ਕਲਮ ਸਿਰਫ ਕ,ਲ ਅਤੇ ਮ ਤਿੰਨ ਅੱਖਰਾਂ ਦਾ ਸੁਮੇਲ ਹੀ ਨਹੀਂ ਹੈ ਸਗੋਂ ਆਪਣੇ ਆਪ ਵਿੱਚ ਇੱਕ ਮਹਾਂਸ਼ਕਤੀ ਹੈ। ਜਿੱਥੇ ਤਲਵਾਰ ਦਾ ਵਾਰ ਨਹੀਂ ਕੀਤਾ ਜਾ ਸਕਦਾ ਉੱਥੇ ਕਲਮ ਦਾ ਵਾਰ ਵੀ ਆਹਲਾ ਨਹੀਂ ਜਾਂਦਾ। ਜੇ ਸਾਰੇ ਕੰਮ ਤਲਵਾਰ ਨਾਲ ਹੀ ਸਰਦੇ ਹੁੰਦੇ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਜ਼ਫਰਨਾਮਾ ਨਾ ਰਚਦੀ ਤੇ ਨਾ ਹੀ ਔਰੰਗਜੇਬ ਤਿਲਮਿਲਾ ਕੇ ਮਰਦਾ। ਜੇ ਕਲਮ ਬੇ-ਤਾਕਤੀ ਹੀ ਹੁੰਦੀ ਤਾਂ ਤਾਨਾਸ਼ਾਹ ਹਿਟਲਰ ਕਲਮਕਾਰਾਂ ਨੂੰ ਆਪਣੇ ਲਈ ਖਤਰਾ ਨਾ ਮੰਨਦਾ। ਉਹ ਖਤਰਾ ਵੀ ਇਸ ਗੱਲੋਂ ਮੰਨਦਾ ਸੀ ਕਿ ਉਸਦਾ ਤਖਤੋ-ਤਾਜ਼ ਸਿਰਫ ਤੇ ਸਿਰਫ ਕਲਮਾਂ ਹੀ ਖੰਡਿਤ ਕਰ ਸਕਦੀਆਂ ਸਨ। ਪਰ ਜਦੋਂ ਅਜੋਕੇ ਮਾਹੌਲ ਵਿੱਚ ਜਮੀਨੀ ਪੱਧਰ ‘ਤੇ ਜਾ ਕੇ ਨਜ਼ਰ ਮਾਰਦੇ ਹਾਂ ਤਾਂ ਕਲਮ ਨਾਲ ਹੁੰਦੀ ਬੇਵਫਾਈ ਦੀਆਂ ਹਜਾਰਾਂ ਉਦਾਹਰਣਾਂ ਮਿਲ ਜਾਣਗੀਆਂ। ਜੇ ਗੱਲ ਹੀ ਮਾਨਸਿਕ ਉਲਝਣਾਂ ‘ਚ ਫਸੇ ਮਨਾਂ ਨੂੰ ਸ਼ਾਂਤੀ ਪ੍ਰਦਾਨ ਕਰਨ ਦਾ ਮਾਧਿਅਮ ਦੱਸੇ ਜਾਂਦੇ ਸੰਗੀਤ ਨਾਲ ਜੁੜੇ ਕਲਾਕਾਰਾਂ ਅਤੇ ਗੀਤਕਾਰਾਂ ਦੀ ਕੀਤੀ ਜਾਵੇ ਤਾਂ ਸ਼ਾਇਦ ਕਲਮ ਨੂੰ ਸ਼ਰਮ ਦੇ ਮਾਰੇ ਮੂੰਹ ਲੁਕਾਉਣ ਨੂੰ ਵੀ ਥਾਂ ਨਾ ਲੱਭੇ। ਪੰਜਾਬੀ ਗਾਇਕੀ ਦਾ ਪੱਧਰ ਅਖੌਤੀ ਤੌਰ ‘ਤੇ ਪੱਧਰ ਉੱਚਾ ਉੱਠਿਆ ਹੋਣ ਦੇ ਦਾਅਵੇ ਕਰਦਿਆਂ ਬੇਸ਼ੱਕ ਬਾਹਾਂ ਕਮਲਿਆਂ ਵਾਂਗ ਉੱਚੀਆਂ ਕਰ ਕਰ ਅਡਾਟ ਪਾਇਆ ਜਾ ਰਿਹਾ ਹੋਵੇ ਪਰ ਇਸ ਆੜ ਵਿੱਚ ਜਿੰਨਾ ਕੁ ਇਨਸਾਨੀ ਰਿਸ਼ਤਿਆਂ, ਕਦਰਾਂ ਕੀਮਤਾਂ ਦਾ ਘਾਣ ਹੋ ਰਿਹੈ, ਉਹ ਵੀ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ। ਭੈਣ ਆਪਣੇ ਭਰਾ ਨਾਲ ਜਾਂ ਧੀ ਆਪਣੇ ਬਾਪ ਨਾਲ ਕਿਸੇ ਜਨਤਕ ਜਾਂ ਪ੍ਰਾਈਵੇਟ ਬੱਸ ‘ਚ ਸਫ਼ਰ ਨਹੀਂ ਕਰ ਸਕਦੀ। ਵਜ੍ਹਾ ਇਹ ਕਿ ਉਹਨਾਂ ਨੂੰ ਬੱਸ ਦੇ ਸਪੀਕਰਾਂ ‘ਚੋਂ ਵਜਦੇ ਚੋਂਦੇ ਚੋਂਦੇ ਗਾਣੇ ਸੁਣ ਕੇ ਇੱਕ ਦੂਜੇ ਤੋਂ ਨਜ਼ਰਾਂ ਚੁਰਾ ਕੇ ਸਫ਼ਰ ਕਰਨਾ ਪਵੇਗਾ। ਹਲਕੇ ਪੱਧਰ ਦੀ ਸ਼ਬਦਾਵਲੀ ਜਿਉਣਾ ਦੁੱਭਰ ਕਰ ਰਹੀ ਹੈ। ਬੇਸ਼ੱਕ ਇਹ ਦਲੀਲ ਹਰ ਗਾਇਕ ਗੀਤਕਾਰ ‘ਤੇ ਲਾਗੂ ਨਹੀਂ ਹੁੰਦੀ ਪਰ ਅੱਜਕੱਲ੍ਹ ਦੇ ਦੌਰ ‘ਚ ਅਜਿਹੀ ਸ਼ਬਦਾਵਲੀ ਨੂੰ ਹੀ ਵਧੇਰੇ ਕਮਾਈ ਦਾ ਸਾਧਨ ਮੰਨਿਆ ਜਾ ਰਿਹਾ ਹੈ ਜਿਹੜੀ ਲਿਖਣ ਵਾਲਾ ਗੀਤਕਾਰ ਤੇ ਗਾਉਣ ਵਾਲਾ ਗਾਇਕ ਵੀ ਆਪਣੀ ਧੀ ਜਾਂ ਬੇਟੀ ਨੂੰ ਸੁਣਾ ਨਾ ਸਕਣ ਪਰ ਲੋਕਾਂ ਦੀਆਂ ਧੀਆਂ ਭੈਣਾਂ ਲਈ ‘ਤੋਹਫੇ’ ਵਜੋਂ ਅਜਿਹੇ ਬੋਲ ਸੰਗੀਤ ‘ਚ ਲਪੇਟ ਕੇ ਵੰਡ ਦਿੱਤੇ ਜਾਂਦੇ ਹਨ।
ਕਿਸੇ ਨੂੰ ਲੰਮੀ ਉਮਰ ਦੀ ਅਸੀਸ ਦੇਣ ਵੇਲੇ ਗਿਆਨਵਾਨ ਲੋਕ “ਤੇਰੀ ਉਮਰ ਲੋਕਗੀਤ ਜਿੰਨੀ ਹੋਵੇ” ਇਸ ਕਰਕੇ ਹੀ ਕਹਿੰਦੇ ਹਨ ਕਿ ਉਹ ਗੀਤ ਲੋਕਾਂ ਦੇ ਆਪਣੇ ਅਤੇ ਉਹਨਾਂ ਦੀ ਜਿ਼ੰਦਗੀ ਦਾ ਸਾਹਿਤਕ ਸਰਮਾਇਆ ਹੋ ਨਿੱਬੜਦੇ ਹਨ। ਪੀੜੀ ਦਰ ਪੀੜੀ ਉਸ ਜਨਜੀਵਨ ਦੇ ਨਾਲ ਨਾਲ ਤੁਰਦੇ ਰਹਿੰਦੇ ਹਨ। ਉਹਨਾਂ ਗੀਤਾਂ ਦੇ ਰਚੇਤਾ ਦਾ ਵੀ ਕਿੱਧਰੇ ਜਿ਼ਕਰ ਨਹੀਂ ਮਿਲੇਗਾ। ਪਰ ਉਹਨਾਂ ਮੂਹੋਂ-ਮੂੰਹ ਅੱਗੇ ਤੁਰਦੇ ਆਉਂਦੇ ਬੋਲਾਂ ਨੂੰ ਆਵਾਜ਼ਾਂ ਸਮੇ ਸਮੇਂ ‘ਤੇ ਵੱਖੋ ਵੱਖਰੀਆਂ ਮਿਲਦੀਆਂ ਰਹਿੰਦੀਆਂ ਹਨ। ਗਾਇਨ ਕਲਾ ਨੂੰ ਲੋਕਾਂ ਅੱਗੇ ਪ੍ਰਸਾਰਿਤ ਕਰਨ ਲਈ ਬੋਲ ਵੀ ਅਹਿਮ ਮੁਕਾਮ ਰੱਖਦੇ ਹਨ। ਗਾਇਕੀ ਦੇ ਗੱਡੇ ਦੇ ਦੋਵੇਂ ਪਹੀਏ ਗੀਤ ਗਾਉਣ ਵਾਲੇ ਅਤੇ ਗੀਤ ਲਿਖਣ ਵਾਲੇ ਨੂੰ ਖਿਆਲ ਕੀਤਾ ਜਾਂਦੈ। ਜੇਕਰ ਇਹਨਾਂ ਦੋਵਾਂ ‘ਚੋਂ ਇੱਕ ਪਹੀਆ ਵੀ ‘ਫਰੜ’ ਦਾ ਸਿ਼ਕਾਰ ਹੋ ਜਾਵੇ ਤਾਂ ਇਹੀ ਗੱਡਾ ਸਮਾਜ ਦੀ ਬਣੀ ਬਣਾਈ ਸਜੀ-ਸੰਵਰੀ ਲੀਹ ਪਾੜ ਕੇ ਚੱਲਣ ਲੱਗ ਜਾਂਦੈ। ਅਜੋਕੀ ਗਾਇਕੀ ਗੀਤਕਾਰੀ ਵਿੱਚ ਪਿਆ ਹੋਇਆ ਗੰਦ ਅਤੇ ਠਰਕਭੋਰੂ ਮਾਨਸਿਕਤਾ ਦਾ ਹਾਵੀ ਹੋਣਾ ਵੀ ਇਸੇ ‘ਫਰੜ’ ਦਾ ਹੀ ਨਤੀਜਾ ਹੈ। ਦਿਨ-ਬ-ਦਿਨ ਨੰਗ ਧੜੰਗੇ ਸ਼ਬਦਾਂ ਵਾਲੇ ਗੀਤ ਸੁਣਨ ਨੂੰ ਮਿਲ ਰਹੇ ਹਨ। ਰਿਸ਼ਤਿਆਂ ਦੀ ਪਵਿੱਤਰਤਾ ਭੰਗ ਕਰਨ ਵਾਲੇ ਗੀਤ ਘਰੋ-ਘਰੀ ਧੱਕੇ ਨਾਲ ਸੁਣਾਏ ਜਾ ਰਹੇ ਹਨ। ਇੱਕ ਪਾਸੇ ਕੁੜੀਆਂ ਦੇ ਘਟ ਰਹੇ ਜਨਮ ਦਰ ਅਨੁਪਾਤ ਦਾ ਰੋਣਾ ਰੋਇਆ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਉਹਨਾਂ ਹੀ ਕੁੜੀਆਂ ਨੂੰ ਜੰਮਣੋਂ ਰੋਕਣ ਲਈ ਮਾਪਿਆਂ ਨੂੰ ‘ਮਜ਼ਬੂਰ’ ਕਰਨ ਵਰਗੇ ਗੀਤਾਂ ਨੂੰ ਅੱਖਾਂ ਬੰਦ ਕਰ ਕੇ ਸ਼ਹਿ ਦਿੱਤੀ ਜਾ ਰਹੀ ਹੈ? ਜਿਉਂ ਜਿਉਂ ਸਮਾਜ ਵਧੇਰੇ ਗਤੀਸ਼ੀਲ ਹੁੰਦਾ ਜਾ ਰਿਹਾ ਹੈ, ਲਗਦਾ ਹੈ ਕਿ ਗਾਇਕਾਂ ਤੇ ਕਲਮਕਾਰਾਂ ਦੀ ਸਮਾਜ ਪ੍ਰਤੀ ਜਵਾਬਦੇਹੀ ਵੀ ਖੁਹ ਖਾਤੇ ਪੈ ਗਈ ਹੈ। ਅੱਥਰੇ ਘੋੜੇ ਵਾਂਗ ਆਪ ਮੁਹਾਰਤਾ ਦਾ ਹੋਣਾ ਅਤੇ ਸਿਰਫ ਤੇ ਸਿਰਫ ‘ਮੈਂ ਮੈਂ’ ਦੀ ਚਾਹਤ ਹੀ ਪਾਕ-ਪਵਿੱਤਰ ਹਰਫ਼ਾਂ ਨੂੰ ਨੰਗੇ ਕਰ ਰਹੀ ਜਾਪਦੀ ਹੈ। ਗੀਤਕਾਰੀ ਦੇ ਡਿੱਗ ਰਹੇ ਮਿਆਰ ਵੱਲ ਨਿਗ੍ਹਾ ਮਾਰਨੀ ਚਾਹੀ ਤਾਂ ਇੱਕ ਪੱਖ ਇਹ ਵੀ ਉੱਭਰ ਕੇ ਸਾਹਮਣੇ ਆਇਆ ਕਿ ਇਸ ਖੇਤਰ ਵਿੱਚ ਉਹਨਾਂ ਲੋਕਾਂ ਦੀ ਆਮਦ ਵੀ ਧਿਆਨ ਮੰਗਦੀ ਹੈ ਜਿਹਨਾਂ ਨੇ ਇਸ ਸਮਾਜ ਨੂੰ ਸਿਰਫ ਰੰਗ ਬਰੰਗੀਆਂ ਐਨਕਾਂ ਲਾ ਕੇ ਹੀ ਦੇਖਿਆ ਹੁੰਦੈ। ਅਜਿਹੇ ਭਗਤ-ਜਨ ਵੀ ਸਾਹਮਣੇ ਆਏ ਜਿਹਨਾਂ ਨੇ ਕਦੇ ਕਾਲਜ਼ ਦੇ ਮੁੱਖ ਦਰਵਾਜੇ ਦੇ ਅੰਦਰ ਪੈਰ ਰੱਖਕੇ ਵੀ ਨਹੀਂ ਦੇਖਿਆ ਪਰ ਉਹ ਕਾਲਜ਼ ਦੀ ਜਿ਼ੰਦਗੀ ਨਾਲ ਸੰਬੰਧਤ ਗੀਤ ਲਿਖਣ ਵੱਲ ਨੂੰ ਹੋ ਤੁਰੇ। ਜਿੰਨਾ ਵੀ ਹੋ ਸਕਿਆ ਕਾਲਜ਼ਾਂ ਨੂੰ ਆਸ਼ਕੀ ਦੇ ਅੱਡੇ ਬਣਾ ਬਣਾ ਦਿਖਾਇਆ ਗਿਆ ਅਤੇ ਨਿਰੰਤਰ ਦਿਖਾਇਆ ਜਾ ਰਿਹਾ ਹੈ। ਉਹ ਗੀਤਕਾਰ ਵੀ ਪ੍ਰਕਾਸ਼ ਵਿੱਚ ਆਏ ਜਿਹਨਾਂ ਨੇ ਸਕੂਲੀ ਸਿੱਖਿਆ ਵੀ ਨਹੀਂ ਬਖਸ਼ੀ ਪਰ ਜਦੋਂ ਉਹਨਾਂ ਨਾਲ ਨਿੱਜੀ ਤੌਰ ‘ਤੇ ਇਹ ਸਵਾਲ ਕੀਤਾ ਕਿ ਕੀ ਤੁਸੀਂ ਆਪਣੀ ਬੇਟੀ ਨੂੰ ਵੀ ਸ਼ੱਕ ਦੀ ਨਜ਼ਰ ਨਾ ਦੇਖਦੇ ਹੋ ਕਿ ਉਹ ਵੀ ਸਕੂਲ ਆਸ਼ਕੀ ਕਰਨ ਜਾਂਦੀ ਹੈ? ਤਾਂ ਭਾਈ ਸਾਬ੍ਹ ਕੋਲ ਕੱਚਾ ਜਿਹਾ ਧੂੰਆਂ ਮਾਰਨ ਤੋਂ ਬਗੈਰ ਕੋਈ ਜਵਾਬ ਨਹੀਂ ਸੀ। ਹੋਰ ਤਾਂ ਹੋਰ ਇੱਕ “ਕੁਆਰੀ ਗਾਇਕਾ ਬੀਬੀ” ਨਾਲ ਥੋਕ ਦੇ ਭਾਅ ਗੀਤ ਗਾਉਣ ਵਾਲੇ ਭਾਈ ਸਾਬ੍ਹ ਨੇ ਤਾਂ ਐਲ. ਕੇ. ਜੀ. ‘ਚ ਪੜ੍ਹਦੇ ਜੁਆਕ ਵੀ ਨਾ ਬਖਸ਼ੇ। ਜਦੋਂ ਰੇਡੀਓ ‘ਦਿਲ ਆਪਣਾ ਪੰਜਾਬੀ’ ਦੇ ਪੇਸ਼ਕਾਰ ਹਰਜੋਤ ਸੰਧੂ ਨੇ ਉਹੀ ਗੀਤ ਉਸਦੇ ਆਪਣੇ ਬੱਚਿਆਂ ਨੂੰ ਸਾਹਮਣੇ ਰੱਖ ਕੇ ਸੁਆਲ ਕੀਤੇ ਤਾਂ ਗਾਇਕ ਸਾਬ੍ਹ ਕੋਲ ਮਾਫ਼ੀ ਮੰਗਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਇੱਕ ਪਾਸੇ ਤਾਂ ਦੇਸ਼ ਭਰ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਦਾ ਹੜ੍ਹ ਆਇਆ ਪਿਆ ਹੈ। ਨਵੇਂ ਤੋਂ ਨਵੇਂ ਕਾਨੂੰਨ ਬਨਾਉਣ ਦਾ ਰੌਲਾ ਪਾਇਆ ਜਾ ਰਿਹਾ ਹੈ, ਉੱਥੇ ਗੀਤਕਾਰੀ ਵਿੱਚ ਆਏ ਨਿਘਾਰ ਦੀ ਕੀ ਵਜ੍ਹਾ ਹੋ ਸਕਦੀ ਹੈ? ਕਿਉਂ ਪੰਜਾਬੀ ਗੀਤਕਾਰੀ ਦਾ ਮਿਆਰ ਦਿਨੋ ਦਿਨ ਚਗਲਪੁਣੇ ਦੇ ਰਾਹ ਤੁਰਿਆ ਹੋਇਆ ਹੈ? ਜਦੋਂ ਇਹਨਾਂ ਸਵਾਲਾਂ ਬਾਰੇ ਉਤਸੁਕਤਾ ਜਾਗੀ ਤਾਂ ਉੱਚ-ਪਾਏ ਦੇ ਗੀਤ ਲਿਖਣ ਵਾਲੇ ਇੱਕ ਗੀਤਕਾਰ ਨਾਲ ਰਾਬਤਾ ਕੀਤਾ। (ਗੀਤਕਾਰ ਦਾ ਨਾਂ ਤਕਨੀਕੀ ਕਾਰਨ ਕਰਕੇ ਨਸ਼ਰ ਨਹੀਂ ਕੀਤਾ ਗਿਆ) ਜਿ਼ਕਰਯੋਗ ਹੈ ਕਿ ਇਸ ਗੀਤਕਾਰ ਦੇ ਬੀਤੇ ਦਿਨੀਂ ਆਏ ਪਰਿਵਾਰਕ ਗੀਤ ਨੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਅਤੇ ਗਾਉਣ ਵਾਲੇ ਗਾਇਕ ਨੂੰ ਵੀ ਰੱਜਵਾਂ ਮਾਣ ਸਨਮਾਨ ਦਿਵਾਇਆ। ਉਕਤ ਗਾਇਕ ਵੱਲੋਂ ਪ੍ਰਤੀ ਅਖਾੜੇ ਦਾ ਰੇਟ ਵੀ ‘ਡੇਢ ਕੁ ਲੱਖ’ ਰੁਪਈਆ ਲਿਆ ਜਾਂਦਾ ਹੈ। ਇਹਨਾਂ ਸਤਰਾਂ ਦੇ ਲੇਖਕ ਨੂੰ ਉਮੀਦ ਸੀ ਕਿ ਗਾਇਕ ਵੱਲੋਂ ਉਸਦੇ ‘ਹਿੱਟ’ ਗੀਤ ਦੇ ਰਚੇਤਾ ਦੀ ਕਲਮਕਾਰੀ ਦਾ ਵਾਜ਼ਬ ਮੁੱਲ ਪਾਇਆ ਹੋਵੇਗਾ। ਜਦ ਸਹਿਜ-ਸੁਭਾਅ ਹੀ ਗੀਤਕਾਰ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਉਸ ਵੱਲੋਂ ਮੰਗ ਕਰਨ ‘ਤੇ ਹੀ ਗਾਇਕ ਨੇ 4 ਹਜਾਰ ਰੁਪਈਆ ਦਿੱਤਾ। ਪਰ ਉਕਤ ਗੀਤਕਾਰ ਫਿਰ ਵੀ ਇਸ ਕਰਕੇ ਖੁਸ਼ ਮਹਿਸੂਸ ਹੋ ਰਿਹਾ ਸੀ ਕਿ ਬਾਕੀ ਦੇ ਤਾਂ ਮਿਹਨਤਾਨਾ ਮੰਗਣ ‘ਤੇ ਵੀ ‘ਝੱਗਾ ਚੱਕ’ ਜਾਂਦੇ ਆ। ਉਸੇ ਗੀਤਕਾਰ ਵੀਰ ਦੇ ਮਨ ਦੇ ਵਲਵਲੇ ਹੀ ਗੀਤਕਾਰ ਸਾਥੀਆਂ ਲਈ ਸਾਂਝੇ ਕਰ ਰਿਹਾ ਹਾਂ ਜਿਹੜੇ ਸਿਰਫ ‘ਨਾਮ’ ਕਮਾਉਣ ਦੀ ਦੌੜ ‘ਚ ਹੀ ਕਲਮ ਨਾਲ ਤਾਂ ਧੋਖਾ ਕਰ ਹੀ ਰਹੇ ਹਨ ਸਗੋਂ ਆਪਣੇ ਆਪ ਨੂੰ ‘ਘੈਂਟ’ ਹੋਣ ਦਾ ਵਹਿਮ ਵੀ ਪਾਲ ਰਹੇ ਹਨ। ਜਿੱਥੇ ਪਹਿਲਾਂ ਪਹਿਲ ਸੰਗੀਤ ਕੰਪਨੀਆਂ ਵੱਲੋਂ ਗਾਇਕਾਂ ਦੇ ਨਾਲ ਨਾਲ ਗੀਤਕਾਰਾਂ ਨੂੰ ਵੀ ਰਾਇਲਟੀ ਦਾ ਹੱਕ ਦਿੱਤਾ ਜਾਂਦਾ ਸੀ ਉੱਥੇ ਹੁਣ ਹਾਲਾਤਾਂ ਨੇ ਬਿਲਕੁਲ ਹੀ ਪੁੱਠਾ ਗੇੜਾ ਖਾ ਲਿਆ ਹੈ। ਜਾਣਕਾਰੀ ਅਨੁਸਾਰ ਗਾਇਕਾਂ ਵੱਲੋਂ ਪੈਸੇ ਲੈ ਕੇ ਗੀਤ ਗਾਉਣ ਦੀ ਪਾਈ ਜਾ ਰਹੀ ਪਿਰਤ ਵੀ ਮਿਆਰੀ ਗੀਤਕਾਰੀ ਦੇ ਰਾਹ ਦਾ ਸਭ ਤੋਂ ਵੱਡਾ ਰੋੜਾ ਬਣ ਰਹੀ ਹੈ। ਪੈਸੇ ਦੇ ਕੇ ਗਜ ਪੜਵਾਉਣ ਦੀ ਕਹਾਵਤ ਵਾਂਗ ਜਿਸ ਗੀਤਕਾਰ ਨੇ ਪੈਸੇ ਦੇ ਕੇ ਹੀ ਗਵਾਉਣਾ ਹੈ, ਫਿਰ ਦੀ ਮਰਜੀ ਵੀ ਮਾਅਨਾ ਰੱਖਦੀ ਹੈ ਕਿ ਉਸਨੇ ਕੀ ਗਵਾਉਣਾ ਹੈ? ਉਸੇ ਗੀਤਕਾਰ ਵੀਰ ਦਾ ਸਿ਼ਕਵਾ ਸੀ ਕਿ ਇੱਕ ਪਾਸੇ ਤਾਂ ਗੀਤਕਾਰ ਆਪਣੇ ਗੀਤਾਂ ਨੂੰ ਆਪਣੇ ਪੁੱਤ ਦੱਸਦੇ ਨਹੀਂ ਥੱਕਦੇ ਪਰ ਦੂਜੇ ਪਾਸੇ ਆਪਣੇ ਪੁੱਤਾਂ ਵਰਗੇ ਗੀਤਾਂ ਨੂੰ ਪੱਲਿਉਂ ਪੈਸੇ ਦੇ ਕੇ ਗਵਾਉਣ ਦੀ ਦੌੜ ‘ਚ ਹਨ। ਸਗੋਂ ਚਾਹੀਦਾ ਤਾਂ ਇਹ ਹੈ ਕਿ ਜੇ ਗਾਇਕ ਆਪਣੀ ਕਲਾ ਦੀ ਖੱਟੀ ਖਾਦੇ ਹਨ ਤਾਂ ਫਿਰ ਉਹਨਾਂ ਗਾਇਕਾਂ ਨੂੰ ਗਾਉਣ ਜੋਕਰੇ ਕਰਨ ਲਈ ਗੀਤ ਲਿਖਣ ਵਾਲੇ ਗੀਤਕਾਰ ਕਿਉਂ ਭੁੱਖੇ ਮਰਨ? ਫਿਰ ਗੀਤਕਾਰਾਂ ਦੀ ਕਲਾ ਦਾ ਮੁੱਲ ਪਾਉਣ ਵੇਲੇ ਕਿਉਂ ਗਾਇਕਾਂ ਨੂੰ ਸੱਪ ਸੁੰਘ ਜਾਂਦੇ ਹਨ? ਜੇਕਰ ਕਿਸੇ ਗਾਇਕ ਕੋਲ ਕੋਈ ਗੀਤ ਹੀ ਨਾ ਹੋਵੇ ਤਾਂ ਉਸਦਾ ਕੀ ਵਜੂਦ ਹੈ? ਕੌਣ ਉਸਨੂੰ ਗਾਇਕ ਆਖੇਗਾ? ਅਸਲੀਅਤ ਇਹ ਹੈ ਕਿ ਸ਼ਬਦਾਂ ਨੂੰ ਲੜੀ ‘ਚ ਪਰੋ ਕੇ ਤਿਆਰ ਕੀਤੇ ਗੀਤ ਦਾ ਰਚੇਤਾ ਸਿਰਫ ਨਾਂ ਜੋਕਰਾ ਹੀ ਰਹਿ ਜਾਂਦੈ ਤੇ ਗਾਇਕ ਵੀਰ ਉਹਨਾਂ ਹੀ ਗੀਤਾਂ ਦੀ ਖੱਟੀ ਖਾ ਕੇ ਕਾਰਾਂ ਕੋਠੀਆਂ, ਪਲਾਟਾਂ ਦੇ ਮਾਲਕ ਬਣ ਬਹਿੰਦੇ ਹਨ। ਉਸ ਗੀਤਕਾਰ ਵੀਰ ਦੇ ਬੋਲਾਂ ‘ਚ ਬਗਾਵਤੀ ਸੁਰ ਇਹਨਾਂ ਆਖਰੀ ਸ਼ਬਦਾਂ ਰਾਹੀਂ ਬਿਆਨ ਕਰ ਰਿਹਾ ਹਾਂ ਕਿ “ਅੰਬ ਚੂਪਣ ਨੂੰ ਗਾਇਕ ਤੇ ਗੁਠਲੀਆਂ ਗਿਣਨ ਨੂੰ ਕੱਲੇ ਗੀਤਕਾਰ ਕਿਉਂ?”


0 comments:
Speak up your mind
Tell us what you're thinking... !