ਸਰਦੀ ਦੇ ਮਹੀਨੇ ਬਿਜਲੀ ਦਾ ਲੰਮਾ ਕੱਟ ਲੱਗ ਜਾਣ ਕਾਰਨ ਮੈਂ ਥੋੜ੍ਹਾ ਜਿਹਾ ਹੈਰਾਨ ਹੋ ਗਿਆ।ਮੇਰੀ ਇਹ ਹੈਰਾਨੀ ਉਸ ਵੇਲੇ ਤਾਂ ਪ੍ਰੇਸ਼ਾਨੀ ਵਿਚ ਬਦਲ ਗਈ ਜਦੋਂ ਗਲੀ-ਗੁਆਂਢ ਵਿਚ ਸਭ ਲਾਇਟਾਂ ਝਿਲਮਿਲ-ਝਿਲਮਿਲ ਕਰ ਰਹੀਆਂ ਸਨ ਪਰ ਇਕਲੋਤੇ ਸਾਡੇ ਘਰ ਵਿਚ ਹੀ ਹਨ੍ਹੇਰਾ ਪੈਰ ਪਸਾਰੀ ਬੈਠਾ ਸੀ।
ਮੈਂ ਆਪਣੇ ਬਿਜਲੀ ਦੇ ਮੁੱਖ ਸਵਿੱਚ ਨੂੰ ਉਪਰ ਹੇਠਾਂ ਕਰਕੇ ਦੇਖਿਆ ਪਰ ਕੋਈ ਗੱਲ ਨਹੀਂ ਬਣੀ।ਬਾਹਰਲੀਆਂ ਤਾਰਾਂ ਨਾਲ ਵੀ ਡਾਗੋਂ-ਡਾਗੀਂ ਹੋ ਕੇ ਦੇਖ ਲਿਆ ਪਰ ਸਾਡੇ ਘਰ ਦੀ ਬਿਜਲੀ ਬੇਮੁੱਖ ਹੋਈ ਰਹੀ। ਮੇਰੇ ਮੱਥੇ ਉਪਰੋਂ ਮੇਰੀ ਪ੍ਰੇਸ਼ਾਨੀ ਨੂੰ ਪੜ੍ਹਦਿਆਂ ਇੱਕ ਸੱਜਣ ਪੁਰਸ਼ ਨੇ ਸਲਾਹ ਦਿੱਤੀ ਕਿ,“ਤੁਸੀਂ ਬਿਜਲੀ ਦਫ਼ਤਰ ਜਾੳ ਜੀ,ਅੱਜਕਲ੍ਹ ਤਾਂ ਉਹ ਝੱਟ ਸ਼ਿਕਾਇਤ ਦਰਜ ਕਰ ਲੈਂਦੇ ਹਨ”। ਉਸ ਦੀ ਸਲਾਹ ਨੂੰ ਸਵੀਕਾਰਦਿਆਂ ਮੈਂ ਬਿਜਲੀ ਵਿਭਾਗ ਦੇ ਸ਼ਿਕਾਇਤ ਨਿਵਾਰਨ ਸੈੱਲ ਵੱਲ ਚਾਲੇ ਪਾ ਦਿੱਤੇ। ਜਦੋਂ ਮੈਂ ਸ਼ਿਕਾਇਤ ਨਿਵਾਰਨ ਸੈੱਲ ਅੰਦਰ ਪੈਰ ਪਾਇਆ ਤਾਂ ਮੇਰੇ ਸਿਰ ਵਿਚ ਸੌ ਘੜਾ ਪਾਣੀ ਦਾ ਪੈ ਗਿਆ ਕਿਉਂਕਿ ਸ਼ਿਕਾਇਤ ਦੇ ਦਰਜ਼ਨਾਮੇ ‘ਤੇ ਉਹ ਵਿਅਕਤੀ ਬੈਠਾ ਸੀ ਜਿਸ ਨੇ ਪਿਛਲੀ ਦੀਵਾਲੀ ਵਾਲੇ ਦਿਨ ਮੇਰੇ ਘਰ ਦੀ ਦੀਵਾਲੀ (ਬਿਜਲੀ ਦਾ ਫ਼ਾਲਟ ਦੂਰ ਕਰਕੇ) ਨੂੰ ਰੁਸ਼ਨਾਉਣ ਦੇ ਦੋ ਸੌ ਰੁਪਏ ਮੰਗ ਲਏ ਸਨ।ਨਾ ਚਾਹੁੰਦਿਆਂ (2)ਹੋਇਆਂ ਵੀ ਮੈਂ ਸੌ ਦਾ ਨੋਟ ਦੇ ਕੇ ਖਹਿੜਾ ਛੁਡਾਇਆ ਸੀ।ਪਰ ਮੇਰਾ ਇਹ ਸੌ ਦਾ ਨੌਟ ਵੀ ਖੂਹ ਵਿਚ ਪੈ ਗਿਆ ਸੀ ਕਿਉਂਕਿ ਜਿਸ ਮਨੋਰਥ ਦੀ ਸਿੱਧੀ ਲਈ ਮੈਂ ਇਹ ਅੱਕ ਚੱਬਿਆ ਸੀ ਉਸ ਦੀ ਪੂਰਤੀ ਮੈਨੂੰ ਕਿਸੇ ਪ੍ਰਾਈਵੇਟ ਬਿਜਲੀ ਵਾਲੇ ਤੋਂ ਵੱਖਰੇ ਤੌਰ ‘ਤੇ (ਮਾਇਆ ਦੇ ਕੇ) ਕਰਵਾਉਣੀ ਪਈ ਸੀ। ਜਕੋ-ਤੱਕਿਆਂ ਵਿਚ ਉਸ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਮੈਂ ਕਿਹਾ,
“ ਬਾਕੀ ਸਾਰੇ ਆਂਢ-ਗੁਆਂਢ ਵਿਚ ਤਾਂ ਬਿਜਲੀ ਹੈ ਜੀ ਪਰ ਇਕੱਲੇ ਸਾਡੇ ਘਰ ਦੀ ਹੀ ਗੁੱਲ ਪਈ ਹੈ”। “ਕਦੋਂ ਕੁ ਦੀ ਬੰਦ ਪਈ ਹੈ?”
“ਚਾਰ ਵਜੇ ਤੱਕ ਤਾਂ ਕੰਮ ਠੀਕ-ਠਾਕ ਹੀ ਸੀ ਪਰ ਪਿੱਛੋਂ.......”
“ਕੋਈ ਗੱਲ ਨਹੀਂ ਜੀ ਤੁਹਾਡੀ ਕੰਪਲੇਂਟ ਨੋਟ ਕਰ ਲੈਣੇ ਆਂ।ਪਰ ਅਜੇ ਸਾਡੇ ਕੋਲ ਕੋਈ ਬੰਦਾ (ਮੁਲਾਜ਼ਮ) ਵੇਹਲਾ ਨਹੀਂ, ਸਭ ਕੰਪਲੇਂਟਾਂ ਅਟੈਂਡ ਕਰਨ ਗਏ ਹੋਏ ਹਨ,ਜਦੋ ਕੋਈ ਵਾਪਸ ਆਏਗਾ ਤਾਂ ਭੇਜ ਦਿਆਂਗੇ”।
ਮੇਰੀ ਆਸ ਦਾ ਮੁੱਢ ਬੰਨ੍ਹ ਕੇ ਉਹ ਬਾਹਰ ਖਲੋਤੇ ਕੁੱਝ ਬੰਦਿਆਂ ਕੋਲ ਚਲਾ ਗਿਆ ਜੋ ਗਰਮੋ-ਗਰਮ ਚਾਹ ਦਾ ਲੁਤਫ਼ ਉਠਾ ਰਹੇ ਸਨ।ਉਨ੍ਹਾਂ ਬੰਦਿਆਂ ਦੀਆਂ ਪੈਂਟਾਂ ਵਿਚ ਪਲਾਸ ਟੰਗੇ ਹੋਏ ਦੇਖ ਕੇ ਮੈਂ ਵੀ ਉਨ੍ਹਾਂ ਵੱਲ ਨੂੰ ਹੋ ਗਿਆ।ਆਪਣੀ ਬੇਨਤੀ ਨੂੰ ਦੁਹਰਾਉਂਦਿਆਂ ਮੈਂ ਕਿਹਾ, “ਜੇਕਰ ਇਨ੍ਹਾਂ ਵਿਚੋਂ ਕਿਸੇ ਇੱਕ ਨੂੰ ਭੇਜ ਦਿੰਦੇ ਤਾਂ.........”।
“ਇਹ ਤਾਂ ਅਜੇ ਕਿਸੇ ਹੋਰ ਏਰੀਏ ਵਿਚ ਜਾ ਰਹੇ ਹਨ ਵਾਪਸੀ ‘ਤੇ ਭੇਜ ਦਿਆਂਗੇ”।
ਉਸ ਦੀ ਟਰਕਾਲੌਜੀ ਵਾਲੀ ਨੀਤੀ ਦੇਖ ਕੇ ਮੈਨੂੰ ਆਪਣੇ ਪਿੰਡ ਵਾਲੇ ਜਸਵੰਤ ਕੈਦੋ ਦੇ ਲਿਖੇ ਇੱਕ ਗੀਤ ਦੇ ਬੋਲ ਯਾਦ ਆ ਗਏ। ਲਓ! ਤੁਸੀਂ ਵੀ ਮੁਲਾਹਜ਼ਾ ਫ਼ੁਰਮਾਉ:-
‘ਬਿਜਲੀ ਮਹਿਕਮੇ ਵਾਲਿਆਂ ਤਾਂ ਅਤਿ ਮਚਾਈ।
ਪੈਸੇ ਬਾਝ ਨਹੀਂ ਹਿੱਲਣਾ ਸੌਂਹ ਪੱਕੀ ਪਾਈ।
ਪਰ ਜਿਸ ਤਰ੍ਹਾਂ ਕਹਿੰਦੇ ਹਨ ਕਿ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ।ਉਨ੍ਹਾਂ ਵਿਚੋਂ ਖੜ੍ਹੇ ਇੱਕ ਮੁਲਾਜ਼ਮ ਦੇ ਮਨ ਮੇਹਰ ਪੈ ਗਈ ।“ਕਿਥੇ ਕੁ ਜਾਣਾ ਜੀ”।
“ਬਹੁਤੀ ਦੂਰ ਨਹੀਂ ਜੀ ਸਿਰਫ ਪੰਜ ਮਿੰਟ ਦਾ ਹੀ ਰਸਤਾ ਹੈ।ਆਹ ਅੱਠ ਨੰਬਰ ਗਲੀ ਵਿਚ ਹੀ ਤਾਂ ਜਾਣਾ ਏਂ।”ਆਪਣੀ ਆਸ ਨੂੰ ਬੂਰ ਪੈਂਦਾ ਦੇਖ ਕੇ ਮੈਂ ਝੱਟ ਬੋਲ ਪਿਆ।
“ਕਿਸੇ ਪੌੜੀ-ਪੂੜੀ ਦੀ ਲੋੜ ਤਾਂ ਨਹੀਂ ਪਵੇਗੀ”।
“ਉਸ ਦਾ ਇੰਤਜ਼ਾਮ ਪੂਰਾ ਹੈ ਜੀ”।
ਮੈਂ ਉਸ ਦਾ ਸਫ਼ਰ ਸੁਖਾਲਾ ਕਰ ਦਿਆਂ ਕਿਹਾ।
“ ਚੱਲੋ ਮੈਂ ਤੁਹਾਡੇ ਪਿੱਛੇ-ਪਿੱਛੇ ਹੁਣੇ ਆਇਆ”।
ਉਸ ਕੋਲੋਂ ਆਸਵੰਦ ਹੋ ਕੇ ਮੈਂ ਘਰ ਨੂੰ ਪਰਤ ਆਇਆ।
ਇੱਕ ਘੰਟਾ,ਦੋ ਘੰਟੇ,ਅਤੇ ਅਖੀਰ ਤਿੰਨ ਘੰਟੇ ਵੀ ਬੀਤ ਗਏ।ਨਾ ਕਿਸੇ ਆਉਣਾ ਸੀ ਅਤੇ ਨਾ ਹੀ ਕੋਈ ਆਇਆ।ਦੁੱਖੀ ਹੋ ਕੇ ਮੈਂ ਆਪਣੇ ਮਿੱਤਰ ਅਵਤਾਰ ਨੂੰ ਫ਼ੋਨ ਘੁਮਾ ਦਿੱਤਾ।ਹਮਦਰਦੀ ਵੱਸ ਅਵਤਾਰ ਨੇ ਸਲਾਹ ਦਿੱਤੀ ਕਿ ਮੈਂ ਆਪਣੀ ਕੰਪਲੇਂਟ ਜਨਤਾ ਨਗਰ ਵਾਲੇ ਵੱਡੇ ਕੰਪਲੇਂਟ ਕੇਂਦਰ ਵਿਚ ਦਰਜ ਕਰਵਾ ਦਿਆਂ ਅਤੇ ਉਸ ਦਾ ਪੱਕਾ ਨੰਬਰ ਵੀ ਹਾਸਲ ਕਰ ਲਵਾਂ।ਉਸ ਦੀ ਨੇਕ ਸਲਾਹ ‘ਤੇ ਅਮਲ ਕਰਦਿਆਂ ਮੈਂ ਜਨਤਾ ਨਗਰ ਵਾਲੇ ਕੇਂਦਰ ਦਾ ਕੁੰਡਾ(ਫੋਨ ਰਾਹੀਂ) ਖੜਕਾ ਦਿੱਤਾ।
ਕੰਪਲੇਂਟ ਨੰਬਰ ਮਿਲਣ ਦੇ ਨਾਲ ਹੀ ਇੱਥੋਂ ਮੈਨੂੰ ਲਾਈਟ ਜਲਦੀ ਤੋਂ ਜਲਦੀ ਚਾਲੂ ਕਰਨ ਦਾ ਭਰੋਸਾ ਵੀ ਮਿਲ ਗਿਆ।ਪਰ ਇਹ ਭਰੋਸਾ ਸਿਰਫ਼ ਇੱਕ ‘ਕਾਗਜ਼ੀ ਭਰੋਸਾ’ ਹੀ ਬਣਿਆ ਰਿਹਾ।ਤਿੰਨ-ਚਾਰ ਵਾਰ ਇਸ ਭਰੋਸੇ ਨੂੰ ਅਮਲ ਵਿਚ ਬਦਲਦਿਆਂ ਦੇਖਣ ਲਈ ਮੈਂ ਉਸ ਕੇਂਦਰ ‘ਤੇ ਫ਼ੋਨ ਵੀ ਕੀਤੇ ਪਰ ਆਪਣਾ ਬੈਂਲਸ ਘਟਾਉਣ ਤੋਂ ਸਿਵਾਏ ਪੱਲੇ ਕੁੱਝ ਨਹੀਂ ਪਿਆ।ਤੇ ਉਹ ਰਾਤ ਮੈਨੂੰ ਤੇ ਮੇਰੇ ਪਰਿਵਾਰ ਨੂੰ ਮੋਮਬੱਤੀਆਂ ਦੀ ਰੋਸ਼ਨੀ ਮੁੱਢ ਬੈਠ ਕੇ ਗੁਜ਼ਾਰਨੀ ਪਈ।
ਕੰਪਲੇਂਟ ਨੰਬਰ ਮਿਲਣ ਦੇ ਨਾਲ ਹੀ ਇੱਥੋਂ ਮੈਨੂੰ ਲਾਈਟ ਜਲਦੀ ਤੋਂ ਜਲਦੀ ਚਾਲੂ ਕਰਨ ਦਾ ਭਰੋਸਾ ਵੀ ਮਿਲ ਗਿਆ।ਪਰ ਇਹ ਭਰੋਸਾ ਸਿਰਫ਼ ਇੱਕ ‘ਕਾਗਜ਼ੀ ਭਰੋਸਾ’ ਹੀ ਬਣਿਆ ਰਿਹਾ।ਤਿੰਨ-ਚਾਰ ਵਾਰ ਇਸ ਭਰੋਸੇ ਨੂੰ ਅਮਲ ਵਿਚ ਬਦਲਦਿਆਂ ਦੇਖਣ ਲਈ ਮੈਂ ਉਸ ਕੇਂਦਰ ‘ਤੇ ਫ਼ੋਨ ਵੀ ਕੀਤੇ ਪਰ ਆਪਣਾ ਬੈਂਲਸ ਘਟਾਉਣ ਤੋਂ ਸਿਵਾਏ ਪੱਲੇ ਕੁੱਝ ਨਹੀਂ ਪਿਆ।ਤੇ ਉਹ ਰਾਤ ਮੈਨੂੰ ਤੇ ਮੇਰੇ ਪਰਿਵਾਰ ਨੂੰ ਮੋਮਬੱਤੀਆਂ ਦੀ ਰੋਸ਼ਨੀ ਮੁੱਢ ਬੈਠ ਕੇ ਗੁਜ਼ਾਰਨੀ ਪਈ।
ਰਾਤ ਤਾਂ ਔਖ-ਸੌਖ ਨਾਲ ਲੰਘ ਗਈ।ਹੁਣ ਜਦੋਂ ਦਿਨ ਚੜ੍ਹਿਆ ਤਾਂ ਨਿੱਕੇ-ਮੋਟਿਆਂ ਦੇ ਇਸ਼ਨਾਨ-ਪਾਣੀ ਦਾ ਵਕਤ ਹੋ ਰਿਹਾ ਸੀ, ਕਿਉਂਕਿ ਜਿੱਥੇ ਨਿੱਕਿਆਂ ਨੇ ਵਿਦਿਆ ਵੀਚਾਰਨ ਲਈ ਜਾਣਾ ਸੀ ਉਥੇ ਵੱਡਿਆਂ ਨੇ ਵੀ ਆਪੋ-ਆਪਣੀਆਂ ਮੰਜ਼ਿਲਾਂ ਨੂੰ ਮਾਰਨ ਲਈ ਨਿਕਲਣਾ ਸੀ।ਇਸ ਫ਼ਿਕਰ ਦਾ ਫੰਡਿਆਂ ਮੈਂ ਸਾਜਰੇ ਹੀ ਬਿਜਲੀ ਦਫ਼ਤਰ ਪਹੁੰਚ ਗਿਆ।ਪਹੁੰਚਦਿਆਂ ਸਾਰ ਹੀ ਮੈਂ ਉਸ ਸੱਜਣ ਦੇ ਸਨਮੁੱਖ ਹੋ ਗਿਆ ਜਿਹੜਾ ਕੱਲ੍ਹ ‘ਤੁਹਾਡੇ ਪਿੱਛੇ-ਪਿੱਛੇ ਆਇਆ’ ਕਹਿ ਰਿਹਾ ਸੀ।
“ਚੰਗਾ ਬੰਦਾ ਯਾਰ ਤੂੰ! ਕੱਲ੍ਹ ਆਇਆ ਹੀ ਨਹੀਂ”।
“ਰਾਤ ਇੱਕ ਫੀਡਰ ਬੰਦ ਹੋ ਗਿਆ ਸੀ,ਪਹਿਲਾਂ ਅਸੀਂ ਉਹ ਦੇਖੀਏ ਕਿ ‘ਕੱਲੇ ਘਰ ਨੂੰ।”ਉਸ ਨੇ ਆਪਣੀ ਸਫ਼ਾਈ ਦਿੰਦਿਆਂ ਕਿਹਾ।
“ਹੁਣ ਫਿਰ ਕਦੋਂ ਕੁ ਆਉਗੇ?”
ਗੁੱਸੇ ਨੂੰ ਅੰਦਰੋ-ਅੰਦਰੀ ਪੀ ਕੇ ਮੈਂ ਆਪਣੀ ਮਰੀ ਹੋਈ ਆਸ ਨੂੰ ਜਿਉਂਦਿਆਂ ਕਰਨ ਦੀ ਕੋਸ਼ਿਸ਼ ਕੀਤੀ।
“ ਅੱਠ ਵਜੇ ਤੱਕ ਕਰ ਦਿਆਂਗੇ”।
“ਕੁੱਝ ਪਹਿਲਾਂ ਨਹੀਂ ਹੋ ਸਕਦਾ”।
ਮੈਂ ਆਪਣੀ ਮਜ਼ਬੂਰੀ ਨੂੰ ਬਿਆਨਦਿਆਂ ਕਿਹਾ।
“ਨਹੀਂ ਜੀ”।
ਚੱਲੋ ਜਿੱਥੇ ਰਾਤ ਲੰਘ ਗਈ ਉੱਥੇ ਦੋ ਘੰਟੇ ਹੋਰ ਸੀ।ਆਪਣੇ ਮਨ ਨੂੰ ਸਮਝਾਉਂਦਿਆਂ ਹੋਇਆਂ ਮੈਂ ਘਰ ਨੂੰ ਵਾਪਸ ਆ ਗਿਆ।ਹੁਣ ਘੜੀ ਦੀਆਂ ਸੂਈਆਂ ਅੱਠ ਉਪਰ ਆ ਕੇ ਮੇਰਾ ਮੂੰਹ ਚਿੜ੍ਹਾਉਣ ਲੱਗੀਆਂ।ਅੱਠ ਤੋਂ ਬਾਅਦ ਨੌਂ ਅਤੇ ਨੌਂ ਬਾਅਦ ਸਾਢੇ ਨੌਂ ਪਰ ਸਥਿਤੀ ਪਹਿਲਾਂ ਵਾਲੀ ਹੀ ਬਣੀ ਰਹੀ। ਮਹਿਕਮੇ ਦੀ ਇਸ ਢੀਠਤਾਈ ਉਪਰ ਰੱਜ ਕੇ ਗੁੱਸਾ ਆਇਆ।ਭਰਿਆ-ਪੀਤਾ ਮੈਂ ਫਿਰ ਬਿਜਲੀ ਦਫ਼ਤਰ ਪਹੁੰਚ ਗਿਆ।ਸੋਚਦਾ ਜਾ ਰਿਹਾ ਸਾਂ ਕਿ ਜੇਕਰ ਮੇਰੇ ਵਰਗੇ ਕਲਮਕਾਰ ਦਾ ਅਜਿਹਾ ਹਾਲ ਹੈ ਤਾਂ ਜਨ-ਸਧਾਰਣ ਦਾ ਤਾਂ ਅੱਲ੍ਹਾ ਹੀ ਬੇਲੀ ਹੋਵੇਗਾ। ਫਿਰ ਇਹ ਸੋਚਦਾ ਕਿ ਚੱਲੋ ਹੁਣ ਤੱਕ ਆਲ੍ਹਾ-ਅਧਿਕਾਰੀ ਵੀ ਦਫ਼ਤਰ ਆ ਗਏ ਹੋਣਗੇ,ਆਪਣੀ ਪੱਤਰਕਾਰੀ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਵਿਭਾਗ ਦੇ ਕਰਮਚਾਰੀਆਂ ਦੇ ‘ਖੋਟੇ ਕਰਮਾਂ’ ਤੋਂ ਚੰਗੀ ਤਰ੍ਹਾਂ ਗਿਆਤ ਕਰਾਵਾਂਗਾ।ਇਨ੍ਹਾਂ ਸੋਚਾਂ ਵਿਚ ਗੋਤੇ ਖਾਂਦਾ ਮੈਂ ਦਫ਼ਤਰ ਪਹੁੰਚ ਗਿਆ।
ਬਿਜਲੀ ਦੇ ਮੁੱਖ ਦਫ਼ਤਰ ਵਿਚ ਬਹੁਤੇ ਅਧਿਕਾਰੀਆਂ ਦੀਆਂ ਕੁਰਸੀਆਂ
ਅਜੇ ਵੀ ਉਨ੍ਹਾਂ ਦਾ ਇੰਤਜ਼ਾਰ ਕਰ ਰਹੀਆਂ ਸਨ ਪਰ ਚਪੜਾਸੀ ਜ਼ਰੂਰ ਹਾਜ਼ਰੀ ਭਰ ਰਹੇ ਸਨ।
“ਸਾਹਿਬ! ਕਦੋਂ ਕੁ ਆਉਣਗੇ ਬਈ?”
“ਸਾਹਿਬ! ਕਦੋਂ ਕੁ ਆਉਣਗੇ ਬਈ?”
“ਦੱਸੋ ?”
“ ਅਠਾਰਾਂ ਘੰਟੇ ਹੋ ਗਏ ਕੰਪਲੇਂਟ ਲਿਖਵਾਈ ਨੂੰ, ਦੋ ਗੇੜੇ ਵੀ ਮਾਰ ਚੁੱਕਾ ਹਾਂ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ।ਕੀ ਪਾਖੰਡ ਹੈ ਇਹ? ਕੋਈ ਧਿਆਨ ਕਿਉਂ ਨਹੀਂ ਦਿੰਦਾ?”
ਆਪਣਾ ਸਾਰਾ ਗੁੱਸਾ ਮੈਂ ਚਪੜਾਸੀ ਉਪਰ ਨਿਕਾਲਦਿਆਂ ਕਿਹਾਂ।
“ਮੇਰੇ ‘ਤੇ ਖ਼ਫ਼ਾ ਕਿਉਂ ਹੁੰਦੇ ਹੋ ਸਰਦਾਰ ਜੀ,ਉਹ ਸਾਹਮਣੇ ਖੜ੍ਹਾ ਹੈ ਲਾਇਨਮੈਨ, ਉਸ ਨਾਲ ਗੱਲ ਕਰੋ”।
ਚਪੜਾਸੀ ਨੇ ਆਪਣੀ ਬੇਕਸੂਰੀ ਨੂੰ ਬਿਆਨਦਿਆਂ ਕਿਹਾ।
ਜਦੋਂ ਮੈਂ ਚਪੜਾਸੀ ਦੇ ਇਸ਼ਾਰੇ ‘ਤੇ ਦਫ਼ਤਰ ਦੇ ਮੇਨ ਗੇਟ ਦੇ ਬਾਹਰ ਖਲੋਤੇ ਇੱਕ ਛੋਟੇ ਜਿਹੇ ਕੱਦ ਦੇ ਸਰਦਾਰ ਕੋਲ ਗਿਆ ਤਾਂ ਠੰਢ ਕਾਰਨ ਉਸ ਨੇ ਆਪਣਾ ਮੂੰਹ-ਸਿਰ ਢੱਕਿਆ ਹੋਇਆ ਸੀ।
“ਚੰਗਾ ਕੰਮ ਹੈ ਯਾਰ ਤੁਹਾਡਾ,ਕੱਲ੍ਹ ਦੀ ਸ਼ਿਕਾਇਤ ਦਰਜ ਕਰਵਾਈ ਹੈ,ਦਸ ਫ਼ੋਨ ਕਰ ਲੇ,ਦੋ ਗੇੜੇ ਵੀ ਮਾਰ ਲੇ ਪਰ ਕਿਸੇ ਦੇ ਕੰਨ ‘ਤੇ ਜੂੰ ਤੱਕ ਨਹੀਂ ਸਰਕੀ”।
ਮੈਂ ਆਪਣਾ ਸਾਰਾ ਗ਼ੁਬਾਰ ਉਸ ‘ਤੇ ਕੱਢਦਿਆਂ ਕਿਹਾ।
“ਸਰ! ਤੁਹਾਡਾ ਇਲਾਕਾ ਕਿਤੇ ਅੰਮ੍ਰਿਤਸਰ ਤਾਂ ਨਹੀਂ?”
“ ਬਿਲਕੁੱਲ! ਅੰਮ੍ਰਿਤਸਰ ਹੀ ਹੈ। ਕਿਉਂ ਕੀ ਗੱਲ?”
“ ਦਿਓ ਫਿਰ ਆਪਣਾ ਅਸ਼ੀਰਵਾਦ”।
ਉਸ ਨੇ ਮੇਰੇ ਪੈਰੀਂ (7) ਪੈਦਿਆਂ ਕਿਹਾ ਅਤੇ ਨਾਲ ਹੀ ਆਪਣੇ ਮੂੰਹ ‘ਤੇ ਬੰਨ੍ਹੀ ਹੋਈ ਢਾਠੀ ਖੋਲ੍ਹ ਦਿੱਤੀ। “ ਅੱਛਾ!ਅੱਛਾ!! ਤੂੰ ਹੀਰਾ ਏਂ!”
ਉਸ ਦੇ ਚੇਹਰੇ ਨੂੰ ਪਛਾਣ ਕੇ ਮੈਂ ਉਸ ਨੂੰ ਗੱਲ ਨਾਲ ਲਗਾ ਲਿਆ।ਫਿਰ ਤਸੱਲੀ ਨਾਲ ਉਸ ਦਾ ਅਤੇ ਉਸ ਦੇ ਪਰਿਵਾਰ ਦਾ ਹਾਲ-ਚਾਲ ਪੁੱਛਿਆ।
ਇਹ ਹੀਰਾ ਸਿਰਫ਼ ਨਾਂ ਦਾ ਹੀ ਹੀਰਾ ਨਹੀਂ ਸਗੋਂ ਸੱਚਮੁੱਚ ਦਾ ਹੀਰਾ ਹੋਇਆ ਕਰਦਾ ਸੀ ਜਦੋਂ ਮੇਰੇ ਕੋਲ ਮਾਲਵੇ ਦੇ ਚਰਚਿਤ ਸਕੂਲ ਤੱਖਰਾਂ ਵਿਚ ਰਸਮੀ ਤਲੀਮ ਹਾਸਲ ਕਰਿਆ ਕਰਦਾ ਸੀ।ਸ.ਪ੍ਰਕਾਸ਼ ਸਿੰਘ ਮੁੱਖ ਅਧਿਆਪਕ ਦੀ ਸੁਚੱਜੀ ਅਤੇ ਯੋਗ ਅਗਵਾਈ ਸਦਕਾ ਇਸ ਸਰਕਾਰੀ ਸਕੂਲ ਵਿਚ ਪੜ੍ਹਨ-ਪੜ੍ਹਾਉਣ ਮਾਹੌਲ ਹਾਂ ਪੱਖੀ ਬਣਿਆ ਹੋਇਆ ਸੀ। ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਜੀਵਨ ਦੀਆਂ ਕਦਰਾਂ-ਕੀਮਤਾਂ ਤੋਂ ਵੀ ਅਕਸਰ ਜਾਣੂੰ ਕਰਵਾਇਆ ਜਾਂਦਾ ਸੀ, ਜਿਸ ਵਿਚ ਮੈਂ ਵੀ ਆਪਣਾ ਬਣਦਾ-ਸਰਦਾ ਯੋਗਦਾਨ ਪਾਉਂਦਾ ਰਹਿੰਦਾ ਸੀ।ਤੇ ਅੱਜ ਮੇਰੇ ਉਸ ਪਾਏ ਹੋਏ ਯੋਗਦਾਨ ਦਾ ਮੁੱਲ ਪੈ ਗਿਆ ਜਦੋਂ ਹੀਰੇ ਨੇ ਤੁਰੰਤ ਕਿਹਾ-
“ਚੱਲੋ ਸਰ! ਪਹਿਲਾਂ ਤੁਹਾਡਾ ਮਸਲਾ ਹੀ ਹੱਲ ਕਰਕੇ ਆਈਏ”।
ਇੱਕ ਸਹਾਇਕ ਨੂੰ ਨਾਲ ਲੈ ਕੇ ਉਸ ਨੇ ਆਪਣੇ ਬਾਇਕ ਨੂੰ ਝੱਟ ਅੱਡੀ ਮਾਰ ਦਿੱਤੀ।ਦੋ ਕੁ ਮਿੰਟਾਂ ਵਿਚ ਹੀ ਅਸੀਂ ਘਰ ਪਹੁੰਚ ਗਏ ਅਤੇ ਪੰਜਾਂ ਮਿੰਟਾਂ ਵਿਚ ਬਿਜਲੀ ਦੀ ਸਪਲਾਈ ਚਾਲੂ ਹੋ ਗਈ।ਇਸ ਸੁਹਿਰਦ ਸੇਵਾ ਲਈ ਜਦੋਂ ਮੈਂ ਹੀਰੇ ਦਾ ਧੰਨਵਾਦ ਕਰਨਾ ਚਾਹਿਆ ਤਾਂ ਉਸ ਨੇ ਮੇਰੇ ਪੈਰਾਂ ਵੱਲ ਝੁੱਕਦਿਆਂ ਕਿਹਾ, “ਸਰ! ਇਹ ਸਭ ਤੁਹਾਡੇ ਦੁਆਰਾ ਦਿੱਤੀ ਗਈ ਸਿੱਖਿਆ ਦਾ ਹੀ ਸਿੱਟਾ ਹੈ ਜੋ ਅੱਜ ਮੈਂ ਇਸ ਮੁਕਾਮ ‘ਤੇ ਪਹੁੰਚਿਆ ਹਾਂ ਅਤੇ ਤੁਹਾਡੀ ਇਸ ਸੇਵਾ ਦੇ ਯੋਗ ਹੋਇਆ ਹਾਂ।ਪੱਛੜੇ ਇਲਾਕੇ ਦਾ ਸਰਕਾਰੀ ਸਕੂਲ ਹੋਣ ਦੇ ਬਾਵਜੂਦ ਵੀ ਹੈੱਡ ਮਾਸਟਰ ਸਾਹਿਬ ਜੀ ਤੇ ਤੁਸੀਂ ਕੋਈ ਕਸਰ ਬਾਕੀ ਨਹੀਂ ਸੀ ਰਹਿਣ ਦਿੰਦੇ।ਆਪਣੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾ ਕੇ ਹੀ ਸੁੱਖ ਦਾ ਸਾਹ ਲੈਂਦੇ ਸੀ।ਸਰ! ਅੱਜ ਮੈਨੂੰ ਵੀ ਮੇਰੀ ਮੰਜ਼ਿਲ ਨਸੀਬ ਹੋਈ ਹੈ।ਬਿਜਲੀ ਮਹਿਕਮੇ ਦਾ ਕਰਮਚਾਰੀ ਹੋਣ ਦੇ ਨਾਤੇ ਭਲਾ ਮੈਂ ਤੁਹਾਨੂੰ ਹਨ੍ਹੇਰੇ ਵਿਚ ਕਿਵੇਂ ਰੱਖ ਸਕਦਾ ਸੀ”।
ਮੇਰੇ ਇਸ ਸਫ਼ਲ ਵਿਦਿਆਰਥੀ ਦੇ ਮੁਖ਼ਾਰਬਿੰਦ ਵਿਚੋਂ ਨਿਕਲੇ ਇਹ ਬੇਸ਼ਕੀਮਤੀ ਬੋਲ ਉਨ੍ਹਾਂ ਲੋਕਾਂ ਦੇ ਮੂੰਹ ‘ਤੇ ਕਰਾਰੀ ਚਪੇੜ ਹਨ ਜਿਹੜੇ ਮਾਸਟਰੀ (ਵਿਸ਼ੇਸ਼ ਕਰਕੇ ਸਰਕਾਰੀ ਸਕੂਲਾਂ ਵਾਲੀ) ਨੂੰ ਕੇਵਲ ਇੱਕ ‘ਐਸ਼ ਕਰਨ ਵਾਲਾ ਕਿੱਤਾ’ ਹੀ ਗ਼ਰਦਾਨੀ ਜਾ ਰਹੇ ਹਨ।
ਗਲੀ ਨੰ:8 ਰਿਸ਼ੀ ਨਗਰ ਐਕਸਟੈਂਸ਼ਨ
(ਲੁਧਿਆਣਾ)
ਮੋਬ:9463132719


0 comments:
Speak up your mind
Tell us what you're thinking... !