ਤਲਖ਼ ਹਕੀਕਤ ਹੈ ਕਿ ਇਤਿਹਾਸ ਆਪਣੇ-ਆਪ ਨੂੰ ਅਜ਼ਲ ਤੋਂ ਹੀ ਦੁਹਰਾਉਂਦਾ ਆ ਰਿਹਾ ਹੈ। ਸਮਾਂ ਕਰਵਟਾਂ ਲੈਂਦਾ ਹੈ ਅਤੇ ਜਦੋਂ ਹਰ ਪਾਸੇ ਬਦਇੰਤਜ਼ਾਮੀ ਅਤੇ ਆਪ-ਹੁਦਰੇਪਨ ਦਾ ਮਾਹੌਲ਼ ਕਾਇਮ ਹੋ ਜਾਵੇ ਤਾਂ ਕੁਦਰਤ ਕੋਈ ਨਾ ਕੋਈ ਅਜਿਹਾ ਵਸੀਲਾ ਬਣਾਉਂਦੀ ਹੈ ਕਿ ਗਲ਼ੇ-ਸੜੇ ਨਿਜ਼ਾਮ ਦੀ ਬਰਬਾਦੀ ਦਾ ਸਿਲਸਿਲਾ ਆਰੰਭ ਹੋ ਜਾਂਦਾ ਹੈ, ਨਵੇਂ ਜਜ਼ਬੇ ਅਤੇ ਉਤਸ਼ਾਹ ਲੈ ਕੇ ਕੁਝ ਨੇਕ ਅਤੇ ਸੁਥਰਾ ਕਰਨ ਵਾਲਿਆਂ ਦੁਆਰਾ ਨਵਯੁੱਗ ਦਾ ਆਗ਼ਾਜ਼ ਹੋ ਜਾਂਦਾ ਹੈ। ਭਾਵੇਂ ਕਿ ਹਿੰਦੁਸਤਾਨ ਦੇ ਸੰਦਰਭ ਵਿਚ ਇਸ ਸੱਚਾਈ ਤੋਂ ਕਤਈ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ:
ਹਰ ਤਰਫ਼ ਕਾਨੂੰਨ ਕੀ ਊਂਚੀ ਫ਼ਸੀਲੇਂ ਹੈਂ ਮਗਰ
ਹਰ ਜਗਹ ਇਕ ਚੋਰ ਰਸਤਾ ਹੈ ਹਮਾਰੇ ਦੇਸ਼ ਮੇਂ।
ਲੇਕਿਨ ਪਿਛਲੇ ਤਕਰੀਬਨ ਦੋ-ਕੁ ਵਰ੍ਹਿਆਂ ਤੋਂ ਹਿੰਦੁਸਤਾਨ ਦੀ ਸਿਆਸਤ ਅਤੇ ਪ੍ਰਸ਼ਾਸਨ ’ਚ ਲੰਮੇ ਸਮੇਂ ਤੋਂ ਕੋਹੜ ਵਾਂਗ ਲੱਗੇ ਰੋਗ ਦੇ ਸਫ਼ਾਏ ਦੀ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ। ਜਿੱਥੇ ਦੇਸ਼ ਦੇ ਗ਼ੌਰਵਮਈ ਮੱਥੇ ’ਤੇ ਬਦਨੁਮਾ ਦਾਗ਼ ਬਣ ਕੇ ਲੱਗੇ ਘੋਟਾਲ਼ੇਬਾਜ਼ ਰਾਜਸੀ ਆਗੂਆਂ, ਗ਼ੈਰ-ਜ਼ਿੰਮੇਵਾਰ ਨੌਕਰਸ਼ਾਹਾਂ, ਆਡੰਬਰੀ ਸਾਧਾਂ ਅਤੇ ਖ਼ੁਦਮੁਖ਼ਤਿਆਰ ਕਾਰੋਬਾਰੀਆਂ ਦੀਆਂ ਕੋਝੀਆਂ ਕਰਤੂਤਾਂ ਆਪਣੀ ਚਰਮ-ਸੀਮਾ ਨੂੰ ਛੂਹ ਰਹੀਆਂ ਨੇ, ਉਥੇ ਦੂਜੇ ਪਾਸੇ ਲੱਕ-ਤੋੜਵੀਂ ਮਹਿੰਗਾਈ, ਬੇਰੁਜ਼ਗਾਰੀ ਅਤੇ ਨਾ-ਇਨਸਾਫ਼ੀ ਦੇ ਸਤਾਏ ਹੋਏ ਕੁਝ ਲੋਕ ਜਾਗਰੂਕ ਹੋ ਕੇ ਪੁਰਅਮਨ, ਏਕੇ ਅਤੇ ਇਨਸਾਫ਼ ਦੀ ਸਥਾਪਤੀ ਖ਼ਾਤਿਰ ਸੜਕਾਂ ਉੱਪਰ ਨਿੱਕਲ ਆਏ ਹਨ। ਵਿਸ਼ਵ ਦੀਆਂ ਸਿਰਮੌਰ ਤਾਕਤਾਂ ਦੇ ਹੱਥਾਂ ’ਚ ਦੇਸ਼ ਨੂੰ ਕਠਪੁਤਲੀ ਬਣਾਉਣ ਵਾਲੇ, ਦੇਸ਼ਵਾਸੀਆਂ ਦੀ ਪਿੱਠ ’ਚ ਛੁਰਾ ਖੋਭ ਕੇ ਆਪਣੀਆਂ ਕਈ-ਕਈ ਪੀੜ੍ਹੀਆਂ ਵਾਸਤੇ ਦੌਲਤ ਨਾਲ਼ ਤਿਜੋਰੀਆਂ ਭਰਨ ਵਾਲ਼ੇ ਸਿਆਸਤਦਾਨਾਂ, ਰੱਬੀ-ਨਾਮ ਦਾ ਵਪਾਰ ਕਰਨ ਵਾਲ਼ੇ ਅਖੌਤੀ ਸੰਤਾਂ, ਭ੍ਰਿਸ਼ਟ ਨੌਕਰਸ਼ਾਹਾਂ ਅਤੇ ਲੋਕਾਂ ਨੂੰ ਮਨਮਰਜ਼ੀ ਦੀ ਕੀਮਤ ਤੇ ਆਪਣੇ ਉਤਪਾਦਨ ਵੇਚਣ ਵਾਲ਼ੇ ਜ਼ਖ਼ੀਰੇਬਾਜ਼ੀ ਅਤੇ ਕਾਲ਼ਾ-ਬਜ਼ਾਰੀ ਦੇ ਮਾਹਿਰ ਕਾਰੋਬਾਰੀਆਂ ਦਾ ਮਾੜਾ ਵਕਤ ਸ਼ੁਰੂ ਹੋ ਚੁੱਕਾ ਹੈ।
2011 ਵਿਚ ਗਾਂਧੀਵਾਦੀ ਸੁਧਾਰਕ ਅੰਨਾ ਹਜ਼ਾਰੇ ਦੁਆਰਾ ਘਪਲੇਬਾਜ਼ਾਂ ਨੂੰ ਨੂੜਣ ਲਈ ਮਜ਼ਬੂਤ ਜਨ-ਲੋਕਪਾਲ ਦੀ ਮੰਗ ਤੇ ਇਕੱਠੇ ਹੋਏ ਜਨ-ਕਾਫ਼ਲੇ ਤੋਂ ਇਹ ਸੰਕੇਤ ਸਪੱਸ਼ਟ ਹੋ ਗਿਆ ਸੀ ਕਿ ਬਿਨ੍ਹਾਂ ਸ਼ੱਕ ਯੁੱਗ-ਪਲਟਾਊ ਮੁਹਿੰਮ ਦਾ ਆਗ਼ਾਜ਼ ਹੋ ਚੁੱਕਾ ਹੈ। ਅੰਨਾ ਹਜ਼ਾਰੇ, ਅਰਵਿੰਦ ਕੇਜਰੀਵਾਲ, ਮੁਨੀਸ਼ ਸਿਸੋਦੀਆ, ਪ੍ਰਸ਼ਾਂਤ ਭੂਸ਼ਨ, ਕਿਰਨ ਬੇਦੀ, ਅਨਿਲ ਬਿਸਵਾਸ ਜਿਹੇ ਵਤਨ-ਪ੍ਰਸਤਾਂ ਨੇ ਜਿਸ ਦਲੇਰੀ, ਠਰੰਮੇ ਅਤੇ ਇਮਾਨਦਾਰੀ ਨਾਲ਼ ਅੱਵਾਮ ਨੂੰ ਲੋਕਤੰਤਰ ਦੇ ਅਸਲੀ ਅਰਥ ਦੱਸਦਿਆਂ ਜਾਗਰੂਕ ਕਰਕੇ ਦੇਸ਼ ਦੀ ਤਬਾਹੀ ਕਰਨ ’ਤੇ ਤੁਲ਼ੇ ਮੁਲਕ ਦੇ ਗ਼ੱਦਾਰਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ, ਉਸਦੇ ਪ੍ਰਤੱਖ਼ ਨਤੀਜੇ ਦਿੱਲੀ ਵਿਧਾਨ ਸਭਾ ਚੋਣਾਂ ਮਗਰੋਂ ਸਾਰੇ ਮੁਲਕ ਸਾਹਵੇਂ ਪ੍ਰਤੱਖ਼ ਹੋ ਚੁੱਕੇ ਹਨ।
ਪਰੰਪਰਾਗਤ ਸੌੜੀ ਸਿਆਸਤ ਦੀਆਂ ਗੁੰਝਲਾਂ ਅਤੇ ਗੁੱਝੇ ਭੇਦਾਂ ਨੂੰ ਸਮਝਣ ਦਾ ਦਾਅਵਾ ਕਰਨ ਵਾਲ਼ੇ ਉਨ੍ਹਾਂ ਮਹਾਂਰਥੀਆਂ ਦੇ ਕਿਆਫ਼ੇ ਕੁਝ-ਕੁ ਦਿਨਾਂ ਵਿਚ ਹੀ ਉਡਣ-ਛੂਅ ਹੋ ਗਏ ਜਿਨ੍ਹਾਂ ਦੀ ਸੌੜੀ ਸੋਚ ਅੰਦਰ ਇਹ ਭਰਮ ਪੱਕੀ ਤਰ੍ਹਾਂ ਬੈਠ ਗਿਆ ਸੀ ਕਿ ਬਗ਼ੈਰ ਧਨ, ਪਹੁੰਚ ਅਤੇ ਭ੍ਰਿਸ਼ਟ ਹੱਥਕੰਡਿਆਂ ਤੋਂ ਕੋਈ ਸੱਤਾ-ਪ੍ਰਾਪਤੀ ਜਾਂ ਬਦਲਾਉ ਮੁਮਕਿਨ ਨਹੀਂ। ਸਮੇਂ ਨੇ ਖ਼ੁਦ ਸਾਬਿਤ ਕਰ ਵਿਖਾਇਆ ਹੈ ਕਿ ਜ਼ਹੀਨ, ਨੇਕ-ਦਿਲ, ਇਮਾਨਦਾਰ, ਸੱਚੇ-ਸੁੱਚੇ ਅਤੇ ਕਥਨੀ-ਕਰਨੀ ’ਚ ਸੁਮੇਲ਼ਤਾ ਰੱਖਣ ਵਾਲ਼ੇ ਅਰਵਿੰਦ ਕੇਜਰੀਵਾਲ ਜਿਹੇ ਯੁੱਗਪੁਰਸ਼ਾਂ ਦਾ ਸ਼ਖ਼ਸੀ ਕੱਦ ਹਿੰਦੁਸਤਾਨੀ ਸਿਆਸਤ ਅਤੇ ਤਖ਼ਤ ’ਤੇ ਕਾਬਜ਼ ਰਾਜਸੀ ਆਗੂਆਂ ਨਾਲੋਂ ਕਿਤੇ ਜ਼ਿਆਦਾ ਬੁਲੰਦ ਅਤੇ ਕਾਬਿਲੇ-ਤਾਰੀਫ਼ ਹੈ। ਚਿੱਟੇ ਦਿਨ ਵਾਂਗ ਸਾਫ਼ ਹੋ ਗਿਆ ਹੈ ਕਿ ਜਦੋਂ ਕੁਸ਼ਾਸਕਾਂ ਦਾ ਜ਼ੁਲਮੋ-ਸਿਤਮ ਹੱਦਾਂ-ਬੰਨੇ ਟੱਪ ਜਾਂਦਾ ਹੈ, ਜਨਤਾ ਦੇ ਭਰੋਸੇ ਨਾਲ਼ ਕੋਝਾ ਖ਼ਿਲਵਾੜ ਕਰਦਿਆਂ ਮੁਲਕ ਦੇ ਬੇਸ਼ਕੀਮਤੀ ਖ਼ਜ਼ਾਨੇ ਨੂੰ ਗ਼ੈਰ-ਕਾਨੂੰਨੀ ਤਰੀਕਿਆਂ ਨਾਲ਼ ਨਿੱਜੀ ਐਸ਼ੋ-ਆਰਾਮ ਖ਼ਾਤਿਰ ਖ਼ਰਚਿਆ ਜਾਂਦਾ ਹੈ ਤਾਂ ਅਜਿਹਾ ਪਲਟਾਅ ਹੋਣਾ ਯਕੀਨੀ ਹੈ।
ਜਮਹੂਰੀਅਤ ਪੱਖ਼ੋਂ ਵਿਸ਼ਵ ਦੇ ਸਭ ਤੋਂ ਅਜ਼ੀਮ ਅਤੇ ਭੂਗੋਲਿਕ ਆਕਾਰ ਪੱਖ਼ੋਂ ਦੁਨੀਆ ਦੇ ਸੱਤਵੇਂ ਸਭ ਤੋਂ ਵੱਡੇ ਮੁਲਕ ਹਿੰਦੁਸਤਾਨ ਦੀ ਕੇਂਦਰ ਅਤੇ ਰਾਜ ਸਰਕਾਰਾਂ ਵਿਕਾਸ ਦੇ ਜਿੰਨੇ ਮਰਜ਼ੀ ਵੱਡੇ-ਵੱਡੇ ਦਾਅਵੇ ਕਰੀ ਜਾਣ ਪਰ ਜ਼ਮੀਨੀ ਹਕੀਕਤ ਕਿਸੇ ਤੋਂ ਲੁਕੀ ਨਹੀਂ ਹੈ ਕਿ ਆਜ਼ਾਦੀ-ਪ੍ਰਾਪਤੀ ਦੇ 66 ਵਰ੍ਹੇ ਬੀਤਣ ਦੇ ਬਾਵਜੂਦ ਦੇਸ਼ ਦੇ ਕਿਸੇ ਵੀ ਖ਼ਿੱਤੇ ਵਿਚ ਅੱਵਾਮ ਲਈ ਖਾਧ-ਪਦਾਰਥਾਂ, ਸਿਹਤ ਅਤੇ ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਦਾ ਮੁਕੰਮਲ਼ ਇੰਤਜ਼ਾਮ ਤਾਂ ਇਕ ਪਾਸੇ ਰਿਹਾ ਬਲਕਿ ਸਾਫ਼-ਸਵੱਛ ਪਾਣੀ ਵੀ ਮੁਹੱਈਆ ਨਹੀਂ ਕਰਵਾਇਆ ਜਾ ਸਕਿਆ। ਬਾਕੀ ਮੁਲਕ ਦੀ ਤਾਂ ਗੱਲ ਹੀ ਛੱਡੋ, ਗੁਰੂਆਂ-ਪੀਰਾਂ ਦੀ ਚਰਨ-ਛੋਹ ਪ੍ਰਾਪਤ ਅਤੇ ਪੰਜਾਂ ਦਰਿਆਵਾਂ ਦੀ ਧਰਤੀ ਵਜੋਂ ਜਾਣੇ ਜਾਂਦੇ ਪੰਜਾਬ ਦੀ ਹੀ ਗੱਲ ਕਰ ਲਉ, ਇਥੇ ਵੀ ਪਾਣੀ ਅਤੇ ਰੇਤੇ ਨੂੰ ਬੜੇ ਮਹਿੰਗੇ ਭਾਅ ਤੇ ਵੇਚਿਆ ਜਾ ਰਿਹਾ ਹੈ।
ਡੂੰਘਾਈ ਵੱਲ ਨਾ ਜਾਂਦਿਆਂ ਹੋਇਆਂ ਜੇਕਰ ਪੰਛੀ-ਝਾਤ ਹੀ ਮਾਰੀਏ ਤਾਂ ਸਮੁੱਚੇ ਮੁਲਕ ਦਾ ਆਲਮ ਇਹ ਹੈ ਕਿ ਜਿੱਥੇ ਇਕ ਪਾਸੇ ਮਹਿੰਗਾਈ ਦੀ ਚੱਕੀ ਦੇ ਪੁੜਾਂ ’ਚ ਨਪੀੜੀ ਜਾ ਰਹੀ ਜਨਤਾ ਫ਼ਾਕੇ ਕੱਟਣ ਲਈ ਬੇਬਸ ਹੋਈ ਪਈ ਹੈ, ਸਰਕਾਰੀ ਮੁਲਾਜ਼ਮਾਂ ਨੂੰ ਕਈ-ਕਈ ਮਹੀਨੇ ਤਨਖ਼ਾਹਾਂ ਲਈ ਲੇਲੜੀਆਂ ਕੱਢਣੀਆਂ ਪੈ ਰਹੀਆਂ ਹਨ, ਆਪਣੇ ਜਾਇਜ਼ ਹੱਕਾਂ ਦੀ ਪ੍ਰਾਪਤੀ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ ਉੱਪਰ ਢੋਡਰਾਂ ਵਾਂਗ ਤਸ਼ੱਦੁਦ ਢਾਹਿਆ ਜਾਂਦਾ ਹੈ, ਉਥੇ ਦੂਜੇ ਪਾਸੇ ਸਥਾਨਕ, ਪ੍ਰਾਦੇਸ਼ਿਕ ਜਾਂ ਕੇਂਦਰੀ ਕਿਸੇ ਵੀ ਹਕੂਮਤ ਦੇ ਬਹੁ-ਗਿਣਤੀ ਅਹੁਦੇਦਾਰਾਂ ਦੁਆਰਾ ਆਪਣੇ ਰੁਤਬੇ ਦੀ ਨਾਜਾਇਜ਼ ਵਰਤੋਂ ਕਰਕੇ ਮੁਲਕ ਦੀ ਅੰਨ੍ਹੀ ਲੁੱਟ-ਖਸੁੱਟ ਕੀਤੀ ਜਾ ਰਹੀ ਹੈ। ਸਿਆਸੀ ਨੁਮਾਇੰਦਿਆਂ ਅਤੇ ਨੌਕਰਸ਼ਾਹਾਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਰਿਹਾਇਸ਼, ਖਾਣੇ, ਆਵਾਜਾਈ, ਸੰਚਾਰ ਅਤੇ ਸੁਰੱਖਿਆ ਸਹੂਲਤਾਂ ਉੱਪਰ ਅਰਬਾਂ ਰੁਪਏ ਫ਼ੂਕੇ ਜਾ ਰਹੇ ਹਨ। ਆਮ ਜਨਤਾ ਦੀ ਭਲਾਈ ਲਈ ਬਣਾਈਆਂ ਯੋਜਨਾਵਾਂ ਦੀ ਧਨ ਰਾਸ਼ੀ ਦਾ ਬਹੁਤਾ ਹਿੱਸਾ ਮੁਲ਼ਕ ਦਾ ਸ਼ੋਸ਼ਣ ਕਰਨ ਵਾਲ਼ਿਆਂ ਦੁਆਰਾ ਆਪਣੇ ਢਿੱਡੀਂ ਤੁੰਨਿਆ ਜਾ ਰਿਹਾ ਹੈ।
ਭਾਰਤ ਦੇ ਕਿਸੇ ਵੀ ਖੇਤਰ ਵਿਚ ਕਿਸੇ ਵੀ ਸਿਆਸੀ ਦਲ਼ ਦੀ ਹਕੂਮਤ ਰਹੀ ਹੋਵੇ, ਪਿੰਡ ਦੇ ਆਮ ਪੰਚ ਤੋਂ ਲੈ ਕੇ ਸਰਕਾਰ ਦੇ ਵੱਡੇ ਤੋਂ ਵੱਡੇ ਵਜ਼ੀਰਾਂ ਜਾਂ ਨੌਕਰਸ਼ਾਹਾਂ ਵਿੱਚੋਂ ਬਹੁ-ਗਿਣਤੀ ਨੇ ਤਾਂ ਆਪਣੇ ਅਹੁਦਿਆਂ ਦੀ ਦੁਰਵਰਤੋਂ ਜ਼ਰੀਏ ਧਨ ਦੇ ਅੰਬਾਰ ਇਕੱਠੇ ਕਰਨ ਦੀ ਮਨਸ਼ਾ ਨਾਲ਼ ਹੀ ਕਾਰਜਸ਼ੀਲਤਾ ਦਾ ਪ੍ਰਦਰਸ਼ਨ ਕੀਤਾ ਹੈ। ਬੇਸ਼ੱਕ ਸੱਚਾਈ ਦੇ ਅਲਮ-ਬਰਦਾਰ, ਇਮਾਨਦਾਰ ਅਤੇ ਸੇਵਾ-ਭਾਵਨਾ ਵਾਲ਼ੇ ਕਾਰਜਸ਼ੀਲ ਇਨਸਾਨਾਂ ਦੀ ਹੋਂਦ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਤ੍ਰਾਸਦੀ ਇਹ ਹੈ ਕਿ ਅਜਿਹੇ ਇਨਸਾਨਾਂ ਦੀ ਤਾਦਾਦ ਆਟੇ ’ਚ ਲੂਣ ਦੀ ਮਿਕਦਾਰ ਤੋਂ ਵੀ ਕਿਤੇ ਘੱਟ ਹੈ। ਦਰਅਸਲ ਭ੍ਰਿਸ਼ਟ ਰਾਜਸੀ ਆਗੂਆਂ ਅਤੇ ਗ਼ੈਰ-ਜ਼ਿੰਮੇਵਾਰ ਨੌਕਰਸ਼ਾਹੀ ਨੇ ਮਿਲ਼ ਕੇ ਅਜਿਹਾ ਨਿਜ਼ਾਮ ਕਾਇਮ ਕਰ ਘੱਤਿਆ ਹੈ ਕਿ ਨਿਸ਼ਠਾ, ਦਿਆਨਤਦਾਰੀ ਅਤੇ ਜਨ-ਸਮਰਪਿਤ ਭਾਵਨਾਵਾਂ ਵਾਲ਼ੇ ਕਰਮਯੋਗੀ ਇਨਸਾਨਾਂ ਲਈ ਆਪਣਾ ਵਜੂਦ ਕਾਇਮ ਰੱਖਣਾ ਵੀ ਦੁੱਭਰ ਹੋਇਆ ਪਿਆ ਹੈ। ਰਿਸ਼ਵਤਖ਼ੋਰੀ ਦਾ ਕੁਲਹਿਣਾ ਕੋਹੜ ਤਾਂ ਇਸ ਹੱਦ ਤੀਕਰ ਸਰਵ-ਵਿਆਪਕ ਹੋਇਆ ਪਿਆ ਹੈ ਕਿ ਨਿੱਕੇ ਤੋਂ ਨਿੱਕਾ ਕੰਮ ਵੀ ਇਸਦੇ ਬਗ਼ੈਰ ਨੇਪਰੇ ਨਹੀਂ ਚੜ੍ਹਦਾ। ਇਥੋਂ ਤੀਕ ਕਿ ਕਈ ਹਸਪਤਾਲਾਂ ਦੁਆਰਾ ਬਿਮਾਰੀਆਂ ਅਤੇ ਹਾਦਸਿਆਂ ਸਦਕਾ ਮਰ ਰਹੇ ਲੋਕਾਂ ਦੀਆਂ ਲੋਥਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਮੁੱਠੀ ਗਰਮ ਕੀਤੇ ਬਗ਼ੈਰ ਨਾ ਸੌਂਪਣ ਦੀਆਂ ਖ਼ਬਰਾਂ ਤੋਂ ਵੀ ਕੋਈ ਅਣਜਾਨ ਨਹੀਂ ਹੈ।
ਇਸ ਤਰ੍ਹਾਂ ਦੇ ਬਦਨੁਮਾ ਕਲੰਕਾਂ ਨੂੰ ਸਾਫ਼ ਕਰਨ ਅਤੇ ਲੋਕਤੰਤਰ ਅੰਦਰਲੀ ਗ਼ੰਦਗੀ ਨੂੰ ਖ਼ਤਮ ਕਰਨ ਦਾ ਤਹੱਈਆ ਕਰਕੇ ਹੀ ਟੀਮ ਅੰਨਾ ਨੇ ਪਰਚਮ ਲਹਿਰਾਇਆ ਸੀ ਜਿਸਦੇ ਬਲਬੂਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ 28 ਦਸੰਬਰ 2013 ਨੂੰ ਦਿੱਲੀ ਦੀ ਪ੍ਰਾਦੇਸ਼ਿਕ ਹਕੂਮਤ ਨੇ ਹੋਂਦ ਵਿਚ ਆਉਂਦਿਆਂ ਹੀ ਗ਼ਫ਼ਲਤ ਦੀ ਨੀਂਦ ’ਚ ਗੜੁੱਚ ਹੋਏ ਲੋਕਾਂ ਨੂੰ ਅਸਲ ਜਮਹੂਰੀਅਤ ਦੇ ਪ੍ਰਤੱਖ਼ ਦੀਦਾਰ ਕਰਵਾ ਦਿੱਤੇ ਹਨ। ਸੱਤਾ ਸੰਭਾਲ਼ਦਿਆਂ ਹੀ ਕੇਜਰੀਵਾਲ ਨੇ ਜਨਤਾ ਨਾਲ਼ ਕੀਤੇ ਆਪਣੇ ਕੌਲ਼ ਵਿਵਹਾਰਕ ਰੂਪ ’ਚ ਪੂਰੇ ਕਰਨ ਦਾ ਸਿਲਸਿਲਾ ਬੜੇ ਧੜੱਲੇ ਨਾਲ਼ ਆਰੰਭ ਕਰ ਦਿੱਤਾ ਹੈ। ਆਪਣੇ ਵਜ਼ੀਰਾਂ ਲਈ ਸਰਕਾਰੀ ਬੰਗਲੇ, ਲਾਲ ਬੱਤੀ ਵਾਲ਼ੀਆਂ ਗੱਡੀਆਂ, ਮਹਿੰਗੀਆਂ ਸੁਰੱਖ਼ਿਆ ਸਹੂਲਤਾਂ ਆਦਿ ਲੈਣ ਤੋਂ ਕੋਰਾ ਇਨਕਾਰ ਕਰਕੇ ਇਕ ਐਸਾ ਰੌਸ਼ਨਮਈ ਇਤਿਹਾਸ ਸਿਰਜ ਦਿੱਤਾ ਹੈ ਜੋ ਅੱਜ ਤੋਂ ਪਹਿਲਾਂ ਹਿੰਦੁਸਤਾਨ ’ਚ ਕਦੇ ਵੀ ਨਹੀਂ ਵਾਪਰਿਆ ਸੀ। ਦੂਜੀ ਤਰਫ਼ ਵੀ.ਆਈ.ਪੀ. ਸਹੂਲਤਾਂ ਭੋਗਦੇ ਆ ਰਹੇ ਵਜ਼ੀਰਾਂ ਦੀ ਐਸ਼-ਭਰਪੂਰ ਜ਼ਿੰਦਗੀ ’ਚ ਖ਼ਲਲ ਪੈਦਾ ਹੋਣੀ ਤਾਂ ਸੁਭਾਵਿਕ ਹੀ ਹੈ। ਆਪਣੇ ਹੱਥੋਂ ਖੁੱਸ ਰਹੇ ਸਵਰਗੀ ਝੂਟਿਆਂ ਦੇ ਝੋਰੇ ਕਾਰਨ ਉਨ੍ਹਾਂ ਦੇ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਹਰਾਮ ਹੋਈ ਪਈ ਹੈ। ਭਾਵੇਂ ਕਿ ਵਿਰੋਧੀ ਦਲਾਂ ਦੁਆਰਾ ਜਾਇਜ਼-ਨਾਜਾਇਜ਼ ਤਰੀਕਿਆਂ ਦੁਆਰਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰਕੇ ਡੇਗਣ ਦੀਆਂ ਸਾਜ਼ਿਸ਼ਾਂ ਅਤੇ ਗਤੀਵਿਧੀਆਂ ਦਾ ਸਿਲਸਿਲਾ ਵੀ ਪੂਰੀ ਤਰ੍ਹਾਂ ਗਰਮਾਹਟ ਵਿਚ ਹੈ ਪਰ ਕੇਜਰੀਵਾਲ ਦੀ ਵਿਚਾਰਧਾਰਾ ਮੁਤਾਬਿਕ “ਦੇਸ਼ ਦੀ ਰਾਜਨੀਤੀ ਵਿਚਲੇ ਚਿੱਕੜ ਨੂੰ ਰਾਜਨੀਤੀ ’ਚ ਵੜ ਕੇ ਹੀ ਸਾਫ਼ ਕੀਤਾ ਜਾ ਸਕਦਾ ਹੈ” ਚੋਖ਼ਾ ਰੰਗ ਲਿਆ ਰਹੀ ਹੈ।
ਦਿੱਲੀ ਦੀ ਖ਼ਲਕਤ ਨੂੰ ਤਖ਼ਤ ਉੱਪਰ ਬੈਠਦਿਆਂ ਹੀ 660 ਪ੍ਰਤੀ ਦਿਨ ਲਿਟਰ ਮੁਫ਼ਤ ਪਾਣੀ ਉਪਲਬਧ ਕਰਵਾ ਕੇ, ਬਿਜਲੀ ਕੰਪਨੀਆਂ ਦੇ ਆੱਡਿਟ ਨੂੰ ਹਰੀ ਝੰਡੀ ਦੇ ਕੇ ਅਤੇ ਬਿਜਲੀ ਦਰਾਂ’ਚ ਭਾਰੀ ਗਿਰਾਵਟ ਕਰਕੇ ਵਿਵਹਾਰਕ ਅਮਲਾਂ ਦਾ ਆਗ਼ਾਜ਼ ਕਰ ਦਿੱਤਾ ਹੈ। ਦਿੱਲੀ ਵਿਧਾਨ ਸਭਾ ਵਿਚ ਕੇਜਰੀਵਾਲ ਨੇ ਅਨੇਕਾਂ ਅੜਿੱਕਿਆਂ ਦੇ ਬਾਵਜੂਦ ਜਿਸ ਦਾਨਿਸ਼ਮੰਦੀ ਨਾਲ਼ ਭਰੋਸੇ ਦਾ ਬਹੁਮਤ ਹਾਸਿਲ ਕਰਕੇ ਦਿਖਾਇਆ ਹੈ, ਉਸ ਤੋਂ ਉਸਦੀ ਦੂਰਦਰਸ਼ੀ ਅਤੇ ਪਾਰਦਰਸ਼ੀ ਸੋਚ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਨਤਾ ਦੇ ਇਸ ਮਹਿਬੂਬ ਨੇਤਾ ਦੇ ਇਰਦ-ਗ਼ਿਰਦ ਗਲ਼-ਕਟੀਅਨਾਂ ਦਾ ਜਮਘਟਾ ਹੋਣ ਦੇ ਬਾਵਜੂਦ ਉਸਦਾ ਹੌਸਲਾ ਪੂਰੀ ਤਰ੍ਹਾਂ ਬੁਲੰਦ ਹੈ। ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਖ਼ਾਤਿਰ ਦੇਸ਼ ਨਾਲ਼ ਗ਼ੱਦਾਰੀ ਕਰਨ ਵਾਲ਼ੇ ਗ਼ਰਜ਼-ਪ੍ਰਸਤ ਨੇਤਾਵਾਂ, ਕਾਰੋਬਾਰੀਆਂ ਅਤੇ ਨੌਕਰਸ਼ਾਹਾਂ ਨੂੰ ਬਦਲ ਰਹੇ ਸਮੀਕਰਣਾਂ ਦੀ ਹਕੀਕਤ ਨੂੰ ਸੰਜੀਦਗੀ ਨਾਲ਼ ਲੈ ਕੇ ਆਪੋ-ਆਪਣੇ ਫ਼ਰਜ਼ ਪਛਾਨਣ ਦੀ ਭਰਵੀਂ ਜ਼ਰੂਰਤ ਹੈ ਕਿਉਂਕਿ ਬਿਨ੍ਹਾਂ ਸ਼ੱਕ ਉਹ ਦਿਨ ਸ਼ੁਰੂ ਹੋ ਚੁੱਕੇ ਹਨ ਜਦ ਆਮ ਆਦਮੀ ਆਪਣੀ ਵੋਟ ਅਤੇ ਅਧਿਕਾਰਾਂ ਪ੍ਰਤੀ ਹੁਣ ਪਹਿਲਾਂ ਵਾਂਗ ਅਵੇਸਲਾ ਨਹੀਂ ਰਿਹਾ। ਇਸ ਸੰਦਰਭ ਵਿਚ ਸਾਹਿਰ ਲੁਧਿਆਣਵੀ ਦੇ ਇਨ੍ਹਾਂ ਬੋਲਾਂ ਦੀ ਸੱਚਾਈ ਨੂੰ ਝੁਠਲਾਇਆ ਨਹੀਂ ਜਾ ਸਕਦਾ:
ਮੇਰੀ ਸਦਾਅ ਕੋ ਦਬਾਨਾ ਤੋ ਖ਼ੈਰ ਮੁਮਕਿਨ ਹੈ
ਮਗਰ ਹਯਾਤ ਕੀ ਲਲਕਾਰ ਕੌਨ ਰੋਕੇਗਾ?
ਬਦਲਤੇ ਵਕਤ ਕੀ ਰਫ਼ਤਾਰ ਕੌਨ ਰੋਕੇਗਾ?
ਜਸਵੰਤ ਭਾਰਤੀ
ਸਲੇਮਪੁਰਾ, ਸਿਧਵਾਂ ਬੇਟ-142 033
(ਲੁਧਿਆਣਾ) ਫੋਨ: 9872727789


0 comments:
Speak up your mind
Tell us what you're thinking... !