Headlines News :
Home » » ਔਰਤ ਹੋਣ ਦਾ ਸੰਤਾਪ - ਪ੍ਰਿੰ. ਨਿਰਮਲ ‘ਸੱਤਪਾਲ’

ਔਰਤ ਹੋਣ ਦਾ ਸੰਤਾਪ - ਪ੍ਰਿੰ. ਨਿਰਮਲ ‘ਸੱਤਪਾਲ’

Written By Unknown on Tuesday, 14 January 2014 | 00:36

                 ਔਰਤ ਤੇ ਮਰਦ ਜੀਵਨ ਰੂਪੀ ਜ਼ਿੰਦਗੀ ਦੇ ਦੋ ਪਹੀਏ ਕਹੇ ਜਾਂਦੇ ਹਨ ਤੇ ਇਹ ਆਪਣੇ ਆਪਣੇ ਖੇਤਰ ਵਿੱਚ ਬਾਖੂਬੀ ਆਪਣੇ ਫ਼ਰਜ਼ ਨਿਭਾਉਂਦੇ ਹੋਏ ਜ਼ਿੰਦਗੀ ਵਿੱਚ ਸਮਤੋਲ ਬਣਾਈ ਰੱਖਦੇ ਹਨ।ਜੇ ਇਕ ਪਹੀਆ ਕਿਸੇ ਕਾਰਨ ਨਕਾਰਾ ਹੋ ਜਾਵੇ ਤਾਂ ਮਨੁੱਖੀ ਜ਼ਿੰਦਗੀ ਵੀ ਅਪਾਹਿਜ ਹੋ ਕੇ ਰਹਿ ਜਾਂਦੀ ਹੈ।ਕੁਦਰਤ ਦੇ ਅਸੂਲ ਅਨੁਸਾਰ  ਹਰ ਪ੍ਰਾਣੀ ਜਿੱਥੇ ਜਿਸਮਾਨੀ ਆਪਣੀਆਂ ਜਿੰਮੇਵਾਰੀਆਂ ਨਿਭਾਉਂਦਾ ਹੈ ਉੱਥੇ ਸਮਾਜਿਕ ਤੌਰ ਤੇ ਵੀ ਉਹ ਕਈ ਰਿਸ਼ਤਿਆਂ ਵਿੱਚ ਬੱਝਾ ਹੋਇਆ ਆਪਣੇ ਹਿੱਸੇ ਦੇ ਕੰਮ ਨੇਪਰੇ ਚਾੜਣ ਦੀ ਪੂਰੀ ਕੋਸ਼ਿਸ਼ ਕਰਦਾ ਹੈ।ਅੱਜ ਦੇ ਤਕਨੀਕੀ ਯੁੱਗ ਵਿੱਚ ਇਕ ਆਮ ਇਨਸਾਨ ਇੰਨਾ ਉਲਝ ਚੁੱਕਾ ਹੈ ਕਿ ਦਿਨ ਚੜਦਿਆਂ ਹੀ ਰੋਜ਼ੀ-ਰੋਟੀ ਦੇ ਜੁਗਾੜ ਵਿੱਚ ਘਰੋਂ ਨਿਕਲ ਪੈਂਦਾ ਹੈ ਤੇ ਦਿਨ ਢਲੇ ਥੱਕਿਆ-ਟੁੱਟਿਆ ਆਪਣੇ ਘਰ ਵਲ ਵਹੀਰਾਂ ਘੱਤ ਲੈਂਦਾ ਹੈ।ਉਹ ਸਮੇਂ ਹੋਰ ਸਨ, ਜਦੋਂ ਔਰਤ ਨੂੰ ਘਰੋਂ ਬਾਹਰ ਨਿਕਲਣ ਦੀ ਇਜ਼ਾਜਤ ਨਹੀਂ ਸੀ ਹੁੰਦੀ ਤੇ ਘਰ ਦੀ ਚਾਰ-ਦੀਵਾਰੀ ਹੀ ਉਸਦਾ ਆਲ੍ਹਣਾ ਹੁੰਦੀ ਸੀ।ਰੋਟੀ ਟੁੱਕ ਕਰਨਾ ਤੇ ਬੱਚਿਆਂ ਦੀ ਪਾਲਣਾ ਕਰਦੇ ਹੋਏ ਘਰ ਦੇ ਹੋਰ ਨਿੱਕੇ-ਮੋਟੇ ਕੰਮ ਕਰਦੇ ਹੋਏ ਦੁਨੀਆ-ਦਾਰੀ ਨਿਭਾਉਣੀ ਔਰਤ ਦੇ ਜੀਵਨ ਦਾ ਅਹਿਮ ਹਿੱਸਾ ਸੀ ਪਰ ਜਿਉਂ-ਜਿਉਂ ਸਮਾਂ ਬਦਲਣ ਲੱਗਾ ਸਾਡੀ ਸੋਚ ਵੀ ਬਦਲਣੀ ਸ਼ੁਰੂ ਹੋ ਗਈ।ਉਹ ਔਰਤ ਜੋ ਕਦੇ ਘਰ ਦੀ ਹੀ ਸ਼ਾਨ ਸਮਝੀ ਜਾਂਦੀ ਸੀ ਹੁਣ ਉਸਨੇ ਘਰੋਂ ਬਾਹਰ ਪੈਰ ਰੱਖ ਕੇ ਤੇ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਇਕ ਕਮਾਉ ਬੀਵੀ ਬਣਕੇ ਜੀਵਨ ਜਿਊਣ ਦੀ ਨਵੀਂ ਲੀਹ ਪਾਉਣੀ ਚਾਹੀ।ਉਹ ਇਸ ਵਿੱਚ ਕਾਮਯਾਬ ਵੀ ਹੋਈ ਪਰ ਉਸਦੀ ਹਾਲਤ ਦਿਨ-ਭਰ ਦੀ ਥਕਾਵਟ ਨਾਲ ਪਤਲੀ ਪੈਣੀ ਸ਼ੁਰੂ ਹੋ ਗਈ।
                     ਆਖਦੇ ਹਨ ਕਿ ਕੁਦਰਤ ਨੇ ਔਰਤ ਨੂੰ ਇੰਨਾ ਕੂ ਸਬਰ-ਸੰਤੋਖ ਦਿੱਤਾ ਹੋਇਆ ਹੈ ਕਿ ਉਹ ਥੋੜੇ ਕੀਤੇ ਤਾਂ ਆਪਣੀ ਤਕਲੀਫ਼ ਨੂੰ ਗੌਲਦੀ ਹੀ ਨਹੀਂ ਤੇ ਜਦੋਂ ਪਾਣੀ ਸਿਰੋਂ ਲੰਘ ਜਾਵੇ ਤਾਂ ਵੀ ਜਿੱਥੋਂ ਤੱਕ ਹੋ ਸਕੇ ਆਪਣੀਆਂ ਸਮਸਿਆਵਾਂ ਨੂੰ ਆਪ ਹੀ ਹੱਲ ਕਰਨਾ ਲੋਚਦੀ ਹੈ।ਪਤੀ ਦਾ ਸਾਥ ਹੋਵੇ ਤਾਂ ਪਤਨੀ ਆਪਣੇ-ਆਪ ਨੂੰ ਸਭ ਤੋਂ ਅਮੀਰ ਔਰਤ ਸਮਝਦੀ ਹੈ ਪਰ ਥੋੜੇ ਕੀਤੇ ਉਸਨੂੰ ਵੀ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੀ।ਜ਼ਿੰਦਗੀ ਦੀ ਗੱਡੀ ਨੂੰ ਲੀਹੇ ਪਾਉਣ ਲਈ ਉਸਦੀ ਨਜ਼ਰ ਆਖਿਰ ਪਤੀ ਤੇ ਹੀ ਟਿਕਦੀ ਹੈ।ਬਹੁਤ ਸਾਰੇ ਮਾਮਲਿਆਂ ਵਿੱਚ ਤਾਂ ਪਤੀ ਆਪਣੀ ਜੀਵਨ-ਸਾਥਣ ਦੀ ਗੱਲ ਹੀ ਸੁਣਨ ਨੂੰ ਤਿਆਰ ਹੀ ਨਹੀਂ ਹੁੰਦਾ ਤੇ ਜੇ ਹੁੰਦਾ ਵੀ ਹੈ ਤਾਂ ਵੀ ਕਸੂਰਵਾਰ ਪਤਨੀ ਹੀ ਜਾਪਦੀ ਹੈ।ਅਜਿਹੀਆਂ ਸਮਸਿਆਵਾਂ ਆਮ ਤੌਰ ਤੇ ਸਾਂਝੇ ਪਰਿਵਾਰਾਂ ਵਿਚ ਆਮ ਹੀ ਹੁੰਦੀਆਂ ਹਨ।ਮਰਦ ਦੀ ਤਾਂ ਕਰਮ-ਭੂਮੀ ਹੀ ਸਮਾਜਿਕ ਖੇਤਰ ਹੈ,ਪਰ ਔਰਤ ਨੇ ਆਪਣੀ ਕਰਮ-ਭੂਮੀ ਨੂੰ ਖ਼ਬਰੇ ਕਿੰਨੀਆਂ ਥਾਵਾਂ ਤੇ ਵੰਡ ਰੱਖਿਆ ਹੈ ਪਰ ਫ਼ਿਰ ਵੀ ਗੁੱਤ ਪਿੱਛੇ ਮੱਤ ਕਹਿ ਕੇ ਅੱਜ ਵੀ ਦੁਤਕਾਰੀ ਜਾਂਦੀ ਹੈ।
                       ਸਮਾਜਿਕ ਖੇਤਰ ਵਿੱਚ ਵਿਚਰਦਿਆਂ ਹੋਇਆਂ ਕਈ ਵਾਰ ਸਾਨੂੰ ਅਜਿਹੀਆਂ ਸਮਸਿਆਵਾਂ ਨਾਲ ਵੀ ਦੋ-ਚਾਰ ਹੋਣਾ ਪੈਂਦਾ ਹੈ, ਜਦੋਂ ਅਸੀਂ ਦੁਨੀਆਂ-ਦਾਰੀ ਨਿਭਾਉਣ ਲਈ ਜਾਂ ਆਪਣੇ ਰਿਸ਼ਤਿਆਂ ਨੂੰ ਬਣਾਏ ਰੱਖਣ ਲਈ ਆਪਣਾ ਸੱਭ-ਕੁਝ ਦਾਅ ਤੇ ਲਗਾ ਦਿੰਦੇ ਹਾਂ ਪਰ ਜਦੋਂ ਹਕੀਕਤ ਨਾਲ ਟਾਕਰਾ ਹੁੰਦਾ ਹੈ ਤਾਂ ਸਿਰ ਫੜ ਕੇ ਬੈਠਣ ਤੋਂ ਬਿਨਾਂ ਕੋਈ ਹੋਰ ਚਾਰਾ ਹੀ ਨਹੀਂ ਬਚਦਾ।ਪਤੀ-ਪਤਨੀ ਤਾਂ ਜਿਵੇਂ-ਕਿਵੇਂ ਸਮਝੋਤਾ ਕਰ ਵੀ ਲੈਂਦੇ ਹਨ, ਪਰ ਰੱਬ ਨਾ ਕਰੇ ਜੇ ਪਤੀ ਭਰ-ਜਵਾਨੀ ਵਿੱਚ ਹੀ ਸਾਥ ਛੱਡ ਜਾਵੇ ਤਾਂ ਔਰਤ ਵਿੱਚਾਰੀ ਕਰੇ ਤਾਂ ਕੀ ਕਰੇ।ਇਕ ਪਾਸੇ ਛੋਟੇ-ਛੋਟੇ ਬੱਚੇ ਤੇ ਦੂਜੇ ਪਾਸੇ ਘਰ ਦੇ ਬਜ਼ੁਰਗ।ਅਸੀਂ ਭਲੀ-ਭਾਂਤ ਜਾਣਦੇ ਹਾਂ ਕਿ ਭਾਵੇਂ ਔਰਤ ਲਈ ਕਿੰਨਾ ਵੀ ਹਾਅ ਦਾ ਨਾਅਰਾ ਮਾਰਿਆ ਜਾਵੇ, ਕਿੰਨੇ ਵੀ ਉਸਨੂੰ ਸੰਵਿਧਾਨਿਕ ਹੱਕ ਦੇਣ ਦੀ ਹਾਮੀ ਭਰੀ ਜਾਵੇ, ਪਰ ਔਰਤ ਅੱਜ ਵੀ ਲਾਚਾਰ ਹੈ।ਪਤੀ ਦੇ ਤੁਰ ਜਾਣ ਤੋਂ ਬਾਅਦ ਤਾਂ ਉਸਦੀ ਹਾਲਤ ਹੋਰ ਵੀ ਪਤਲੀ ਹੋ ਜਾਂਦੀ ਹੈ, ਜਦੋਂ ਘਰੇਲੂ ਜਿੰਮੇਵਾਰੀਆਂ ਦੇ ਨਾਲ-ਨਾਲ ਆਰਥਕ ਖੇਤਰ ਵਿੱਚ ਵੀ ਘਰੇਲੂ ਜਿੰਮੇਵਾਰੀਆਂ ਤੇ ਕਬੀਲ ਦਾਰੀ ਉਸਨੂੰ ਹੀ ਸੰਭਾਲਣੀ ਪੈਂਦੀ ਹੈ, ਪਰ ਬਦਲੇ ਵਿੱਚ ਉਸਨੂੰ ਅਪਣੱਤ ਭਰੇ ਸ਼ਬਦ ਤਾਂ ਕੀ ਸੁਣਨ ਨੂੰ ਮਿਲਣੇ ਹਨ ਹਰ ਚੰਗੀ-ਮਾੜੀ ਗੱਲ ਲਈ ਕਸੂਰ ਵਾਰ ਉਸੇ ਨੂੰ ਹੀ ਸਮਝਿਆ ਜਾਂਦਾ ਹੈ।
                    ਅੱਜ ਵੀ ਜੇ ਪਤਨੀ ਸਾਥ ਛੱਡ ਜਾੱਵੇ ਤਾਂ ਹਰ ਕਿਸੇ ਲਈ ਮਰਦ ਹੀ ਤਰਸ ਦਾ ਪਾਤਰ ਹੁੰਦਾ ਹੈ।ਅਜੇ ਜੀਵਨ-ਸਾਥਣ ਦਾ ਸਿਵਾ ਠੰਡਾ ਵੀ ਨਹੀਂ ਹੋਇਆ ਹੁੰਦਾ ਕਿ ਹਰ ਕਿਸੇ ਨੂੰ ਉਸਦੀ ਰੋਟੀ ਦਾ ਫਿਕਰ ਵੱਢ-ਵੱਢ ਕੇ ਖਾਣ ਲਗਦਾ ਹੈ, ਪਰ ਰੱਬ ਨਾ ਕਰੇ ਜੇ ਔਰਤ ਵਿਧਵਾ ਹੋ ਜਾਵੇ ਤਾਂ ਉਸ ਬਾਰੇ ਕਿਸੇ ਨੇ ਕੁੱਝ ਸੋਚਣਾ ਤਾਂ ਕੀ ਹੈ,  ਉਸਦੇ ਦੁੱਖ ਦਾ ਕੋਈ ਸਾਂਝੀਦਾਰ ਹੀ ਨਹੀਂ ਹੁੰਦਾ ਤੇ ਉਸਨੂੰ ਇਹ ਕਹਿ ਕੇ ਵਰਗਲਾਇਆ ਜਾਂਦਾ ਹੈ ਕਿ ਤੇਰੀ ਤਾਂ ਕਿਸਮਤ ਹੀ ਮਾੜੀ ਹੈ ,ਕੋਈ ਕੀ ਕਰ ਸਕਦਾ ਹੈ ਤੇ ਨਾਲ ਹੀ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਘਰ ਦੀ ਇਜ਼ਤ ਤੇਰੇ ਹੱਥ ਹੈ।ਜਾਣ ਵਾਲਾ ਤਾਂ ਚਲਾ ਗਿਆ, ਇਸ ਨੂੰ ਸੰਭਾਲ ਕੇ ਰੱਖਣਾ ਹੁਣ ਤੇਰਾ ਫ਼ਰਜ਼ ਹੈ।ਕੀ ਪਤਨੀ ਦੇ ਚਲੇ ਜਾਣ ਤੋਂ ਬਾਅਦ ਮਰਦ ਨੂੰ ਵੀ ਇਹ ਨਸੀਹਤ ਦਿੱਤੀ ਜਾਂਦੀ ਹੈ? ਨਹੀਂ, ਔਰਤ ਤਾਂ ਦਵਾਰਾ ਵਿਆਹ ਲਈ ਸੋਚਦੀ ਹੀ ਨਹੀਂ, ਬੱਚਿਆਂ ਤੇ ਬਜ਼ੁਰਗਾਂ ਲਈ ਸਾਰੀ ਉਮਰ ਰੰਡੇਪਾ ਕੱਟ ਲੈਂਦੀ ਹੈ।
          ਕਿੰਨੀ ਹਾਸੋਹੀਣੀ ਗੱਲ ਹੈ ਕਿ ਮਰਦ ਪ੍ਰਧਾਨ ਸਮਾਜ ਵਿੱਚ ਜੇ ਔਰਤ ਨਹੀਂ ਬੋਲਦੀ ਤਾਂ ਥੋੜੇ ਕੀਤੇ ਔਰਤ ਦੇ ਪੁਨਰ-ਵਿਆਹ ਲਈ ਸੋਚਿਆ ਹੀ ਨਹੀਂ ਜਾਂਦਾ।ਜੇ ਇਕ ਵਿਧਵਾ ਔਰਤ ਸਬਰ ਦਾ ਘੁੱਟ ਭਰਕੇ ਤੇ ਚੁੱਪ ਕਰਕੇ ਆਪਣੀਆਂ ਜਿੰਮੇਵਾਰੀਆਂ ਨਿਭਾ ਰਹੀ ਹੈ ਤਾਂ ਇਸ ਦਾ ਅਰਥ ਇਹ ਨਹੀਂ ਲੈ ਲੈਣਾ ਚਾਹੀਦਾ ਕਿ ਉਹ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹੈ।ਹੋ ਸਕਦਾ ਹੈ ਕਿ ਉਹ ਆਪਣੇ ਪਤੀ ਦੇ ਬੁੱਢੇ ਮਾਂ-ਬਾਪ ਖ਼ਾਤਰ ਹੀ ਚੁੱਪ ਹੋਵੇ।ਅੰਦਰੋ-ਗਤੀ ਉਹ ਵੀ ਪਹਾੜ ਜਿੱਡੀ ਜ਼ਿੰਦਗੀ ਇੱਕਲੀ ਜਿਉਣ ਤੋਂ ਘਬਰਾਉਂਦੀ ਹੋਵੇ, ਪਰ ਸ਼ਰਮ ਦੀ ਮਾਰੀ ਕੁੱਝ ਨਾ ਕਹਿ ਸਕਦੀ ਹੋਵੇ।ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਉਸ ਕਰਮਾਂ-ਮਾਰੀ ਔਰਤ ਦੇ ਮਾਂ-ਬਾਪ ਅਤੇ ਸੱਸ-ਸਹੁਰੇ ਨੂੰ ਆਪਸ ਵਿੱਚ ਮਿਲ-ਬੈਠ ਕੇ ਇਸ ਤਰ੍ਹਾਂ ਦੀ ਸਮਸਿਆ ਦਾ ਹੱਲ ਜਰੂਰ ਭਾਲਣਾ ਚਾਹੀਦਾ ਹੈ।ਬਜ਼ੁਰਗਾਂ ਦੇ ਬੈਠਿਆਂ ਤੇ ਆਪਣੇ ਮਾਸੂਮ ਬੱਚਿਆਂ ਵਿੱਚ ਰੁੱਝੀ ਔਰਤ ਭਾਵੇਂ ਇੱਕਲ ਮਹਿਸੂਸ ਨਾ ਵੀ ਕਰਦੀ ਹੋਵੇ ਪਰ ਪਿਛਲੀ ਉਮਰੇ ਤਾਂ ਜੀਵਨ-ਸਾਥੀ ਦੀ ਲੋੜ ਮਹਿਸੂਸ ਹੁੰਦੀ ਹੀ ਹੈ।
                  ਜੇ ਘਰ ਵਿੱਚ ਜਵਾਨ ਬੈਠੀ ਕੁਆਰੀ ਧੀ ਦੀ ਮਾਪਿਆਂ ਨੂੰ ਫ਼ਿਕਰ ਹੁੰਦੀ ਹੈ ਤਾਂ ਜਵਾਨ ਵਿਧਵਾ ਦੀ ਘਰ ਦਿਆਂ ਨੂੰ ਫ਼ਿਕਰ ਕਿਉਂ ਨਹੀਂ ਹੁੰਦੀ।ਜੇ ਮਰਦ ਦੂਜਾ ਵਿਆਹ ਕਰਵਾ ਸਕਦਾ ਹੈ, ਉਸ ਉੱਤੇ ਕਿਸੇ ਤਰ੍ਹਾਂ ਦੀ ਕੋਈ ਬੰਦਿਸ਼ ਨਹੀਂ ਲਾਈ ਜਾਂਦੀ ਤਾਂ ਔਰਤ ਉੱਤੇ ਕਿਉਂ?ਕਿੰਨਾ ਚੰਗਾ ਹੋਵੇ ਜੇ ਸੱਸ-ਸਹੁਰਾ ਆਪ ਹੀ ਅੱਗੇ ਵੱਧ ਕੇ ਨੂੰਹ ਰਾਣੀ ਦੀਆਂ ਖ਼ਾਹਿਸ਼ਾਂ ਨੂੰ ਪਛਾਣਦੇ ਹੋਏ ਉਸਨੂੰ ਖੁਦ ਹੀ ਘਰ ਵਸਾਉਣ ਲਈ ਪ੍ਰੇਰਿਤ ਕਰਨ, ਉਸ ਨੂੰ ਜ਼ਿੰਦਗੀ ਦੀ ਊਚ-ਨੀਚ ਸਮਝਾਉਣ ਤੇ ਇਸ ਗੱਲ ਤੋਂ ਜਾਣੂ ਕਰਵਾੳੇੁਣ ਕਿ ਉਨ੍ਹਾਂ ਨੇ ਤਾਂ ਸਾਰੀ ਉਮਰ ਬੈਠੇ ਨਹੀਂ ਰਹਿਣਾ, ਜੇ ਉਹ ਆਪਣਾ ਘਰ ਵਸਾਉਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ,ਉਹ ਇਹ ਕੰਮ ਆਪਣੇ ਹੱਥੀ ਨੇਪਰੇ ਚਾੜਣਗੇ ਤਾਂ ਇਸ ਗੱਲ ਤੇ ਆਪਣੇ-ਆਪ ਹੀ ਮੁਹਰ ਲੱਗ ਜਾਵੇਗੀ ਕਿ ਅੱਜ ਸੱਚ-ਮੁੱਚ ਹੀ ਸਹੁਰੇ ਪਰਿਵਾਰ ਵਿੱਚ ਨੂੰਹ ਨੂੰ ਗੱਲਾਂ-ਗੱਲਾਂ ਵਿੱਚ ਹੀ ਧੀ ਨਹੀਂ ਸਗੋਂ ਸੱਚ-ਮੁੱਚ ਹੀ ਧੀ ਸਮਝਿਆ ਜਾਣ ਲੱਗ ਪਿਆ ਹੈ।ਇਹ ਗੱਲ ਦਿਮਾਗ ਵਿੱਚੋਂ ਕੱਢ ਦੇਣੀ ਚਾਹੀਦੀ ਹੈ ਕਿ ਜੇ ਉਸਦਾ ਦੂਜਾ ਵਿਆਹ ਕਰ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦਾ ਆਪਸੀ ਰਿਸ਼ਤਾ ਖਤਮ ਹੋ ਜਾਵੇਗਾ।ਨਹੀਂ, ਇੰਝ ਕਰਨ ਨਾਲ ਤਾਂ ਰਿਸ਼ਤੇ ਹੋਰ ਵੀ ਮੋਹ-ਭਿੱਜੇ ਹੋ ਸਕਦੇ ਹਨ।ਜਰੂਰਤ-ਮੰਦ ਲੋਕ ਹਰ ਥਾਂ ਮਿਲ ਜਾਂਦੇ ਹਨ।ਜੇ ਕੋਈ ਵਿਧਵਾ ਔਰਤ ਨਾਲ ਉਸਦੇ ਬੱਚੇ ਨੂੰ ਵੀ ਖੁਸ਼ੀ ਨਾਲ ਅਪਣਾਉਣਾ ਚਾਹੁੰਦਾ ਹੈ ਤਾਂ ਹੋਰ ਕੀ ਚਾਹੀਦਾ ਹੈ।ਜੇ ਇਸ ਨੇਕ ਕੰਮ ਕਰਨ ਨਾਲ ਕਿਸੇ ਦਾ ਘਰ ਵਸ ਜਾਂਦਾ ਹੈ ਬੱਚੇ ਨੂੰ ਬਾਪ ਦਾ ਸਾਇਆ ਮਿਲ ਜਾਂਦਾ ਹੈ ਤਾਂ ਇਸ ਤੋਂ ਵੱਡਾ ਪੁੰਨ ਹੋਰ ਕੀ ਹੋਵੇਗਾ।
        ਅੱਜ ਥਾਂ-ਥਾਂ ਤੇ ਸਮਾਜ-ਸੇਵੀ ਸੰਸਥਾਵਾਂ ਸਮਾਜਿਕ ਕੁਰੀਤੀਆਂ ਵਿਰੁੱਧ ਡੱਟੀਆ ਹੋਈਆਂ ਹਨ ਤਾਂ ਵਿਧਵਾ  ਵਿਆਹ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਲਈ ਸਮਾਜਿਕ ਜੱਥੇ-ਬੰਦੀਆਂ ਚੁੱਪ ਕਿਉਂ ਹਨ।ਵਿਧਵਾ ਔਰਤ ਵੀ ਸਮਾਜ ਦਾ ਹੀ ਹਿੱਸਾ ਹੈ, ਕਿਉਂ ਉਸਨੂੰ ਭੈੜੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ।ਉਸ ਦੀਆਂ ਵੀ ਆਪਣੀਆਂ ਕੋਈ ਜਰੂਰਤਾਂ ਹਨ। ਉਸਨੂੰ ਵੀ ਜ਼ਿੰਦਗੀ ਜਿਉਣ ਦਾ ਪੂਰਾ ਹੱਕ ਹੈ, ਉਸ ਨੂੰ ਵੀ ਸਮਾਜ ਵਿੱਚ ਆਦਰ-ਸਤਿਕਾਰ ਦੀ ਹੱਕ ਦਾਰ ਹੈ।ਫ਼ਿਰ ਕਿਉਂ ਉਸ ਦੀਆਂ ਹਰ ਤਰ੍ਹਾਂ ਦੀਆਂ ਜਰੂਰਤਾਂ ਨੂੰ ਅੱਖੋਂ-ਪਰੋਖੇ ਕੀਤਾ ਜਾਂਦਾ ਹੈ।ਆਉ! ਅੱਜ ਇਸ ਸਮਸਿਆ ਤੇ ਵਿਚਾਰ ਕਰੀਏ ਤੇ ਉਸਨੂੰ ਵੀ ਸਮਾਜ ਵਿੱਚ ਬਣਦਾ ਰੁੱਤਵਾ ਦਈਏ।

ਪ੍ਰਿੰ. ਨਿਰਮਲ ‘ਸੱਤਪਾਲ’
 ਸ.ਸ.ਸ.ਸਕੂਲ ਨੂਰਪੁਰ ਬੇਟ, 
ਲੁਧਿਆਣਾ।
 ਮੋਬਾ.95010-44955 

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template