Headlines News :
Home » » ‘ਮੱਤ ਦਾ ਦਾਨ’ ਕਰਨ ਵਾਲੇ ਆਮ ਆਦਮੀ ਨੂੰ ‘ਖਾਸ’ ਸਮਝਣ ਦੀ ਬੇਹੱਦ ਲੋੜ - ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

‘ਮੱਤ ਦਾ ਦਾਨ’ ਕਰਨ ਵਾਲੇ ਆਮ ਆਦਮੀ ਨੂੰ ‘ਖਾਸ’ ਸਮਝਣ ਦੀ ਬੇਹੱਦ ਲੋੜ - ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

Written By Unknown on Tuesday, 21 January 2014 | 10:41

ਘਾਹ ਕਿਸੇ ਦੇ ਚਿੱਤ ਚੇਤਿਆਂ ਵਿੱਚ ਵੀ ਨਹੀਂ ਹੁੰਦਾ, ਪਰ ਉਸ ਘਾਹ ਨੂੰ ਖਾ ਕੇ ਮੱਝਾਂ ਗਾਵਾਂ ਮਨੁੱਖ ਲਈ ਤੇਰ੍ਹਵਾਂ ਰਤਨ ਦੁੱਧ ਪੈਦਾ ਕਰਦੀਆਂ ਹਨ। ਇਸੇ ਤਰ੍ਹਾਂ ਹੀ ਆਮ ਆਦਮੀ ਬੇਸ਼ੱਕ ਕਿਸੇ ਦੇ ਯਾਦ ਚੇਤੇ ਨਾ ਹੋਵੇ ਪਰ ਜਦੋਂ ਆਵਦੀ ਆਈ ‘ਤੇ ਆਉਂਦੈ ਤਾਂ ਉੱਪਰਲੀ ਹੇਠਾਂ ਵੀ ਕਰ ਦਿੰਦੈ ਤੇ ਹੇਠਲੀ ਨੂੰ ਤਖਤ ਵੀ ਬਣਾ ਧਰਦੈ। ਪਿਛਲੇ ਕੁਝ ਕੁ ਦਿਨਾਂ ਤੋਂ ‘ਆਮ ਆਦਮੀ’ ਬਾਹਵਾ ਚਰਚਾ ‘ਚ ਹੈ। ਚਾਰੇ ਪਾਸੇ ਕੇਜਰੀਵਾਲ ਕੇਜਰੀਵਾਲ ਹੋਈ ਪਈ ਹੈ। ਓਹ ਕੇਜਰੀਵਾਲ ਜਿਸ ਨੇ ਦਿੱਲੀ ਵਿਧਾਨ ਸਭਾ ਚੋਣਾਂ ‘ਚ ਆਮ ਸਮਝੇ ਜਾਂਦੇ ਲੋਕਾਂ ਦੀਆਂ ‘ਖਾਸ ਵੋਟਾਂ’ ਹਾਸਲ ਕਰਕੇ ਉਹਨਾਂ ਪੰਜਾ ਤੇ ਫੁੱਲ ਵਾਲੇ ਨੇਤਾਵਾਂ ਨੂੰ ਆਮ ਲੋਕਾਂ ਲਈ ਬਣੀਆਂ ਕੁਰਸੀਆਂ ‘ਤੇ ਬੈਠਣ ਲਈ ਮਜ਼ਬੂਰ ਕਰ ਦਿੱਤਾ ਹੈ ਜਿਹਨਾਂ ਨੂੰ ਇਹ ਭਰਮ ਸੀ ਕਿ ਉਹਨਾਂ ਦੀਆਂ ਕਾਟੋਆਂ ਵਾਰ ਵਾਰ ਦਿੱਲੀ ਦੇ ਤਖ਼ਤ ‘ਤੇ ਟਪੂਸੀਆਂ ਲਾਉਂਦੀਆਂ ਰਹਿਣਗੀਆਂ। ਹੁਣ ਜਦੋਂ ਭਰੋਸੇ ਦਾ ਵੋਟ ਲੈ ਕੇ ਆਮ ਆਦਮੀ ਅਰਵਿੰਦ ਕੇਜਰੀਵਾਲ..... ਮੁੱਖ ਮੰਤਰੀ ‘ਸ੍ਰੀ ਅਰਵਿੰਦ ਕੇਜਰੀਵਾਲ’ ਬਣ ਗਿਆ ਹੈ ਤਾਂ ਉਸਦੀਆਂ ਖਾਮੀਆਂ ਲੱਭਣ ਅਤੇ ਉਸਦੇ ਆਨੇ ਬਹਾਨੇ ਪੋਤੜੇ ਫਰੋਲਣ ਦੀ ਖੇਡ ਸ਼ੁਰੂ ਹੋ ਗਈ ਹੈ। ਸਾਢੇ ਛੇ ਦਹਾਕੇ ਤੋਂ ਜਿਹਨਾਂ ਪਾਰਟੀਆਂ ਜਾਂ ਲੋਕਾਂ ਦੇ ਨਾਵਾਂ ਦਾ ਮੀਡੀਆ-ਤੰਤਰ ਗੁਣਗਾਣ ਕਰਦਾ ਆ ਰਿਹਾ ਸੀ, ਨਵੇਂ ਮੁੱਖ ਮੰਤਰੀ ਕੇਜਰੀਵਾਲ ਦਾ ਨਾਂ ਅਜੇ ਉਹਨਾਂ ਦੇ ਸੰਘੋਂ ਹੇਠਾਂ ਨਹੀਂ ਉੱਤਰ ਰਿਹਾ। ਦਿੱਲੀ ਦੇ ਲੋਕਾਂ ਨਾਲ ਬਿਜਲੀ ਅਤੇ ਪਾਣੀ ਦੇ ਵਾਅਦੇ ਨੂੰ ਰਾਜ ਭਾਗ ਸੰਭਾਲਣ ਦੇ ਪਹਿਲੇ ਹਫ਼ਤੇ ਪੂਰਾ ਕਰਨ ਨੂੰ ਜਿੱਥੇ ‘ਆਮ ਲੋਕ’ ਕੇਜਰੀਵਾਲ ਦੀ ਪ੍ਰਸੰਸਾ ਕਰ ਰਹੇ ਹਨ ਉੱਥੇ ਬਦਹਜ਼ਮੀ ਦੇ ਸਿ਼ਕਾਰ ਮੀਡੀਆ ਅਤੇ ਵਿਰੋਧੀ ਪਾਰਟੀਆਂ ਨੇ ਫਿਰ ਵੀ ਕੇਜਰੀਵਾਲ ਦੀ ਐਸੀ ਤੈਸੀ ਕਰ ਧਰੀ। ਜਿਹਨਾਂ ਨੇਤਾਵਾਂ ਨੂੰ ਲਾਲ ਬੱਤੀ ਵਾਲੀ ਗੱਡੀ ਦੇ ਹੂਟਰ ਮਾਰ ਮਾਰ, ਲੋਕਾਂ ਦੀਆਂ ਪਾਈਆਂ ਵੋਟਾਂ ਦੀ ਖਿੱਲੀ ਉਡਾ ਕੇ ਲੰਘਣ ਦਾ ਚਸਕਾ ਪਿਆ ਹੋਇਆ ਸੀ, ਉਹਨਾਂ ਨੂੰ ਕੇਜਰੀਵਾਲ ਦਾਲ ਵਿੱਚਲੇ ਕੋਕੜੂ ਵਰਗਾ ਲੱਗ ਰਿਹਾ ਹੈ। ਕਿਉਂਕਿ ਉਸਨੇ ਦਿੱਲੀ ਵਿੱਚੋਂ ‘ਵੀ.ਆਈ.ਪੀ’ ਕਲਚਰ ਦਾ ਫਸਤਾ ਵੱਢਣ ਦੇ ਨਾਲ ਸਮੁੱਚੇ ਦੇਸ਼ ਵਿੱਚੋਂ ਇਸ ਬੁਰਾਈ ਨੂੰ ਖਤਮ ਕਰਨ ਦਾ ਹੋਕਾ ਦਿੱਤਾ ਹੈ। ਜਿੱਥੇ ਆਮ ਆਦਮੀ ਦੀ ਪਿੱਠ ਪਿੱਛੇ ਵੀ ਕਿਸੇ ਤਾਕਤ ਦੇ ਹੋਣ ਦੇ ਸ਼ੰਕੇ ਪ੍ਰਗਟਾਏ ਜਾ ਰਹੇ ਹਨ ਉੱਥੇ ਹਾਲ ਦੀ ਘੜੀ ਇਹ ਗੱਲ ਉਹਨਾਂ ਸਭ ਲਈ ਇੱਕ ਅਭੁੱਲ ਸਬਕ ਵੀ ਹੈ ਜੋ ਵੋਟਰਾਂ ਦੀ ‘ਮੱਤ ਦਾ ਦਾਨ’ ਲੈ ਕੇ ਮੁੜ ਖੁਦ ਸ਼ਾਸ਼ਕ ਬਣ ਬਹਿੰਦੇ ਹਨ। ਫਿਰ ਉਹੀ ਦਾਨ ਲੈਣ ਵਾਲੇ ਸ਼ਾਸ਼ਕ ਉਹਨਾਂ ਨੀ ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝਣ ਲੱਗਦੇ ਹਨ। ਦਿੱਲੀ ਵਿੱਚੋਂ ਉੱਠੀ ਇਸ ਆਮ ਆਦਮੀ ਦੀ ਆਵਾਜ਼ ਨੇ ਇੱਕ ਵਾਰ ਪੂਰੇ ਦੇਸ਼ ਵਿੱਚ ਬਿਨਾਂ ਕਿਸੇ ਵਿਸ਼ੇਸ਼ ਪ੍ਰਚਾਰ ਦੇ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਦਾ ਨਾਂ ਆਪਮੁਹਾਰੇ ਹੀ ਲੋਕਾਂ ਦੀਆਂ ਜ਼ੁਬਾਨਾਂ ‘ਤੇ ਲਿਆ ਦਿੱਤਾ ਹੈ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਟੀਰ ਕੱਢ ਕੇ ਦੇਖਣ ਦੇ ਆਦੀ ਮੀਡੀਆ ਵੱਲੋਂ ਸ਼ਰਮੋ-ਸ਼ਰਮੀ ਜਾਂ ਮਜ਼ਬੂਰੀ ਵੱਸ ਨਸ਼ਰ ਕੀਤੀਆਂ ਖ਼ਬਰਾਂ ਨੇ ਲੋਕਾਂ ਨੂੰ ਅਹਿਸਾਸ ਕਰਵਾ ਦਿੱਤਾ ਹੈ ਕਿ ਜੇ ਅਸੀਂ ਕਰੇਲੇ ਦੀਆਂ ਵੇਲਾਂ ਨੂੰ ਨਿੰਮ ਉੱਪਰ ਚੜ੍ਹਾ ਦਿੱਤਾ ਹੈ ਤਾਂ ਜੜ੍ਹਾਂ ਵੱਢਣ ਵਾਲਾ ਸੰਦ ਵੀ ਉਹਨਾਂ ਕੋਲ ਹੀ ਹੈ। ਜਿੱਥੇ ਦੇਸ਼ ਭਰ ਦੇ ਰਾਜਨੀਤਕ ਆਗੂ ‘ਕੇਜਰੀਵਾਲ ਪੀੜਤ’ ਨਜ਼ਰ ਆ ਰਹੇ ਹਨ ਉੱਥੇ ਪੰਜਾਬ ਦੀ ਅਕਾਲੀ ਸਰਕਾਰ ਦੇ ਧਨੰਤਰ ਨੇਤਾਵਾਂ ਦੇ ਮੂਹੋਂ ਹਰ ਰੋਜ ਆਮ ਆਦਮੀ ਪਾਰਟੀ ਸੰਬੰਧੀ ਆਉਂਦੇ ਬਿਆਨ ਖੁਦ ਬ ਖੁਦ ਕੇਜਰੀਵਾਲ ਦਾ ਪ੍ਰਚਾਰ ਕਰਦੇ ਆ ਰਹੇ ਹਨ। ਬੇਸ਼ੱਕ ਅਕਾਲੀ ਜਾਂ ਕਾਂਗਰਸੀ ਆਗੂ ਲੋਕਾਂ ਦਾ ਧਿਆਨ ਕੇਜਰੀਵਾਲ ਤੋਂ ਪਾਸੇ ਕਰਨ ਲਈ ਬਿਆਨ ਦਾਗਦੇ ਹਨ ਪਰ ਲੋਕ ਇਸ ਨੂੰ ਨੇਤਾਵਾਂ ਦੇ ਅੰਦਰੂਨੀ ਡਰ ਵਜੋਂ ਵੀ ਲੈ ਰਹੇ ਹਨ। ਪੰਜਾਬ ਦਾ ਆਮ ਆਦਮੀ ਵੀ ਇਹ ਗੱਲ ਸੋਚਣ ਦੇ ਰਾਹ ਜਰੂਰ ਤੁਰੇਗਾ ਕਿ ਜੇ ਕੇਜਰੀਵਾਲ ਪੰਜਾਬ ਦੇ ਨੇਤਾਵਾਂ ਦੀ ਨਜ਼ਰ ‘ਚ ‘ਲੱਲੀ ਛੱਲੀ’ ਹੈ ਤਾਂ ਫਿਰ ਉਸਨੂੰ ਆਪਣੇ ਭਾਸ਼ਣਾਂ ਦੌਰਾਨ ਇੰਨੀ ਅਹਿਮੀਅਤ ਕਿਉਂ ਦਿੱਤੀ ਜਾ ਰਹੀ ਹੈ? ਕੀ ਵਜ੍ਹਾ ਹੈ ਕਿ ਪੰਜਾਬ ਦੇ ਕਾਂਗਰਸੀ, ਭਾਜਪਈਏ ਤੇ ਅਕਾਲੀ ਗੱਲ ਗੱਲ ‘ਤੇ ਕੇਜਰੀਵਾਲ ਦਾ ਨਾਂ ਲੈਣਾ ਕਿਉਂ ਨਹੀਂ ਭੁੱਲਦੇ? ਜੇ ਕੇਜਰੀਵਾਲ ਇੰਨਾ ਹੀ ਸਾਧਾਰਨ ਹੈ ਤਾਂ ਕੀ ਵਜ੍ਹਾ ਹੈ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਨੂੰ ਇਹ ਕਹਿਣਾ ਪਿਆ ਕਿ “ਮੁੱਖ ਮੰਤਰੀ ਸ੍ਰ: ਬਾਦਲ ਪੰਜਾਬ ਦੇ ਕੇਜਰੀਵਾਲ ਹਨ।” ਕੀ ਮਜ਼ਬੂਰੀ ਹੈ ਕਿ ਉਹਨਾਂ ਦੀ ਪਤਨੀ ਅਤੇ ਖੁਦ ਮੁੱਖ ਮੰਤਰੀ ਲਗਾਤਾਰ ਕਈ ਦਿਨਾਂ ਤੋਂ ਆਮ ਆਦਮੀ ਪਾਰਟੀ ਦੀ ਪੰਜਾਬ ‘ਚ ਦਾਲ ਨਾ ਗਲਣ ਦੇ ਬਿਆਨ ਦੇ ਰਹੇ ਹਨ ਜਦੋਂ ਕਿ ਕੇਜਰੀਵਾਲ ਟੀਮ ਵੱਲੋਂ ਸਿੱਧੇ ਤੌਰ ‘ਤੇ ਪੰਜਾਬ ਵਿੱਚ ਪਾਰਟੀ ਬਾਰੇ ਕੋਈ ਮੁਹਿੰਮ ਹੀ ਨਹੀਂ ਵਿੱਢੀ? ਕੀ ਵਜ੍ਹਾ ਹੈ ਕਿ ਅਕਾਲੀ ਦਲ ਦੇ ਮਝੈਲ ਜਰਨੈਲ ਸੱਦੇ ਜਾਂਦੇ ਸ੍ਰ: ਮਜੀਠੀਆ ਨੇ ਬਿਆਨ ਦਿੱਤਾ ਕਿ “ਦਿੱਲੀ ਦੀ ਆਪ ਸਰਕਾਰ ਪੰਜਾਬ ਸਰਕਾਰ ਦੀ ਨਕਲ ਕਰ ਰਹੀ ਹੈ।”....... ਪੰਜਾਬ ਸਰਕਾਰ ਦੇ ਜਿੰਮੇਵਾਰ ਆਗੂਆਂ ਦੇ ਬਿਆਨਾਂ ਨੇ ਪੰਜਾਬ ਦੀ ਰਾਜਨੀਤਕ ਫਿਜ਼ਾ ਵਿੱਚ ਹਾਸੋਹੀਣੀ ਸਥਿਤੀ ਪੈਦਾ ਕੀਤੀ ਹੋਈ ਹੈ। ਲੋਕ ਮਜੀਠੀਆ ਦੇ ਬਿਆਨ ਨੂੰ ਸਾਲ 2014 ਦਾ ਸਭ ਤੋਂ ਵੱਡਾ ਮਜਾਕ ਆਖ ਰਹੇ ਹਨ। 
ਲੋਕਾਂ ਦੇ ਸਵਾਲ ਹਨ ਕਿ 
-ਕੀ ਪੰਜਾਬ ਦੇ ਨੇਤਾ ਪਹਿਲਾਂ ਤੋਂ ਹੀ ਲਾਲ ਬੱਤੀਆਂ ਉਤਾਰ ਕੇ ਵਿਚਰ ਰਹੇ ਹਨ?
-ਕੀ ਪੰਜਾਬ ਦੇ ਸਿੱਖਿਆ ਮੰਤਰੀ ਸਾਬ੍ਹ ਵਾਂਗ ਦਿੱਲੀ ਦਾ ਮੁੱਖ ਮੰਤਰੀ ਵੀ ਬੇਰੁਜਗਾਰ ਅਧਿਆਪਕਾਂ ਦੀ ‘ਸੇਵਾ’ ਕਰਨ ਲੱਗ ਗਿਆ ਹੈ?
-ਕੀ ਪੰਜਾਬ ਵਾਂਗ ਦਿੱਲੀ ‘ਚ ਵੀ ‘ਚਿੱਟੇ’ ਦੀ ਸਹੂਲਤ ਘਰ ਘਰ ਤੱਕ ਪਹੁੰਚ ਰਹੀ ਹੈ?
-ਕੀ ਦਿੱਲੀ ‘ਚ ਵੀ ਰੁਜ਼ਗਾਰ ਮੰਗਣ ਵਾਲਿਆਂ ਨੂੰ ਪੰਜਾਬ ਦੀ ਤਰਜ਼ ‘ਤੇ ਪਾਰਟੀ ਵਰਕਰਾਂ ਵੱਲੋਂ ਹੂਰੇ ਮਿਲਣ ਲੱਗ ਗਏ ਹਨ?
-ਕੀ ਦਿੱਲੀ ਦੇ ਬੇਰੁਜ਼ਗਾਰ ਵੀ ਪਾਣੀ ਵਾਲੀਆਂ ਟੈਂਕੀਆਂ ‘ਤੇ ਚੜ੍ਹ ਕੇ ਜਿਉਣ ਨਾਲੋਂ ਮਰਨ ਨੂੰ ਪਹਿਲ ਦੇਣ ਲੱਗ ਗਏ ਹਨ?
-ਕੀ ਦਿੱਲੀ ‘ਚ ਵੀ ਨਸਿ਼ਆਂ ਤੋਂ ਕਿਤੇ ਜਿਆਦਾ ਚੈਕਿੰਗ ਰੇਤਾ ਬੱਜਰੀ ਦੀ ਤਸਕਰੀ ਦੀ ਹੋ ਰਹੀ ਹੈ?
-ਕੀ ਦਿੱਲੀ ਸਰਕਾਰ ਨੇ ਵੀ ਆਉਂਦਿਆਂ ਹੀ ਆਪਣੀ ਟਰਾਂਸਪੋਰਟ ਦਾ ਦਾਬਾ ਸ਼ੁਰੂ ਕਰ ਦਿੱਤਾ ਹੈ?
ਬੇਸ਼ੱਕ ਲੋਕਾਂ ਦੇ ਇਹ ਸਵਾਲ ਆਮ ਹਨ ਪਰ ਰਾਜਨਤਿਕ ਹਲਕਿਆਂ ਵਿੱਚ ਖਾਸ ਅਹਿਮੀਅਤ ਰੱਖਦੇ ਹਨ ਕਿਉਂਕਿ ਲੋਕ ਸਭ ਜਾਣਦੇ ਹੋਏ ਵੀ, ਕੋਈ ਚਾਰਾ ਨਾ ਚਲਦੇ ਹੋਏ ਚੁੱਪ ਹੋ ਜਾਂਦੇ ਹਨ। ਪਰ ਦਿੱਲੀ ਦੀ ‘ਆਪ ਸਰਕਾਰ’ ਦੇ ਹੋਂਦ ਵਿੱਚ ਆਉਣ ਨੇ ਲੋਕ ਮਨਾਂ ਵਿੱਚ ਧੁਖਦੇ ਇਹਨਾਂ ਸਵਾਲਾਂ ਨੂੰ ਫੁਕ ਜਰੂਰ ਮਾਰੀ ਹੈ। ਹੁਣ ਤੱਕ ਸ਼ਾਇਦ ਹੀ ਕਿਸੇ ਪੰਜਾਬੀ ਨੇ ਪੜ੍ਹਿਆ ਸੁਣਿਆ ਹੋਵੇ ਕਿ ਪੰਜਾਬ ਦੀ ਕਿਸੇ ਵੀ ਸੱਤਾ ‘ਚ ਰਹਿ ਚੁੱਕੀ ਪਾਰਟੀ ਦੇ ਮੁੱਖ ਮੰਤਰੀ ਜਾਂ ਕਿਸੇ ਹੋਰ ਮੰਤਰੀ ਨੇ ਲੋਕਾਂ ਨਾਲ ਸਿੱਧਾ ਰਾਬਤਾ ਬਣਾਇਆ ਹੋਵੇ। ਆਮ ਵੋਟਰ ਨੂੰ ਵੋਟਾਂ ਤੋਂ ਬਾਦ ਉਸੇ ਨੇਤਾ ਨੂੰ ਮਿਲਣ ਲਈ ਹੀ ਸੁਰੱਖਿਆ ਕਰਮੀਆਂ ਦੁਆਰਾ ਬਣਾਈ ਮਾਨਵੀ ਕੰਧ ਦੀਆਂ ਝੀਥਾਂ ਥਾਈਂ ਵੀ ਝਾਕਣ ਨਹੀਂ ਦਿੱਤਾ ਜਾਂਦਾ। ਪਰ ਬੀਤੇ ਦਿਨੀਂ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਹੋਟਲ ‘ਚ ਰਾਤ ਬਿਤਾਉਣ ਤੋਂ ਬਾਦ ਸਵੇਰੇ ਇੱਕ ਪ੍ਰਵਾਸੀ ਭਾਰਤੀ ਨਾਲ ਖੁੱਲੀਆਂ ਗੱਲਾਂ ਕਰਨ, ਫੋਟੋ ਖਿਚਵਾਉਣ ਅਤੇ ਬਾਦ ‘ਚ ਅਲੱਗ ਅਲੱਗ ਦੁਕਾਨਾਂ ‘ਤੇ ਜਾ ਕੇ ਮਠਿਆਈਆਂ, ਚਾਟ ਖਾਣੀ ਆਦਿ ਗਤੀਵਿਧੀਆਂ ਨੂੰ ਬੇਸ਼ੱਕ ਲੋਕ ਕੇਜਰੀਵਾਲ ਦੀ ਨਕਲ ਕਹਿਣ ਪਰ ਅਸੀਂ ਇਸ ਪਹਿਲਕਦਮੀ ਲਈ ਉਪ ਮੁੱਖ ਮੰਤਰੀ ਦੀ ਸਿਫਤ ਕਰਨੀ ਚਾਹਾਂਗੇ ਕਿ ਉਹਨਾਂ ਨੇ ਨਵੇਂ ਸਾਲ ਵਾਲੇ ਦਿਨ ਲੋਕਾਂ ਦੇ ਨੇੜੇ ਆਉਣ ਦੀ ਪਹਿਲ ਕੀਤੀ। 
ਦਿੱਲੀ ਦੀ ‘ਆਮ ਆਦਮੀ ਸਰਕਾਰ’ ਬਾਰੇ ਮੁੜ ਗੱਲ ਕਰਦਿਆਂ ਇਹੀ ਕਿਹਾ ਜਾ ਸਕਦਾ ਹੈ ਕਿ ਭ੍ਰਿਸ਼ਟ ਰਾਜਨੀਤੀ, ਰਾਜਨੀਤਕ ਹਨੇਰਗਰਦੀ ਅਤੇ ਲੋਕਾਂ ਨੂੰ ਵਾਰ ਵਾਰ ਨਜ਼ਰਅੰਦਾਜ਼ ਕਰਦੇ ਰਹਿਣ ਦਾ ਹੀ ਨਤੀਜਾ ਹੈ ਕਿ ਦਿੱਲੀ ਵਿੱਚ ਆਮ ਲੋਕ ਚੋਣਾਂ ਲੜੇ, ਜਿੱਤੇ ਅਤੇ ਵਿਧਾਨ ਸਭਾ ‘ਚ ਬੋਲਣ ਦੇ ਕਾਬਿਲ ਹੋਏ। ਸਮੁੱਚੇ ਦੇਸ਼ ਦੇ ਰਾਜਨੀਤਕ ਤਾਣੇ ਬਾਣੇ ਨੂੰ ਮੁੜ ਵਿਚਾਰਨਾ ਪਵੇਗਾ ਕਿ ਉਹਨਾਂ ਵਿੱਚ ਕਮੀਆਂ ਕਿੱਥੇ ਕਿੱਥੇ ਹਨ? ਜੇ ਫਿਰ ਵੀ ਉਹਨਾਂ ਕਮੀਆਂ ਨੂੰ ਦੂਰ ਨਹੀਂ ਕੀਤਾ ਜਾਂਦਾ ਤਾਂ ਨਿਰਸੰਦੇਹ ਆਮ ਆਦਮੀ ਸੰਘਰਸ਼ ਦਾ ‘ਧੁਤੂ’ ਜਰੂਰ ਵਜਾਵੇਗਾ ਤੇ ਹਸ਼ਰ ਦਿੱਲੀ ਵਰਗਾ ਹੋਵੇਗਾ। ਸੋ ਆਮ ਆਦਮੀ ਨੂੰ ‘ਖਾਸ’ ਸਮਝਣ ਦੀ ਲੋੜ ਤੋਂ ਪਾਸਾ ਨਹੀਂ ਵੱਟਿਆ ਜਾ ਸਕਦਾ ਕਿਉਂਕਿ ਇੱਕ ਕੀੜੀ ਜੇ ਆਪਣੀ ਔਕਾਤ ਦਿਖਾ ਦੇਵੇ ਤਾਂ ਹਾਥੀ ਨੂੰ ਵੀ ਬੇਬੱਸ ਕਰ ਸਕਦੀ ਹੈ ਪਰ ਜੇ ਹਾਥੀ ਆਵਦੀ ਔਕਾਤ ਦਿਖਾਵੇ ਤਾਂ ਕੀੜੀ ਦਾ ਕੁਝ ਵੀ ਨਹੀਂ ਵਿਗਾੜ ਸਕਦਾ।   



ਮਨਦੀਪ ਖੁਰਮੀ ਹਿੰਮਤਪੁਰਾ 
(ਲੰਡਨ)
Email:- khurmi13deep@yahoo.in
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template