ਭਾਈ ਕਹਿੰਦੇ ਨੇ ਸੱਚ ਹਮੇਸ਼ਾਂ ਕੜਵਾ ਹੁੰਦਾ ਹੈ। ਸੱਚ ਬੋਲਣਾ ਪਹਿਲਾਂ ਵੀ ਪਾਪ ਸੀ, ਹੁਣ ਵੀ ਪਾਪ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਬੋਲਣਾ ਪਾਪ ਹੈ ਦੇ ਆ ਆਸਾਰ ਹੀ ਨਜ਼ਰ ਆਉਂਦੇ ਦਿਖਾਈ ਦੇ ਰਹੇ ਹਨ। ਸੱਚ ਬੋਲਣ ਵਾਲਾ ਹਮੇਸ਼ਾ ਹੀ ਸ਼ੂਲੀ ’ਤੇ ਟੰਗਿਆ ਜਾਂਦਾ ਹੈ। ਇਸੇ ਲਈ ਹੀ ਤਾਂ ਕੋਈ ਸੱਚ ਬੋਲਣ ਦਾ ਹੀਆ ਨਹੀਂ ਕਰਦਾ। ਬਈ ਮੈਂ ਤਾਂ ਸੱਚ ਬੋਲ ਕੇ ਹਮੇਸ਼ਾਂ ਸ਼ੂਲੀ ਟੰਗਿਆ ਗਿਆ ਹਾਂ ਪਰ ਫਿਰ ਵੀ ਜੇਕਰ ਸੱਚ ਨਾ ਬੋਲਾਂ ਤਾਂ ਮੇਰਾ ਹਾਜ਼ਮਾਂ ਠੀਕ ਨਹੀਂ ਹੁੰਦਾ ਜਾਂ ਇੰਜ ਕਹਿ ਲਓ ਕਿ ਮੇਨੂੰ ਰੋਟੀ ਨਹੀਂ ਪਚਦੀ।
ਹੁਣ ਪੈਸੇ ਸਭ ਦਾ ਭਗਵਾਨ ਬਣ ਚੁੱਕਾ ਹੈ। ਸਭ ਰਿਸਤੇ ਪੈਸੇ ਦੀ ਭੇਟਾ ਚੜ੍ਹ ਗਏ ਹਨ। ਹੁਣ ਔਰਤ-ਮਰਦ ਵਿਚਲੇ ਰਿਸ਼ਤੇ ਦਾ ਨਜ਼ਰੀਆਂ ਹੀ ਆਧੁਨਿਕ ਵਿਗਿਆਨਕ ਯੁੱਗ ਨੇ ਬਦਲ ਕੇ ਰੱਖ ਦਿੱਤਾ। ਹੁਣ ਹਰ ਔਰਤ, ਹਰ ਮਰਦ, ਬੱਚਾ, ਬੁੱਢਾ, ਜੁਆਨ ਆਪਣੇ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ। ਰਿਸ਼ਤੇ ਕੇਵਲ ਇਕ ਨਾ-ਮਾਤਰ ਦਿਖਾਵਾ ਹੀ ਹਨ। ਕੋਈ ਕਿਸੇ ਦਾ ਸਕਾ-ਸਬੰਧੀ ਨਹੀਂ ਹੈ। ਜੇ ਕੋਈ ਕਿਸੇ ਦਾ ਸਕਾ ਸਬੰਧੀ ਹੈ। ਤਾਂ ਉਹ ਹੈ ਪੈਸੇ ਦਾ ਜਾਂ ਪੈਸੇ ਵਾਲੇ ਦਾ।
ਇੱਕ ਚੁਟਕਲਾ ਯਾਦ ਆ ਗਿਆ। ਕਿਸੇ ਜ਼ਨਾਨੀ ਦੇ ਘਰ ਵਾਲਾ ਬਿਨਾਂ ਦੱਸੇ ਕਿਸੇ ਰਿਸ਼ਤੇਦਾਰ ਦੇ ਘਰ ਚਲਾ ਗਿਆ ਤੇ ਘਰਵਾਲੀ ਨੇ ਸਮਝਿਆ ਕਿ ਗੁਆਚ ਗਿਆ ਤੇ ਥਾਣੇ ਰਿਪੋਰਟ ’ਚ ਵਾਅਵਾ ਮਾਲਦਾਰ ਆਦਮੀਂ ਲੱਭ ਲਿਆ। ਆਪਣੇ ਬੱਚੇ ਨੂੰ ਕਹਿ ਦਿਦੀ ਹੈ ਕਿ ਪੁੱਤ ਜੈਕ ਇਹ ਤੇਰੇ ਡੈਡ ਨੇ। ਬੱਚਾ ਮਾਂ ਦੇ ਮੂੰਹ ਵੱਲ ਦੇਖਦਾ ਹੈ ਤੇ ਮਾਂ ਨੂੰ ਕਹਿੰਦਾ ਹੈ ਕਿ ਮਾਂ ਇਹ ਤਾਂ ਮੇਰਾ ਬਾਪ ਨਹੀਂ। ਅੱਗਿਓਂ ਮਾਂ ਕਹਿੰਦੀ ਹੈ। ਸਟੌਪ ਯੂਅਰ ਮਾਥ। ਜਿਹੜਾ ਗੁਆਚ ਗਿਆ ਉਹ ਗੁਆਚ ਗਿਆ ਹੁਣ ਜਿਹੜਾ ਲੱਭਿਆ ਹੈ ਉਹ ਵੀ ਗੁਆ ਦੇਈਏ।
ਹੁਣ ਕਈ ਵਾਰ ਜ਼ਨਾਨੀ ਆਦਮੀਂ ਨਾਲ ਮਜ਼ਾਕ ਦੇ ਮੂਡ ਵਿਚ ਕਹਿ ਦਿੰਦੀ ਹੈ, ‘‘ਵੇ ਮੈਂ ਹੋ ਜਾਊ ਸਾਧਣੀ, ਬਹਿ ਜਾਊਂ ਕਿਸੇ ਸਾਧ ਦੇ ਡੇਰੇ।’’ ਹੁਣ ਇਹ ਆਦਮੀਂ ਨੂੰ ਵੀ ਸੰਕੇਤ ਮਿਲ ਜਾਂਦਾ ਹੈ ਕਿ ਇਹ ਮਾਇਆ ਵਾਲਾ ਭਾਲ ਰਹੀ ਹੈ। ਕਿਉਂ ਕਿ ਬਾਬਾ ਪੱਦੜ ਨਾਥ ਦੇ ਡੇਰੇ ’ਤੇ ਮਾਇਆ ਵੀ ਤਾਂ ਚੜ੍ਹਨੀ ਹੋਈ ਨਾ। ਅਰਥਾਤ ਮਾਇਆ ਲਈ ਆਪਣਾ ਆਦਮੀਂ ਜਿਹਦੇ ਨਾਲ ਜਨਮਾਂ-ਜਨਮਾਂ ਤੱਕ ਸਾਥ ਨਿਭਾਉਣ ਦੀਆਂ ਕਸਮਾਂ ਖਾਧੀਆਂ ਹੁੰਦੀਆਂ ਹਨ, ਨੂੰ ਛੱਡ ਕੇ ਮਾਲਦਾਰ ਠੱਗ ਬਾਬੇ ਨਾਲ ਘਰ ਵਸਾਉਣ ਦੀ ਤਿਆਰੀ ਹੋਣ ਲੱਗਦੀ ਹੈ।
ਏਸੇ ਤਰ੍ਹਾਂ ਇੱਕ ਆਦਮੀਂ ਦਿਨ ਭਰ ਮਿਹਨਤ ਕਰਕੇ ਆਪਣੇ ਲਾਡਲੇ ਨੂੰ ਸ਼ਹਿਰ ਕਾਲਜ ਪੜ੍ਹਣ ਲਈ ਭੇਜ਼ ਦਿਦਾ ਹੈ ਉਹ ਲੜਕਾ ਹੋਸਟਲ ਵਿਚ ਰਹਿਣ ਲੱਗਦਾ ਹੈ। ਇੱਕ ਦਿਨ ਮੋਹ ਦਾ ਭਿੱਜਿਆ ਪਿਤਾ ਆਪਣੇ ਪੁੱਤਰ ਨੂੰ ਮਿਲਣ ਜਾਂਦਾ ਹੈ। ਆਪਣੇ ਬਾਪ ਦੇ ਫਟੇ ਹਾਲ ਦੇ ਕੱਪੜੇ ਦੇਖ ਕੇ ਉਹ ਬੱਚਾ ਆਪਣੇ ਦੋਸਤਾਂ ਮਿੱਤਰਾਂ ਸਾਹਮਣੇ ਆਪਣੇ ਬਾਪ ਤੱਕ ਨੂੰ ਪਹਿਚਾਣਨ ਤੋਂ ਵੀ ਇਨਸਾਨ ਕਰ ਦਿੰਦਾ ਹੈ।
ਕਹਿੰਦੇ ਨੇ ਕਿ ਭਾਈ ਚਾਰ ਯੁੱਗ ਨੇ। ਇਹ ਚਾਰ ਯੁੱਗਾਂ ਵਿਚੋਂ ਮੈਂ ਤਾਂ ਕਲਯੁੱਗ ਨੂੰ ਹੀ ਜ਼ਿਆਦਾਤਰ ਬਲਵਾਨ ਹੁੰਦਾ ਦੇਖਿਆ ਹੈ। ਏਥੇ ਕੀ ਹੁੰਦਾ ਹੈ। ਬੇ-ਗੁਨਾਹ, ਹੋ ਕੇ ਵੀ ਇੱਕ ਜਣਾ ਗ਼ੁਨਾਹਗਾਰ ਹੋ ਨਿਬੜਦਾ ਹੈ ਤੇ ਦੁਨੀਆਂ ਦੇ ਪਾਪੀ, ਗ਼ੁਨਾਹਗਾਰ ਜ਼ਲੀਲ-ਕਮੀਨੇ ਤੇ ਨਿਕੰਮੇਂ ਕਿਸਮ ਦੇ ਲੋਕ ਸ਼ਰੋਆਮ ਘੁੰਮਦੇ ਨਜ਼ਰ ਆਉਂਦੇ ਹਨ। ਇੱਥੇ ਜਿੰਨਾ ਵੀ ਕੋਈ ਚੋਰ ਤੇ ਠੱਗ ਹੈ ਸਾਡੀ ਇਸ ਦੁਨੀਆਂ ਵਾਲੇ ਸਾਧੂ ਤੇ ਮਸੀਹਾ ਮੰਨਦੇ ਹਨ। ਸ਼ਾਇਦ ਕੁਲਦੀਪ ਮਾਣਕ ਦਾ ਗੀਤ ‘‘ਇਹ ਦੁਨੀਆਂ ਧੋਖੇਬਾਜ਼ਾਂ ਦੀ, ਏਥੇ ਯਾਰ ਬਣਾ ਕੇ ਠੱਗਦੇ ਨੇ।’’ ਇਸ ਧੋਖੇਬਾਜ਼ਾਂ ਦੀ ਦੁਨੀਆਂ ਦੀ ਕੱਸਵਟੀ ’ਤੇ ਬਿਲਕੁਲ ਖਰਾ ਉਤਰਦਾ ਹੈ।
ਕਲਯੁੱਗੀ ਬੰਦਾ ਤਾਂ ਪਾਪਾਂ ਨਾਲ ਇਸ ਕਦਰ ਚਿਪਕਿਆ ਹੋਇਆ ਹੈ ਜਿਵੇਂ ਕਿ ਕੋਈ ਦੂਰਦਰਸ਼ਨ ਦੀ ਮਸ਼ਹੂਰੀ ਚਲਦੀ ਹੋਈ ਨਜ਼ਰ ਆਉਂਦੀ ਹੋਵੇ - ‘‘ਯੇ ਫੈਵੀਕੋਲ ਕਾ ਮਜ਼ਬੂਤ ਜੋੜ ਹੈ, ਟੂਟੇਗਾ ਨਹੀਂ।’’ ਭਾਈ ਟੁੱਟਣਾ ਕਿਵੇਂ ਹੋਇਆ ਭਲਾ। ਸਾਰੇ ਤਾਂ ਕਾਣੇ ਹੋ ਜਾਂਦੇ ਨੇ। ਫਿਰ ਜੇਕਰ ਝੱਗਾ ਚੱਕਣਗੇ ਤਾਂ ਆਪਣਾ ਢਿੱਡ ਹੀ ਨੰਗਾ ਕਰਨਗੇ। ਇਸ ਕਰਕੇ ਹੀ ਕੋਈ ਝੱਗਾ ਚੱਕਣ ਨੂੰ ਵੀ ਤਿਆਰ ਨਹੀਂ। ਅੱਜ ਕੀ ਹੈ ਪੈਸੇ ਨਾਲ ਬੰਦੇ ਦਾ ਰਿਸ਼ਤਾ ਇਸ ਕਦਰ ਡਾਲਰਾਂ ਦੇ ਲਈ ਏਥੇ ਆਪਣੀ ਆਤਮਾ ਤੇ ਜ਼ਮੀਰ ਤੱਕ ਵੀ ਵਿੱਕੀ ਜਾ ਰਿਹਾ ਹੈ।
‘‘ਹਾਏ ! ਹਾਏ! ਨੀ ਭੈਣੇ ਮੁੰਡਾ ਕਨੇਡਾ ਜਾਂ ਅਮਰੀਕਾ ਤੋਂ ਹੈ ਜਿਹਦੇ ਨਾਲ ਅਸੀਂ ਆਪਣੀ ਝੁੱਡੋ ਦਾ ਸ਼ਾਕ ਕਰ ਦਿੱਤਾ ਹੈ। ਬਸ ਜੀ ਮੁੰਡੇ ਨੇ ਦਸ-ਪੰਦਰਾਂ ਵਿੱਚ ਆ ਕੇ ਸਾਡੀ ਝੁੱਡੋ ਨਾਲ ਵਿਆਹ ਕਰਾ ਲੈਣਾ ਹੈ ਤੇ ਮਹੀਨੇ ਦੇ ਵਿੱਚ-ਵਿੱਚ ਜ਼ਹਾਜ਼ੇ ਚੜ੍ਹਾ ਕੇ ਕਨੇਡਾ ਜਾਂ ਅਮਰੀਕਾ ਲੈ ਜਾਣਾ ਹੈ।’’ ਫਿਰ ਮੁੰਡਾ ਆਉਂਦਾ ਹੈ ਮੁੰਡਾ ਅੱਸੀ-ਪਚਾਸੀ ਦੀ ਉਮਰ ਦਾ ਹੁੰਦਾ ਹੈ ਤੇ ਕੁੜੀ ਜਾਂ ਲਾੜੀ 16 ਜਾਂ 18 ਸਾਲ ਦੀ ਹੁੰਦੀ ਹੈ। ਅਰਥਾਤ ਮੁੰਡੇ ਦੀ ਪੋਤੀ ਜਾਂ ਪੜਪੋਤੀ ਦੇ ਉਮਰ ਦੀ ਕੁੜੀ। ਮੁੰਡੇ ਦੀ ਧਰਮ ਰਾਜ ਕੋਲ ਰਜਿਸਟਰੀ ਹੋਣ ਵਾਲੀ ਹੈ। ਉੱਥੇ ਵੀ ਉਸਨੇ ਜ਼ਮੀਨ ਖਰੀਦੀ ਹੋਈ ਹੈ। ਚਲੋ ਉਹ ਉੱਥੇ ਜਾ ਕੇ ਵਸੇਵਾ ਕਰ ਲਵੇਗਾ ਤੇ ਮੁੰਡੇ ਦਾ ਘਰਬਾਰ ..........।
ਰਿਸ਼ਤਿਆਂ ਵਿੱਚੋਂ ਪਹਿਲਾਂ ਵਾਲਾ ਮੋਹ ਤੇ ਵਿਆਹ ਖ਼ਤਮ ਹੋ ਚੁੱਕਾ ਹੈ। ਯਾਰ ਦਾ ਮਾਰ ਕਰਨਾ ਤਾਂ ਇੱਕ ਪਾਸੇ ਰਹਿ ਗਿਆ। ਏਥੇ ਸਕੇ ਭੈਣਾਂ-ਭਰਾਵਾਂ, ਮਾਂ-ਬਾਪ ਆਦਿ ਦੇ ਰਿਸ਼ਤੇ ਵੀ ਪੈਸੇ ਵੀ ਮਘਦੀ ਹੋਈ ਭੱਠੀ ਵਿੱਚ ਸੜ ਕੇ ਸੁਆਹ ਹੋ ਜਾਂਦੇ ਹਨ। ਦਿਨ-ਬ-ਦਿਨ ਕੰਮ ਰਹਿੰਦਾ ਵੀ ਖਰਾਬ ਹੋਈ ਜਾ ਰਿਹਾ ਹੈ। ਆਉਣ ਵਾਲਾ ਸਮਾਂ ਕੀ ਰੰਗ ਦਿਖਾਵੇਗਾ ਇਸ ਬਾਰੇ ਸ਼ਾਇਦ ਉਹ ਪਰਮਾਤਮਾ ਹੀ ਜਾਣਦਾ ਹੋਵੇ।
ਹੁਣ ਇਸ ਕਲਯੁਗੀ ਸਮਾਜ ਦੇ ਹਰਾਮੀ ਲੀਡਰ ਲੈ ਲਓ ਇਹ ਕਿਹੜਾ ਰਿਸ਼ਤਾ ਨਿਭਾਉਂਦੇ ਹਨ ਤੁਹਾਡੇ ਨਾਲ। ਵੋਟਾਂ ਲੈਣ ਲਈ ਤੁਹਾਡੇ ਸੇਵਕ ਤੇ ਬਾਅਦ ਵਿੱਚ ਇਹੀ ਤੁਹਾਡੇ ਮਾਲਕ ਬਣ ਜਾਂਦੇ ਹਨ। ਇਸ ਕਲਯੁਗੀ ਸਮਾਜ ਨੇ ਵੱਖਰਾ ਹੀ ਗੋਰਖ ਧੰਦਾ ਫੜਿਆ ਹੋਇਆ ਹੈ। ਇਹ ਵੀ ਜ਼ਲੀਲ ਤੇ ਕਮੀਨੇ ਕਿਸਮ ਦੇ ਨੇਤਾਵਾਂ ਦਾ ਸਾਥ ਦੇਣ ਲਈ ਤਤਪਰ ਰਹਿੰਦੇ ਹਨ। ਇਹ ਖ਼ੁਦ ਭਾਵੇਂ ਭੁੱਖੇ ਰਹਿ ਲੈਣ ਪਰ ਆਪਣੇ ਚਾਲਾਕ ਤੇ ਨਿਕੰਮੇ ਨੇਤਾਵਾਂ ਨੂੰ ਕਦੀ ਵੀ ਭੁੱਖਾ ਨਹੀਂ ਰਹਿਣ ਦੇਣਗੇ। ਕਹਿੰਦੇ ਨੇ ਲੋਕੀ ਆਪਣੇ ਹੱਕਾ ਲਈ ਜਾਣ ਗਏ ਹਨ। ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿਹੜੇ ਹੱਕਾਂ ਬਾਰੇ ਜਾਣ ਗਏ ਹਨ। ਅਜੇ ਤੱਕ ਵੀ ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਦਾ ਸਿਲਸ਼ਲਾ ਦਿਨ-ਬ-ਦਿਨ ਵਧਦਾ ਚਲਿਆ ਆ ਰਿਹਾ।
ਕਲਯੁਗੀ ਰਿਸ਼ਤਾ ਕਿਹੜਾ ਰਹਿ ਗਿਆ ਹੈ। ਪੈਸੇ ਨਾਲ ਜਾਂ ਸਮਾਜ ਵਿਚ ਪਨਪ ਰਹੀਆਂ ਬੀਮਾਰੀਆਂ ਨਾਲ ਹੀ ਇਸ ਕਲਯੁਗੀ ਸਮਾਜ ਨਾਲ ਰਿਸ਼ਤਾ ਹੋ ਗਿਆ ਹੈ। ਹਰਾਮੀ ਨੇਤਾ ਘਟੀਆ ਤੇ ਜ਼ਲੀਲ ਹਰਕਤਾਂ ਕਰਦੇ ਹਨ ਤੇ ਉਹਨਾਂ ਦੇ ਕੋਈ ਵੀ ਛਿੱਤਰ ਮਾਰਨ ਲਈ ਲਈ ਤਿਆਰ ਨਹੀਂ ਹੈ। ਸਗੋਂ ਉਨ੍ਹਾਂ ਨਾਲ ਭਾਈਚਾਰੇ ਦਾ ਰਿਸ਼ਤਾ ਕਾਇਮ ਕਰ ਕੇ ਸਮਾਜ ਦਾ ਰਹਿੰਦਾ ਵੀ ਬੇੜਾ ਗ਼ਰਕ ਕੀਤਾ ਜਾ ਰਿਹਾ ਹੈ। ਇਹ ਤਾਂ ਰੱਬ ਹੀ ਜਾਣਦਾ ਹੈ ਕਿ ਇਹ ਕਲਯੁਗੀ ਰਿਸ਼ਤਾ ਆਉਣ ਵਾਲੇ ਸਮੇਂ ਵਿੱਚ ਕੀ ਚੰਨ ਚਾੜ੍ਹੇਗਾ।
92175-44348


0 comments:
Speak up your mind
Tell us what you're thinking... !