ਬੀਤੇ ਕੁਝ ਕੁ ਸਾਲਾਂ ਵੱਲ ਧਿਆਨ ਮਾਰ ਕੇ ਦੇਖਿਆ ਜਾਵੇ ਤਾਂ ਸਹਿਜੇ ਹੀ ਪਤਾ ਲੱਗ ਸਕਦੈ ਕਿ ਪੰਜਾਬ ਨੇ ਸਮਾਜਿਕ ਤੌਰ ‘ਤੇ ਕਿੰਨੀ ਕੁ ‘ਤਰੱਕੀ’ ਕਰ ਲਈ ਹੈ। ਪਹਿਲਾਂ ਜੇਕਰ ਕੋਈ ਨਸ਼ਾ ਕਰਦਾ ਹੁੰਦਾ ਸੀ ਤਾਂ ਬਾਕੀ ਲੋਕਾਂ ਦੀ ਨਜ਼ਰ ‘ਚ ਉਸਨੂੰ ਅੱਡਰਾ ਜਿਹਾ ਮੰਨਦਿਆਂ ‘ਅਮਲੀ’ ਜਾਂ ‘ਨਸ਼ਈ’ ਕਿਹਾ ਜਾਂਦਾ ਸੀ ਤੇ ਇਹੀ ਵਿਸ਼ੇਸ਼ਣ ਉਸ ਬੰਦੇ ਲਈ ਨਮੋਸ਼ੀ ਵਰਗੇ ਮੰਨੇ ਜਾਂਦੇ ਸਨ। ਪਰ ਅੱਜ ਜਦੋਂ ਪੰਜਾਬ ਦੇ ਵਿਕਾਸ ਦੀਆਂ ਡੀਂਗਾਂ ਮਾਰੀਆਂ ਜਾ ਰਹੀਆਂ ਹਨ ਤਾਂ ਜੇਕਰ ਕੋਈ ਇਹ ਕਹਿ ਦੇਵੇ ਕਿ ਮੈਂ ‘ਸੋਫੀ’ ਹਾਂ ਤਾਂ ਸਭ ਉਸ ਵੱਲ ਇਉਂ ਦੇਖਣਗੇ ਜਿਵੇਂ ਕਿਸੇ ਹੋਰ ਧਰਤੀ ਦਾ ‘ਜੀਵ’ ਹੋਵੇ। ਅੱਜਕੱਲ੍ਹ ਪੰਜਾਬ ਦੇ ਪਿੰਡਾਂ ਵਿੱਚੋਂ ਦੁੱਧ ਘਿਓ ਤਾਂ ਮੁਸ਼ਕਿਲ ਨਾਲ ਮਿਲ ਸਕਦੇ ਹਨ ਪਰ ਸਭ ਤੋਂ ਜਿਆਦਾ ਸੌਖ ਨਾਲ ਨਸ਼ੇ ਜਰੂਰ ਮਿਲਦੇ ਹਨ। ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ ਦੀ ਵੀ ‘ਦੇਸੀ ਸਿਆਸਤ’ ਪਹਿਲਵਾਨ ਜਗਦੀਸ਼ ਭੋਲਾ ਵੱਲੋਂ ਬੀਤੇ ਦਿਨੀਂ ਮਾਰੇ ਧੋਬੀ ਪਟਕੇ ਨਾਲ ਬੌਂਦਲੀ ਜਿਹੀ ਨਜ਼ਰ ਆਉਂਦੀ ਹੈ। ਜਿੱਥੇ ਪਹਿਲਾਂ ਵਿਦੇਸ਼ਾਂ ਵਿੱਚ ਵਸਦੇ ਕੁਝ ਖੇਡ ਪ੍ਰਮੋਟਰਾਂ ਦੇ ਨਾਂ ਨਸ਼ਾ ਤਸਕਰਾਂ ਵਜੋਂ ਪੇਸ਼ ਕਰਕੇ ਕਈ ਦਿਨ ਸੰਬੰਧਤ ਵਿਅਕਤੀਆਂ ਦੇ ਤਾਲੂਏ ਸੰਘ ਨੂੰ ਲੱਗੇ ਰਹੇ ਉੱਥੇ ਹੁਣ ਜਗਦੀਸ਼ ਭੋਲਾ ਵੱਲੋਂ ਅਦਾਲਤ ‘ਚ ਪੇਸ਼ੀ ਮੌਕੇ ਪੱਤਰਕਾਰਾਂ ਅੱਗੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ: ਬਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਸ਼ਰੇਆਮ ਇਸ ਨਸ਼ਾ ਤਸਕਰੀ ਕਾਂਡ ਨਾਲ ਜੋੜ ਦੇਣਾ ਵੀ ਅਹਿਮ ਸੁਰਖੀ ਬਣਿਆ ਹੋਇਆ ਹੈ। ਬੇਸ਼ੱਕ ਸ੍ਰ: ਮਜੀਠੀਆ ਦਾ ਇਸ ਮਾਮਲੇ ਨਾਲ ਕੋਈ ਸੰਬੰਧ ਨਾ ਵੀ ਹੋਵੇ ਪਰ ਇਸ ਮਾਮਲੇ ਬਾਰੇ ਹੁਣ ਤੱਕ ਦੀ ਪਈ ਕਾਵਾਂਰੌਲੀ ਕੋਈ ਵਜ਼ਨਦਾਰ ਰੁਝਾਨ ਨੂੰ ਜਨਮ ਨਹੀਂ ਦੇ ਰਹੀ ਲਗਦੀ। ਜਦੋਂਕਿ ਰਾਜਭਾਗ ਵਿੱਚ ਅਹਿਮ ਕੁਰਸੀ ਅਤੇ ਸੂਬੇ ਦੇ ਰਾਜਾ ਪਰਿਵਾਰ ਨਾਲ ਗਹਿ-ਗੱਡਵੀਂ ਰਿਸ਼ਤੇਦਾਰੀ ਰੱਖਣ ਵਾਲੇ ਮਜੀਠੀਆ ਅਤੇ ਬਾਦਲ ਪਰਿਵਾਰ ਨੂੰ ਖੁਦ ਵੀ ਇਸ ਮਾਮਲੇ ਬਾਰੇ ਜਿੰਮੇਵਾਰਾਨਾ ਬਿਆਨ ਦੇਣੇ ਲੋੜੀਂਦੇ ਸਨ। ਸਿਆਣੇ ਕਹਿੰਦੇ ਹਨ ਕਿ “ਜੇ ਪੱਲੇ ਤੇਰੇ ਸੱਚ.... ਤਾਂ ਕੋਠੇ ਚੜ੍ਹ ਕੇ ਨੱਚ।” ਜੇ ਸ੍ਰ: ਬਿਕਰਮਜੀਤ ਸਿੰਘ ਮਜੀਠੀਆ ਦੇ ਕਿਰਦਾਰ ਵਿੱਚ ਕੋਈ ਕਾਣ ਹੈ ਹੀ ਨਹੀਂ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਹੱਕ ਵਿੱਚ ਆਪਣੇ ਆਪ ਹੀ ਕਲੀਨ ਚਿੱਟ ਦੇਣ ਦੀ ਬਜਾਏ ਨਿਰਪੱਖ ਜਾਂਚ ਦੀ ਖੁਦ ਮੰਗ ਕੀਤੀ ਜਾਂਦੀ ਤਾਂ ਸੂਬਾ ਸਰਕਾਰ ਦੇ ਫੈਸਲੇ ਦੀ ਵਾਹ ਵਾਹ ਕਰਨੀ ਬਣਦੀ ਸੀ। ਜਦੋਂਕਿ ਹੋਇਆ ਇਹ ਕਿ ਸ੍ਰ: ਮਜੀਠੀਆ ਦੇ ਹੱਕ ਵਿੱਚ ਉੱਤਰ ਕੇ ਕੀ ਨਿੱਕਾ ਕੀ ਵੱਡਾ ਹਰ ਨੇਤਾ ਭੋਲੇ ਦੇ ਦੋਸ਼ਾਂ ਨੂੰ ਕੇਂਦਰ ਸਰਕਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਤਾਪ ਸਿੰਘ ਬਾਜਵਾ ਨਾਲ ਜੋੜ ਕੇ ਬੈਠ ਗਿਆ। ਦੋਸ਼ੀ ਕਦੇ ਵੀ ਇਹ ਨਹੀਂ ਕਹਿੰਦਾ ਕਿ ਮੈਂ ਗੁਨਾਂਹ ਕੀਤੈ। ਜੇ ਭੋਲੇ ਨੇ ਨਸ਼ਾ ਤਸਕਰੀ ਕੀਤੀ ਹੈ ਤਾਂ ਕੀ ਉਹ ਕਬੂਲ ਕਰ ਰਿਹਾ ਹੈ? ਬਿਲਕੁਲ ਨਹੀਂ, ਇਸੇ ਤਰ੍ਹਾਂ ਹੀ ਜੇ ਉਸਨੇ ਕਿਸੇ ਉੱਪਰ ਦੋਸ਼ ਲਗਾਏ ਹਨ (ਬੇਸ਼ੱਕ ਖੁਦ ਬਚਣ ਲਈ ਹੀ ਸਹੀ) ਤਾਂ ਸਭ ਤੋਂ ਪਹਿਲਾਂ ਸੂਬਾ ਸਰਕਾਰ ਦਾ ਬੇਤੁਕੀ ਬਿਆਨਬਾਜ਼ੀ ਤੋਂ ਪਹਿਲਾਂ ਫਰਜ਼ ਇਹ ਬਣਦਾ ਸੀ ਕਿ ਸੂਬੇ ਦੀ ਨੌਜ਼ਵਾਨੀ ਦੇ ਜਿ਼ੰਦਗੀ ਮੌਤ ਨਾਲ ਜੁੜੇ ਇਸ ਅਹਿਮ ਮੁੱਦੇ ਨੂੰ ਹੱਲ ਕਰਨ ਲਈ ਠੋਸ ਕਦਮ ਚੁੱਕਦੀ। ਪਰ ਹੋਇਆ ਸਭ ਕੁਝ ਉਲਟ.....ਜੇ ਸਚਮੁੱਚ ਹੀ ਭੋਲਾ ਵਿਰੋਧੀ ਧਿਰ ਦੀਆਂ ਉਂਗਲਾਂ ‘ਤੇ ਚੜ੍ਹ ਕੇ ਦੂਸ਼ਣਬਾਜ਼ੀ ਕਰ ਰਿਹਾ ਹੈ ਤਾਂ ਇਸ ਗੱਲ ਦਾ ਵੀ ਨਿਤਾਰਾ ਹੋਣਾ ਚਾਹੀਦਾ ਹੈ ਕਿ ਉਹ ਕੌਣ ਲੋਕ ਹਨ ਜੋ ਪੰਜਾਬ ਦਾ ਅੰਨ ਪਾਣੀ ਖਾ ਕੇ ਪੰਜਾਬ ਦੀਆਂ ਹੀ ਜੜ੍ਹਾਂ ‘ਚ ਦਾਤਰੀ ਫੇਰ ਰਹੇ ਹਨ? ਪੰਜਾਬ ਦੇ ਉਪ ਮੁੱਖ ਮੰਤਰੀ ਸਾਹਿਬ ਵੱਲੋਂ ਦਿੱਤਾ ਇਹ ਬਿਆਨ ਕਿ “ਜੇ ਅਸੀਂ ਜਗਦੀਸ਼ ਭੋਲੇ ਦੇ ਸਾਥੀ ਹੁੰਦੇ ਤਾਂ ਉਸਨੂੰ ਫੜ੍ਹਦੇ ਕਿਉਂ?” ਬਾਰੇ ਲੋਕਾਂ ਦੀਆਂ ਸ਼ੋਸ਼ਲ ਨੈੱਟਵਰਕਿੰਗ ਸਾਈਟਾਂ ‘ਤੇ ਟਿੱਪਣੀਆਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕ ਇਸ ਬਿਆਨ ਬਾਰੇ ਕੀ ਕੀ ਸੋਚਦੇ ਹਨ? ਲੋਕਾਂ ਦਾ ਨਜ਼ਰੀਆ ਇਹ ਹੈ ਕਿ ਕੀ “ਜੇ ਭੋਲਾ ਉਹਨਾਂ ਦਾ ‘ਆਪਣਾ’ ਸਾਥੀ ਹੁੰਦਾ ਤਾਂ ਕੀ ਉਸਨੂੰ ਫੜ੍ਹਨਾ ਨਹੀਂ ਸੀ?”......
ਇਸ ਮਾਮਲੇ ਵਿੱਚੋਂ ਭੋਲੇ ਨੂੰ ਜੋ ਫਾਇਦਾ ਨੁਕਸਾਨ ਹੋਵੇਗਾ, ਉਸ ਬਾਰੇ ਤਾਂ ਹਰ ਕੋਈ ਸਹਿਜੇ ਹੀ ਅੰਦਾਜ਼ਾ ਲਗਾ ਸਕਦੈ ਪਰ ਹੁਣ ਮਾਮਲਾ ਸਿਰਫ ਮਜੀਠੀਆ ਬਨਾਮ ਬਾਜਵਾ ਮੈਚ ਬਣ ਕੇ ਰਹਿ ਗਿਆ ਹੈ। ਪੰਜਾਬ ਦੇ ਪਿੰਡਾਂ ਦੇ ਆਗੂਆਂ ਤੋਂ ਲੈ ਕੇ ਮੁੱਖ ਮੰਤਰੀ ਸਾਹਿਬ ਤੱਕ ਵੱਲੋਂ ਮਜੀਠੀਆ-ਬਾਜਵਾ ਦੇ ਹੱਕ ਜਾਂ ਵਿਰੋਧ ਦੀਆਂ ਖ਼ਬਰਾਂ ਹੀ ਮਿਲ ਰਹੀਆਂ ਹਨ। ਇਹਨਾਂ ਖ਼ਬਰਾਂ ਬਾਰੇ ਹੈਰਾਨੀ ਇਹ ਹੋਈ ਕਿ ਜਿੱਥੇ ਕੁਝ ਦਿਨ ਪਹਿਲਾਂ ਅਹਿਮ ਖਬਰਾਂ ਵੀ ਅਖ਼ਬਾਰਾਂ ਵਿੱਚੋਂ ਗਾਇਬ ਮਿਲਦੀਆਂ ਸਨ ਉੱਥੇ ਹੁਣ ਪਿੰਡਾਂ ਦੇ ਵਰਕਰਾਂ ਦੇ ਨਾਵਾਂ ਹੇਠ ਵੀ ਖ਼ਬਰਾਂ ਜਨਰਲ ਪੰਨਿਆਂ ‘ਤੇ ਮਿਲ ਰਹੀਆਂ ਹਨ। ਇਹਨਾਂ ਸਤਰਾਂ ਦਾ ਲੇਖਕ ਉਹਨਾਂ ਖ਼ਬਰਾਂ ਨੂੰ ਵੀ ਵਿਧਾਨ ਸਭਾ ਚੋਣਾਂ ਮੌਕੇ ਵਾਲੀਆਂ “ਇਸ਼ਤਿਹਾਰੀ ਖ਼ਬਰਾਂ” ਨਾਲ ਜੋੜ ਕੇ ਦੇਖਦਾ ਹੈ ਜਦੋਂ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਦੇ ਪ੍ਰਚਾਰ ਖਰਚਿਆਂ ਬਾਰੇ ਕਸੀ ਨਕੇਲ ਨੂੰ ਧਿਆਨ ‘ਚ ਰੱਖਦਿਆਂ ਉਮੀਦਵਾਰਾਂ ਦੀ ‘ਸੌਖ’ ਲਈ ਕੁਝ ਅਖ਼ਬਾਰਾਂ ਵੱਲੋਂ ‘ਮੁੱਲ ਦੀਆਂ ਖ਼ਬਰਾਂ’ ਦੇ ਰੁਝਾਨ ਨੂੰ ਜਨਮ ਦਿੱਤਾ ਸੀ। ਇੱਕ ਦਿਨ ਦੇ ਅਖ਼ਬਾਰ ਦੀਆਂ ਸੁਰਖ਼ੀਆਂ ਦੀ ਗਿਣਤੀ ਕੀਤੀ ਤਾਂ ਮਜੀਠੀਆ ਦੇ ਹੱਕ ‘ਚ 10 ਅਤੇ ਬਾਜਵਾ ਦੇ ਹੱਕ ‘ਚ 8 ਖ਼ਬਰਾਂ ਪੜ੍ਹਨ ਨੂੰ ਮਿਲੀਆਂ। ਇੱਕ ਪੰਨੇ ਉੱਪਰ ਪ੍ਰਕਾਸਿ਼ਤ ਹੋਈਆਂ ਇਹ ਖ਼ਬਰਾਂ ਦੇਖ ਕੇ ਇਉਂ ਲਗਦਾ ਸੀ ਜਿਵੇਂ “ਭੋਲਾ ਦੋਸ਼ ਮੁਕਤੀ” ਵਿਸ਼ੇਸ਼ ਸਪਲੀਮੈਂਟ ਪ੍ਰਕਾਸਿ਼ਤ ਕੀਤਾ ਗਿਆ ਹੋਵੇ। ਅਸੀਂ ਇਸ ਧਾਰਨਾ ਨੂੰ ਲੈ ਕੇ ਚਲਦੇ ਹਾਂ ਕਿ ਦੋਸ਼ੀ ਭਾਵੇਂ ਸੰਤਰੀ ਹੋਵੇ ਜਾਂ ਮੰਤਰੀ.... ਸਭ ਨੂੰ ਉਸਦੇ ‘ਹੱਕ’ ਦਾ ਕੀਤਾ ਮਿਲਣਾ ਚਾਹੀਦਾ ਹੈ। ਪੰਜਾਬ ਦੀ ਜਵਾਨੀ ਦੇ ਘਾਣ ਨਾਲ ਜੁੜਿਆ ਨਸ਼ਾ ਤਸਕਰੀ ਦਾ ਇਹ ਮਸਲਾ ਫਿਲਹਾਲ ਕਾਂਗਰਸੀਆਂ ਅਤੇ ਅਕਾਲੀਆਂ ਦੇ ਕਾਟੋ ਕਲੇਸ਼ ਦਾ ਰੂਪ ਧਾਰਨ ਕਰ ਚੁੱਕਾ ਹੈ। ਜਦੋਂਕਿ ਜ਼ਮੀਨੀ ਹਕੀਕਤ ਇਹ ਹੈ ਕਿ ਪੰਜਾਬ ਦੇ ਪਿੰਡ ਪਿੰਡ ਵਿੱਚ ਮਹਿੰਗੇ ਮਹਿੰਗੇ ਘਾਤਕ ਨਸ਼ੇ ਧੜੱਲੇ ਨਾਲ ਵਿਕ ਰਹੇ ਹਨ। ਵੇਚਣ ਵਾਲੇ ਵੀ ਕਿਤੇ ਅਸਮਾਨੋਂ ਉੱਤਰ ਕੇ ਨਹੀਂ ਵੇਚ ਜਾਂਦੇ ਸਗੋਂ ਉਹ ਵੀ ਉਹਨਾਂ ਪਿੰਡਾਂ ਦੇ ਜਾਂ ਨੇੜਲੇ ਇਲਾਕਿਆਂ ਦੇ ਹੀ ਤਾਂ ਹੁੰਦੇ ਹੋਣਗੇ ਜਿਹਨਾਂ ਨੂੰ ਇਹ ਇਲਮ ਹੁੰਦਾ ਹੋਵੇਗਾ ਕਿ ਕਿਸ ਕਿਸ ਨੂੰ ਨਸ਼ੇ ਦੀ ‘ਤਲਬ’ ਲੱਗੀ ਹੋਈ ਹੈ? ਜੇ ਇਸ ਮਾਮਲੇ ਬਾਰੇ ਸਰਕਾਰਾਂ ਗੰਭੀਰ ਨਾ ਹੋਈਆਂ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਇਹੀ ਨਸ਼ੇ ਪਿੰਡ ਪਿੰਡ ਆਲੂ ਪਿਆਜ਼ਾਂ ਵਾਂਗ ਟਰੈਕਟਰ ਟਰਾਲੀਆਂ ‘ਤੇ ਸਪੀਕਰ ਲਾ ਕੇ ਵੀ ਵਿਕਣੇ ਆਇਆ ਕਰਨਗੇ। ਸਾਡਾ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਵਿਰੋਧ ਨਹੀਂ ਹੈ, ਸਗੋਂ ਹਰ ਉਸ ਪਾਰਟੀ ਦੀ ਦਿਲੋਂ ਹਮਾਇਤ ਕਰਾਂਗੇ ਜੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀਆਂ ਜੜ੍ਹਾ ਨੂੰ ਪਾਣੀ ਪਾ ਕੇ ਸਿੰਜੇਗੀ। ਅਰਜੋਈਆਂ ਕਰਨ ਦਾ ਮਕਸਦ ਇਹ ਹੀ ਹੈ ਕਿ ਜੇ ਅਸੀਂ ਦੂਜੇ ਦੇ ਘਰ ਲੱਗੀ ਅੱਗ ਦੇਖਕੇ ਖੁਸ਼ੀ ਮਨਾਉਂਦੇ ਹਾਂ ਤਾਂ ਇਹ ਨਾ ਭੁੱਲੋ ਕਿ ਇਸ ਅੱਗ ਦੇ ਫਲੂਹੇ ਤੁਹਾਡੇ ਘਰ ਅੰਦਰ ਪਲ ਰਹੇ ਜਵਾਨ ਮੁੰਡੇ ਕੁੜੀਆਂ ਰੂਪੀ ਜਲਣਸ਼ੀਲ ਖ਼ਜ਼ਾਨੇ ਨੂੰ ਵੀ ਜਰੂਰ ਆਪਣੀ ਲਪੇਟ ਵਿੱਚ ਲੈਣਗੇ। ਬਿਆਨਬਾਜ਼ੀ ਤੋਂ ਉੱਪਰ ਉੱਠ ਕੇ ਕਿਸੇ ਹੋਰ ਲਈ ਨਾ ਸਹੀ ਘੱਟੋ ਘੱਟ ਆਪਣੇ ਪਰਿਵਾਰ ਜਾਂ ਆਪਣੇ ਜੁਆਕਾਂ ਦੇ ‘ਸਕੇ’ ਬਣ ਕੇ ਤਾਂ ਇੱਕ ਵਾਰ ਸੋਚਿਆ ਜਾ ਸਕਦਾ ਹੈ ਕਿ ਨਹੀਂ?
ਮਨਦੀਪ ਖੁਰਮੀ ਹਿੰਮਤਪੁਰਾ
(ਲੰਡਨ)
eImyl:- khurmi13deep@yahoo.in


0 comments:
Speak up your mind
Tell us what you're thinking... !