ਪੰਜਾਬੀਆਂ ਦੇ ਸਭ ਰਸਮਾਂ-ਰਿਵਾਜਾਂ ਵਿੱਚੋਂ ਸਾਹਿਤ ਦਾ ਰਸੀਲਾ ਰਸ ਰਿਸਦਾ ਹੈ। ਖ਼ੁਸ਼ੀ-ਗ਼ਮੀ ਦੇ ਅੱਥਰੇ ਜਜ਼ਬਾਤ ਆਪ-ਮੁਹਾਰੇ ਹੋ ਕੇ ਕਿਸੇ ਆਬਸ਼ਾਰ ਵਾਂਗ ਫੁੱਟਦੇ ਹਨ। ਇਹ ਜਜ਼ਬਾਤੀ ਕਾਵਿ ਬੰਦ ਹੀ ਲੋਕ ਸਾਹਿਤ ਦੀ ਇਕਰਸ ਵਹਿੰਦੀ ਲੋਕਧਾਰਾ ਦਾ ਰੂਪ ਹੋ ਨਿੱਬੜਦੇ ਹਨ। ਪੰਜਾਬੀ ਸੱਭਿਆਚਾਰ ਵਿੱਚ ਪੰਘੂੜੇ ਤੋਂ ਲੈ ਕੇ ਅਰਥੀ ਤਕ ਦਾ ਸਫ਼ਰ ਇਨ੍ਹਾਂ ਕਾਵਿ-ਬੰਦਾਂ ਰਾਹੀਂ ਹੁੰਦਾ ਆਇਆ ਹੈ। ਲੋਰੀਆਂ, ਥਾਲ, ਬਾਲ ਖੇਡਾਂ ਦੇ ਟੋਟਕੇ, ਘੋੜੀਆਂ, ਸੁਹਾਗ, ਸਿੱਠਣੀਆਂ, ਬੋਲੀਆਂ, ਦੋਹੇ (ਦੋਹਰੇ), ਅਲਾਹੁਣੀਆਂ, ਕੀਰਨੇ, ਫੇਰੀ ਵਾਲੇ ਦੇ ਹੋਕੇ ਸਭ ਮਨ ਦੇ ਪ੍ਰਵਹਿਣ ਦੀਆਂ ਵੇਗਮਈ ਤਿਰੰਗਾਂ ਦਾ ਰੂਪ ਹਨ। ਸਾਹਿਤ ਦੇ ਪ੍ਰਮਾਣਿਤ ਨੌਂ ਰਸ ਵੀ ਮਨੁੱਖੀ ਮਨ ਦੇ ਭਾਵੁਕ ਵਹਿਣ ਦੀ ਗੱਲ ਕਰਦੇ ਹਨ। ਪੰਜਾਬੀ ਲੋਕ ਸਾਹਿਤ ਦੇ ਅਜਿਹੇ ਕੁਝ ਰੂਪ ਪੀੜ੍ਹੀ ਦਰ ਪੀੜ੍ਹੀ ਜ਼ਬਾਨੋਂ-ਜ਼ਬਾਨੀ ਸਫ਼ਰ ਕਰਦੇ ਆ ਰਹੇ। ਨਿਰੰਤਰ ਸਫ਼ਰ ਕਰਦੇ ਇਹ ਸਾਹਿਤ ਰੂਪ ਆਪਣੇ ਰਚਨਹਾਰਿਆਂ ਦੀ ਮੋਹਰਛਾਪ ਵੀ ਗੁਆ ਚੁੱਕੇ ਹਨ। ਇਨ੍ਹਾਂ ਸਾਹਿਤ ਰੂਪਾਂ ਵਿੱਚੋਂ ਇੱਕ ਹੈ- ਦੋਹੇ। ਦੋਹੇ ਵਿਆਹ-ਮੰਗਣੇ ’ਤੇ ਜੁੜੀਆਂ ਔਰਤਾਂ ਵੱਲੋਂ ਵਿਅਕਤੀਗਤ ਰੂਪ ਵਿੱਚ ਗਾਏ ਜਾਂਦੇ ਹਨ। ਭਾਵ ਕਿ ਇੱਕ ਦੋਹਾ ਇੱਕ ਔਰਤ ਲੰਮੀ ਹੇਕ ਵਿੱਚ ਗਾਉਂਦੀ ਹੈ, ਜਿਸ ਨੂੰ ਮਲਵਈ ਭਾਸ਼ਾ ਵਿੱਚ ‘ਦੋਹਾ ਲਾਉਣਾ’ ਕਿਹਾ ਜਾਂਦਾ ਹੈ। ਇਨ੍ਹਾਂ ਦੋਹਿਆਂ ਵਿੱਚੋਂ ਆਪਸੀ ਪਿਆਰ, ਮਾਣ-ਸਤਿਕਾਰ ਅਤੇ ਹਾਸਾ-ਠੱਠਾ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਪੰਜਾਬ ਦੇ ਪੁਰਾਤਨ ਵਿਆਹਾਂ ਵਿੱਚ ਮੁੰਡੇ-ਕੁੜੀ ਦੇ ਅਨੰਦ ਕਾਰਜ ਤੋਂ ਇੱਕ ਦਿਨ ਪਹਿਲਾਂ ਧੀ ਵਾਲੇ ਮੁੰਡੇ ਦੇ ਘਰ ਮੁੰਡੇ ਨੂੰ ਸ਼ਗਨ ਪਾਉਣ ਜਾਂਦੇ ਸਨ, ਜਿਸ ਨੂੰ ‘ਰੋਪਨਾ ਪਾਉਣਾ’ ਕਿਹਾ ਜਾਂਦਾ ਸੀ। ਰੋਪਨਾ ਸਮੇਂ ਜਦੋਂ ਮੁੰਡਾ ਸਜ-ਸੰਵਰ ਕੇ ਸੋਹਣੀ ਚੌਂਕੀ ਜਾਂ ਕੁਰਸੀ ਉੱਪਰ ਆ ਬੈਠਦਾ ਸੀ ਤਾਂ ਆਂਢ-ਗੁਆਂਢ ਅਤੇ ਰਿਸ਼ਤੇਦਾਰ ਔਰਤਾਂ ਸਭ ਘੇਰਾ ਬੰਨ੍ਹ ਕੇ ਖਲੋ੍ਹ ਜਾਂਦੀਆਂ ਸਨ ਅਤੇ ਵਾਰੋ-ਵਾਰੀ ਦੋਹੇ ਲਾਉਂਦੀਆਂ ਸਨ। ਇਨ੍ਹਾਂ ਦੋਹਿਆਂ ਵਿੱਚ ਵਿਆਂਹਦੜ ਮੁੰਡੇ ਦੇ ਸੁਹੱਪਣ, ਸਿਆਣਪ ਅਤੇ ਸਲੀਕੇ ਦੀ ਸਿਫ਼ਤ ਕਰਦਿਆਂ ਉਸ ਉੱਪਰ ਮਾਣ ਕਰਦਿਆਂ ਉਸ ਨੂੰ ਪਿਆਰ ਭੇਟ ਕੀਤਾ ਜਾਂਦਾ ਸੀ। ਮੁੰਡੇ ਦੀਆਂ ਭੈਣਾਂ, ਭੂਆਂ, ਮਾਮੀਆਂ, ਮਾਸੀਆਂ, ਚਾਚੀਆਂ, ਤਾਈਆਂ ਵਾਰੋ-ਵਾਰੀ ਦੋਹੇ ਲਾ ਕੇ ਮਾਹੌਲ ਨੂੰ ਸੁਰਮਈ ਬਣਾ ਦਿੰਦੀਆਂ ਸਨ। ਸੋਹਣਾ ਸੂਟ-ਬੂਟ ਪਾ ਕੇ ਚੌਂਕੀ ’ਤੇ ਸਜੇ ਵੀਰ ਦੀ ਸੁੰਦਰਤਾ ਤੋਂ ਸਦਕੇ ਜਾਂਦੀਆਂ ਭੈਣਾਂ ਵੀਰ ਪ੍ਰਤੀ ਅੰਤਾਂ ਦਾ ਪਿਆਰ ਜਤਾਉਂਦੀਆਂ ਦੋਹਾ ਲਾਉਂਦੀਆਂ ਹਨ:
ਬੂਟ ਜ਼ੁਰਾਬਾਂ ਕਸ ਲਈਆਂ ਵੀਰਾ, ਮੋਢੇ ਧਰੀ ਵੇ ਬੰਦੂਕ।
ਕੀਹਨੇ ਦਿੱਤੇ ਕੱਪੜੇ,
ਤੈਨੂੰ ਕੀਹਨੇ ਦਿੱਤਾ, ਵੇ ਅੰਤੋਂ ਪਿਆਰਿਆ ਰੂਪ।
ਖੜ੍ਹੀਆਂ ਔਰਤਾਂ ਵਿੱਚੋਂ ਕੋਈ ਹੋਰ ਦੋਹੇ ਦਾ ਉੱਤਰ ਇਸ ਤਰ੍ਹਾਂ ਦਿੰਦੀ ਹੈ:
ਬੂਟ ਜ਼ੁਰਾਬਾਂ ਕਸ ਲਈਆਂ ਭੈਣੇ, ਮੋਢੇ ਧਰੀ ਨੀਂ ਬੰਦੂਕ।
ਮਾਪਿਆਂ ਦਿੱਤੇ ਕੱਪੜੇ,
ਮੈਨੂੰ ਰੱਬ ਨੇ ਦਿੱਤਾ, ਨੀਂ ਅੰਤੋਂ ਪਿਆਰੀਏ ਰੂਪ।
ਕੋਈ ਵੀਰ ਨੂੰ ਭਾਗਾਂਵਾਲਾ ਮੰਨਦੀ ਹੋਈ ਆਪਣਾ ਪਿਆਰ ਇਸ ਤਰ੍ਹਾਂ ਪ੍ਰਗਟਾਉਂਦੀ ਹੈ:
ਡੱਬੀ ਵੀ ਮੇਰੀ ਕੰਚ (ਕੱਚ) ਦੀ ਵੀਰਾ,
ਵਿੱਚ ਸਰ੍ਹੋਂ ਦਾ ਵੇ ਸਾਗ।
ਹੋਰਾਂ ਦੇ ਮੱਥੇ ਤਿਉੜੀਆਂ,
ਮੇਰੇ ਵੀਰ ਦੇ ਮੱਥੇ, ਵੇ ਵੀਰ ਸੁਲੱਖਣਿਆਂ ਭਾਗ।
ਇਸ ਤਰ੍ਹਾਂ ਦੋਹਿਆਂ ਦੇ ਵਰ੍ਹਦੇ ਮੀਂਹ ਵਿੱਚ ਹਰ ਔਰਤ ਸਾਹਿਤਕ ਛਰਾਟਿਆਂ ਦਾ ਰਸ ਮਾਣਦੀ ਹੋਈ ਮਾਨਸਿਕ ਤ੍ਰਿਪਤੀ ਕਰਦੀ ਹੈ।
ਵੀਰ ਪ੍ਰਤੀ ਅੰਤਾਂ ਦੇ ਪਿਆਰ ਦਾ ਜ਼ਿਕਰ ਕਰਦੀ ਹੋਈ ਕੋਈ ਹੋਰ ਭੂਆ-ਮਾਸੀ ਭਤੀਜੇ ਜਾਂ ਭਾਣਜੇ ਨੂੰ ਵੀਰ ਕਹਿ ਕੇ ਸੰਬੋਧਨ ਕਰਦੀ ਹੋਈ ਕਹਿੰਦੀ ਹੈ:
ਤੂੰ ਲੌਂਗ ਮੈਂ ਲੈਚੀਆਂ ਵੀਰਾ, ਦੋਵੇਂ ਚੰਗੀ ਵੇ ਚੀਜ਼।
ਮੈਂ ਤਾਂ ਤੈਨੂੰ ਇਉਂ ਰੱਖਾਂ,
ਜਿਉਂ ਦੰਦਾਂ ਵਿਚਾਲੇ, ਵੇ ਅੱਜ ਦਿਨ ਸ਼ਾਦੀਆਂ ਜੀਭ।
ਭਰਾ ਦੇ ਪਿਆਰ ਵਿੱਚ ਢਲੀ ਭੈਣ ਵੀਰ ਉੱਤੇ ਪਈ ਧੁੱਪ ਵੀ ਨਹੀਂ ਸਹਾਰਦੀ:
ਕਿੱਕਰੇ ਨੀਂ ਨਿਉਂ ਡਾਹਣੀਏ, ਕਿੱਕਰੇ।
ਫਲੀਂ ਕਿੱਲੇ ਦੀ ਨੀਂ ਥਾਂ।
ਤੇਰਾ ਡਾਹਣਾ ਵੱਢ ਕੇ ਮੈਂ ਤਾਂ ਕਰਾਂ ਵੀਰ ਨੂੰ,
ਨੀਂ ਕਿੱਕਰੇ ਨਿਉਂ ਡਾਹਣੀਏ ਛਾਂ।
ਇਸੇ ਸਿਲਸਿਲੇ ਦੌਰਾਨ ਕੋਈ ਵੀਰ ਨੂੰ ਪਟਵਾਰੀ ਬਣਿਆ ਵੇਖਦੀ ਹੋਈ ਕਹਿੰਦੀ ਹੈ:
ਵੀਰਾ ਵੇ ਪਟਵਾਰੀਆ ਵੀਰਾ, ਧੁੱਪੇ ਜਾਵੇ ਵੇ ਕੁਮਲਾਅ।
ਜੇ ਮੈਂ ਹੋਵਾਂ ਬੱਦਲੀ
ਮੈਂ ਤਾਂ ਸੂਰਜ ਲੈਂਦੀ, ਵੇ ਅੰਤੋਂ ਪਿਆਰਿਆ, ਛੁਪਾ।
ਵੀਰ ਨੂੰ ਪਿਆਰ ਭਰੇ ਦੋਹੇ ਲਾਉਂਦੀਆਂ ਕੁੜੀਆਂ ਵਿਚੋਲੇ ਦਾ ਧੰਨਵਾਦ ਕਰਨਾ ਨਹੀਂ ਭੁੱਲਦੀਆਂ ਜਿਸ ਨੇ ਸੋਹਣਾ ਮੇਲ ਮਿਲਾਇਆ ਹੈ। ਉਹ ਵਿਚੋਲੇ ਨੂੰ ਅਸੀਸ ਦਿੰਦੀਆਂ ਧੰਨਵਾਦੀ ਦੋਹਾ ਲਾਉਂਦੀਆਂ ਨੇ:
ਵਿਚੋਲਿਆ ਵੇ ਤੇਰਾ ਪੁੱਤ ਜੀਵੇ, ਵਿਚੋਲਿਆ।
ਸਾਡਾ ਵਧਿਆ ਵੇ ਪਰਿਵਾਰ।
ਐਸਾ ਬੂਟਾ ਲਾ ਦਿੱਤਾ,
ਜਿਹੜੇ ਫਲੇ ਬਾਪ ਦੇ, ਵੇ ਜੀਵਨ ਜੋਗਿਆ ਬਾਰ।
ਕਦੇ-ਕਦੇ ਅੱਥਰੀਆਂ ਕੁੜੀਆਂ-ਚਿੜੀਆਂ ਦਾ ਇਹ ਝੁੰਡ ਜੀਜਿਆਂ ’ਤੇ ਵਰ੍ਹ ਪੈਂਦਾ ਹੈ। ਕੁੜੀਆਂ ਜੀਜਿਆਂ ’ਤੇ ਵਿਅੰਗ ਕਸਦੀਆਂ ਹੋਈ ਖ਼ੂਬ ਹਾਸਾ- ਠੱਠਾ ਕਰਕੇ ਮਨ ਦੀ ਭੜਾਸ ਕੱਢਦੀਆਂ ਹਨ:
ਚੁਟਕੀ ਵੀ ਮਾਰਾਂ ਰਾਖ ਦੀ, ਜੀਜਾ।
ਤੈਨੂੰ ਬਾਂਦਰ ਲਵਾਂ ਵੇ ਬਣਾ।
ਮੁੱਠੀ ਖਿੱਲਾਂ ਸੁੱਟ ਕੇ,
ਤੈਥੋਂ ਖੇਡਾ ਲਵਾਂ, ਜੀ ਗੁੱਸਾ ਨਹੀਓਂ ਮੰਨਣਾ, ਪਵਾ।
ਪਹਿਲੀ ਦੀ ਰੀਸੇ ਕੋਈ ਹੋਰ ਸਾਲੀ ਜੀਜੇ ’ਤੇ ਵਿਅੰਗ ਕਸਦੀ ਜੀਜੇ ਨੂੰ ਮੁਖ਼ਾਤਿਬ ਹੁੰਦੀ ਹੈ:
ਚੁਟਕੀ ਵੀ ਮਾਰਾਂ ਰਾਖ ਦੀ, ਜੀਜਾ।
ਤੈਨੂੰ ਖੋਤਾ ਲੈਂਦੀ ਵੇ ਬਣਾ।
ਨੌਂ ਮਣ ਛੋਲੇ ਲੱਦ ਕੇ,
ਤੈਨੂੰ ਪਾਵਾਂ ਮੋਗੇ ਦੇ, ਜੀਜਾ ਜੀ ਕੰਨ ਕਰੀਂ, ਰਾਹ।
ਖਾਣ-ਪੀਣ ਦੇ ਸ਼ੌਕੀਨ ਪਰਾਹੁਣਿਆਂ ਦੀ ਵੀ ਕੁੜੀਆਂ ਦੋਹਿਆਂ ਰਾਹੀਂ ਚੰਗੀ ਭੁਗਤ ਸੁਆਰਦੀਆਂ ਨੇ। ਰੋਟੀ ਖਾਂਦੇ ਜੀਜੇ ਦੁਆਲੇ ਹੋਈਆਂ ਉਹ ਦੋਹਾ ਲਾਉਂਦੀਆਂ ਨੇ:
ਰਾਗੀਆਂ ਨੂੰ ਆਪਣੇ ਰਾਗ ਦੀ, ਦਰਸ਼ਨਾ।
ਗਿਆਨ ਨੂੰ ਆਪਣਾ ਵੇ ਗਿਆਨ।
ਤੈਨੂੰ ਆਪਣੇ ਢਿੱਡ ਦੀ,
ਤੇਰਾ ਖਾਣੇ ਵੱਲ ਜੀ ਮੈਂ ਸੱਚ ਆਖਦੀ ਧਿਆਨ।
ਰੋਪਨਾ ਤੋਂ ਦੂਜੇ ਦਿਨ ‘ਨ੍ਹਾਈ-ਧੋਈ ਵੇਲੇ’, ‘ਸਿਹਰਾਬੰਧੀ ਵੇਲੇ’ ਤੇ ‘ਸੁਰਮਾ ਪਵਾਈ’ ਦੀ ਰਸਮ ਸਮੇਂ ਵੀ ਦੋਹਿਆਂ ਦੀ ਲੜੀ ਬਰਕਰਾਰ ਰਹਿੰਦੀ ਹੈ। ਸਿਹਰਾ ਬੰਨ੍ਹਣ ਸਮੇਂ ਭੈਣਾਂ ਵੀਰ ਦੇ ਸਿਹਰੇ ਦੀ ਸਿਫ਼ਤ ਕਰਦੀਆਂ ਕਹਿੰਦੀਆਂ ਹਨ:
ਸਿਹਰਾ ਵੀ ਤੇਰਾ ਮੈਂ ਗੁੰਦਾਂ, ਵੀਰਾ।
ਸੁੱਚੀ ਜ਼ਰੀ ਦੇ ਵੇ ਨਾਲ।
ਝੁਕ-ਝੁਕ ਵੇਖਣ ਸਾਲੀਆਂ,
ਕੋਈ ਲੁਕ-ਲੁਕ ਵੇਖੇ, ਵੇ ਵੀਰ ਸੁਲੱਖਣਿਆਂ ਨਾਰ।
ਸਿਹਰਾਬੰਧੀ ਤੋਂ ਬਾਅਦ ਸੁਰਮਾ ਪਾਉਂਦੀ ਵੱਡੀ ਭਾਬੀ ਵੀ ਦੋਹਾ ਲਾਉਣਾ ਨਹੀਂ ਭੁੱਲਦੀ। ਉਹ ਪਿਆਰੇ ਦਿਉਰ ਦੇ ਸੁਰਮਾ ਪਾਉਂਦੀ ਹੋਈ ਉਸ ਤੋਂ ਗਹਿਣਿਆਂ ਦੀ ਮੰਗ ਕਰਦੀ ਹੈ:
ਪਹਿਲੀ ਸਲਾਈ ਰਸ ਭਰੀ, ਦਿਉਰਾ।
ਦੂਜੀ ਸਿਉਨੇ ਦੀ ਵੇ ਤਾਰ।
ਤੀਜੀ ਸਲਾਈ ਤਾਂ ਪਾਵਾਂ,
ਜੇ ਗਲ਼ ਨੂੰ ਪਾਵੇਂ, ਵੇ ਦਿਉਰ ਸੁਲੱਖਣਿਆਂ ਹਾਰ।
ਬਰਾਤ ਜਾਂਦੇ ਹੋਏ ਅਚਾਨਕ ਚੁੱਪ-ਚਾਪ ਖੜ੍ਹੇ ਵੀਰ ਦੀ ਚੁੱਪ ਵੀ ਭੈਣਾਂ ਨੂੰ ਰੜਕਦੀ ਹੈ:
ਕਿਉਂ ਖੜ੍ਹਾ ਵੀਰਾ, ਕਿਉਂ ਖੜ੍ਹਾ ਵੀਰਾ।
ਕਿਉਂ ਹੋਇਆ, ਵੇ ਦਿਲਗੀਰ।
ਗੱਡਾ ਦੇਣਗੇ ਦਾਜ ਦਾ,
ਤੇਰੇ ਮਗਰ ਲਾਉਣਗੇ, ਵੇ ਭੋਲ਼ਿਆ ਵੀਰਨਾ ਹੀਰ।
ਬਰਾਤ ਤੁਰ ਜਾਣ ਤੋਂ ਬਾਅਦ ਨਾਨਕੀਆਂ-ਦਾਦਕੀਆਂ ਆਪਸ ਵਿੱਚ ਵੀ ਦੋਹਿਆਂ ਰਾਹੀਂ ਖਹਿਬੜਦੀਆਂ ਰਹਿਦੀਆਂ ਹਨ ਕਿਉਂਕਿ ਵਿਆਹ ਵਿੱਚ ਦੋਹਿਆਂ ਦਾ ਕੋਈ ਖ਼ਾਸ ਸਮਾਂ ਮੁਕੱਰਰ ਨਹੀਂ ਹੁੰਦਾ। ਜਦੋਂ ਵੀ ਮੌਕਾ ਮਿਲੇ, ਮੇਲਣਾਂ ਉਸ ਨੂੰ ਹੱਥੋਂ ਨਹੀਂ ਗੁਆਉਂਦੀਆਂ। ਉਹ ਰੋਟੀ ਖਾਂਦੇ ਨਾਨਕੇ ਮੇਲ਼ ਦੀ ਮਾਮੀ ਨੂੰ ਜਾ ਘੇਰਦੀਆਂ ਨੇ:
ਮੰਜੇ ਉੱਤੇ ਬੈਠ ਕੇ ਮਾਮੀਏ, ਲੱਤਾਂ ਲਈਆਂ ਨੀਂ ਨਸਾਲ਼।
ਕਦੇ ਨਾ ਦੇਖੀਆਂ, ਰੋਟੀਆਂ,
ਤੈਂ ਤਾਂ ਕਦੇ ਨਾ ਦੇਖੀ, ਨੀਂ ਮੋਟੀ ਮਾਮੀਏ ਦਾਲ਼।
ਫਿਰ ਦਾਦਕੇ ਪਰਿਵਾਰ ਦੀ ਕੋਈ ਹੋਰ ਨਖ਼ਰੋ ਕਿਸੇ ਨਾਨਕਿਆਂ ਦੀ ਔਰਤ ਦੇ ਰਿਸ਼ਤੇ, ਗਹਿਣੇ, ਕੱਪੜੇ ਜਾਂ ਨਾਂ ਲੈ ਕੇ ਇਸ ਪ੍ਰਕਾਰ ਸੰਬੋਧਨ ਕਰਦੀ ਹੈ:
ਜੜ੍ਹ ਬੱਗੀ ਫੁੱਲ ਕੇਸਰੀ, ਬਿਨ ਪੱਤਿਆਂ ਤੋਂ ਨੀਂ ਛਾਂ।
ਜੇ ਤੂੰ ਐਡੀ ਪਾਰਖ਼ੂ, ਤਾਂ ਦੱਸ ਬਿਰਛ ਦਾ,
ਨੀਂ ਜੁਗਨੀ ਵਾਲ਼ੀਏ ਨਾਂ।
ਅੱਗੋਂ ਦੋਹੇ ਦਾ ਮੋੜਵਾਂ ਰੂਪ ਇਸ ਤਰ੍ਹਾਂ ਮਿਲਦਾ ਹੈ:
ਜੜ੍ਹ ਬੱਗੀ ਫੁੱਲ ਕੇਸਰੀ, ਬਿਨ ਪੱਤਿਆਂ ਤੋਂ ਨੀਂ ਛਾਂ।
ਮੈਂ ਨਾ ਤੈਥੋਂ ਹਾਰਦੀ,
ਕੋਈ ਕਰੀਰ ਬਿਰਛ ਦਾ, ਨੀਂ ਤਾਰੋ ਕੰਨ ਕਰੀ ਨਾਂ।
ਓਧਰ ਸਹੁਰੇ ਘਰ ਢੁੱਕੀ ਬਰਾਤ ਦੀ ਆਮਦ ’ਤੇ ਵੀ ਦੋਹਿਆਂ ਦੇ ਹਮਲੇ ਸ਼ੁਰੂ ਹੋ ਜਾਂਦੇ ਹਨ। ਔਰਤਾਂ ਬਰਾਤੀਆਂ ਦੀ ਪੱਗ, ਝੱਗੇ ਅਤੇ ਚਾਦਰੇ ਦੇ ਰੰਗਾਂ ਦਾ ਨਾਂ ਲੈ ਕੇ ਸੰਬੋਧਨੀ ਦੋਹੇ ਲਾਉਂਦੀਆਂ ਹਨ। ਬਰਾਤੀਆਂ ਦੇ ਨੱਕ, ਬੁੱਲ੍ਹ, ਅੱਖਾਂ, ਦਾੜ੍ਹੀ, ਮੁੱਛਾਂ ਸਭ ਦੀ ਨਿਰਖ਼-ਪਰਖ਼ ਪਲਾਂ ਵਿੱਚ ਹੀ ਕਰ ਲਈ ਜਾਂਦੀ ਹੈ। ਦੋਹੇ ਲੱਗਦੇ ਹਨ:
ਮੁੱਛਾਂ ਵੀ ਤੇਰੀਆਂ ਕੁੰਢੀਆਂ, ਬਰਾਤੀਆ।
ਜਿਉਂ ਬਿੱਲੀ ਦੀ ਵੇ ਪੂਛ।
ਕੈਂਚੀ ਲੈ ਕੇ ਕੱਟ ਦਿਆਂ,
ਤੈਨੂੰ ਦੂਣਾ ਚੜ੍ਹਜੇ, ਜੀ ਗੁੱਸਾ ਨਹੀਓਂ ਮੰਨਣਾ ਰੂਪ।
ਲਾੜੇ, ਬਰਾਤੀਆਂ ਦੇ ਨਾਲ-ਨਾਲ ਸਰਬਾਲ੍ਹੇ ਦੀ ਚਰਚਾ ਵੀ ਖ਼ੂਬ ਹੁੰਦੀ ਹੈ। ਸਰਬਾਲ੍ਹੇ ਵੱਲੋਂ ਪੋਚ-ਪੋਚ ਕੇ ਬੰਨ੍ਹੀ ਪੱਗ ਨੂੰ ਵੇਖ ਕੇ ਇੰਜ ਵਿਅੰਗ ਕਸਿਆ ਜਾਂਦਾ ਹੈ:
ਪੱਗ ਵੀ ਤੇਰੀ ਪੋਚਵੀਂ, ਸਰਬਾਲ੍ਹਿਆ।
ਉੱਤੇ ਬੈਠੀ ਵੇ ਜੂੰ।
ਤੈਨੂੰ ਦੋਹਾ ਕੀ ਲਾਵਾਂ,
ਤੇਰਾ ਬਾਂਦਰ ਵਰਗਾ, ਜੀ ਗੁੱਸਾ ਨਹੀਓਂ ਮੰਨਣਾ ਮੂੰਹ।
ਵੱਡੀ ਉਮਰ ਦੀਆਂ ਔਰਤਾਂ ਲਾੜੇ ਦੇ ਪਿਤਾ, ਚਾਚੇ, ਤਾਏ, ਭਾਵ ਕੁੜਮਾਂ ਨੂੰ ਦੋਹੇ ਲਾ ਕੇ ਦਿਲ ਹੌਲਾ ਕਰਦੀਆਂ ਨੇ।
ਫਿਰ ਸ਼ਾਮ ਨੂੰ ਜਦੋਂ ਡੋਲੀ ਤੋਰਨ ਦੀ ਵਾਰੀ ਆਉਂਦੀ ਹੈ ਤਾਂ ਦੋਹਿਆਂ ਦਾ ਇਹ ਹਾਸਾ-ਠੱਠਾ ਵਿਰਾਗਮਈ, ਬਿਰਹਾ ਹੂਕਾਂ ਵਿੱਚ ਬਦਲ ਜਾਂਦਾ ਹੈ। ਸਖ਼ੀਆਂ-ਸਹੇਲੀਆਂ ਵਿੱਛੜ ਰਹੀ ਸਹੇਲੀ ਦੀ ਜੁਦਾਈ ਵਿੱਚ ਪੱਥਰਾਂ ਨੂੰ ਰੁਆਉਣ ਵਾਲੇ ਦੋਹੇ ਲਾਉਂਦੀਆਂ ਹਨ, ਜਿਸ ਕਾਰਨ ਹਰ ਅੱਖ ਨਮ ਹੋ ਜਾਂਦੀ ਹੈ ਅਤੇ ਹਰ ਹਿਰਦਾ ਧੀ ਦੇ ਵਿਯੋਗ ਵਿੱਚ ਭਿੱਜ ਜਾਂਦਾ ਹੈ। ਕੋਈ ਭੈਣ ਬਾਬਲ ਨੂੰ ਸੰਬੋਧਨ ਕਰਦੀ ਸੱਚਾਈ ਬਿਆਨਦੀ ਹੈ:
ਧੀਆਂ ਕਿਸੇ ਨਾ ਰੱਖੀਆਂ, ਬਾਬਲਾ।
ਰਾਜਿਆਂ ਵੀ ਦਿੱਤੀਆਂ ਵੇ ਤੋਰ।
ਜੰਮੀਆਂ ਜਾਈਆਂ ਥੋਡੀਆਂ,
ਸਾਡੀ ਹੱਥ ਬਿਗਾਨੇ, ਵੇ ਧਰਮੀ ਬਾਬਲਾ ਡੋਰ।
ਕੁੜੀਆਂ-ਚਿੜੀਆਂ ਵੀ ਆਪਣੀ ਲਾਡਾਂ ਪਾਲੀ ਸਹੇਲੀ ਨੂੰ ਸਹੁਰੇ ਪਰਿਵਾਰ ਵੱਲੋਂ ਫੁੱਲਾਂ ਵਾਂਗ ਰੱਖਣ ਦੀ ਜਾਚਨਾ ਕਰਦੀਆਂ ਹਨ। ਉਹ ਲਾੜੇ ਦੇ ਪਿਤਾ ਨੂੰ ਬੜੇ ਮਾਣ ਨਾਲ ਕਹਿੰਦੀਆਂ ਹਨ ਕਿ ਜੇ ਤੁਹਾਡਾ ਪੁੱਤ ਲਾਡਲਾ ਹੈ ਤਾਂ ਸਾਡੀ ਧੀ ਵੀ ਘੱਟ ਨਹੀਂ:
ਦੋ ਖ਼ਰਬੂਜ਼ੇ ਕੱਟਵੇਂ ਮਾਸੜਾ, ਮਿੱਠੇ ਉਨ੍ਹਾਂ ਦੇ ਵੇ ਬੀ।
ਜੇ ਥੋਡਾ ਪੁੱਤਰ ਲਾਡਲਾ,
ਸਾਡੀ ਪੁੱਤਾਂ ਬਰਾਬਰ, ਜੀ ਮੈਂ ਸੱਚ ਆਖਦੀ ਧੀ।
ਕੋਈ ਹੋਰ ਧੀ-ਭੈਣ ਲਾੜੇ ਨੂੰ ਮੁਖ਼ਾਤਿਬ ਹੁੰਦੀ ਆਪਣੀ ਭੈਣ ਨੂੰ ਫੁੱਲਾਂ ਵਾਂਗ ਰੱਖਣ ਲਈ ਸੁਚੇਤ ਕਰਦੀ ਹੈ:
ਅੱਖਾਂ ਵੀ ਤੇਰੀਆਂ ਬਿੱਲੀਆਂ, ਜੀਜਾ।
ਵਿੱਚ ਕਜਲੇ ਦੀ ਵੇ ਧਾਰ।
ਭੈਣ ਸਾਡੀ ਨੂੰ ਇਉਂ ਰੱਖਣਾ,
ਜਿਉਂ ਗਲ਼ ਫੁੱਲਾਂ ਦਾ, ਵੇ ਅੱਜ ਦਿਨ ਸ਼ਾਦੀਆਂ ਹਾਰ।
ਕੋਈ ਹੋਰ ਸਿਆਣੀ ਸੁਆਣੀ ਧੀ ਹੋਣ ਦੇ ਨਾਲ਼ ਧਨ ਹੋਣਾ ਜ਼ਰੂਰੀ ਸਮਝਦੀ ਹੈ ਤਾਂ ਜੋ ਧੀ ਨੂੰ ਕੀਮਤੀ ਉਪਹਾਰ ਦੇ ਕੇ ਵਿਦਾ ਕੀਤਾ ਜਾ ਸਕੇ, ਜਿਵੇਂ:
ਧੀ ਹੋਵੇ ਤਾਂ ਧਨ ਹੋਵੇ ਸੱਜਣੋਂ, ਨਹੀਂ ਧੀ ਨਾ ਹੋਵੇ ਵੇ ਕੋ।
ਦਿਆਂ ਦਾਜ ਫੁਲਕਾਰੀਆਂ,
ਮੇਰੇ ਧੀ ਦਾ ਆਦਰ, ਬਰਾਤੀ ਸੱਜਣੋਂ ਹੋ।
ਓਧਰ, ਜਦੋਂ ਵਿਆਹੁਲੀ ਜੋੜੀ ਘਰ ਪਹੁੰਚਦੀ ਹੈ ਤਾਂ ਸਭ ਰਿਸ਼ਤੇਦਾਰ ਉਨ੍ਹਾਂ ਦੇ ਸਵਾਗਤ ਲਈ ਖੜ੍ਹੇ ਹੁੰਦੇ ਹਨ। ਨਵੀਂ ਜੋੜੀ ਉੱਪਰੋਂ ਪਾਣੀ ਵਾਰਨ ਸਮੇਂ ਦੋਹਿਆਂ ਦਾ ਸਿਲਸਿਲਾ ਫਿਰ ਸ਼ੁਰੂ ਹੋ ਜਾਂਦਾ ਹੈ। ਨਨਾਣਾਂ ਆਪਣੀ ਭਰਜਾਈ ਨੂੰ ਛੇਤੀ ਉੱਤਰ ਕੇ ਸਹੁਰਾ ਘਰ ਵੇਖਣ ਦੀ ਹਿਦਾਇਤ ਕਰਦੀਆਂ ਕਹਿੰਦੀਆਂ ਹਨ। ਵੀਰ-ਭਾਬੀ ਦੀ ਜੋੜੀ ਵੇਖ ਕੇ ਭੈਣਾਂ ਦਾ ਮਨ ਗਦ-ਗਦ ਹੋ ਉੱਠਦਾ ਹੈ, ਉਹ ਕਹਿੰਦੀ ਹੈ:
ਗਾਗਰ ਵੀ ਲਿਆਈ ਮਾਂਜ ਕੇ, ਭਾਬੋ।
ਠੰਢਾ ਪਾਣੀ ਨੀਂ ਪੀ।
ਥੋਡੀ ਜੋੜੀ ਵੇਖ ਕੇ,
ਮੇਰਾ ਸੀਤਲ ਹੋ ਗਿਆ, ਨੀਂ ਭਾਬੋ ਸੋਹਣੀਏ ਜੀਅ।
ਕਈ ਵਾਰ ਭਰਾ ਨਵੀਂ ਭਰਜਾਈ ਦੇ ਚਾਅ ਵਿੱਚ ਭੈਣਾਂ ਨੂੰ ਬੁਲਾਉਣਾ ਅਤੇ ਮੱਥਾ ਟੇਕਣਾ ਭੁੱਲ ਜਾਂਦਾ ਹੈ, ਇਸ ਗ਼ਲਤੀ ’ਤੇ ਭੈਣਾਂ ਵੀਰ ਨੂੰ ਢੁਕਵਾਂ ਦੋਹਾ ਲਾ ਕੇ ਮਿੱਠਾ ਨਿਹੋਰਾ ਦਿੰਦੀਆਂ ਹਨ:
ਅੰਦਰ ਤਲੀਆਂ ਦੇ ਰਹੀ, ਵੀਰਾ,
ਵਿਹੜੇ ਕਰਾਂ ਵੇ ਛਿੜਕਾਅ।
ਪੈਰੀਂ ਪੈਣਾ ਭੁੱਲ ਗਿਆ,
ਤੈਨੂੰ ਨਵੀਂ ਬੰਨੋ ਦਾ, ਵੇ ਸੋਹਣਿਆ ਵੀਰਨਾ ਚਾਅ।
ਇਸ ਤਰ੍ਹਾਂ ਦੋਹਿਆਂ ਦੀ ਇਹ ਵੰਨਗੀ ਪੰਜਾਬ ਦੇ ਵਿਆਹਾਂ ਨੂੰ ਅਮੀਰੀ ਬਖ਼ਸ਼ਦੀ ਆਈ ਹੈ। ਕਿੱਸਿਆਂ, ਕਬਿੱਤਾਂ ਦੇ ਰਚਨਹਾਰੇ ਪੰਜਾਬੀਆਂ ਦਾ ਸੁਭਾਅ ਮੁੱਢੋਂ ਹੀ ਸਾਹਿਤਕ ਰੰਗਤ ਵਾਲ਼ਾ ਹੈ। ਕਦੇ ਸਮਾਂ ਸੀ ਜਦੋਂ ਵਿਆਹ-ਮੰਗਣਿਆਂ ਵਿੱਚ ਕਾਵਿ-ਛੰਦਾਂ, ਸਿੱਠਣੀਆਂ, ਲੰਮੀ ਹੇਕ ਵਾਲ਼ੇ ਗੌਣਾਂ ਦਾ ਮੀਂਹ ਵਰ੍ਹਦਾ ਸੀ, ਜਿਸ ਦੇ ਛਰਾਟਿਆਂ ਵਿੱਚ ਭਿੱਜਿਆ ਹਰ ਸ਼ਖ਼ਸ, ਭਾਈਚਾਰਕ ਸਾਂਝ, ਮੋਹ-ਮੁਹੱਬਤ, ਹਾਸਾ-ਠੱਠਾ ਮਾਣਦਾ ਹੋਇਆ ਸਹਿਣਸ਼ੀਲਤਾ ਤੇ ਸਲੀਕੇ ਦਾ ਸਬਕ ਪੜ੍ਹਦਾ ਸੀ।
ਅਜੋਕੇ ਪੈਲੇਸਤੰਤਰੀ ਵਿਆਹਾਂ ਵਿੱਚੋਂ ਇਹ ਸਭ ਕੁਝ ਗ਼ਾਇਬ ਹੋ ਰਿਹਾ ਹੈ। ਨਾ ਹੀ ਬੰਬੀਹਾ ਬੁਲਾਉਂਦਾ ਨਾਨਕਾ ਮੇਲ਼ ਆਉਂਦਾ ਹੈ, ਨਾ ਸਿੱਠਣੀਆਂ ਦੇ ਮੁਕਾਬਲੇ ਹੁੰਦੇ ਹਨ, ਨਾ ਉਹ ਜਾਗੋ ਜਗਦੀ ਹੈ ਅਤੇ ਨਾ ਹੀ ਛੱਜ ਟੁੱਟਦਾ ਹੈ। ਬਸ ਸਭ ਕੁਝ ਕਿਰਾਏ ਦੇ ਨਾਚਾਂ ਅਤੇ ਡੀਜਿਆਂ ਦੀ ਧਮਕ ਵਿੱਚ ਰੁਲ਼ ਗਿਆ ਹੈ। ਪੈਲੇਸਾਂ ਵਿੱਚ ਹਰ ਰਿਸ਼ਤੇਦਾਰ ਗੁਆਚਿਆਂ ਵਾਂਗੂ ਬੇਸਿਰ ਪੈਰੇ ਗੀਤਾਂ ਦੇ ਸ਼ੋਰ ਉੱਤੇ ਹੱਥ-ਪੈਰ ਮਾਰਦਾ ਫਿਰਦਾ ਹੈ। ਜਿੱਥੇ ਸ਼ੋਰ-ਸ਼ਰਾਬਾ ਤੇ ਕਾਹਲ ਪ੍ਰਧਾਨ ਹੈ, ਉੱਥੇ ਸਹਿਜਤਾ ਤੇ ਸਲੀਕਾ ਗੁੰਮ ਹੈ। ਕਿੱਥੇ ਗਏ ਸਾਡੇ ਉਹ ਲੰਮੀ ਹੇਕ ਵਾਲੇ ਸੁਰੀਲੇ ਦੋਹੇ, ਜਿਹੜੇ ਹਰ ਪੰਜਾਬਣ ਦੀ ਸਾਹਿਤਕ ਸੋਚ ਤੇ ਸੁਰੀਲੇ ਗਲ਼ੇ ਵਿੱਚੋਂ ਆਪ-ਮੁਹਾਰੇ ਫੁੱਟਦੇ ਸੀ।
ਜਗਜੀਤ ਕੌਰ ਢਿੱਲਵਾਂ
ਸੰਪਰਕ: 94173-80887

0 comments:
Speak up your mind
Tell us what you're thinking... !