦੇ? ਕੀ ਇਹਨਾਂ ਦੇ ਹਿਰਦੇ ਰੁਜ਼ਗਾਰ ਮੰਗਦੇ ਬੇਰੁਜਗਾਰਾਂ ਦੇ ਸੇਕੇ ਹੋਏ ਹੱਡ ਦੇਖਕੇ ਨਹੀਂ ਧਾਹਾਂ ਮਾਰਦੇ? ਹੁਣ ਤਾਂ ਇਹ ਦੇਖਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀ ਫੁਰਮਾਨ ਜਾਰੀ ਹੁੰਦਾ ਹੈ? ਕੀ ਸਿੰਘ ਸਾਹਿਬ ਵੀ ਬਾਬੇ ਨਾਨਕ ਨੂੰ ਇੱਕ ਪਰਿਵਾਰ ਦੀ ‘ਜਾਇਦਾਦ’ ਬਨਾਉਣ ਦਾ ਹੁਕਮ ਤਾਂ ਨਹੀਂ ਸੁਣਾਉਂਦੇ?  

                                                                                                                           
                                                                              
                                                                                      
                                                                                     ਮਨਦੀਪ ਖੁਰਮੀ ਹਿੰਮਤਪੁਰਾ
 0044- (0) 75191 12312

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template