ਲੋਹੜੀ ਦਾ ਤਿਉਹਾਰ ਹੋਣ ਕਰਕੇ ਪਤੰਗਬਾਜ਼ੀ ਦਾ ਮੌਸਮ ਹੈ। ਫਿਰ ਫਰਵਰੀ ਵਿੱਚ ਅੱਗੇ ਬਸੰਤ ਆ ਜਾਵੇਗੀ। ਰੰਗ ਬਰੰਗੀਆਂ ਪਤੰਗਾਂ ਲੋਹੜੀ ਤੋਂ ਵੀ ਮਹੀਨਾ ਪਹਿਲਾਂ ਹੀ ਅਸਮਾਨ ਵਿੱਚ ਅਠਖੇਲੀਆਂ ਕਰਦੀਆਂ ਨਜ਼ਰ ਆਉਂਦੀਆਂ ਹਨ। ਇਹ ਅਸਮਾਨ ਵਿੱਚ ਉੱਡਦੀਆਂ ਲੱਗਦੀਆਂ ਤਾਂ ਬਹੁਤ ਸੁੰਦਰ ਹਨ, ਪਰ ਜਦੋਂ ਇਹ ਸੁੰਦਰ ਦਿੱਸਣ ਵਾਲੀਆਂ ਪਤੰਗਾਂ ਚਾਈਨਾਂ ਡੋਰ ਨਾਲ ਉੱਡਣ ਕਰਕੇ ਜਾਨ ਦਾ ਖੌਅ ਬਣ ਜਾਣ ਤਾਂ ਫਿਰ ਇਹਨਾਂ ਚੀਜ਼ਾਂ ਤੋਂ ਕਿਨਾਰਾ ਕਰਨਾ ਹੀ ਬੇਹਤਰ ਹੋਵੇਗਾ। ਪਹਿਲਾਂ ਇਹਨਾਂ ਪਤੰਗਾਂ ਨੂੰ ਧਾਗੇ ਤੋਂ ਬਣੀ ਡੋਰ ਨਾਲ ਉਡਾਇਆ ਜਾਂਦਾ ਸੀ ਜੋ ਅਸਾਨੀ ਨਾਲ ਕਿਧਰੇ ਫਸ ਜਾਣ ਤੇ ਟੁੱਟ ਜਾਂਦੀ ਹੈ। ਚਾਈਨਾ ਡੋਰ ਦੀ ਘੁਸਪੈਠ ਨੇ ਧਾਗੇ ਤੋਂ ਬਣਨ ਵਾਲੀ ਡੋਰਤੇ ਗ੍ਰਹਿਣ ਲਗਾ ਦਿੱਤਾ ਹੈ।। ਚਾਈਨਾ ਡੋਰ ਦੀ ਆਮਦ ਨਾਲ ਧਾਗੇ ਤੋਂ ਬਣਨ ਵਾਲੀ ਡੋਰ ਬਣਾਉਣ ਵਾਲੇ ਕਾਰੀਗਰ ਵੀ ਭੁੱਖੇ ਮਰ ਰਹੇ ਹਨ। ਇਹ ਜ਼ਾਲਿਮ ਡੋਰ ਨੂੰ ਲੋਕ ਜ਼ਿਆਦਾਤਰ ਇਸ ਲਈ ਵਰਤਦੇ ਹਨ ਕਿ ਸਾਡੀ ਪਤੰਗ ਬੋ ਨਾ ਹੋਵੇ। ਆਪਣੀ ਫੋਕੀ ਟੌਹਰ ਬਣਾਉਣ ਲਈ ਕਿਸੇ ਦੀ ਜਾਨ ਦੇ ਦੁਸ਼ਮਣ ਬਣ ਜਾਣਾ ਇਹ ਕਿੱਧਰ ਦੀ ਸਮਝਦਾਰੀ ਹੈ।ਇਸ ਡੋਰ ਦੇ ਕਈ ਨੁਕਸਾਨ ਹਨ ਜਿਵੇਂ ਇਹ ਡੋਰ ਦੋ-ਪਹੀਆਂ ਵਾਹਨ ਸਵਾਰਾਂ ਦੇ ਅਚਾਨਕ ਅੱਗੇ ਆਉਣ ਨਾਲ ਟੁੱਟਦੀ ਨਹੀ। ਜਿਸ ਨਾਲ ਧੌਣ, ਗਲੇ, ਨੱਕ, ਅੱਖ ਜਾਂ ਚਿਹਰੇ ਦੇ ਕਿਸੇ ਵੀ ਹਿੱਸੇ ਤੇ ਕੱਟ-ਵੱਢ ਕਰ ਦੇਂਦੀ ਹੈ। ਕਈਆਂ ਦੀ ਇਸ ਨਾਲ ਜਾਨ ਵੀ ਚਲੀ ਜਾਂਦੀ ਹੈ ਤੇ ਕਈ ਭਿਆਨਕ ਰੂਪ ਵਿੱਚ ਫੱਟੜ ਹੋ ਜਾਂਦੇ ਹਨ।ਇਸ ਡੋਰ ਨਾਲ ਪਸ਼ੂ ਪੰਛੀ ਵੀ ਮਰ ਰਹੇ ਹਨ। ਤਰੇਲ ਪੈਣ ਕਾਰਨ ਜਾਂ ਕਿਸੇ ਹੋਰ ਕਾਰਨ ਇਹ ਡੋਰ ਗਿੱਲੀ ਹੋ ਕੇ ਬਿਜਲੀ ਦੀ ਕਿਸੇ ਨੰਗੀ ਤਾਰ ਨਾਲ ਲੱਗ ਜਾਵੇ ਤਾਂ ਕਰੰਟ ਆਉਣ ਦਾ ਖਦਸ਼ਾ ਬਣਿਆ ਰਹਿੰਦਾ ਹੈ।ਇਸ ਡੋਰ ਨੇ ਬਿਜਲੀ ਦੀਆ ਹਾਈ ਵੋਲਟੇਜ਼ ਤਾਰਾਂ ਤੇ ਵੀ ਆਲਣੇ ਬਣਾਏ ਹੋਏ ਹਨ, ਜਿਸਨੂੰ ਉਤਾਰਨ ਜਾਂ ਅੱਗ ਨਾਲ ਸਾੜਨ ਲਈ ਬਿਜਲੀ ਕਰਮਚਾਰੀਆਂ ਲਈ ਜਾਨ ਦਾ ਖੌਅ ਬਣਿਆ ਰਹਿੰਦਾ ਹੈ। ਦੋ ਪਹੀਆ ਵਾਹਨ ਦੇ ਟਾਇਰ ਨਾਲ ਲਪੇਟੀ ਜਾਣ ਤੇ ਬੈਰਿੰਗ ਤੱਕ ਖਰਾਬ ਕਰ ਦੇਂਦੀ ਹੈ। ਪਾਣੀ ਵਾਲੀ ਟੈਂਕੀਆਂ ਦੇ ਪਾਈਪ ਕੱਟ ਦੇਂਦੀ ਹੈ।ਪਿਛਲੇਂ ਦਿਨੀਂ ਅਖਬਾਰਾਂ ਦੀਆਂ ਸੁਰਖੀਆਂ ਸਨ ਕਿ ਚਾਈਨਾ ਡੋਰ ਦੇ ਕਹਿਰ ਨਾਲ ਕਈਆਂ ਦੀਆਂ ਜ਼ਿੰਦਗੀਆਂ ਦਾਅ ਤੇ ਲੱਗ ਗਈਆਂ।ਨਵੰਬਰ ਮਹੀਨੇ ਵਿੱਚ ਅੰਮ੍ਰਿਤਸਰ ਦੇ ਖਾਲਸਾ ਕਾਲਜ ਨੇੜ੍ਹੇ ਡਰੈਗਨ ਡੋਰ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਿਆਕਤੀ ਦੀ ਮੌਤ ਹੋ ਗਈ ਸੀ।ਫਿਰ 13 ਦਸੰਬਰ ਨੂੰ ਇਸੇ ਜਿਲ੍ਹੇ ਵਿੱਚ ਹੀ ਇਸਲਾਮਾਬਾਦ ਦੇ ਏਰੀਏ ਵਿੱਚ ਪਵਨ ਕੁਮਾਰ ਨਾਂ ਦੇ ਵਿਅਕਤੀ ਨੂੰ 32 ਟਾਂਕੇ ਲੱਗੇ ਸਨ। ਅੱਗੇ 14 ਦਸੰਬਰ ਨੂੰ ਦੋ ਪਹੀਆ ਵਾਹਨ ਤੇ ਜਾਂਦੀ ਲੜਕੀ ਦੇ ਮੂੰਹ ਤੇ ਇਹ ਡੋਰ ਫਿਰ ਗਈ ਸੀ ਤੇ ਉਸਦੇ ਚਿਹਰੇ ਤੇ 40 ਟਾਂਕੇ ਲੱਗੇ ਸਨ। 18 ਨਵੰਬਰ ਨੂੰ ਬੀ ਟੈਕ ਦੀ ਹੀ ਇੱਕ ਵਿਦਿਆਰਥਣ ਦੇ ਮੂੰਹ ਤੇ ਲਪੇਟੇ ਛਾਲ ਵਿੱਚੋਂ ਦੀ ਮੂੰਹ ਚੀਰ ਦਿੱਤਾ ਸੀ ਤੇ ਉਸਦੇ ਚਿਹਰੇ ਤੇ 18 ਟਾਂਕੇ ਲੱਗੇ ਸਨ।ਹੁਣੇ ਤਾਜਾ ਕੇਸ 6 ਜਨਵਰੀ ਨੂੰ ਇੱਕ ਹੋਰ ਨੌਜਵਾਨ ਇਸ ਦੀ ਲਪੇਟ ਆ ਗਿਆ ਸੀ ਤੇ 18 ਟਾਂਕਟ ਲੱਗੇ ਸਨ। ਹੋਰ ਵੀ ਇਸ ਤਰ੍ਹਾਂ ਦੇ ਕਈ ਕੇਸ ਹਨ। ਉਹ ਤਾਂ ਪਿੰ੍ਰਟ ਮੀਡੀਏ ਨੇ ਇਸ ਮੁੱਦੇ ਨੂੰ ਉਛਾਲਿਆ ਤੇ ਪ੍ਰਸਾਸ਼ਨ ਕੁੰਭਕਰਨੀ ਨੀਂਦ ਤੋਂ ਜਾਗਿਆ। ਡੀ.ਸੀ ਸਾਹਬਾਂ ਨੇ ਸਖਤ ਨਿਰਦੇਸ਼ ਦਿੱਤੇ। ਛਾਪੇਮਾਰੀ ਸ਼ੁਰੂ ਹੋਈ।, ਪਰ ਕੋਈ ਬਹੁਤੀ ਸਫਲਤਾ ਹੱਥ ਨਹੀ ਲੱਗੀ ਕਿਉਂਕਿ ਇਹ ਮਹਾਨ ਭਾਰਤ ਦੀ ਖਾਸੀਅਤ ਰਹੀ ਹੈ ਕਿ ਬੈਨ ਹੋਈ ਹਰ ਚੀਜ਼ ਤੁਹਾਨੂੰ ਜਿੰਨ੍ਹੀ ਚਾਹੋ ਮਿਲੇਗੀ, ਪਰ ਦੁਣੇ-ਤੀਣੇ ਰੇਟ ਤੇ। ਪ੍ਰਸ਼ਾਸਨ ਦੇ ਅਲਰਟ ਹੋਣ ਤੇ ਮੁਲਜ਼ਮ ਵੀ ਨਵੇਂ-ਨਵੇਂ ਪੈਂਤਰੇ ਇਜ਼ਾਦ ਕਰ ਲੈਂਦੇ ਹਨ। ਉਹ ਚਾਈਨਾ ਡੋਰ ਦੇ ਗੱਟੂ ਆਪਣੀ ਦੁਕਾਨ ਤੇ ਨਾ ਰੱਖ ਕੇ ਜਾਂ ਤਾਂ ਕਿਧਰੇ ਹੋਰ ਜਗ੍ਹਾ ਸਟੋਰ ਵਿੱਚ ਰੱਖਦੇ ਹਨ ਜਾਂ ਫਿਰ ਸਾਹਮਣੇ ਫਲ ਜਾਂ ਸਬਜੀਆਂ ਵਾਲੀ ਰੇਹੜੀ ਤੇ ਰੱਖਦੇ ਹਨ। ਛਾਪਾ ਪੈਣ ਤੇ ਉਹਨਾਂ ਦੀ ਦੁਕਾਨ ਵਿੱਚੋਂ ਚਾਈਨਾ ਡੋਰ ਬਰਾਮਦ ਨਹੀ ਹੁੰਦੀ, ਪਰ ਗ੍ਰਾਹਕ ਦੇ ਮੰਗਣ ਤੇ 150-200 ਰੁ: ਪ੍ਰਤੀ ਕਿਲੋ ਮਿੱਲਣ ਵਾਲਾ ਗੱਟੂ ਹੁਣ ਪਾਬੰਦੀ ਦੇ ਬਾਵਜੂਦ 600-700 ਰੁ: ਪ੍ਰਤੀ ਕਿਲੋ ਗੱਟੂ ਅਸਾਨੀ ਨਾਲ ਮਿਲ ਰਿਹਾ ਹੈ।ਹਾਈਕੋਰਟ ‘ਚ ਦਾਇਰ ਜਨਹਿੱਤ ਪਟੀਸ਼ਨ ਦੇ ਬਾਅਦ ਮਾਨਯੋਗ ਅਦਾਲਤ ਨੇ ਚਾਈਨੀਜ਼ ਡੋਰ ਦੀ ਵਿਕਰੀ ਤੇ ਪੂਰਨ ਤੌਰ ਤੇ ਪਾਬੰਦੀ ਲਾਈ ਹੈ। ਹਾਈਕੋਰਟ ਦੇ ਹੁਕਮਾਂ ਦੇ ਬਾਅਦ ਪ੍ਰਸ਼ਾਸਨ ਨੇ ਇਸ ਦੀ ਰੋਕਥਾਮ ਲਈ ਸੇਲਜ਼ ਟੈਕਸ ਵਿਭਾਗ, ਲੇਬਰ ਵਿਭਾਗ, ਸਿਵਲ ਅਤੇ ਪੁਲਿਸ ਤੇ ਨਗਰ ਨਿਗਮ ਨੇ ਰਲ ਕੇ ਛਾਪੇ ਮਾਰੀ ਆਰੰਭੀ ਹੈ। ਇਹ ਡੋਰ ਵੇਚਣ ਵਾਲੇ ਦੁਕਾਨਦਾਰਾਂ ਤੇ ਖ੍ਰੀਦ ਕੇ ਪਤੰਗ ਉਡਾਉਣ ਵਾਲਿਆਂ ਤਹਿਤ ਧਾਰਾ 144 ਅਤੇ ਪੰਜਾਬ ਐਕਟ ਅਧੀਨ ਕੇਸ ਦਰਜ ਹੋ ਸਕਦਾ ਹੈ। ਜਿਲ੍ਹਿਆਂ ਦੇ ਡੀ.ਸੀ ਸਹਿਬਾਨਾਂ ਦੇ ਹੁਕਮਾਂ ਤੇ ਐਕਸਾਈਜ਼ ਵਿਭਾਗ, ਬੀ.ਡੀ.ਪੀ.ਉਜ਼, ਲੇਬਰ ਕਮਿਸ਼ਨਰ, ਐ ੱਸ.ਡੀ.ਐ ੱਮ, ਤਹਿਸੀਲਦਾਰ, ਥਾਣਾ ਮੁਖੀ ਘਰਾਂ ਦੀ ਤਲਾਸ਼ੀ ਲੈ ਸਕਦੇ ਹਨ। ਹੁਣ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸਦੇ ਮੋਬਾਇਲ ਨੰ: ਵੀ ਜਨਤਕ ਕੀਤੇ ਗਏ ਤਾਂ ਕਿ ਜਿੰਮੇਵਾਰ ਇਨਸਾਨ ਸ਼ਿਕਾਇਤ ਕਰ ਸਕਣ।ਅੰਤ ਵਿੱਚ ਇਹ ਕਹਿਣਾ ਬਣਦਾ ਹੈ ਇਹ ਡੋਰ ਤੇ ਤੁਰੰਤ ਸਖਤੀ ਨਾਲ ਤੇ ਪੂਰੀ ਇਮਾਨਦਾਰੀ ਨਾਲ ਰੋਕ ਲਗਾਈ ਜਾਵੇ ।ਗੁਜਰਾਤ ਵਾਂਗ ਚਾਈਨਾ ਡੋਰ ਵੇਚਣ ਵਾਲੇ ਤੇ ਖ੍ਰੀਦ ਕੇ ਪਤੰਗ ਉਡਾਉਣ ਵਾਲੇ ਨੂੰ ਦੋ ਸਾਲ ਦੀ ਕੈਦ ਤੇ ਮੋਟਾ ਜੁਰਮਾਨਾ ਹੋਵੇ।ਸਕੂਲਾਂ ਕਾਲਜਾਂ ਵਿੱਚ ਚਾਈਨਾ ਡੋਰ ਦੀ ਰੋਕਥਾਮ ਲਈ ਸੈਮੀਨਾਰ ਹੋਣੇ ਚਾਹੀਦੇ ਹਨ। ਮਾਂ-ਬਾਪ, ਅਧਿਆਪਕ, ਪਿੰਡਾਂ ਦੇ ਪੰਚ, ਸਰਪੰਚ ਆਪਣੇ ਬੱਚਿਆਂ ਨੂੰ ਤੇ ਇਸ ਡੋਰ ਨਾਲ ਪਤੰਗ ਉਡਾਉਣ ਵਾਲੇ ਹਰ ਇਨਸਾਨ ਨੂੰ ਇਸ ਦੇ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਉਣ ਤੇ ਇਹ ਡੋਰ ਨਾ ਖ੍ਰੀਦ ਕੇ ਦੇਣ ਸਗੋਂ ਇਸ ਦੇ ਖਿਲਾਫ ਸੜ੍ਹਕਾਂ ਤੇ ਉਤਰਨ। ਇਹ ਡੋਰ ਖ੍ਰੀਦਣ ਤੇ ਵੇਚਣ ਵਾਲੇ ਦੀ ਸ਼ਿਕਾਇਤ ਆਪਣੇ ਜਿਲ੍ਹੇ ਦੇ ਡੀ.ਸੀ, ਸੇਲਜ਼ ਟੈਕਸ ਅਫਸਰ, ਤਹਿਸੀਲਦਾਰ ਜਾਂ ਥਾਣਿਆਂ ਵਿੱਚ ਪੁਲਿਸ ਮੁੱਖੀਆਂ ਨੂੰ ਕਰੋ। ਸ਼ਿਕਾਇਤ ਕਰਨ ਵਾਲੇ ਦਾ ਨਾਂ ਜਨਤਕ ਨਹੀ ਕੀਤਾ ਜਾਂਦਾ।ਇਸੇ ਸਿਆਣਪ ਵਿੱਚ ਹੀ ਸਭ ਦੀ ਭਲਾਈ ਹੋਵੇਗੀ।
ਧਰਮਿੰਦਰ ਸਿੰਘ ਵੜ੍ਹੈਚ (ਚੱਬਾ),
ਪਿੰਡ ਤੇ ਡਾਕ: ਚੱਬਾ,
ਤਰਨਤਾਰਨ ਰੋਡ,
ਅੰਮ੍ਰਿਤਸਰ-143022
ਮੋਬਾ: 97817-51690



0 comments:
Speak up your mind
Tell us what you're thinking... !