Headlines News :
Home » » ਅਨਮੋਲ ਤੋਹਫਾ - ਨਿਰਮਲ ‘ਸਤਪਾਲ’

ਅਨਮੋਲ ਤੋਹਫਾ - ਨਿਰਮਲ ‘ਸਤਪਾਲ’

Written By Unknown on Monday, 13 January 2014 | 23:53

  ਅੱਜ ਜਦੋਂ ਅਨੂੰ ਦਾ ਆਈ. ਏ. ਐਸ. ਦੀ ਪ੍ਰੀਖਿਆ ਦਾ ਨਤੀਜਾ ਆਇਆ ਤਾਂ ਘਰ ਦਾ ਮਾਹੋਲ ਦੇਖਣ ਵਾਲਾ ਸੀ।ਹਰ ਕੋਈ ਖੁਸ਼ੀ ਵਿੱਚ ਝੱਲਾ ਹੋਇਆ ਫਿਰਦਾ  ਸੀ ਕਿਉਂਕਿ ਅਜਿਹੀ ਖੁਸ਼ਖਬਰੀ ਕਿਸਮਤ ਵਾਲਿਆਂ ਦੇ ਹਿੱਸੇ ਹੀ ਆਉਂਦੀ ਹੈ।ਖਾਸਕਰ ਉਦੋਂ ਜਦੋਂ ਘਰ ਵਿੱਚ ਗਰੀਬੀ ਦਾ ਰਾਜ ਹੋਵੇ ਤੇ ਜ਼ਿੰਦਗੀ ਤੰਗੀ ਤੁਰਸੀ ਵਿੱਚ ਦਿਨ ਕੱਟ ਰਹੀ ਹੋਵੇ।ਉਸ ਦਾ ਪਿਤਾ ਸਰਕਾਰੀ ਦਫਤਰ ਵਿੱਚ ਕਲਰਕ ਸੀ ਤੇ ਮਾਂ ਇੱਕ ਸਕੂਲ ਅਧਿਆਪਿਕਾ।ਅਨੂੰ ਇਸ ਘਰ ਦੀ ਤੀਸਰੀ ਔਲਾਦ ਸੀ,ਪਰ ਮਾਂ-ਬਾਪ ਦੀ ਜਾਨ ਸੀ।ਭਾਂਵੇਂ ਉਸ ਤੋਂ ਪਹਿਲਾਂ ਵੀ ਇਸ ਘਰ ਵਿਚ ਦੋ ਧੀਆਂ ਸਨ। ਪਰ ਅਨੂੰ ਦੇ ਆਉਣ ਨਾਲ ਜਿੱਥੇ ਮਾਂ-ਬਾਪ ਨੂੰ ਕੋਈ ਫਰਕ ਨਹੀਂ ਪਿਆ ਸੀ ਉੱਥੇ ਘਰ ਦੇ ਬਾਕੀ ਜੀਆਂ ਅਤੇ ਉਸ ਦੀ ਦਾਦੀ ਦੇ ਮੱਥੇ ਦੀਆਂ ਤਿਉੜੀਆਂ ਤੋਂ ਪਤਾ ਲਗਦਾ ਸੀ ਕਿ ਘਰ ਵਿੱਚ ਹਰੇਕ ਨੂੰ ਹੁਣ ਇਕ ਮੁੰਡੇ ਦੀ ਉਮੀਦ ਸੀ।
     ਜਦੋਂ ਅਨੂੰ ਦੀ ਮਾਂ ਰੇਖਾ ਦੇ ਤੀਜੀ ਵਾਰ ਪੈਰ ਭਾਰੀ ਹੋਏ ਤਾਂ ਹਰੇਕ ਦੀ ਇਹੀ ਚਾਹ ਸੀ ਕਿ ਜੇ ਇਸ ਵਾਰ ਰੱਬ ਦੀ ਨਜ਼ਰ ਸੱਵਲੀ ਹੋ ਜਾਵੇ ਤਾਂ ਧੀਆਂ ਢਕੀਆਂ ਜਾਣ।ਪਰ ਰੇਖਾ ਅਤੇ ਉਸ ਦਾ ਪਤੀ ਗੁਮੰਸੁਮ ਜਹੇ ਆਪਣੀਆਂ ਹੀ ਸੋਚਾਂ ਵਿੱਚ ਉਲਝੇ ਹੋਏ ਸਨ।ੳਨ੍ਹਾਂ ਨੇ ਤਾਂ ਕਦੇ ਤੀਸਰੇ ਬੱਚੇ ਬਾਰੇ ਸੋਚਿਆ ਵੀ ਨਹੀਂ ਸੀ।ਦੋ ਧੀਆਂ ਦੇ ਨਾਲ ਉਹ ਬਹੁਤ ਹੀ ਖੁਸ਼ ਸਨ।ਉਨ੍ਹਾਂ ਲਈ ਇਹ ਬੱਚੀਆਂ ਹੀ ਸਭ ਕੁੱਝ ਸਨ।ਇਸ ਮੰਹਿਗਾਈ ਦੇ ਸਮੇਂ ਵਿੱਚ ਤੀਸਰੇ ਬੱਚੇ ਦੀ ਆਮਦ ਪਤੀ-ਪਤਨੀ ਨੂੰ ਪ੍ਰੇਸ਼ਾਨ ਕਰ ਰਹੀ ਸੀ।ਕਾਫੀ ਸਮਾਂ ਸੋਚਣ ਤੋਂ ਬਾਅਦ ਦੋਵੇਂ ਜੀਅ ਡਾਕਟਰ ਕੋਲ ਪਹੁੰਚ ਗਏ ਤਾਂਕਿ ਇਸ ਸਮਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ।
    ਡਾਕਟਰ ਨੇ ਕਿਹਾ ਕਿ ਪ੍ਰੇਸ਼ਾਨੀ ਵਾਲੀ ਕਿਹੜੀ ਗੱਲ ਹੈ? ਟੈਸਟ ਕਰਵਾ ਲਵੋ,ਲੜਕਾ ਹੋਇਆ ਤਾਂ ਰੱਖ ਲੈਣਾ ਨਹੀਂ ਤਾਂ ਇਸ ਮੁਸੀਬਤ ਤੋਂ ਛੁਟਕਾਰਾ ਪਾ ਲੈਣਾ। ਇਸ ਗੱਲ ਨੇ ਰੇਖਾ ਤੇ ਉਸ ਦੇ ਪਤੀ ਨੂੰ ਹੋਰ ਹੀ ਦੁਬਿਧਾ ਵਿੱਚ ਪਾ ਦਿੱਤਾ ।ਦੋਵੇਂ ਜੀਅ ਮਾਯੂਸ ਜਹੇ ਹੋ ਕੇ ਘਰ ਵਾਪਸ ਆ ਗਏ ਤੇ ਫੈਸਲਾ ਕੀਤਾ ਕਿ ਜੋ ਉਸ ਦਾਤੇ ਨੂੰ ਮੰਜੂਰ ਹੈ ,ਉਹੀ ਹੋਵੇ ਗਾ।ਉਹ ਕਿਸੇ ਟੈਸਟ ਦੇ ਚੱਕਰਾਂ ਵਿੱਚ ਨਹੀਂ ਪੈਣ ਗੇ।ਜਿਸ ਜੀਅ ਦਾ ਮੁਕੱਦਰ ਸਾਡੇ ਨਾਲ ਲਿਖਿਆ ਹੈ ਅਸੀਂ ਉਸਨੂੰ ਖਿੜੇ ਮੱਥੇ ਜੀ ਆਇਆਂ ਕਹਾਂ ਗੇ।ਲੜਕਾ ਹੋਵੇ ਜਾਂ ਲੜਕੀ ,ਸਾਡਾ ਆਪਣਾ ਖੂਨ ਹੈ  ਅਸੀਂ ਇਸ ਦਾ ਅਪਮਾਨ ਨਹੀਂ ਕਰਾਂਗੇ।
   ਸਮਾਂ ਬੀਤਿਆ,ਰੇਖਾ ਦੇ ਘਰ ਇੱਕ ਗੋਲ-ਮਟੋਲ ਮਾਸੂਮ ਜਹੀ ਬੱਚੀ ਨੇ ਜਨਮ ਲਿਆ ਤਾਂ ਘਰ ਵਿੱਚ ਇੰਝ ਸੋਗ ਪੈ ਗਿਆ ਜਿਵੇਂ ਕੋਈ ਮਰਗ ਹੋ ਗਈ ਹੋਵੇ।ਘਰ ਵਿੱਚ ਸਭ ਦੇ ਮੁਰਝਾਏ ਚਿਹਰੇ ਰੇਖਾ ਨੂੰ ਬੇਚੈਨ ਕਰ ਰਹੇ ਸਨ।ਜੋ ਵੀ ਇਸ ਬੱਚੀ ਨੂੰ ਦੇਖਦਾ,ਇਹੀ ਆਖਦਾ ਟੈਸਟ ਕਰਵਾ ਲੈਂਦੇ, ਮੁੰਡੇ ਕੁੜੀ ਦਾ ਪਤਾ ਲੱਗ ਜਾਂਦਾ। ਸੋ  ਤਰਾਂ ਦੇ ਤਰੀਕੇ ਸੀ ਨਿਜਾਤ ਪਾਉਣ ਦੇ।ਪੜ੍ਹੇ-ਲਿਖੇ ਦੋਵੇਂ ਡੁੱਬ ਗਏ।ਪਤਾ ਨਹੀਂ ਕਿਉਂ ਅਜਿਹੀਆਂ ਗੱਲਾਂ ਰੇਖਾ ਨੂੰ ਪ੍ਰੇਸ਼ਾਨ ਕਰ ਦਿੰਦੀਆਂ।ਉਸ ਦਾ ਚਿੱਤ ਡਾਂਵਾਂਡੋਲ ਜਿਹਾ ਹੋਣ ਲੱਗ ਪੈਂਦਾ ।ਉਸਨੂੰ ਇਝੰ  ਲੱਗਦਾ, ਜਿਵੇਂ ਉਸਨੇ ਕੋਈ ਗੁਨਾਹ ਕਰ ਦਿੱਤਾ ਹੋਵੇ।ਜਦੋਂ ਉਹ ਨੰਨੀ ਜਾਨ ਦੀਆਂ ਕਿਲਕਾਰੀਆਂ ਸੁਣਦੀ ਤਾਂ ਉਸ ਨੂੰ ਆਪਣੀ ਸੋਚ ਤੇ ਪਛਤਾਵਾ ਹੁੰਦਾ।ਲੋਕਾਂ ਦੀਆਂ ਗਲਾਂ ਉਸ ਨੂੰ ਬਕਵਾਸ ਲਗਦੀਆਂ।ਅਨੂੰ ਦੇ ਜਨਮ ਸਮਂੇ ਕਹੇ, ਉਸਦੇ ਪਤੀ ਦੇ ਸ਼ਬਦ ਉਸਦੀ ਤਾਕਤ ਬਣ ਜਾਂਦੇ ਕਿ ਮੈਨੂੰ ਬੱਚੇ ਦੇ ਅੰਗ-ਪੈਰ ਪੂਰੇ ਚਾਹੀਦੇ ਹਨ।ਕੁੜੀ-ਮੂੰਡੇ ਦਾ ਕੀ ਹੈ,ਖੁਨ ਤਾਂ ਸਾਡਾ ਹੀ ਹੈ।ਹਰ ਜੀਅ ਆਪਣੀ ਕਿਸਮਤ ਨਾਲ ਲੈ ਕੇ ਆਂਉਦਾ ਹੈ
    ਘਰ ਦਿਆਂ ਅਤੇ ਰਿਸ਼ਤੇਦਾਰਾਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ,ਅਸੀਂ ਤਾਂ ਸੋਚਿਆ ਸੀ ਇਸ ਵਾਰ ਦੀਵਾਲੀ ਖੁਸ਼ੀਆਂ ਭਰੀ ਆਵੇਗੀ,ਰੇਖਾ ਦੇ ਪਤੀ ਦਾ ਜਵਾਬ ਹੁੰਦਾ ਕਿ ਲੋਕਾਂ ਦੇ ਘਰ ਤਾਂ ਲਛਮੀ ਦੀਵਾਲੀ ਵਾਲੇ ਦਿਨ ਆਉਂਦੀ ਹੈ।ਮੇਰੇ ਘਰ ਤਾਂ ਇਸਦੇ ਕਦਮ ਦੋ ਦਿਨ ਪਹਿਲਾਂ ਹੀ ਪੈ ਗਏ ਨੇ,ਮੇਰੇ ਤੋਂ ਵੱਧ ਕਿਸਮਤ ਵਾਲਾ ਕੋਣ ਹੋ ਸਕਦਾ ਹੈ?ਹੁਣ ਰੇਖਾ ਆਪਣੇ ਮਾਪਿਆਂ ਲਈ ਦਯਾ ਦਾ ਪਾਤਰ ਬਣ ਗਈ।ਹਰੇਕ ਨੂੰ ਲਗਦਾ ਕਿ ਉਨ੍ਹਾਂ ਦੀ ਧੀ ਧੀਆਂ ਦੇ ਬੋਝ ਥੱਲੇ ਦੱਬ ਗਈ ਹੈ।ਰੇਖਾ ਦੀ ਭੈਣ ਜੋ ਇਕ ਬੇਟੇ ਦੀ ਮਾਂ ਸੀ, ਨੇ ਭੈਣ ਅੱਗੇ ਧੀ ਲਈ ਝੋਲੀ ਅੱਡ ਲਈ।ਦੂਜੇ ਪਾਸੇ ਰੇਖਾ ਦਾ ਭਰਾ,ਜਿਸਦੇ ਦੋ ਬੇਟੇ ਸਨ,ਅਨੂੰ ਨੂੰ ਆਪਣੀ ਬੇਟੀ ਬਣਾਉਣਾ ਚਾਹੂੰਦਾ ਸੀ।ਰੇਖਾ ਤੇ ਉਸਦੇ ਪਤੀ ਦਾ ਇਹੀ ਜਵਾਬ ਹੁੰਦਾ,ਧੀਆਂ ਵੰਡਣ ਵਾਲੀ ਸ਼ੈਅ ਨਹੀਂ।ਜੇ ਇਹ ਸਾਡੇ ਲਈ ਬੋਝ ਹੁੰਦੀ ਤਾਂ ਅਸੀਂ ਵੀ ਇਸਨੂੰ ਕੁੱਖ ਵਿੱਚ ਕਤਲ ਕਰ ਸਕਦੇ ਸੀ।ਮੈਂ ਲੋਕਾਂ ਵਾਂਗ ਧੀਆਂ ਦੀ ਬੇਕਦਰੀ ਨਹੀਂ ਕਰ ਸਕਦਾ।
        ਅਨੂੰ ਆਪਣੇ ਮਾਂ-ਬਾਪ ਦੀ ਆਸ ਤੋਂ ਵੱਧ ਹੌਣਹਾਰ ਨਿਕਲੀ।ਜਦੋਂ ਉਸਦਾ ਦਸਵੀਂ ਜਮਾਤ ਦਾ ਨਤੀਜਾ ਆਇਆ ਤਾਂ ਉਸਨੇ 95% ਅੰਕ ਪ੍ਰਾਪਤ ਕੀਤੇ ਅਤੇ ਨਾਨ-ਮੈਡੀਕਲ ਵਿਸ਼ੇ ਲੈ ਕੇ ਡਿਗਰੀ ਤਾਂ ਹਾਸਲ ਕੀਤੀ ਹੀ,ਹਰ ਵਿਸ਼ੇ ਵਿੱਚੋਂ ਰੋਲ ਆਫ ਆਨਰ ਵੀ ਪ੍ਰਾਪਤ ਕੀਤਾ।ਹੁਣ ਉਹ ਸੋਚੀਂ ਪੈ ਗਈ ਕਿ ਅੱਗੇ ਕੀ ਕੀਤਾ ਜਾਵੇ।ਅਨੂੰ ਦੇ ਮਾਂ-ਬਾਪ ਦੀ ਸ਼ੁਰੂ ਤੋਂ ਹੀ ਇੱਛਾ ਸੀ ਕਿ ਉਨ੍ਹਾਂ ਦੀਆਂ ਬੱਚੀਆਂ ਵੱਡੇ ਆਹੁਦੇ ਪ੍ਰਾਪਤ ਕਰਨ ਤੇ ਉਨ੍ਹਾਂ ਦੇ ਘਰ ਵੀ ਲਾਲ ਬੱਤੀ ਵਾਲੀ ਗੱਡੀ ਖੜੀ ਹੋਵੇ।ਅਨੂੰ ਨੇ ਆਪਣੇ ਪਾਪਾ ਨੂੰ ਕਿਹਾ ਕਿ ਇੰਝ ਹੀ ਹੋਵੇਗਾ।ਮੈਂ ਤੁਹਾਡੀਆਂ ਆਸਾਂ ਤੇ ਪੂਰਾ ਉਤਰਾਂਗੀ।ਅੱਜ ਅਨੂੰ ਸੱਚਮੁਚ ਉਸ ਮੁਕਾਮ ਤੇ ਪਹੁੰਚ ਗਈ ਸੀ।ਉਸਨੇ ਆਪਣੀ ਮਿਹਨਤ ਸਦਕੇ ਜ਼ਮਾਨੇ ਨੂੰ ਦੱਸ ਦਿੱਤਾ ਕਿ ਧੀਆਂ ਮਾਪਿਆਂ ਤੇ ਬੋਝ ਨਹੀਂ ਹੁੰਦੀਆਂ।ਆਪਣੇ ਮਾਂ-ਬਾਪ ਦਾ ਨਾਂ ਰੌਸ਼ਨ ਕਰਦੀਆਂ ਹਨ।ਇਨ੍ਹਾਂ ਨੂੰ ਸਮਝੋ,ਪੂਰਾ ਇਜ਼ਤ ਮਾਣ ਦਿਉ।   
ਅੱਜ ਤਕ ਅਨੂੰ ਨੇ ਆਪਣੇ ਮਾਂ ਕੋਲੋਂ ਕੁੱਝ ਨਹੀਂ ਸੀ ਮੰਗਿਆ,ਪਰ ਅੱਜ ਖੁਸ਼ੀ ਵਿੱਚ ਖੀਵੀ ਹੋਈ ਉਹ ਮਾਂ ਨੂੰ ਆਖ ਰਹੀ ਸੀ,ਮਾਂ ਮੈਂ ਅੱਜ ਤਕ ਤੁਹਾਡੇ ਕੋਲੋਂ ਕੁੱਝ ਨਹੀਂ ਮੰਗਿਆ,ਅੱਜ ਤੁਸੀਂ ਵੀ ਮੇਰੀ ਇੱਕ ਗੱਲ ਮੰਨ ਲਵੋ।ਤੁਸੀਂ ਹਮੇਸ਼ਾਂ ਕੁੱਝ ਨਾ ਕੁੱਝ ਲਿਖਦੇ ਰੰਹਿਦੇ ਹੋ।ਅੱਜ ਮੇਰੇ ਤੇ ਵੀ ਕੁੱਝ ਲਿਖੋ ਮਾਂ।ਰੇਖਾ ਨੇ ਭਾਵੁਕ ਹੋਇਆਂ ਜਦ ਆਪਣੇ ਆਪ ਨੂੰ ਧੀ ਦੀਆਂ ਨਜ਼ਰਾਂ ਨਾਲ ਦੇਖਿਆ ਤਾਂ ਉਸਦੀ ਕਲਮ ਇੰਝ ਪੁਕਾਰ ਉੱਠੀ
ਮੈਂ ਨੌਂ ਮਹੀਨੇ ਮਾਂ ਦੀ ਕੁੱਖ ਵਿੱਚ ਰਹੀ
ਜਦੋਂ ਕਦਮ ਧਰਿਆ,ਜ਼ਿੰਦਗੀ ਦੀਆਂ ਬਰੂਹਾਂ ਤੇ
ਮੈਨੂੰ ਜਾਪਿਆ,
ਆ ਗਈ ਹਾਂ ਅਣਜਾਣੀ ਦੁਨੀਆਂ ਵਿੱਚ।
ਪਰ ਮਦਹੋਸ਼ ਕਰ ਦਿੱਤਾ 
ਮਾਂ ਦੀ ਹਿੱਕ ਦੇ ਨਿੱਘ ਨੇ।
ਇੰਜ ਲੱਗਾ ਕਿ ਮਾਂ ਕਹਿ ਰਹੀ ਹੋਵੇ,
ਜ਼ਿੰਦਗੀ ਦੀਆਂ ਮੁਸ਼ਕਲਾਂ ਤੋਂ ਡਰਕੇ ਸਹਿਮ ਨਾ ਜਾਵੀਂ
ਮਾਂ ਦੀ ਨਿਰਮਲ ਮਮਤਾ ਤੇ ਕੁਦਰਤ ਦਾ ਕਾਦਰ ਤੇਰੇ ਨਾਲ ਹੈ। 
                   
ਨਿਰਮਲ ‘ਸਤਪਾਲ’ 
  17 ਏ, ਨਿਊ ਆਸ਼ਾਪੁਰੀ, 
ਲੁਧਿਆਣਾ।
ਮੋਬਾ.9855444955.


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template