ਤੁਸੀਂ ਕਿਸੇ ਧਰਮ ਮੰਨਦੇ ਹੋ ਜਾਂ ਨਹੀਂ, ਆਸਤਿਕ ਹੋ ਨਾਸਤਿਕ, ਇੱਕ ਰੱਬ ਨੂੰ ਮੰਨਣ ਵਾਲੇ ਹੋ ਜਾਂ ਬਹੁਤ ਸਾਰੇ ਦੇਵੀ-ਦੇਵਤਿਆਂ ਨੂੰ ਮੰਨਦੇ ਹੋ, ਤੁਹਾਡੀ ਵਿਚਾਰਧਾਰਾ ਕੁੱਝ ਵੀ ਹੈ, ਤੁਹਾਡੇ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਵਿਚਾਰ ਅਤੇ ਸਿਧਾਂਤ ਕੁੱਝ ਵੀ ਹੋਣ ਤੁਹਾਨੂੰ ਉਸ ਮਹਾਨ ਵਿਅਕਤੀ ਬਾਰੇ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਜੋ ਇਸ ਸੰਸਾਰ ਵਿੱਚ ਅਤਿਅੰਤ ਅਸਾਧਾਰਣ ਸ਼ਖਸ਼ੀਅਤ ਸੀ।ਸੰਸਾਰ ਉਸ ਨੂੰ ਹਜ਼ਰਤ ਮੁਹੰਮਦ ਸਾਹਿਬ ਦੇ ਨਾਂ ਨਾਲ ਜਾਣਦਾ ਹੈ।ਆਪ ਨੇ ਜ਼ਿੰਦਗੀ ਬਿਤਾਉਣ ਦਾ ਇੱਕ ਤਰੀਕਾ ਦੱਸਿਆ।ਧਰਮ ਵਿੱਚ ਸੁਧਾਰ
ਕੀਤਾ।ਇੱਕ ਰਾਜ ਦੀ ਸਥਾਪਨਾ ਕੀਤੀ।ਇੱਕ ਸੰਯੁਕਤ ਨਿਯਮ ਤਿਆਰ ਕੀਤਾ, ਅਨੇਕ ਸਮਾਜਿਕ ਅਤੇ ਰਾਜਨੀਤਿਕ ਸੁਧਾਰ ਕੀਤੇ।ਇੱਕ ਅਜਿਹੇ ਸੰਯੁਕਤ ਸਮਾਜ ਦਾ ਸੰਗਠਨ ਕੀਤਾ ਜੋ ਸੰਸਾਰ ਵਾਸਤੇ ਸਿੱਖਿਆ ਦਾ ਦਰਪਣ ਬਣਿਆ।ਸੰਸਾਰਕ ਅਤੇ ਵਿਅਕਤੀਗਤ ਵਿਵਹਾਰਕ ਪਹਿਲੂਆਂ ਬਾਰੇ ਆਪ ਨੇ ਅਜਿਹੀ ਕ੍ਰਾਂਤੀ ਲਿਆਂਦੀ ਜੋ ਹਰ ਯੁੱਗ ਵਾਸਤੇ ਜਯੋਤੀ-ਪੁੰਜ ਬਣ ਗਈ।ਇਸ ਸ਼ਾਨਦਾਰ ਕਾਰਨਾਮੇ ਨੂੰ ਆਪ ਨੇ ਕੇਵਲ 23
ਸਾਲ ਦੀ ਮੁੱਦਤ ਵਿੱਚ ਅੰਜਾਮ ਦਿੱਤਾ।
ਆਪ ਦਾ ਜਨਮ ਅਰਬੀ ਮਹੀਨੇ ਰਬੀ-ਉਲ-ਅੱਵਲ ਦੀ 23 ਤਾਰੀਖ ਮੁਤਾਬਿਕ 20 ਅਗਸਤ 570 ਈਸਵੀ ਨੂੰ ਮੱਕਾ-ਮੁਕੱਰਮਾ(ਸਾਊਦੀ ਅਰਬ) ਵਿੱਚ ਹੋਇਆ।ਆਪ ਦਾ 63 ਸਾਲ ਦੀ ਉਮਰ ਵਿੱਚ 12 ਰਬੀ-ਉਲ-ਅੱਵਲ ਮੁਤਾਬਿਕ 8 ਜੂਨ 632 ਈਸਵੀ ਨੂੰ ਸਾਊਦੀ ਅਰਬ ਦੇ ਸ਼ਹਿਰ ਮਦੀਨਾ ਮੁਨੱਵਰਾ ‘ਚ ਦਿਹਾਂਤ ਹੋਇਆ ਤਾਂ ਪੂਰਾ ਅਰਬ ਇੱਕ ਰੱਬ ਨੂੰ ਮੰਨਣ ਵਾਲਾ ਬਣ ਚੁੱਕਿਆ ਸੀ, ਹੁਣ ਉਹ ਨਾ ਅਨੇਕ-ਈਸ਼ਰਵਾਦੀ ਸਨ ਤੇ ਨਾ ਹੀ ਬਹੁ-ਦੇਵਵਾਦੀ।ਮਾਨਵ ਇਤਿਹਾਸ ਵਿੱਚ ਅਜਿਹੀ ਕ੍ਰਾਂਤੀ ਨਾ ਵੇਖੀ ਗਈ ਤੇ ਨਾ ਹੀ ਸੁਣੀ ਗਈ। ਇਨਸਾਇਕਲੋਪੀਡੀਆ ਇੰਗਲੈਂਡ ਵਿੱਚ ਇਹ ਸਵੀਕਾਰ ਕਰਦੇ ਹੋਏ ਮੰਨਿਆ ਗਿਆ ਹੈ ਕਿ ਆਪ ਸੰਸਾਰ ਦੇ ਧਰਮਾਂ ਦੀਆਂ ਸਾਰੀਆਂ ਮਹਾਨ ਸ਼ਖਸ਼ੀਅਤਾਂ ਵਿੱਚੋਂ ਸਭ ਤੋਂ ਵੱਧ ਸਫਲ ਕ੍ਰਾਂਤੀਕਾਰੀ ਸਨ।ਸੰਸਾਰ ਦੇ ਅਨੇਕ ਬੁੱਧੀਜੀਵੀਆਂ ਨੇ ਵੀ ਆਪ ਬਾਰੇ ਵਿਚਾਰ ਦਿੱਤੇ ਹਨ ਜਿਹੜੇ ਆਪ ਦੀ ਮਹਾਨਤਾ ਦਾ ਖੁੱਲਾ ਪ੍ਰਮਾਣ ਹਨ।ਜਾਰਜ ਬਰਨਾਰਡ ਸ਼ਾਅ ਨੇ ਕਿਹਾ ਹੈ ਕਿ “ਅਗਰ ਹਜ਼ਰਤ ਮੁਹੰਮਦ ਸਲ. ਅੱਜ ਦੇ ਯੁੱਗ ਵਿੱਚ ਹੁੰਦੇ ਤਾਂ ਉਨਾਂ ਸਾਰੀਆਂ
ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸਫਲ ਹੋ ਜਾਂਦੇ, ਜਿਹੜੀਆਂ ਅੱਜ ਮਨੁੱਖਤਾ ਦੀ ਬਰਬਾਦੀ ਲਈ ਖਤਰਾ ਬਣਦੀਆਂ ਜਾ ਰਹੀਆਂ ਹਨ”।
ਥਾਮਸ ਕਾਰਲਾਇਲ ਇਹ ਸੋਚ ਕੇ ਹੈਰਾਨ ਰਹਿ ਜਾਂਦਾ ਹੈ ਕਿ ਕਿਸ ਤਰਾਂ ਇੱਕ ਵਿਅਕਤੀ ਨੇ ਇੱਕਲੇ ਹੀ ਲੜਦੇ-ਝਗੜਦੇ ਕਬੀਲੇ ਅਤੇ ਬੱਦੂਆਂ ਨੂੰ ਇੱਕ ਸ਼ਕਤੀਸ਼ਾਲੀ ਅਤੇ ਸਭਿਅਕ ਰਾਸ਼ਟਰ ਵਿੱਚ ਬਦਲ ਦਿੱਤਾ ਅਤੇ ਇਹ ਮਹਾਨ ਕਾਰਜ ਉਸ ਨੇ 23 ਸਾਲ ਦੀ ਛੋਟੀ ਜਿਹੀ ਮੁੱਦਤ ਵਿੱਚ ਪੂਰਾ ਕੀਤਾ। ਫਰਾਂਸ ਦਾ ਨੈਪੋਲੀਅਨ ਬੋਨਾਪਾਰਟ ਅਤੇ ਸਾਡੇ ਦੇਸ਼ ਦੇ ਮਹਾਨ ਰਾਜਨੀਤਿਕ ਨੇਤਾ ਮਹਾਤਮਾ ਗਾਂਧੀ ਜੀ ਹਮੇਸ਼ਾਂ ਇੱਕ ਅਜਿਹੇ ਸਮਾਜ ਦਾ ਸੁਪਨਾ ਦੇਖਦੇ ਰਹੇ ਜਿਸ ਨੇ ਚੌਦਾਂ ਸੌ ਸਾਲ ਪਹਿਲਾਂ ਲਿਆਂਦੀ ਗਈ ਕ੍ਰਾਂਤੀ ਦੇ ਨਤੀਜੇ ਵੱਜੋਂ ਜਨਮ ਲਿਆ ਹਜ਼ਰਤ ਮੁਹੰਮਦ ਸਲ. ਸ਼ਾਹਿਦ ਅਖਲਾਕ ਦੇ ਮਾਲਕ, ਹੁਕਮ ਮੰਨਣ ਵਾਲਿਆਂ ਨੂੰ ਖੁਸ਼ਖਬਰੀ ਸੁਨਾਉਣ ਵਾਲੇ ਅਤੇ ਹੁਕਮ ਨਾ ਮੰਨਣ ਵਾਲਿਆਂ ਨੂੰ ਡਰਾਉਣ ਵਾਲੇ ਸਨ।ਆਪ ਸਲ. ਨਾ ਆਦਤ ਦੇ ਸਖਤ ਅਤੇ ਨਾ ਉਨਾਂ ਦੀ ਬੋਲ-ਚਾਲ ਵਿੱਚ ਕੌੜਾਪਨ ਸੀ।ਉਹ ਉੱਚੀ ਅਵਾਜ਼ ਵਿੱਚ ਨਹੀਂ ਬੋਲਦੇ, ਬੁਰਾਈ ਦਾ ਬਦਲਾ ਬੁਰਾਈ ਨਾਲ ਨਹੀਂ ਦਿੰਦੇ, ਉਨਾਂ ਦੀ ਸਿੱਖਿਆ ਅੰਨਿਆਂ ਨੂੰ ਅੱਖਾਂ, ਬੋਲਿਆਂ ਨੂੰ ਕੰਨ ਦੇਣ ਦੇ ਨਾਲ-ਨਾਲ ਗ਼ਾਫਿਲ(ਬੇਖਬਰ) ਦਿਲਾਂ ਤੋਂ ਪਰਦਾ ਉਠਾਉਂਦੀ ਹੈ।ਆਪ ਸਲ. ਦੀ ਆਦਤ ਸੀ ਕਿ ਕਦੇ ਕਿਸੇ ਇੱਕਠ ਵਿੱਚ ਪੈਰ ਫੈਲਾ ਕੇ ਨਾ ਬੈਠਦੇ।ਆਪਣੀ ਵਡਿਆਈ ਲਈ ਲੋਕਾਂ ਨੂੰ ਖੜੇ ਹੋਣ ਤੋਂ ਰੋਕਦੇ।ਜੇਕਰ ਕੋਈ ਹੱਥ ਪਕੜ ਲੈਂਦਾ ਤਾਂ ਉਸ ਤੋਂ ਹੱਥ ਨਾ ਛਡਾਉਂਦੇ।ਕਿਸੇ ਦੀ ਗੱਲ ਨਾ ਕੱਟਦੇ।ਨਫਲੀ ਇਬਾਦਤ ਲੁਕ-ਛਿਪ ਕੇ ਕਰਦੇ ਤਾਂ ਕਿ ਆਮ ਲੋਕਾਂ ਨੂੰ ਮੁਸ਼ਕਿਲ ਪੇਸ਼ ਨਾ ਆਵੇ।ਇਨਸਾਫ ਅਤੇ ਇਨਸਾਫ ਕਰਨ ਵਾਲੇ ਨੂੰ ਪਸੰਦ ਕਰਦੇ।ਹਰ ਕੰਮ ਨੂੰ ਅਸਲ ਅਤੇ ਬਿਹਤਰੀਨ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰਦੇ।ਆਪ ਸਲ. ਫਰਮਾਉਂਦੇ ਕਿ ਮੇਰੇ ਸਾਹਮਣੇ ਕਿਸੇ ਦੀ ਚੁਗ਼ਲੀ ਨਾ ਕਰੋ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੇ ਬਾਰੇ ਵਿੱਚ ਮੇਰੀ ਚੰਗੀ ਸੋਚ ਵਿੱਚ ਫਰਕ ਆਵੇ।ਸਾਰੀ-ਸਾਰੀ ਰਾਤ ਲੋਕਾਂ ਲਈ ਰੱਬ ਅੱਗੇ ਰੋਂਦੇ ਅਤੇ ਦੂਆ ਮੰਗਦੇ ਰਹਿੰਦੇ।ਮੱਕਾ ਵਿੱਚ ਆਪ ਸਾਦਿਕ(ਸੱਚਾ)ਦੇ ਨਾਂ ਨਾਲ ਮਸ਼ਹੂਰ ਸਨ।ਲੋਕ ਆਪਣਾ ਰੁਪਇਆ ਅਤੇ ਕੀਮਤੀ ਚੀਜ਼ਾਂ ਇਨਾਂ ਕੋਲ ਰੱਖਦੇ। ਇੱਥੋਂ ਤੱਕ ਕਿ ਜਦੋਂ ਆਪ ਮੱਕਾ ਛੱਡ ਕੇ ਮਦੀਨੇ ਗਏ ਤਾਂ ਉਸ ਰਾਤ ਹਜ਼ਰਤ ਅਲੀ(ਚਚੇਰਾ ਭਰਾ) ਨੂੰ ਮੱਕੇ ਵਿੱਚ ਛੱਡ ਗਏ ਤਾਂ ਕਿ ਉਹ ਅਗਲੇ ਦਿਨ ਜਿਹੜੀਆਂ ਲੋਕਾਂ ਦੀਆਂ ਅਮਾਨਤਾਂ ਪਈਆਂ ਸਨ, ਉਨਾਂ ਨੂੰ ਵਾਪਿਸ ਕਰਕੇ ਆਉਣ।ਆਪ ਦੀ ਇਮਾਨਦਾਰੀ ਨੂੰ ਦੇਖ ਕੇ ਹੀ ਅਬੂ-ਜ਼ਹਲ ਨੇ ਕਿਹਾ ਸੀ ਕਿ ਏ ਮੁਹੰਮਦ “ਮੈਂ ਤੈਨੂੰ ਝੂਠਾ ਨਹੀਂ ਸਮਝਦਾ ਪਰ ਤੇਰੇ ਪੈਗ਼ਾਮ ਨੂੰ ਮੰਨਣ ਨੂੰ ਮੇਰਾ ਦਿਲ ਨਹੀਂ ਕਰਦਾ, ਮੈਂ ਕੀ ਕਰਾਂ”।
ਹਜ਼ਰਤ ਮੁਹੰਮਦ ਸਲ. ਹਮੇਸ਼ਾਂ ਰੱਬ ਅੱਗੇ ਦੂਆ ਕਰਦੇ ਕਿ ਮੈਂਨੂੰ ਇੱਕ ਦਿਨ ਭੁੱਖਾ ਰੱਖ ਅਤੇ ਇੱਕ ਦਿਨ ਖਾਣ ਲਈ ਦੇ, ਤਾਂ ਕਿ ਮੈਂ ਜਿਸ ਦਿਨ ਭੁੱਖਾ ਰਹਾਂ, ਉਸ ਦਿਨ ਤੇਰਾ ਧੰਨਵਾਦ ਕਰਾਂ।ਆਪ ਹਮੇਸ਼ਾਂ ਬੋਰੀ ਦੇ ਬਿਸਤਰ ਤੇ ਸੌਂਦੇ।ਬਿਨਾਂ ਕਿਸੇ ਫਰਕ ਤੋਂ ਗਰੀਬਾਂ, ਯਤੀਮਾਂ ਨਾਲ ਹੱਸ ਕੇ ਮਿਲਦੇ।ਜੇਕਰ ਕੋਈ ਦੁਸ਼ਮਣ ਵੀ ਬਿਮਾਰ ਹੋ ਜਾਂਦਾ ਤਾਂ ਉਸ ਦੀ ਖਬਰ ਲੈਣ ਜਾਂਦੇ।ਆਪ ਸਲ. ਦੇ ਚਾਚਾ ਜੀ ਨੂੰ ਸ਼ਹੀਦ ਕਰਨ ਵਾਲੇ ਅਤੇ ਆਪ ਦੀ ਬੇਟੀ ਹਜ਼ਰਤ ਜ਼ੈਨਬ ਦੇ ਨੇਜ਼ਾ ਮਾਰਨ ਵਾਲੇ ਨੇ ਜਦੋਂ ਮੁਆਫੀ ਮੰਗੀ ਤਾਂ ਆਪ ਨੇ ਉਸ ਨੂੰ ਮੁਆਫ ਕਰ ਦਿੱਤਾ।
ਸਮਾਂ ਗਵਾਹੀ ਦਿੰਦਾ ਹੈ ਕਿ ਅੱਜ ਚੌਦਾਂ ਸੌ ਸਾਲ ਗੁਜ਼ਰ ਜਾਣ ਤੋਂ ਬਾਅਦ ਵੀ ਆਪ ਦਾ ਜੀਵਨ ਅਤੇ ਆਪ ਦੀਆਂ ਸਿੱਖਿਆਵਾਂ ਕਿਸੇ ਪਰਿਵਰਤਨ ਤੋਂ ਬਿਨਾਂ ਮੂਲ ਰੂਪ ਵਿੱਚ ਮੌਜੂਦ ਹਨ ਅਤੇ ਅੱਜ ਵੀ ਮਨੁੱਖਤਾ ਦੇ ਮਾਰਗ ਦਰਸ਼ਨ ਵਾਸਤੇ ਆਸ਼ਾ ਦੀ ਕਿਰਨ ਹਨ ਜਿਸ ਨੂੰ ਸੰਸਾਰ ਦੇ ਅਨੇਕਾਂ ਨਿਰਪੱਖ, ਸੱਚੇ ਪ੍ਰੇਮੀ ਸਵੀਕਾਰ ਕਰਦੇ ਹਨ।
ਪ੍ਰਿੰਸੀਪਲ ਯਾਸੀਨ ਅਲੀ
ਮੁਹੱਲਾ ਭੁਮਸੀ, ਮਾਲੇਰਕੋਟਲਾ
ਮੋਬ. 92565-57957


0 comments:
Speak up your mind
Tell us what you're thinking... !