ਅਧਿਆਪਕ ਸਿਰਫ਼ ਕੌਮ ਦਾ ਨਿਰਮਾਤਾ ਹੀ ਨਹੀਂ ਸਗੋਂ ਭਾਰਤੀ ਸੰਸਕ੍ਰਿਤੀ ਵਿਚ ਉਸ ਨੂੰ ਇੱਕ ਗੁਰੂ ਦੇ ਤੌਰ ‘ਤੇ ਸਤਿਕਾਰਿਆ ਅਤੇ ਪਿਆਰਿਆ ਜਾਂਦਾ ਰਿਹਾ ਹੈ।ਪ੍ਰਚੀਨ ਭਾਰਤ ਵਿਚ ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਨੂੰ ਆਪਣੇ ਮਾਪਿਆਂ ਤੋਂ ਵੀ ਵੱਧ ਕੇ ਸਤਿਕਾਰ ਦਿੱਤਾ ਜਾਂਦਾ ਰਿਹਾ ਹੈ।ਮਾਪੇ ਵੀ ਆਪਣੇ ਲਾਡਲੇ/ਲਾਡਲੀਆਂ ਨੂੰ ਚੰਗੇ ਅਧਿਆਪਕਾਂ ਦੀ ਹਾਜ਼ੂਰੀ ਵਿਚ ਭੇਜਣਾ ਆਪਣਾ ਧੰਨ ਭਾਗ ਸਮਝਦੇ ਸਨ।ਪਰ ਆਧੁਨਿਕ ਸਮੇਂ ਵਿਚ ਸਮੀਕਰਣ ਕੁੱਝ ਤਬਦੀਲ ਹੋ ਰਹੀਆਂ ਹਨ।ਇਸ ਤਬਦੀਲੀ ਕਾਰਨ ਅਧਿਆਪਕਾਂ ਦੇ ਸਤਿਕਾਰ ਦਾ ਗਰਾਫ ਕਾਫੀ ਹੇਠਾਂ ਆ ਗਿਆ ਹੈ।ਇਸ ਗਿਰਾਵਟ ਲਈ ਜਿਥੇ ਅਧਿਆਪਕ ਭਾਈਚਾਰਾ ਆਪ (ਕਿਸੇ ਹੱਦ ਤੱਕ) ਜ਼ਿਮੇਵਾਰ ਹੈ, ਉਥੇ ਉਸ ਦੇ ਆਪਣਿਆਂ(ਮਹਿਕਮੇ) ਵੱਲੋਂ ਵੀ ਉਸ ਨੂੰ ਕੱਖੋਂ ਹੌਲਿਆਂ ਕਰਕੇ ਰੱਖ ਦਿੱਤਾ ਹੈ।ਨਿੱਤ ਨਵੇਂ ਦਿਨ ਆਲ੍ਹਾ-ਅਧਿਕਾਰੀਆਂ ਵੱਲੋਂ ਅਜਿਹੇ ਹਦਾਇਤਨਾਮੇ(ਚਿੱਠੀਆਂ ਦੇ ਰੂਪ) ਜਾਰੀ ਕੀਤੇ ਜਾ ਰਹੇ ਜਿਨ੍ਹਾਂ ਦੀ ਇਬਾਰਤ ਵਿੱਚੋਂ ਸੁਧਾਰਵਾਦੀ/ਕਲਿਆਣਕਾਰੀ ਪ੍ਰਭਾਵ ਘੱਟ ਅਤੇ ਹੰਕਾਰਵਾਦੀ ਪ੍ਰਭਾਵ ਵਧੇਰੇ ਉੱਪਜਦੇ ਹਨ।ਇਨ੍ਹਾਂ ਹਦਾਇਤਨਾਮਿਆਂ ਦੇ ਅੱਖਰ ਕਿਸੇ ਸਾਊ-ਭਾਵਨਾ ਨਾਲ ਘੱਟ ਅਤੇ ਦਬਕਾਊ-ਭਾਵਨਾ ਨਾਲ ਵੱਧ ਲਿਖੇ ਜਾ ਰਹੇ ਹਨ। ਇਨ੍ਹਾਂ ਹਦਾਇਤਨਾਮਿਆਂ ਵਿੱਚ ਕਈ ਹਦਾਇਤਾਂ ਤਾਂ ਅਜਿਹੀਆਂ ਹੁੰਦੀਆਂ ਹਨ ਜਿਹੜ੍ਹੀਆਂ ਕਈ ਵਾਰ ਹਾਸੋਹੀਣੀਆਂ ਹੋਣ ਦੇ ਨਾਲ-ਨਾਲ ਬੇਤਰਕ ਵੀ ਹੁੰਦੀਆਂ ਹਨ।ਕਈ ਵਾਰ ਤਾਂ ਅਚਨਚੇਤ ਛੁੱਟੀ ਲੈਣ ਬਾਬਤ ਹੀ ਬੇਤੁੱਕੀ ਅਤੇ ਭੰਬਲਭੂਸੇ ਵਾਲੀ ਨੀਤੀ ਜਾਰੀ ਕਰ ਦਿੱਤੀ ਜਾਂਦੀ ਹੈ।ਫ਼ੁਰਮਾਨ ਹੁੰਦਾ ਹੈ ਕਿ ਇਹ ਛੁੱਟੀ ਇੱਕ ਦਿਨ ਅਗਾਊਂ ਹੀ ਸਕੂਲ ਮੁੱਖੀ ਦੇ ਮੇਜ਼ ਉਪਰ ਰੱਖ ਕੇ ਉਸ ਦੀ ਘੁੱਗੀ ਮਰਵਾਈ ਜਾਵੇ।ਇਸ ਤਰ੍ਹਾਂ ਦੇ ਨਾਦਰਸ਼ਾਹੀ ਫ਼ੁਰਮਾਨ ਅਚਨਚੇਤ ਸ਼ਬਦ ਦੀ ਪ੍ਰੀਭਾਸ਼ਾ ਹੀ ਬਦਲ ਕੇ ਰੱਖ ਦਿੰਦੇ ਹਨ।ਇੱਕ ਸਧਾਰਣ ਤੋਂ ਸਧਾਰਣ ਬੁੱਧੀ ਵਾਲਾ ਵਿਅਕਤੀ ਵੀ ਇਸ ਗੱਲ ਨੂੰ ਭਲੀ-ਭਾਂਤ ਸਮਝਦਾ ਹੈ ਕਿ ਅਚਨਚੇਤ ਸਥਿਤੀ ਜਾਂ ਹਾਲਾਤ ਵਕਤ ਦਾ ਉਹ ਹਿੱਸਾ ਹੁੰਦਾ ਜਿਸ ਨੂੰ ਪੂਰਵ ਨਿਰਧਾਰਤ ਨਹੀਂ ਕੀਤਾ ਜਾ ਸਕਦਾ।ਇਸ ਨੂੰ ਇਕ ਉਦਾਹਰਣ ਰਾਹੀਂ ਵੀ ਸੌਖਿਆਂ ਹੀ ਸਮਝਿਆ ਜਾ ਸਕਦਾ ਹੈ।ਤਸਵਰ ਕਰ ਲਈਏ ਕਿ ਕੋਈ ਅਧਿਆਪਕ ਜਾਂ ਅਧਿਆਪਕਾ ਆਪਣੀ ਡਿਊਟੀ ਆਉਣ ਸਮੇਂ ਜੇਕਰ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਵੇ ਤਾਂ ਉਹ ਭਲਾ ਕਿਵੇਂ ਇਸ ਦੁਖਦਾਈ ਵਰਤਾਰੇ ਦੀ ਭਵਿੱਖਬਾਣੀ ਕਰ ਸਕਦਾ ਹੈ? ਤਾਜਾਤਰੀਨ ਜਾਣਕਾਰੀ ਮੁਤਾਬਕ ਕੇਂਦਰੀ ਸਿੱਖਿਆ ਸਲਾਹਕਾਰ ਬੋਰਡ ਦੀ ਹਾਜ਼ਰੀ ਵਿੱਚ ਇਕ ਅਜਿਹਾ ਬਿਲ ਪੇਸ਼ ਕੀਤਾ ਜਾ ਰਿਹਾ ਹੈ ਜਿਸ ਨੇ ਕਾਨੂੰਨ ਦਾ ਰੂਪ ਧਾਰ ਕੇ ਕੌਮ ਦੀ ਘਾੜਤ ਘੜਨ ਵਾਲਿਆਂ(ਅਧਿਆਪਕ ਵਰਗ) ਨੂੰ ਆਪਣੀ ਘਾੜਤ ਨੂੰ ਕਰਦਿਆਂ ਕਿਸੇ ਜਾਣੇ_ਅਣਜਾਣੇ ਵਿਚ ਹੋਈ ਕੁਤਾਹੀ ਕਾਰਨ ਕਿਸੇ ਜੇਲ੍ਹ ਦੀ ਦਾਲ ਦਾ ਸੁਆਦ ਚੱਖਣਾ ਪੈ ਸਕਦਾ ਹੈ।ਇਸ ਬਿਲ ਵਿੱਚ ਕਈ ਤਰ੍ਹਾਂ ਦੀਆਂ ਵਿਦਿਆਰਥੀ ਹਿੱਤਕਾਰੀ ਸਿਫ਼ਰਸ਼ਾਂ ਕੀਤੀਆਂ ਗਈਆਂ ਹਨ।ਪਰ ਇਕ ਸਿਫ਼ਾਰਸ਼ ਜੋ ਅਧਿਆਪਕ ਵਿਰੋਧੀ ਜਾਂਦੀ ਹੈ ਉਹ ਇਹ ਹੈ ਕਿ ਡੰਡੇ ਨੂੰ ਪੀਰ ਮੰਨਣ ਵਾਲੇ ਵਿਗੜਿਆਂ-ਤਿਗੜਿਆਂ ਕੁਝ ਵਿਦਿਆਰਥੀਆਂ ਨੂੰ ਸੁਧਾਰਨ ਹਿੱਤ ਜਾਂ ਕਿਸੇ ਸੰਸਥਾ ਦੇ ਅਨੁਸ਼ਾਸਨ ਦੀ ਬਰਕਰਾਰੀ ਲਈ ਉਸ ਵੱਲੋਂ ਵਰਤੀ ਗਈ ਥੋੜ੍ਹੀ-ਬਹੁਤੀ ਸਖਤੀ ਉਸ(ਅਧਿਆਪਕ) ਲਈ ਜ਼ਹਿਮਤ ਬਣ ਸਕਦੀ ਹੈ।
ਆਧੁਨਿਕ ਸਿੱਖਿਆ ਪ੍ਰਣਾਲੀ ਵਿਦਿਆਰਥੀ ਦੇ ਸਰਬਾਂਗੀ ਵਿਕਾਸ ਦੀ ਬਾਤ ਪਾਉਂਦੀ ਹੈ।ਇਸ ਬਾਤ ਦਾ ਹੂੰਗਾਰਾ ਭਰਨ ਲਈ ਵਿਦਿਆਰਥੀ ਵਰਗ ਦਾ ਕਿਸੇ ਨਿਰਧਾਰਿਤ ਮਰਯਾਦਾ ਵਿਚ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ।ਪਰ ਬਚਪਨ ਦੀ ਬਚਕਾਨਤਾ ਅਤੇ ਕਿਸ਼ੋਰ ਅਵਸਥਾ ਦੀ ਤੂਫ਼ਾਨਤਾ ਕਾਰਨ ਕਈ ਵਿਦਿਆਰਥੀ ਇਸ ਮਰਯਾਦਾ ਨੂੰ ਨਿਧੱੜਕ ਹੋ ਕੇ ਉਲੰਘਣ ਲੱਗ ਪੈਂਦੇ ਹਨ।ਅਜਿਹੇ ਸਮੱਸਿਆ ਉਪਜਾਊ ਵਿਦਿਆਰਥੀਆਂ ਨੂੰ (ਉਨ੍ਹਾਂ ਦੇ ਭਲੇ ਹਿੱਤ) ਮੁੱਖ ਧਾਰਾ ਵਿੱਚ ਲਿਆਉਣ ਲਈ ਕਿਸੇ ਅਧਿਆਪਕ ਜਾਂ ਅਧਿਆਪਕਾ ਨੂੰ ਕਿਸੇ ਹੱਦ ਤੱਕ ਕਠੋਰ ਚਿੱਤ ਵੀ ਹੋਣਾ ਪੈ ਜਾਂਦਾ ਹੈ।ਬਹੁਤੀਆਂ ਹਾਲਤਾਂ ਵਿਚ ਇਹ ਕਠੋਰਤਾ ਵੀ ਵਕਤੀ ਤੌਰ ‘ਤੇ ਹੀ ਹੁੰਦੀ।ਆਮ ਤੌਰ ‘ਤੇ ਕਿਸੇ ਅਣਸਰਦੇ ਕੁੱਟ-ਕੁਟਾਪੇ ਤੋਂ ਬਾਅਦ ਅਧਿਆਪਕ ਆਪਣੇ ਵਿਦਿਅਰਥੀਆਂ ਨੂੰ ਫਿਰ ਪਿਆਰ-ਭਰੀਆਂ ਨਜ਼ਰਾਂ ਨਾਲ ਹੀ ਦੇਖਣ ਲੱਗ ਪੈਂਦੇ ਹਨ।ਪਰ ਕਈ ਵਾਰ ਕੁੱਝ ਸਸਤੀ ਸ਼ੋਹਰਤ ਹਾਸਲ ਕਰਨ ਵਾਲੇ ਪੱਤਰਕਾਰਾਂ ਵੱਲੋਂ ਵੀ ਅਧਿਆਪਕ ਭਾਈਚਾਰੇ ਨਾਲ ਜੁੜੀਆਂ ਕੁੱਟ-ਮਾਰ ਦੀਆਂ ਘਟਨਾਵਾਂ ਨੂੰ ਅਜਿਹੀ ਕਲਮ ਨਾਲ ਲਿਖਿਆ ਜਾਂਦਾ ਹੈ ਜੋ ਤੱਥਾਂ ਦੀ ਸਿਆਹੀ ਨਾਲ ਘੱਟ ਹੀ ਲਬਰੇਜ਼ ਹੁੰਦੀ ਹਨ।ਇਹ ਸਿਆਹੀ ਕਈ ਵਾਰ ਅਧਿਆਪਕ ਵਰਗ ਲਈ ਬਦਨਾਮੀ ਦਾ ਦਾਗ ਬਣ ਕੇ ਉਸ ਦੀ ਸਮਾਜਿਕ ਸਾਂਝ ਨੂੰ ਖ਼ੋਰਾ ਲਾ ਦਿੰਦੀ ਹੈ।ਇਸ ਖ਼ੋਰੇ ਕਾਰਨ ਹੀ ਸਰਕਾਰੀ/ਵਿਭਾਗੀ ਨਜ਼ਰਾਂ ਵੀ ਉਸਤਾਦ ਲੋਕਾਂ ਪ੍ਰਤੀ ਦਿਨ-ਬ-ਦਿਨ ਨਫ਼ਰਤਮਈ ਹੋਈ ਜਾ ਰਹੀਆਂ ਹਨ।ਇਸ ਨਫ਼ਰਤੀ ਆਧਾਰ ਕਾਰਣ ਹੀ ਅਧਿਆਪਕਾ ਨੂੰ ਤਿੰਨ ਸਾਲ ਦੀ ਸਜ਼ਾ ਦੇਣ ਵਰਗਾ ਕਾਲਾ-ਕਾਨੂੰਨ ਸਰਕਾਰੀ ਕਾਗਜ਼ਾਂ ਦੇ ਗਰਭ ਵਿਚ ਉਸਲਵੱਟੇ ਲੈ ਰਿਹਾ ਹੈ।ਇਸ ਕਾਨੂੰਨ ਦੇ ਬਣਨ ਨਾਲ ਸਮਾਜ ਦੇ ਉਸ ਵਰਗ ਨੂੰ ਤਾਂ ਭਰਪੂਰ ਖ਼ੁਸ਼ੀ ਹੋਵੇਗੀ ਜੋ ‘ਮਾਸਟਰੀ ਨੂੰ ਕੇਵਲ ਐਸ਼ ਕਰਨ ਦਾ ਸਾਧਨ’ ਹੀ ਮੰਨਦਾ ਹੈ।ਪਰ ਉਸ ਵਰਗ ਨੂੰ ਜ਼ਰੂਰ ਦੁੱਖ ਹੋਵੇਗਾ ਜਿਹੜਾ ਇਸ ਸੋਚ ਦਾ ਧਾਰਨੀ ਹੈ ਕਿ ‘ਰੰਬਾ ਅਤੇ ਮੁੰਡਾ ਚੰਡਿਆਂ ਹੀ ਕੰਮ ਦੇਂਦਾ ਹੈ।ਸੋ ਅਧਿਆਪਕ ਵਰਗ ਨੂੰ ਵੀ ਅਜਿਹੇ ਮੰਦਭਾਵੀ ਕਾਨੂੰਨ ਤੋਂ ਸੁਚੇਤ ਰਹਿਣਾ ਪਵੇਗਾ।
ਰਮੇਸ਼ ਬੱਗਾ ਚੋਹਲਾ
ਲੁਧਿਆਣਾ


0 comments:
Speak up your mind
Tell us what you're thinking... !