Headlines News :
Home » » ਅੱਜ ਦੇ ਬੱਚੇ ਦੀ ਰਮਜ਼ ਪਛਾਣੋ - ਪ੍ਰਿੰ. ਨਿਰਮਲ ‘ਸੱਤਪਾਲ’

ਅੱਜ ਦੇ ਬੱਚੇ ਦੀ ਰਮਜ਼ ਪਛਾਣੋ - ਪ੍ਰਿੰ. ਨਿਰਮਲ ‘ਸੱਤਪਾਲ’

Written By Unknown on Tuesday, 14 January 2014 | 00:33

          ਬੱਚੇ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ।ਅੱਜ ਦੇ ਬੱਚੇ ਹੀ ਕੱਲ ਨੂੰ ਦੇਸ਼ ਦੇ ਕਰਨ-ਧਾਰ ਹਨ।ਜਿਸ ਤਰ੍ਹਾਂ ਨਾਲ ਅਸੀਂ ਬੱਚਿਆਂ ਦੀ ਪਰਵਰਿਸ਼ ਕਰਾਂਗੇ, ਉਹ ਉਸੇ ਹੀ ਤਰ੍ਹਾਂ ਦਾ ਅਸਰ ਕਬੂਲ ਕਰਨ ਗੇ।ਜਿਸ ਤਰ੍ਹਾਂ ਦਾ ਖਾਣ-ਪੀਣ ਦਿਆਂ ਗੇ, ਉਸੇ ਹੀ ਤਰ੍ਹਾਂ ਦੀ ਸਿਹਤ ਦੇ ਮਾਲਕ ਹੋਣ ਗੇ।ਜਿਸ ਤਰ੍ਹਾਂ ਦਾ ਅਸੀਂ ਵਿਵਹਾਰ ਕਰਾਂ ਗੇ, ਉਹ ਵੀ ਉਸੇ ਤਰ੍ਹਾਂ ਦਾ ਵਿਵਹਾਰ ਸਿੱਖਣ ਗੇ।ਕਹਿਣ ਤੋਂ ਭਾਵ ਹੈ ਕਿ ਅਸੀਂ ਆਪਣੇ ਭਵਿੱਖ ਨੂੰ ਜਿਵੇਂ ਦਾ ਵੀ ਬਣਾਉਣਾ ਚਾਹੁੰਦੇ ਹਾਂ, ਉਹ ਸਾਡੇ ਹੀ ਹੱਥ ਵਿੱਚ ਹੈ।ਚੰਗਾ ਜਾਂ ਮਾੜਾ ਤਾਂ ਕੋਈ ਵੀ ਨਹੀੱ ਹੁੰਦਾ, ਹਾਲਾਤ ਹੀ ਬੰਦੇ ਨੂੰ ਚੰਗਾ ਜਾਂ ਮਾੜਾ ਬਣਾਉਂਦੇ ਹਨ।
             ਆਮ ਤੌਰ ਤੇ ਸੁਣਨ ਵਿੱਚ ਆਉਂਦਾ ਹੈ ਕਿ ਅੱਜ-ਕੱਲ ਦੇ ਬੱਚੇ ਤਾਂ ਕਿਸੇ ਦੀ ਗੱਲ ਹੀ ਨਹੀਂ ਸੁਣਦੇ, ਆਪਣੀ ਮਰਜੀ ਦੇ ਮਾਲਕ ਹਨ।ਆਪ-ਹੁਦਰੇ ਹਨ, ਜ਼ਿੱਦੀ ਹਨ, ਕਿਸੇ ਵੀ ਗੱਲ ਦੀ ਪਰਵਾਹ ਹੀ ਨਹੀਂ ਕਰਦੇ।ਮਾਵਾਂ ਅਕਸਰ ਆਖਦੀਆਂ ਹਨ ਕਿ ਅਸੀਂ ਤਾਂ ਆਪਣੇ ਮਾਪਿਆਂ ਤੋਂ ਇੰਨਾ ਡਰਦੇ ਸੀ, ਪਰ ਅੱਜ-ਕੱਲ ਦੇ ਬੱਚਿਆਂ ਦੇ ਦੀਦੇ ਤਾਂ ਡਰ ਹੀ ਨਹੀਂ।ਕੀ ਅਸੀਂ ਕਦੇ ਸੋਚਿਆ ਹੈ ਕਿ ਅਜਿਹਾ ਵਿਵਹਾਰ ਬੱਚੇ ਕਿਉਂ ਕਰਦੇ ਹਨ।ਮੇਰੀ ਸੋਚ ਅਨੁਸਾਰ ਤਾਂ ਇਸ ਤਰ੍ਹਾਂ ਦੇ ਵਰਤਾਓ ਲਈ ਅਸੀਂ ਹੀ ਬੱਚਿਆਂ ਨੂੰ ਉਕਸਾਉਂਦੇ ਹਾਂ।ਸ਼ਾਇਦ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਨਾ ਵੀ ਹੋਵੋ, ਇਹ ਵੱਖਰੀ ਗੱਲ ਹੈ।ਜਿੱਦੀ ਅਸੀਂ ਵੀ ਹਾਂ, ਆਪ ਹੁਦਰਾ-ਪਨ ਅਸੀਂ ਵੀ ਦਿਖਾਉਂਦੇ ਹਾਂ।ਕਦੇ ਬੱਚੇ ਮਾਪਿਆਂ ਤੋਂ ਡਰਦੇ ਸਨ ਪਰ ਅੱਜ ਅਸੀਂ ਬੱਚਿਆਂ ਤੋਂ ਡਰਦੇ ਹਾਂ।ਕਿਉਂ? 
         ਸਮਾਂ ਬਦਲਦਾ ਹੈ ਤੇ ਇਸ ਨਾਲ ਬਹੁਤ ਕੁੱਝ ਬਦਲ ਜਾਂਦਾ ਹੈ।ਸਾਡੇ ਹਾਲਾਤ, ਸਾਡੇ ਵਿਚਾਰ, ਸਾਡੀਆਂ ਕਦਰਾਂ-ਕੀਮਤਾਂ, ਸਾਡੀਆਂ ਜਰੂਰਤਾਂ, ਸਾਡੀ ਜ਼ਿੰਦਗੀ ਦੇ ਫ਼ਲਸਫ਼ੇ,ਪਰ ਅਸੀਂ ਨਹੀਂ ਬਦਲਦੇ।ਸਾਡੀ ਸੋਚ ਨਹੀਂ ਬਦਲਦੀ।ਇਹੀ ਕਾਰਣ ਹੈ ਕਿ ਅਸੀਂ ਸਮੇਂ ਦੇ ਹਾਣੀ ਬਣਕੇ ਤੁਰਨ ਵਿੱਚ ਅਸਮਰੱਥ ਹੋ ਜਾਂਦੇ ਹਾਂ।ਸਾਡੀ ਸੋਚ ਬੱਚਿਆਂ ਦੀ ਪਰਵਰਿਸ਼ ਵਿੱਚ ਕਿਤੇ ਨਾ ਕਿਤੇ ਮਾਰ ਖਾ ਹੀ ਜਾਂਦੀ ਹੈ।ਅਸੀਂ ਭੁੱਲ ਜਾਂਦੇ ਹਾਂ ਕਿ ਸਾਡੀ ਪਰਵਰਿਸ਼ ਸਾਂਝੇਂ ਟੱਬਰਾਂ ਵਿੱਚ ਤੇ ਸਾਂਝੇ ਮਾਹੋਲ ਵਿੱਚ ਹੋਈ ਹੈ।ਜਿਸ ਵਿੱਚ ਬੱਚੇ ੳੁੱਤੇ ਸਿਰਫ਼ ਮਾਂ-ਬਾਪ ਦਾ ਹੀ ਨਹੀਂ, ਦਾਦਾ-ਦਾਦੀ, ਚਾਚੇ-ਤਾਏ, ਤੇ ਹੋਰ ਸਾਕ-ਸੰਬੰਧੀਆਂ ਦੇ ਸੁਭਾਅ ਤੇ ਵਤੀਰੇ ਦਾ ਵੀ ਅਸਰ ਹੁੰਦਾ ਸੀ ਤੇ ਮਾਂ-ਬਾਪ ਦੀ ਬੱਚਿਆਂ ਪ੍ਰਤੀ ਜਿੰਮੇਵਾਰੀ ਵੰਡੀ ਜਾਂਦੀ ਸੀ, ਪਰ ਅੱਜ ਅਜਿਹਾ ਨਹੀਂ।ਰਿਸ਼ਤਿਆਂ ਵਿੱਚ ਆਈ ਤ੍ਰੇੜ ਨੇ ਬੱਚਿਆਂ ਨੂੰ ਆਪ-ਹੁਦਰੇ ਬਣਾ ਦਿੱਤਾ ਹੈ।ਅੱਜ ਸਾਡੇ ਬੱਚੇ ਸਿਰਫ਼ ਸਾਡੇ ਹਨ।ਬੱਚੇ ਵੀ ਇਸ ਗੱਲ ਨੂੰ ਜਾਣਦੇ ਹਨ।ਉਨ੍ਹਾਂ ਲਈ ਕਿਸੇ ਵੀ ਰਿਸ਼ਤੇ-ਨਾਤੇ ਦੀ ਕੋਈ ਕਦਰ ਨਹੀਂ, ਉਹ ਇਸ ਲਈ ਕਿ ਅਸੀਂ ਆਪਣੇ ਬੱਚਿਆਂ ਨੂੰ ਜਾਣੇ-ਅਣਜਾਣੇ ਵਿੱਚ ਅਜਿਹੇ ਸੰਸਕਾਰ ਦੇ ਹੀ ਨਹੀਂ ਰਹੇ।ਅਸੀਂ ਸਾਰੇ ਹੀ ਆਪਣੇ-ਆਪ ਵਿੱਚ ਸਿਮਟ ਕੇ ਰਹਿ ਗਏ ਹਾਂ।
        ਆਪਣੇ ਤੇ ਦੇਸ਼ ਦੇ ਚੰਗੇ ਭੱਵਿਖ ਲਈ ਸਾਨੂੰ ਆਪਾ ਭਾਲਣ ਦੀ ਲੋੜ ਹੈ।ਬੱਚਿਆਂ ਨੂੰ ਚੰਗੀ ਸਿੱਖਿਆ ਦੇ ਨਾਲ-ਨਾਲ ਸਮਾਂ ਦੇਣ ਦੀ ਲੋੜ ਹੈ।ਸਾਡੀਆਂ ਕਦਰਾਂ-ਕੀਮਤਾਂ ਕੀ ਹਨ, ਸਾਡੇ ਸੰਸਕਾਰ ਕੀ ਹਨ, ਦੂਜਿਆਂ ਨਾਲ ਕਿਹੋ ਜਿਹਾ ਵਰਤਾਓ ਕਰਨਾ ਹੈ, ਇਹ ਦੱਸਣ ਦੀ ਲੋੜ ਹੈ।ਸੱਭ ਤੋਂ ਪਹਿਲਾਂ ਅਸੀਂ ਆਪਣੇ ਲਾਡਲਿਆਂ ਤੇ ਲਾਡਲੀਆਂ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਫ਼ਰਕ ਕੀਤੈ ਬਿਨਾ ਚੰਗੀ ਪਰਵਰਿਸ਼ ਕਰੀਏ ਭਾਵ ਚੰਗਾ ਸਿਹਤ-ਮੰਦ ਮਾਹੋਲ ਦਿੰਦੇ ਹੋਏ ਸੰਤੁਲਿਤ ਖੁਰਾਕ ਦਾ ਪ੍ਰਬੰਧ ਕਰੀਏ।ਸਿਆਣਿਆਂ ਕਿਹਾ ਹੈ ਕਿ ਸਿਹਤ-ਮੰਦ ਸ਼ਰੀਰ ਵਿੱਚ ਹੀ ਸਿਹਤ-ਮੰਦ ਦਿਮਾਗ ਹੁੰਦਾ ਹੈ।ਬੱਚਿਆਂ ਨੂੰ ਖਾਣ-ਪੀਣ ਦੇ ਮਾਮਲੇ ਵਿੱਚ ਭਾਰਤੀ ਹੀ ਰੱਖੀਏ ਨਾ ਕਿ ਬੱਚਾ ਘਰ ਦੀ ਰੋਟੀ ਦਾ ਸਵਾਦ ਭੁੱਲ ਕੇ ਢਿੱਡ ਭਰਨ ਲਈ ਬਾਹਰੋਂ ਕੁੱਝ ਵੀ ਖਾਂਦਾ ਫਿਰੇ।ਇਸ ਲਈ ਮਾਂ ਨੂੰ ਆਪਣਾ ਬਚਪਨ ਯਾਦ ਕਰਨਾ ਪਵੇਗਾ ਕਿ ਉਸ ਦੀ ਮਾਂ ਕਿਵੇਂ ਸਾਰੇ ਹੀ ਘਰ ਦੇ ਮੈਂਬਰਾਂ ਦਾ ਖਾਣ-ਪੀਣ ਦਾ ਖਿਆਲ ਰੱਖਦੀ ਸੀ।
            ਮੈਂ ਇਕ ਸਰਕਾਰੀ ਸਕੂਲ ਵਿੱਚ ਮੁਖੀ ਵਜੋਂ ਸੇਵਾ ਨਿਭਾ ਰਹੀ ਹਾਂ, ਅਕਸਰ ਦੇਖਦੀ ਹਾਂ ਕਿ ਬੱਚੇ ਸਵੇਰੇ ਪ੍ਰਾਥਨਾ-ਸਭਾ ਵਿੱਚ ਖੜੇ-ਖੜੇ ਹੀ ਡਿਗ ਪੈਂਦੇ ਹਨ।ਅਜਿਹਾ ਕਿਉਂ ਹੁੰਦਾ ਹੈ, ਬੱਚਿਆਂ ਤੋਂ ਪੁੱਛਿਆ ਜਾਂਦਾ ਹੈ ਕਿ ਅੱਜ ਸਵੇਰੇ ਕੀ ਖਾ ਕੇ ਆਏ ਹੋ, ਤਾਂ ਬੱਚਿਆਂ ਦਾ ਜਵਾਬ ਹੁੰਦਾ ਹੈ ਕਿ ਕੁੱਝ ਵੀ ਨਹੀਂ।ਉਦੋਂ ਮਾਂ ਦੀ ਮਮਤਾ ਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ ਕਿ ਅੱਜ ਦੀ ਮਾਂ ਜਿਸ ਦੇ ਇੱਕ, ਦੋ ਜਾਂ ਤਿੰਨ ਬੱਚੇ ਹੀ ਹਨ, ਬੱਚੇ ਨੂੰ ਬਿਨਾ ਕੁੱਝ ਖਿਲਾਏ-ਪਿਲਾਏ ਘਰੋਂ ਕਿਵੇਂ ਭੇਜ ਦਿੰਦੀ ਹੈ।ਮੇਰੇ ਕਹਿਣ ਤੋਂ ਭਾਵ ਸਿਰਫ ਇਹੀ ਹੈ ਕਿ ਭਾਵੇਂ ਅੱਜ ਔਰਤ ਘਰ ਤੋਂ ਬਾਹਰ ਰੋਜੀ-ਰੋਟੀ ਲਈ ਜਾਂਦੀ ਹੈ, ਪਰ ਘਰ ਵਿੱਚ ਉਸਦੀ ਪਹਿਲੀ ਜਿੰਮੇਵਾਰੀ ਬੱਚਿਆਂ ਪ੍ਰਤੀ ਹੀ ਹੈ।ਜੇ ਅੱਜ ਦਾ ਬਚਪਨ ਹੀ ਭੁੱਖਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਤੰਦਰੁਸਤ ਸਮਾਜ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ।
         ਬੱਚਾ ਜੋ ਕੁੱਝ ਵੀ ਪਹਿਲੇ ਪੰਜ ਸਾਲ ਵਿੱਚ ਸਿੱਖਦਾ ਹੈ, ਉਹ ਉਸਦੀ ਜ਼ਿੰਦਗੀ ਦਾ ਵੱਡ-ਮੁੱਲਾ ਸਮਾਂ ਤੇ ਖਜਾਨਾ ਹੁੰਦਾ ਹੈ।ਇਸ ਸਮੇਂ ਬੱਚੇ ਨੂੰ ਅਪਣੱਤ ਅਤੇ ਘਰੇਲੂ ਮੋਹ ਦੀ ਲੋੜ ਹੁੰਦੀ ਹੈ।ਇਸ ਲਈ ਬੱਚੇ ਨੂੰ ਇੱਕਲਿਆਂ ਨਾ ਛੱਡ ਕੇ ਰਲ-ਮਿਲ ਕੇ ਰਹਿਣ ਲਈ ਬਚਪਨ ਤੋਂ ਹੀ ਪ੍ਰਰਿਤ ਕੀਤਾ ਜਾਵੇ।ਇਕ ਬੱਚਾ ਜੋ ਕੁੱਝ ਵੀ ਆਪਣੇ ਆਲੇ-ਦੁਆਲੇ ਦੇਖਦਾ ਹੈ, ਉਸੇ ਨੂੰ ਹੀ ਕਬੂਲ ਕਰ ਲੈਂਦਾ ਹੈ।ਜੇ ਬੱਚਾ ਇੱਕਲਾ ਰਹਿੰਦਾ ਹੈ ਤਾਂ ਉਹ ਅੰਤਰ-ਮੁਖੀ ਹੋ ਜਾਂਦਾ ਹੈ।ਹਰ ਚੀਜ ਤੇ ਆਪਣਾ ਹੀ ਹੱਕ ਸਮਝਦਾ ਹੈ ਤੇ ਉਹ ਰਲ-ਮਿਲ ਕੇ ਰਹਿਣ ਦੀ ਜਾਚ ਨਹੀਂ ਸਿੱਖ ਸਕਦਾ।ਆਪਣਾ ਤੇ ਦੇਸ਼ ਦਾ ਭਵਿੱਖ ਸੰਵਾਰਨ ਲਈ ਬੱਚੇ ਨੂੰ ਭਾਈਚਾਰਕ ਸਾਂਝ ਦੇ ਗੁਰ ਦੱਸਣੇ ਪੈਣ ਗੇ, ਕਿਉਂ ਕਿ ਮਨੁੱਖ ਇਕ ਸਮਾਜਿਕ ਜੀਵ ਹੈ, ਘਰ ਦੇ ਮਾਹੋਲ ਤੋਂ ਬਾਹਰ ਨਿਕਲ ਕੇ ਉਹ ਸਮਾਜ ਵਿੱਚ ਇਕੱਲਿਆਂ ਵਿਚਰਣਾ ਹੈ, ਹਰ ਜਰੁਰਤ ਸਮਾਜ ਵਿੱਚ ਰਹਿ ਕੇ ਤਾਂ ਹੀ ਪੂਰੀ ਕਰ ਸਕਦਾ ਹੈ, ਜੇ ਉਸਨੂੰ ਆਪਸੀ ਸਾਂਝ ਤੇ ਮਿਲ-ਜੁਲ ਕੇ ਰਹਿਣ ਦਾ ਸਲੀਕਾ ਆਉਂਦਾ ਹੋਵੇਗਾ।
          ਅਨੁਸ਼ਾਸਨ ਅਤੇ ਆਤਮ-ਸੰਜਮ ਸਾਡੇ ਜੀਵਨ ਨੂੰ ਸੁਹਜ-ਮਈ ਤੇ ਚੰਗਾ ਇਨਸਾਨ ਬਣਾਉਣ ਵਿੱਚ ਅਹਿਮ ਹਿੱਸਾ ਪਾਉਂਦੇ ਹਨ।ਜੀਵਨ ਦੀ ਸਫ਼ਲਤਾ ਦਾ ਰਾਜ ਹੀ ਇਨ੍ਹਾ ਦੋ ਸ਼ਬਦਾਂ ਵਿੱਚ ਲੁਕਿਆ ਹੋਇਆ ਹੈ।ਇਹ  ਗੁਣ ਬੱਚਾ ਆਪਣੇ ਮਾਪਿਆਂ ਤੇ ਅਧਿਆਪਕਾਂ ਤੋਂ ਸਿੱਖਦਾ ਹੈ।ਇੱਥੇ ਸਾਡੇ ਅਧਿਆਪਕਾਂ ਦੀ ਜਿੰਮੇਵਾਰੀ ਵੱਧ ਜਾਂਦੀ ਹੈ।ਬੱਚੇ ਲਈ ਅਧਿਆਪਕ ਹੀ ਉਸ ਦਾ ਆਦਰਸ਼ ਹੁੰਦਾ ਹੈ,ਇਸ ਲਈ ਅਧਿਆਪਕ ਨੂੰ ਆਪਣੀ ਸ਼ਖਸੀਅਤ ਅਤੇ ਵਤੀਰਾ ਅਜਿਹਾ ਬਣਾਉਣਾ ਪਵੇਗਾ ਕਿ ਉਹ ਇਕ ਹਊਆ ਨਹੀਂ ਸਗੋਂ ਅਧਿਆਪਕ ਹੋਣ ਦੇ ਨਾਲ-ਨਾਲ ਇਕ ਰਾਹ-ਦਸੇਰਾ ਅਤੇ ਦੋਸਤ ਬਣਕੇ ਪੇਸ਼ ਆਵੇ।ਬੱਚਿਆਂ ਦੀਆਂ ਬਹੁਤ ਸਾਰੀਆਂ ਸਮਸਿਆਵਾਂ ਦੇ ਹੱਲ ਅਧਿਆਪਕ ਕੋਲ ਹੀ ਹੁੰਦੇ ਹਨ।
            ਅਸੀਂ ਮਾਪੇ ਆਪਣੇ ਬੱਚਿਆਂ ਦਾ ਵਧੀਆ ਭਵਿੱਖ ਬਣਾਉਣ ਲਈ ਦਿਨ-ਰਾਤ ਮਿਹਨਤ ਕਰਦੇ ਹਾਂ,ਉਨ੍ਹਾਂ ਦੀ ਹਰ ਜਰੂਰਤ ਪੂਰੀ ਕਰਨ ਦੀ ਕੋਸ਼ਿਸ ਕਰਦੇ ਹਾਂ, ਤਾਂ ਕਿ ਜੋ ਤੰਗੀਆਂ ਤੁਰਸੀਆਂ ਅਸੀਂ ਦੇਖੀਆਂ ਹਨ, ਉਹ ਸਾਡੇ ਬਚਿੱਆਂ ਨੂੰ ਨਾ ਦੇਖਣੀਆਂ ਪੈਣ ਪਰ ਅਸੀਂ ਭੁੱਲ ਜਾਂਦੇ ਹਾਂ ਕਿ ਸਭ-ਕੁੱਝ ਦੇ ਨਾਲ ਬੱਚੇ ਨੂੰ ਸਾਡੇ ਸਮੇਂ ਦੀ ਵੀ ਲੋੜ ਹੁੰਦੀ ਹੈ, ਪਰ ਅਸੀਂ ਆਪਣੇ ਬੱਚਿਆਂ ਦੀਆਂ ਜਰੂਰਤਾਂ ਪੂਰੀਆਂ ਕਰਕੇ ਹੀ ਆਪਣੀ ਜਿੰਮੇਵਾਰੀ ਤੋਂ ਫ਼ਾਰਗ ਹੋ ਜਾਂਦੇ ਹਾਂ ਤੇ ਸਾਡੇ ਬੱਚੇ ਨਸ਼ਿਆਂ ਵਰਗੀਆਂ ਅਲਾਮਤਾਂ ਦਾ ਸ਼ਿਕਾਰ ਹੋ ਜਾਂਦੇ ਹਨ।ਉਹ ਗਲਤ ਸੰਗਤ ਵਿੱਚ ਪੈ ਕੇ ਆਪਣੇ ਰਾਹ ਤੋਂ ਭਟਕ ਜਾਂਦੇ ਹਨ।ਜਦ ਤੱਕ ਮਾਪਿਆਂ ਨੂੰ ਪਤਾ ਲਗਦਾ ਹੈ, ਪਾਣੀ ਸਿਰੋਂ ਲੰਘ ਚੁੱਕਾ ਹੁੰਦਾ ਹੈ।ਮਾਂ-ਬਾਪ ਤਾਂ ਰੋਜ-ਿਰੋਟੀ ਦੇ ਜੁਗਾੜ ਵਿੱਚ ਸਵੇਰ ਤੋਂ ਸ਼ਾਮ ਤੱਕ ਬਾਹਰ ਰਹਿੰਦੇ ਹਨ ਤੇ ਬੱਚੇ ਸਕੂਲ ਤੋਂ ਆ ਕੇ ਘਰਾਂ ਵਿੱਚ ਇਕੱਲੇ ਹੁੰਦੇ ਹਨ।ਸਿਆਣਿਆਂ ਕਿਹਾ ਹੈ ਕਿ ਵਿਹਲਾ ਮਨ, ਸ਼ੈਤਾਨ ਦਾ ਘਰ ਹੁੰਦਾ ਹੈ।ਬੱਚਾ ਹਮੇਸ਼ਾਂ ਹੀ ਜਿਗਆਸੂ ਹੁੰਦਾ ਹੈ, ਉਹ ਕੰਪਊਟਰ ਤੇ ਖੇਡਾਂ ਖੇਡਦ-ਖੇਡਦਾ ਇੰਟਰਨੈੱਟ ਦਾ ਗਲਤ ਇਸਤੇਮਾਲ ਕਰਨ ਲੱਗ ਪੈਂਦਾ ਹੈ।ਇਸ ਪ੍ਰਤੀ ਮਾਪਿਆਂ ਨੂੰ ਚੇਤੰਨ ਹੋਣ ਦੀ ਲੋੜ ਹੈ।ਜਿੱਥੋਂ ਤੱਕ ਹੋ ਸਕੇ ਮਾਂ-ਬਾਪ ਨੂੰ ਜ਼ਿਆਦਾ ਤੋਂ ਜ਼ਿਆਦਾ ਸਮਾਂ ਬੱਚੇ ਨੂੰ ਦੇਣ ਦੀ ਕੋਸ਼ਿਸ਼ ਕਰਨ।
            ਬੱਚਿਆਂ ਵਿੱਚ ਮਾਂ-ਬੋਲੀ ਪ੍ਰਤੀ ਪਿਆਰ ਪੈਦਾ ਕੀਤਾ ਜਾਵੇ ਤਾਂ ਹੀ ਅਸੀਂ ਬਚਿੱਆਂ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਵਾ ਸਕਾਂਗੇ।ਘਰ ਵਿੱਚ ਚੰਗੇ ਸਾਹਿਤ ਦਾ ਹੋਣਾ ਬੱਚਿਆਂ ਲਈ ਮਾਪਿਆਂ ਵਲੋਂ ਬੱਚਿਆਂ ਪ੍ਰਤੀ ਹਾਂ-ਪੱਖੀ ਵਤੀਰਾ ਹੈ।ਚੰਗਾ ਸਾਹਿਤ ਤੇ ਸੱਭਿਆਚਾਰ ਸਾਡੀ ਸੋਚ ਅਤੇ ਸ਼ਖਸੀਅਤ ਨੂੰ ਨਿਖਾਰਦੇ ਹੀ ਨਹੀਂ ,ਸਾਡੇ ਭਵਿੱਖ ਨੂੰ ਵੀ ਸੰਵਾਰਦੇ ਹਨ।ਬੱਚਿਆਂ ਵਿੱਚ ਕੁਦਰਤ ਵਲੋਂ ਰਚੀ ਹਰ ਸ਼ੈਅ ਪ੍ਰਤੀ ਮੋਹ ਪੈਦਾ ਕੀਤਾ ਜਾਵੇ।ਹਰ ਰਿਸ਼ਤੇ ਨੂੰ ਸੁਹਜ-ਮਈ ਢੰਗ ਨਾਲ ਨਿਭਾਉਣ ਦੀ ਜਾਚ ਸਿਖਾਈ ਜਾਵੇ।ਅਸੀਂ ਆਪਣੇ ਤੇ ਆਪਣੇ ਦੇਸ਼ ਦੇ ਭਵਿੱਖ ਦੇ ਘਾੜੇ ਆਪ ਹੀ ਹਾਂ।ਆਪਣੇ ਕਰਤਵਾਂ ਦੀ ਪਾਲਣਾ ਕਰਦੇ ਹੋਏ, ਇਹੋ ਜਿਹਾ ਮਾਹੋਲ ਪੈਦਾ ਕਰੀਏ ਕਿ ਸਮਾਜਿਕ ਕੁਰੀਤੀਆਂ ਜਿਵੇਂ ਕਿ ਰਿਸ਼ਵਤ-ਖੋਰੀ, ਦਹੇਜ, ਭਰੂਣ-ਹੱਤਿਆ, ਚੋਰੀ-ਠੱਗੀ ਆਦਿ ਨੂੰ ਜੜੋਂ ਖ਼ਤਮ ਕੀਤਾ ਜਾ ਸਕੇ।ਜੇ ਅਸੀਂ ਆਪ ਆਦਰਸ਼ ਬਣਕੇ ਬਚਿਆਂ ਅੱਗੇ ਆਵਾਂਗੇ ਤਾਂ ਕੋਈ ਕਾਰਨ ਨਹੀਂ ਭਵਿੱਖ ਵਿੱਚ ਸਾਡੇ ਬੱਚੇ ਆਪਣੀ ਮਿਸਾਲ ਆਪ ਨਾ ਬਣਨ।
                                                      

 ਪ੍ਰਿੰ. ਨਿਰਮਲ ‘ਸੱਤਪਾਲ’  
                                              ਸ.ਸ.ਸ.ਸਕੂਲ ਨੂਰਪੁਰ ਬੇਟ, 
                                            ਲੁਧਿਆਣਾ।
                                             ਸੈਲ ਨ:-95010-44955

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template