Headlines News :
Home » » ਅੰਗ-ਦਾਨ ਉੱਤਮ ਦਾਨ - ਹਰਦਰਸ਼ਨ ਸਿੰਘ ਕਮਲ

ਅੰਗ-ਦਾਨ ਉੱਤਮ ਦਾਨ - ਹਰਦਰਸ਼ਨ ਸਿੰਘ ਕਮਲ

Written By Unknown on Monday, 13 January 2014 | 00:37

ਕੁਝ ਵੀ ਲਿਖਣ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਦਾਨ ਕੀ ਹੁੰਦਾ ਹੈ? ਦਾਨ ਦੀ ਪਰਿਭਾਸ਼ਾ ਕੀ ਹੈ? ਜਿੰਨ੍ਹੀ ਕੁ ਮੇਰੀ ਸੋਚ ਦਾ ਦਾਇਰਾ ਹੈ, ਉਸ ਹਿਸਾਬ ਨਾਲ ਦਾਨ ਦਾ ਅਰਥ ਖੈਹੈ। ਦਾਨ ਤੋਂ ਭਾਵ ਉਸ ਚੀਜ਼ ਤੋਂ ਹੈ ਜੋ ਮੁਫ਼ਤ ਵਿੱਚ ਦਿੱਤੀ ਜਾਂਦੀ ਹੈ। ਜਿਸ ਦਾ ਕੋਈ ਮੁੱਲ ਨਹੀਂ ਲਿਆ ਜਾਂਦਾ। ਜੋ ਮੁਫ਼ਤ ਵਿੱਚ ਮਿਲਦੀ ਹੈ ਅਤੇ ਮੁਫ਼ਤ ਵਿੱਚ ਹੀ ਦਿੱਤੀ ਜਾਂਦੀ ਹੈ। ਹਰ ਸੋਚ ਅਨੁਸਾਰ ਦਾਨ ਦੇ ਵੱਖ-ਵੱਖ ਅਰਥ ਹੋਣਗੇ, ਕਿਉਂਕਿ ਕੁਝ ਲੋਕ ਧਨ-ਦੌਲਤ ਨੂੰ ਵੰਡਣਾ ਦਾਨ ਮੰਨਦੇ ਹਨ। ਕੁਝ ਲੋਕ ਅੰਨ ਨੂੰ ਭੇਂਟਾ ਕਰਨਾ ਦਾਨ ਮੰਨਦੇ ਹਨ। ਕੁਝ ਲੋਕ ਲੀੜੇ-ਕੱਪੜੇ ਨੂੰ ਭੇਂਟਾ ਕਰਨ ਨੂੰ ਦਾਨ ਮੰਨਦੇ ਹਨ। ਇਸ ਤੋਂ ਇਲਾਵਾ ਵੀ ਕੋਈ ਹੋਰ ਸਾਧਨ ਹਨ ਜਿਨ੍ਹਾ ਨੂੰ ਦਾਨ ਕਰਨਾ ਮੰਨਿਆ ਜਾਂਦਾ ਹੈ। ਮੇਰੀ ਤੁਛ ਬੁੱਧੀ ਅਨੁਸਾਰ ਅਸਲ ਦਾਨ ਉਹ ਦਾਨ ਹੈ ਜੋ ਕਿਸੇ ਨੂੰ ਜੀਵਨ ਪ੍ਰਦਾਨ ਕਰੇ।
ਸਵੇਰ ਦਾ ਵੇਲਾ ਸੀ, ਜਦ ਮੈਂ ਇੱਕ ਦਸ-ਬਾਰਾਂ ਸਾਲ ਦੇ ਮੁੰਡੇ ਨੂੰ ਟਰੈਕਟਰ-ਟਰਾਲੀ ਦੇ ਪਿੱਛੇ ਦੌੜਦੇ ਹੋਏ ਵੇਖਿਆਂ ਜੋ ਦੌੜਦਾ-ਦੌੜਦਾ ਚਿਲਾ ਰਿਹਾ ਸੀ ਮੈਂ ਵੀ ਜਾਵਾਗਾਂ.....ਮੈਂ ਵੀ ਜਾਵਾਗਾਂ.....ਮੈਂ ਵੀ ਜਾਵਾਗਾਂ। ਮੈਂ ਉਸ ਬੱਚੇ ਨੂੰ ਵਾਪਸ ਲੈਣ ਆਏ ਕੁਝ ਬਜੁਰਗਾਂ ਨੂੰ ਪੁੱਛਿਆਂ ਕਿ ਇਹ ਟਰੈਕਟਰ-ਟਰਾਲੀ ਕਿਸੇ ਗੁਰ-ਧਾਮਾਂ ਲਈ ਜਾ ਰਿਹਾ ਹਾਂ। ਕਿਉਂਕਿ ਮੇਰੀ ਸੋਚ ਦਾ ਦਾਇਰਾ ਛੋਟਾ ਹੋਣ ਕਾਰਨ ਸ਼ਾਇਦ ਮੈਂ ਇਹੀ ਅੰਦਾਜਾ ਲਗਾ ਸਕਿਆਂ। ਪਰ ਬਜੁਰਗਾਂ ਤੋਂ ਸੁਣਨ ਤੋਂ ਬਾਅਦ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਅਤੇ ਮੈਂ ਹੈਰਾਨ ਸਾਂ ਕਿ ਇਸ ਧਰਤੀ ਤੇ ਅੱਜ ਵੀ ਦੇਵਤੇ ਨਿਵਾਸ ਕਰਦੇ ਹਨ ਜੋ ਮਨੁੱਖਤਾ ਦੇ ਭਲੇ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਬਜੁਰਗਾਂ ਤੋਂ ਪਤਾ ਲੱਗਾ ਕਿ ਇਹ ਇੱਕੋ ਪਰਿਵਾਰ ਦੇ ਜੀਅ ਹਨ ਤੇ ਸਿਵਲ ਹਸਪਤਾਲ ਵਿੱਚ ਆਪਣੇ ਅੰਗ-ਦਾਨ ਕਰਨ ਚੱਲੇ ਹਨ। ਅੰਗ-ਦਾਨ? ਮੈਂ ਹੈਰਾਨ ਸਾਂ। ਕਿਉਂਕਿ ਮੈਂ ਪਹਿਲੀ ਵਾਰ ਕਿਸੇ ਨੂੰ ਅੰਗ-ਦਾਨ ਕਰਨ ਲਈ ਜਾਂਦਾ ਵੇਖ ਰਿਹਾ ਸਾਂ। ਖਾਸ ਕਰਕੇ ਮੈਂ ਉਸ ਬੱਚੇ ਤੇ ਹੈਰਾਨ ਸਾਂ ਜਿਸ ਨੂੰ ਸ਼ਾਇਦ ਅੰਗ-ਦਾਨ ਬਾਰੇ ਇੰਨੀ ਸਮਝ ਵੀ ਨਾ ਹੋਵੇ। ਮੈਂ ਉਸ ਬੱਚੇ ਨੂੰ ਪੁੱਛਿਆਂ, ਤੁਸੀ ਅੰਗ-ਦਾਨ ਕਿਉਂ ਕਰਨਾ ਚਾਹੁੰਦੇ ਹੋ ਅਤੇ ਕੀ ਦਾਨ ਕਰਨਾ ਚਾਹੁੰਦੇ ਹੋ? ਝੱਟ ਵਿੱਚ ਜਵਾਬ ਆਇਆ ਅੱਖਾਂ, ਕਿਉਂਕਿ ਮੇਰੀਆਂ ਅੱਖਾਂ ਉਸ ਆਦਮੀ ਨੂੰ ਰੌਸ਼ਨੀ ਦੇਣਗੀਆਂ ਜਿਸ ਨੇ ਕਦੇ ਵੀ ਚੜ੍ਹਦਾ ਸੂਰਜ ਨਾ ਵੇਖਿਆ ਹੋਵੇ ਅਤੇ ਨਾ ਹੀ ਕਿਸੇ ਛੋਟੇ ਬੱਚੇ ਦਾ ਮਾਸੂਮ ਚਿਹਰਾ ਵੇਖਿਆ ਹੋਵੇ। ਮੈਂ ਬੱਚੇ ਦੀ ਸੋਚ ਤੇ ਹੈਰਾਨ ਸਾਂ ਕਿ ਅੰਗ-ਦਾਨ ਕਰਨ ਲਈ ਟਰੈਕਟਰ-ਟਰਾਲੀ ਦੇ ਪਿੱਛੇ ਦੌੜਨਾ ਅਤੇ ਨਾ ਲੈ ਕੇ ਜਾਣ ਤੇ ਉੱਚੀ-ਉੱਚੀ ਚਿਲਾਉਣਾ ਕਿ ਮੈਂ ਵੀ ਜਾਵਾਗਾਂ......ਮੈਂ ਵੀ ਜਾਵਾਗਾਂ.....ਮੈਂ ਵੀ ਅੰਗ-ਦਾਨ ਕਰਾਗਾਂ.....ਮੈਂ ਵੀ ਅੰਗ-ਦਾਨ ਕਰਾਗਾਂ, ਸੱਚੀ ਮਨੁੱਖਤਾ ਦੀ ਝਲਕ ਪੇਸ਼ ਕਰਦਾ ਹੈ। ਬੱਚੇ ਦੀ ਇਹ ਇੱਛਾ ਸਾਬਤ ਕਰਦੀ ਹੈ ਕਿ ਜਾਤਾਂ-ਪਾਤਾਂ ਤੋਂ ਉੱਪਰ, ਧਰਮਾਂ ਤੋਂ ਉੱਪਰ ਜੇਕਰ ਕੋਈ ਚੀਜ਼ ਹੈ ਤਾਂ ਉਹ ਹੈ ਇਨਸਾਨੀਅਤ।
ਸੱਚ-ਮੁੱਚ ਅੰਗ-ਦਾਨ ਹੀ ਅਸਲ ਦਾਨ ਹੈ। ਕਿਉਂਕਿ ਹਰ ਸਾਲ ਹਜ਼ਾਰਾਂ ਲੋਕ ਦਿਲ ਦੀ ਧੜਕਣ ਬੰਦ ਹੋ ਜਾਣ ਕਾਰਨ, ਗੁਰਦਿਆਂ ਜਾਂ ਜਿਗਰ ਦੇ ਖ਼ਰਾਬ ਹੋ ਜਾਣ ਕਾਰਨ ਜਾਂ ਖੂਨ ਦੀ ਕਮੀ ਕਾਰਨ ਮਰ ਰਹੇ ਹਨ। ਵੀਂਹ ਲੱਖ ਤੋਂ ਜਿਆਦਾ ਲੋਕ, ਜਿਹਨਾਂ ਵਿੱਚ ਬਹੁਤੇ ਬੱਚੇ ਹਨ, ਅੱਖਾਂ ਦੇ ਆਨਿਆਂ ਦੇ ਪਾਰਦਰਸ਼ੀ ਪਰਦੇ ਦੇ ਖ਼ਰਾਬ ਹੋ ਜਾਣ ਕਾਰਨ ਅੰਨ੍ਹੇ ਹੋ ਜਾਂਦੇ ਹਨ ਅਤੇ ਹੋ ਰਹੇ ਹਨ। ਅੰਗ-ਦਾਨ ਕਰਕੇ ਆਪਾਂ ਉਹਨਾਂ ਦੀ ਮਦਦ ਕਰ ਸਕਦੇ ਹਾਂ। ਜੇਕਰ ਅਸੀ ਆਪਣੇ ਤੰਦਰੁਸਤ ਅੰਗ ਦੂਜਿਆਂ ਦੇ ਲਾਭ ਲਈ ਦਾਨ ਵਿੱਚ ਦੇਣ ਲਈ ਤਿਆਰ ਹੋ ਜਾਈਏ ਤਾਂ ਅਸੀ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਬਚਾ ਸਕਦੇ ਹਾਂ। ਇਸ ਨਾਲ ਬਹੁਤ ਸਾਰੇ ਅੰਨ੍ਹਿਆਂ ਨੂੰ ਰੌਸ਼ਨੀ ਪ੍ਰਦਾਨ ਕੀਤੀ ਜਾ ਸਕਦੀ ਹੈ। ਸਾਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਦਿਮਾਗ ਨੂੰ ਛੱਡ ਕੇ ਸਰੀਰ ਦੇ ਬਾਕੀ ਸਾਰੇ ਅੰਗ ਬਦਲੇ ਜਾ ਸਕਦੇ ਹਨ।
ਅੱਜ ਮੈਨੂੰ ਸ੍ਰ: ਅੰਗਮਜੀਤ ਸਿੰਘ ਬਹੁਤ ਯਾਦ ਆ ਰਹੇ ਹਨ। ਜਿਹਨਾਂ ਨੇ ਆਪਣੇ ਦਫ਼ਤਰ ਦੇ ਸੇਵਾਦਰ ਸ੍ਰੀ ਰਾਮ ਪ੍ਰਕਾਸ਼ ਨੂੰ ਦੱਸੇ ਬਿਨ੍ਹਾਂ ਆਪਣਾ ਗੁਰਦਾ ਦਾਨ ਕਰ ਦਿੱਤਾ। ਸ੍ਰ: ਅੰਗਮਜੀਤ ਸਿੰਘ ਬਹੁਤ ਹੀ ਸੱਚੇ ਤੇ ਇਮਾਨਦਾਰ ਇਨਸਾਨ ਸਨ। ਜਦ ਉਹਨਾਂ ਨੂੰ ਪਤਾ ਲੱਗਾ ਕਿ ਸ੍ਰੀ ਰਾਮ ਪ੍ਰਕਾਸ਼ ਗੁਰਦੇ ਖ਼ਰਾਬ ਹੋਣ ਕਰਕੇ ਹਸਪਤਾਲ ਵਿੱਚ ਦਾਖਲ ਹੈ ਤਾਂ ਉਹ ਸ੍ਰੀ ਰਾਮ ਪ੍ਰਕਾਸ਼ ਦਾ ਪਤਾ ਲੈਣ ਲਈ ਗਏ। ਉਸ ਦੀ ਘਰਵਾਲੀ ਕਮਰੇ ਦੇ ਬਾਹਰ ਬੈਠੀ ਰੋ ਰਹੀ ਸੀ। ਸਰਦਾਰ ਸਾਹਿਬ ਨੇ ਪੁੱØਛਿਆਂ, ਗੱਲ ਕੀ ਹੈ? ਤੁਸੀ ਰੋ ਕਿਉਂ ਰਹੇ ਹੋ? ਘਰਵਾਲੀ ਨੇ ਜਵਾਬ ਦਿੱਤਾ ਕਿ ਡਾਕਟਰਾਂ ਨੇ ਕਿਹਾ ਹੈ ਕਿ ਮੇਰੇ ਪਤੀ ਦਾ  ਗੁਰਦਾ ਬਦਲਣਾ ਪੈਣਾ ਹੈ ਅਤੇ ਮੇਰਾ ਕੋਈ ਵੀ ਰਿਸ਼ਤੇਦਾਰ ਗੁਰਦਾ ਦੇਣ ਲਈ ਤਿਆਰ ਨਹੀਂ ਹੈ। ਸਰਦਾਰ ਸਾਹਿਬ ਨੇ ਡਾਕਟਰ ਸਾਹਿਬ ਨਾਲ ਗੱਲ ਕੀਤੀ ਅਤੇ ਕਿਸੇ ਨਾ ਕਿਸੇ ਤਰ੍ਹਾਂ ਡਾਕਟਰ ਸਾਹਿਬ ਨੂੰ ਗੁਰਦਾ ਲੈਣ ਲਈ ਮਨਾ ਲਿਆ। ਕਿਉਂਕਿ ਭਾਰਤ ਦੇ ਵਰਤਮਾਨ ਕਾਨੂੰਨ ਅਨੁਸਾਰ ਅੰਗ-ਦਾਨ ਸਿਰਫ਼ ਰਿਸ਼ਤੇਦਾਰ ਹੀ ਕਰ ਸਕਦਾ ਹੈ। ਸਰਦਾਰ ਸਾਹਿਬ ਨੇ ਡਾਕਟਰ ਸਾਹਿਬ ਤੋਂ ਵਾਅਦਾ ਲਿਆ ਕਿ ਉਸ ਦਾ ਨਾਂ ਕਿਸੇ ਨੂੰ ਵੀ ਨਾ ਦੱਸਿਆ ਜਾਵੇ। ਹੁਣ ਰਾਮ ਪ੍ਰਕਾਸ਼ ਬਿੱਲਕੁਲ ਠੀਕ ਸੀ ਅਤੇ ਦਫਤਰ ਵਿੱਚ ਸਰਦਾਰ ਸਾਹਿਬ ਨੂੰ ਚਾਹ ਦੇਣ ਲੱਗਿਆ ਰੋ ਪਿਆ। ਸਰਦਾਰ ਸਾਹਿਬ ਨੇ ਕਿਹਾ ਤੂੰ ਰੋ ਕਿਉਂ ਰਿਹਾ ਹੈ ਹੁਣ ਤਾ ਤੂੰ ਠੀਕ ਹੈ। ਰਾਮ ਪ੍ਰਕਾਸ਼ ਕਹਿਣ ਲੱਗਾ ਮੈਂ ਕਦੇ ਵੀ ਰੱਬ ਨੂੰ ਨਹੀਂ ਵੇਖਿਆਂ, ਤੇ ਉਸ ਇਨਸਾਨ ਨੂੰ ਵੇਖਣਾ ਚਾਹੁੰਦਾ ਹਾਂ ਜਿਸ ਨੇ ਮੈਨੂੰ ਨਵੀ ਜ਼ਿੰਦਗੀ ਦਿੱਤੀ ਹੈ। ਮੇਰੇ ਲਈ ਰੱਬ ਖੁਦ ਚੱਲ ਕੇ ਮੇਰੇ ਕੋਲ ਆਇਆ ਸੀ। ਸਰਦਾਰ ਸਾਹਿਬ ਖਿੜਕੀ ਵਿੱਚੋਂ ਬਾਹਰ ਭੀੜ ਨੂੰ ਤੱਕ ਰਹੇ ਸਨ ਤੇ ਆਪਣੇ-ਆਪ ਦੇ ਮਾਣ ਮਹਿਸੂਸ ਕਰ ਰਹੇ ਸਨ ਕਿ ਇਸ ਭੀੜ ਦਾ ਹਿੱਸਾ ਹੁੰਦਿਆ ਹੋਇਆ ਵੀ ਮੈਂ ਕਿਸੇ ਦੇ ਕੰਮ ਆਇਆ ਹਾਂ। ਹੇ ਵਾਹਿਗੁਰੂ ਤੇਰਾ ਸੁਕਰ ਹੈ ਤੇਰਾ ਸੁਕਰ ਹੈ.....।
ਅੰਗ-ਦਾਨ ਕੌਣ ਕਰ ਸਕਦਾ ਹੈ? ਕਿਸੇ ਵੀ ਜ਼ਾਤ, ਨਸਲ ਅਤੇ ਲਿੰਗ ਦਾ ਕੋਈ ਵੀ ਤੰਦਰੁਸਤ ਵਿਅਕਤੀ ਅੰਗ ਦਾਨ ਕਰ ਸਕਦਾ ਹੈ। ਜੇਕਰ ਤੁਹਾਡੀ ਉਮਰ ਅਠਾਰਾ ਸਾਲ ਤੋਂ ਘੱਟ ਹੈ ਤਾਂ ਤੁਹਾਨੂੰ ਅੰਗ-ਦਾਨ ਕਰਨ ਲਈ ਆਪਣੇ ਮਾਪਿਆਂ ਤੋਂ ਆਗਿਆਂ ਲੈਣੀ ਜਰੂਰੀ ਹੈ। ਕਿਉਂਕਿ ਅੱਜ-ਕੱਲ ਦੇ ਇਸ ਦੌਰ ਵਿੱਚ ਅੰਗ-ਦਾਨ ਦਾ ਗਲਤ ਫਾਇਦਾ ਵੀ ਲਿਆ ਜਾ ਰਿਹਾ ਹੈ, ਕਿਉਂਕਿ ਕੁਝ ਨੌਜਵਾਨ ਨਸ਼ੇ ਦੀ ਭੈੜੀ ਲੱਥ ਕਾਰਨ ਆਪਣਾ ਨਸ਼ਾ ਪੂਰਾ ਕਰਨ ਲਈ ਲਾਲਚੀ ਡਾਕਟਰਾਂ ਦੇ ਵੱਸ ਪੈ ਜਾਂਦੇ ਹਨ, ਜੋ ਡਾਕਟਰੀ ਕਿੱਤੇ ਨੂੰ ਕਿੱਤਾ ਨਹੀਂ ਆਪਣਾ ਪੇਸ਼ਾ ਸਮਝਦੇ ਹਨ ਅਤੇ ਨਸ਼ਾਈ ਲੋਕਾਂ ਦੇ ਅੰਗ ਕੱਢ ਦੇ ਵੇਚਦੇ ਹਨ।
ਅਸੀ ਆਪਣੇ ਕਿਹੜੇ-ਕਿਹੜੇ ਅੰਗ ਦਾਨ ਕਰ ਸਕਦੇ ਹਾਂ? ਦਿਲ, ਦਿਲ ਦੇ ਵਾਲਵ, ਫੇਫੜੇ, ਜਿਗਰ, ਪਾਚਕ ਗ੍ਰੰਥੀ, ਗੁਰਦੇ, ਅੱਖਾਂ, ਚਮੜੀ, ਹੱਡੀਆਂ, ਹੱਡੀਆਂ ਦੀ ਮਿੱਝ, ਜੋੜਨ ਵਾਲੇ ਟਿਸ਼ੂਜ਼, ਕੰਨਾਂ ਦਾ ਵਿਚਕਾਰਲਾ ਭਾਗ ਅਤੇ ਖੂਨ ਦੀਆਂ ਨਾੜੀਆਂ ਦਾਨ ਵਿੱਚ ਦਿੱਤੇ ਜਾ ਸਕਦੇ ਹਨ। ਅਸੀ ਆਪਣਾ ਪੂਰਾ ਸਰੀਰ ਵੀ ਡਾਕਟਰੀ ਵਿਦਿਅਕ ਅਤੇ ਖੋਜ ਲਈ ਦਾਨ ਕਰ ਸਕਦੇ ਹਾਂ ਪਰ ਕਿਸੇ ਰਜਿਸਟਰਡ ਸੰਸਥਾ ਨੂੰ ਹੀ।
ਅਸੀ ਅੰਗ-ਦਾਨ ਕਦੋ ਕਰ ਸਕਦੇ ਹਾਂ? ਜਿਊਂਦੇ ਜੀਅ ਅੰਗ-ਦਾਨ ਕੀਤਾ ਜਾ ਸਕਦਾ ਹੈ। ਅਸੀ ਜਿਊਂਦੇ-ਜੀਅ ਆਪਣੇ ਖੂਨ ਦੇ ਰਿਸ਼ਤੇਦਾਰਾਂ ਜਿਵੇ ਕਿ ਭੈਣ, ਭਰਾ, ਮਾਤਾ-ਪਿਤਾ ਅਤੇ ਬੱਚਿਆਂ ਨੂੰ ਆਪਣੇ ਅੰਗ, ਦਾਨ ਵਿੱਚ ਦੇ ਸਕਦੇ ਹਾਂ। ਅਸੀ ਇੱਕ ਗੁਰਦਾ, ਜਿਗਰ ਜਾਂ ਹੱਡੀਆਂ ਦੀ ਮਿੱਝ ਦਾਨ ਵਿੱਚ ਦੇਣ ਦੇ ਬਾਵਜੂਦ ਬਿਨ੍ਹਾਂ ਕਿਸੇ ਸਰੀਰਿਕ ਹਾਨੀ ਦੇ ਪਹਿਲਾਂ ਵਾਂਗ ਆਮ ਜੀਵਨ ਬਤੀਤ ਕਰ ਸਕਦੇ ਹਾਂ। ਕੋਈ ਵੀ ਤੰਦਰੁਸਤ ਵਿਅਕਤੀ ਖੂਨ ਦਾਨ ਕਰ ਸਕਦਾ ਹੈ। ਸਿਰਫ਼ ਨਜਦੀਕੀ ਰਿਸ਼ਤੇਦਾਰ ਹੀ ਨਹੀ, ਬਲਕਿ ਦੂਸਰਾ ਕੋਈ ਵੀ ਵਿਅਕਤੀ ਜਿਸ ਦੇ ਖੂਨ ਨਾਲ ਇਹ ਖੂਨ ਮੇਲ ਖਾਂਦਾ ਹੋਵੇ, ਸਾਡੇ ਖੂਨ ਦਾ ਲਾਭ ਉਠਾ ਸਕਦਾ ਹੈ।
ਮੌਤ ਤੋਂ ਬਾਅਦ ਇੱਕ ਵਿਅਕਤੀ ਦੇ ਅੰਗ ਦੂਜੇ ਦੇ ਸਰੀਰ ਵਿੱਚ ਲਾਉਣ ਦੀ ਦ੍ਰਿਸ਼ਟੀ ਤੋਂ ਡਾਕਟਰੀ ਪੇਸ਼ੇ ਵਿੱਚ ਦੋ ਤਰ੍ਹਾਂ ਦੀ ਮੌਤ ਮੰਨੀ ਜਾਂਦੀ ਹੈ। ਇੱਕ ਤਾਂ ਦਿਮਾਗੀ ਮੌਤ ਅਤੇ ਦੂਸਰੀ ਦਿਲ ਦੀ ਮੌਤ। ਦਿਮਾਗੀ ਮੌਤ ਵਾਲੇ ਵਿਅਕਤੀ ਦੇ ਅੰਗਾਂ ਨੂੰ ਬਿਹਤਰ ਮੰਨਿਆਂ ਜਾਂਦਾ ਹੈ ਕਿਉਂਕਿ ਦਿਮਾਗੀ ਮੌਤ ਹੋ ਜਾਣ ਦੇ ਬਾਵਜੂਦ ਦਿਲ ਦੇ ਕਾਫ਼ੀ ਦੇਰ ਤੱਕ ਕੰਮ ਕਰਦੇ ਰਹਿਣ ਕਾਰਨ ਮ੍ਰਿਤਕ ਦੇ ਅੰਗਾਂ ਦੀ ਸ਼ਕਤੀ ਕਾਇਮ ਰਹਿੰਦੀ ਹੈ। ਦਿਲ ਦੇ ਫ਼ੇਲ ਹੋ ਜਾਣ ਕਾਰਨ ਹੋਈ ਮੌਤ ਵਿੱਚ ਮ੍ਰਿਤਕ ਦੇ ਅੰਗ ਦੂਜੇ ਵਿਅਕਤੀ ਦੀ ਸਰੀਰ ਵਿੱਚ ਲਾਉਣ ਲਈ ਬਹੁਤ ਘੱਟ ਸਮਾਂ ਹੁੰਦਾ ਹੈ ਕਿਉਂਕਿ ਇਨ੍ਹਾਂ ਅੰਗਾਂ ਦੀ ਸ਼ਕਤੀ ਛੇਤੀ ਹੀ ਘੱਟ ਹੋ ਜਾਂਦੀ ਹੈ।
ਅੰਤ ਵਿੱਚ ਇਹੀ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਸੀ ਮੌਤ ਤੋਂ ਬਾਅਦ ਕਿਸੇ ਵੀ ਅੰਗ ਦਾ ਦਾਨ ਕਰਨਾ ਚਾਹੁੰਦੇ ਹੋ ਤਾਂ ਆਪਣੇ ਸਥਾਨਿਕ ਹਸਪਤਾਲ ਤੋਂ ਇਸ ਬਾਰੇ ਜਰੂਰੀ ਜਾਣਕਾਰੀ ਪ੍ਰਾਪਤ ਕਰੋ ਕਿ ਤੁਸੀ ਅੰਗ-ਦਾਨ ਕਰਨ ਲਈ ਆਪਣਾ ਨਾਂ ਕਿਵੇਂ ਦਰਜ ਕਰਵਾ ਸਕਦੇ ਹੋ? ਅਤੇ ਅੰਗ-ਦਾਨ ਵਾਲੇ ਦਾਨੀ ਨੂੰ ਦਿੱਤਾ ਜਾਣ ਵਾਲਾ ਕਾਰਡ ਕਿਵੇਂ ਪ੍ਰਾਪਤ ਕਰ ਸਕਦੇ ਹੋ? ਅੰਗ-ਦਾਨ ਬਾਰੇ ਆਪਣੇ ਫ਼ੈਸਲੇ ਬਾਰੇ ਆਪਣੇ ਘਰ ਦੇ ਦੂਸਰੇ ਜੀਆਂ ਨੂੰ ਪਹਿਲਾਂ ਦੱਸ ਦੇਣਾ ਜਰੂਰੀ ਹੈ ਤਾਂ ਜੋ ਉਹ ਤੁਹਾਡੀ ਮ੍ਰਿਤੂ ਦੇ ਸਮੇਂ ਤੁਹਾਡੀ ਅੰਗ-ਦਾਨ ਦੀ ਇੱਛਾ ਪੂਰੀ ਕਰ ਸਕਣ।
ਮੈਨੂੰ ਡਾਕਟਰ ਰਾਬਰਟ ਐਨ.ਟੇਸਟ ਦੀਆਂ ਗੱਲਾਂ ਯਾਦ ਆ ਰਹੀਆਂ ਹਨ, ਜੋ ਲਿਖਦੇ ਹਨ:-
ਮੇਰੀਆਂ ਅੱਖਾਂ ਉਸ ਆਦਮੀ ਨੂੰ ਦੇ ਦੇਣਾ ਜਿਸ ਨੇ ਕਦੇ ਚੜ੍ਹਦਾ ਸੂਰਜ ਨਾ ਦੇਖਿਆ ਹੋਵੇ, ਅਤੇ ਨਾ ਹੀ ਕਿਸੇ ਛੋਟੇ ਜਿਹੇ ਬੱਚੇ ਦਾ ਮਸੂਮ ਚਿਹਰਾ ਜਾਂ ਫਿਰ ਔਰਤ ਦੀਆਂ ਅੱਖਾਂ ਵਿੱਚ ਗੂੜ੍ਹਾ ਪ੍ਰੇਮ।
ਮੇਰਾ ਦਿਲ ਉਸ ਨੂੰ ਦੇਣਾ ਜਿਸ ਦੇ ਦਿਲ ਨੇ ਉਹਨੂੰ ਸਿਵਾਏ ਪੀੜ ਦੇ ਕੁਝ ਨਾ ਦਿੱਤਾ ਹੋਵੇ।
ਮੇਰਾ ਖੂਨ ਉਸ ਨੌਜਵਾਨ ਨੂੰ ਦੇਣਾ ਜਿਸ ਨੂੰ ਜ਼ਖ਼ਮੀ ਹਾਲਤ ਵਿੱਚ ਉਸ ਦੀ ਗੱਡੀ ਦੇ ਮਲਬੇ ਵਿੱਚੋਂ ਕੱਢਿਆ ਗਿਆ ਹੋਵੇ ਤਾਂ ਜੋ ਉਹ ਉਮਰ ਵਡੇਰੀ ਹੋਣ ਤੇ ਆਪਣੇ ਪੋਤਰੇ-ਪੋਤਰੀਆਂ ਨੂੰ ਖੇਡਦਾ ਵੇਖ ਸਕੇ।
ਮੇਰੇ ਗੁਰਦੇ ਉਸ ਨੂੰ ਦੇਣਾ ਜੋ ਹਰ ਹਫ਼ਤੇ ਖੂਨ ਬਦਲਣ ਵਾਲੀ ਮਸ਼ੀਨ ਦੇ ਆਧਾਰ ਤੇ ਹੀ ਜ਼ਿੰਦਾ ਰਹਿ ਰਿਹਾ ਹੋਵੇ।
ਮੇਰਾ ਮਾਸ, ਮੇਰੇ  ਸਰੀਰ ਦੀ ਹਰ ਹੱਡੀ, ਹਰ ਰੇਸ਼ਾ, ਹਰ ਨਾੜੀ ਕੱਢ ਲਉ ਪਰ ਕੋਈ ਅਜਿਹਾ ਤਰੀਕਾ ਖੋਜ ਲਉ ਜਿਸ ਨਾਲ ਇੱਕ ਅਪਾਹਜ ਬੱਚਾ ਚੱਲ ਸਕੇ।
ਮੇਰੇ  ਦਿਮਾਗ਼ ਦਾ ਹਰ ਕੋਨਾ ਖੋਜ ਲਓ, ਜਰੂਰਤ ਪਵੇ ਤਾਂ ਮੇਰੀਆਂ ਕੋਸ਼ਿਕਾਵਾਂ ਵੀ ਲੈ ਲਓ ਅਤੇ ਉਨ੍ਹਾਂ ਨੂੰ ਵਧਣ-ਫੁੱਲਣ ਦਿਉ ਤਾਂ ਕਿ ਕਿਸੇ ਦਿਨ ਕੋਈ ਗੂੰਗਾ ਬੱਚਾ ਪੰਛੀ ਦੀ ਅਵਾਜ਼ ਸੁਣ ਕੇ ਖੁਸ਼ੀ ਨਾਲ ਚੀਕ ਪਵੇ ਅਤੇ ਕੋਈ ਬੋਲੀ ਬੱਚੀ ਖਿੜਕੀ ਤੇ ਪੈਂਦੀਆਂ ਬਾਰਸ਼ ਦੀਆਂ ਬੂੰਦਾਂ ਦੀ ਟਪ-ਟਪ ਸੁਣ ਸਕੇ।
ਮੇਰੇ ਬਚੇ-ਖੁਚੇ ਸਰੀਰ ਨੂੰ ਸਾੜ ਕੇ ਉਸ ਦੀ ਰਾਖ ਹਵਾ ਵਿੱਚ ਖਲਾਰ ਦੇਣਾ ਤਾਂ ਜੋ ਉਸ ਰਾਖ ਤੋਂ ਫੁੱਲ ਖਿੜ ਸਕਣ।
ਜੇਕਰ ਤੁਸੀ ਕੁਝ ਦੱਬਣਾ ਹੀ ਹੈ ਤਾਂ ਦੱਬ ਦੇਣਾ ਮੇਰੀਆਂ ਕਮੀਆਂ, ਮੇਰੀਆਂ ਕਮਜ਼ੋਰੀਆਂ ਅਤੇ ਦੂਜਿਆਂ ਪ੍ਰਤੀ ਮੇਰੇ ਦਿਲ ਵਿੱਚ ਵਸੀਆਂ  ਬਹੁਤ ਸਾਰੀਆਂ ਰੰਜਸ਼ਾਂ।
ਮੇਰੇ ਪਾਪ ਸ਼ੈਤਾਨ ਨੂੰ ਦੇ ਦੇਣਾ ਅਤੇ ਮੇਰੀ ਆਤਮਾ ਪਰਮਾਤਮਾ ਨੂੰ ਦੇ ਦੇਣਾ।
ਜੇਕਰ ਕਦੇ ਮੈਨੂੰ ਯਾਦ ਕਰਨਾ ਚਾਹੋ ਤਾਂ ਕਿਸੇ ਲੋੜਵੰਦ ਨੂੰ ਆਪਣੇ ਦੋ ਮਿੱਠੇ ਬੋਲਾਂ ਅਤੇ ਮਦਦ ਦਾ ਸਹਾਰਾ ਦੇ ਦੇਣਾ।
ਜੇ ਤੁਸੀ ਉਹ ਕਰੋਗੇ ਜੋ ਮੈਂ ਕਿਹਾ ਹੈ ਤਾਂ ਮੈਂ ਅਮਰ ਹੋ ਜਾਵਾਂਗਾ।
                                                                                                                                                                                                               ਹਰਦਰਸ਼ਨ ਸਿੰਘ ਕਮਲ
ਪਿੰਡ ਪਿੱਦੀ, ਤਹਿਸੀਲ ਤੇ ਜਿਲ੍ਹਾ ਤਰਨ ਤਾਰਨ (ਪੰਜਾਬ),
ਪਿਨ ਕੋਡ-143401,
ਮੋਬਾਇਲ ਨੰਬਰ: 97797-12110
(ਮੈਂਬਰ ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ (ਰਜਿ:), ਤਰਨ ਤਾਰਨ)
(ਮੈਂਬਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਪੰਜਾਬ)

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template