ਚਿੜੀਆਂ ਦੀਆਂ ਕਈ ਪ੍ਰਜਾਤੀਆਂ ਹਨ।ਪਰ ਇੱਕ ਖਾਸ ਕਿਸਮ ਦੀ ਚਿੜੀ ਪ੍ਰਜਾਤੀ ਸਾਡੇ ਘਰਾਂ ਵਿੱਚ ਪੰਦਰਾਂ ਵੀਹ ਸਾਲ ਪਹਿਲਾਂ ਆਮ ਵੇਖਣ ਨੂੰ ਮਿਲਦੀ ਸੀ।ਪਰ ਹੁਣ ਇਹ ਚਿੜੀ ਘਰਾਂ ਵਿੱਚੋ ਲੁਪਤ ਹੋ ਗਈ ਹੈ।ਇਹ ਚਿੜੀ ਸਾਡੇ ਪੰਜਾਬ ਦੇ ਸੱਭਿਆਚਾਰ ਵਿੱਚ ਘੁਲਮਿਲ ਗਈ ਸੀ।ਇਸ ਚਿੜੀ ਦੇ ਅਧਾਰ ਤੇ ਕਈ ਮੁਹਾਵਰੇ,ਕਹਾਵਤਾਂ,ਅਖਾਣ ਅਤੇ ਸ਼ਬਦਾਵਲੀ ਬਣੀ ਸੀ।……ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ…।
ਇਹ ਕਹਾਵਤ ਅੱਜ ਵੀ ਪੰਜਾਬੀਆਂ ਦੀ ਜੁਬਾਨ ਤੇ ਹੈ।ਇਸੇ ਤਰਾਂ ਹੀ…ਕੁੜੀਆਂ ਤੇ ਚਿੜੀਆਂ ਇੱਕੋ ਜਿਹੀਆਂ ਹੁੰਦੀਆਂ ਹਨ……ਸਬਦਾਵਲੀ ਵੀ ਅਕਸਰ ਲੋਕਾਂ ਦੀ ਜੁਬਾਨ ਤੇ ਅੱਜ ਵੀ ਹੈ। ਪੰਜਾਬ ਦਾ ਬਹੁਤ ਹੀ ਪ੍ਰਸਿੱਧ ਲੋਕ ਗੀਤ…ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸ਼ੀ ਉੱਡ ਵੇ ਜਾਣਾ…ਅੱਜ ਵੀ ਲੋਕਾਂ ਦੀ ਜੁਬਾਨ ਤੇ ਹੈ।..ਕਾਂ ਅਤੇ ਚਿੜੀ ਦੀਆਂ ਕਹਾਣੀਆਂ ਅਤੇ ਚਿੜੀਆਂ ਨਾਲ ਸਬੰਧਤ ਹੋਰ ਕਹਾਣੀਆਂ ਅੱਜ ਵੀ ਸਾਡੇ ਸਮਾਜ ਅਤੇ ਸੱਭਿਆਚਾਰ ਦਾ ਮੁੱਖ ਅੰਗ ਹਨ।ਚਿੜੀਆਂ ਨਾਲ ਸਬੰਧਤ ਸਾਹਿਤ,ਕਵਿਤਾ,ਗੀਤਾਂ,ਕਹਾਣੀ ਦੀ ਪੰਜਾਬ ਵਿੱਚ ਕੋਈ ਥੋੜ ਨਹੀ ਹੈ।..ਚਿੜੀ ਚੁਕਦੀ ਨਾਲ ਤੁਰ ਪਏ ਪਾਂਧੀ ਪਈਆਂ ਦੁੱਧ ਦੇ ਵਿੱਚ ਮਧਾਨੀਆਂ ਨੇ....ਕਵਿਤਾ ਨੂੰ ਕੌਣ ਨਹੀ ਜਾਣਦਾ ਹੈ।ਇਹਨਾਂ ਘਰੇਲੂ ਚਿੜੀਆਂ ਦੀ ਨਸਲ ਲੱਗਭਗ ਖਤਮ ਹੋਣ ਦੀ ਕੰਗਾਰ ਤੇ ਹੈ।ਪਹਿਲਾਂ ਡਾਰਾ ਦੇ ਡਾਰ ਇਹ ਚਿੜੀਆਂ ਸਾਡੇ ਘਰਾਂ ਵਿੱਚ ਸਾਰਾ ਦਿਨ ਮੌਜੂਦ ਰਹਿੰਦੀਆਂ ਸਨ।ਸਵੇਰ ਦੀ ਸੁਰੂਆਤ ਇਹਨਾਂ ਦੀ ਅਵਾਜ ਨਾਲ ਹੀ ਸੂਰੂ ਹੁੰਦੀ ਸੀ।ਪਰ ਅਚਾਨਕ ਇਹਨਾਂ ਦਾ ਘਰਾਂ ਵਿੱਚੋ ਗਾਇਬ ਹੋਣਾ ਮੰਦਭਾਗਾ ਤੇ ਸਾਡੇ ਸੱਭਿਆਚਾਰ ਲਈ ਘਾਤਕ ਹੈ।ਪਹਿਲਾਂ ਘਰ ਦੇ ਅੰਦਰ ਬਾਹਰ ਇਹ ਚਿੜੀਆਂ ਸਾਰਾ ਦਿਨ ਉੱਡਾਰੀਆਂ ਮਾਰਦੀਆਂ ਰਹਿੰਦੀਆਂ ਸਨ।ਘਰਾਂ ਵਿੱਚ ਕੋਈ ਵੀ ਫਸਲ ਦਾਣੇ ਸੁੱਕਣੇ ਪਾਉਣੇ ਤਾਂ ਚਿੜੀਆਂ ਡਾਰਾ ਦੀ ਡਾਰ ਉੱਥੇ ਇੱਕਠੀਆਂ ਹੁੰਦੀਆਂ ਸਨ।ਕਿਸੇ ਵੀ ਘਰ ਦਾ ਕੋਈ ਮੈਂਬਰ ਰੋਟੀ ਖਾਣ ਲਈ ਬੈਠਦਾ ਤਾਂ ਡਾਰਾ ਦੇ ਡਾਰਾ ਚਿੜੀਆਂ ਉਸ ਕੋਲ ਚੋਗਾ ਖਾਣ ਲਈ ਆ ਜਾਂਦੀਆਂ ਸਨ।ਪਰ ਹੁਣ ਤਾਂ ਇਹ ਚਿੜੀ ਘਰ-ਬਾਹਰ ਲੱਭਣਾ ਵੀ ਬੰਦ ਹੋ ਗਈ ਹੈ।ਜਿਆਦਾ ਲੋਕ ਇਹਨਾਂ ਦੇ ਲੋਪ ਹੋਣ ਦਾ ਕਾਰਨ ਮੋਬਾਇਲ ਟਾਵਰਾਂ ਤੋਂ ਨਿੱਕਲਣ ਵਾਲੀਆਂ ਤਰੰਗਾਂ ਨੂੰ ਮੰਨਦੇ ਹਨ।ਲੋਕਾਂ ਦਾ ਮੰਨਣਾ ਹੈ ਕਿ ਟਾਵਰਾਂ ਦੀਆਂ ਤਰੰਗਾ ਦੇ ਬੁਰੇ ਪ੍ਰਭਾਵ ਨਾਲ ਇਹ ਚਿੜੀਆਂ ਮਰ ਗਈਆਂ ਹਨ।ਇੱਥੇ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਜੰਗਲੀ ਜਾਂ ਬਾਹਰ ਖੇਤਾਂ ਵਿੱਚ ਰਹਿਣ ਵਾਲੀਆਂ ਬਹੁਤ ਹੀ ਛੋਟੇ ਅਕਾਰ ਦੀਆਂ ਚਿੜੀਆਂ ਮੋਬਾਇਲ ਤਰੰਗਾ ਨਾਲ ਕਿਉਂ ਨਹੀ ਮਰੀਆਂ।ਘਰੇਲੂ ਲੋਪ ਹੋ ਗਈ ਚਿੜੀ ਦੀ ਨਸਲ ਤੋਂ ਬਹੁਤ ਛੋਟੇ ਅਕਾਰ ਦੀਆਂ ਚਿੜੀਆਂ ਜੋ ਘਰਾਂ ਤੋਂ ਬਾਹਰ ਰਹਿੰਦੀਆਂ ਸਨ ਉਹਨਾਂ ਦੀ ਗਿਣਤੀ ਅੱਜ ਵੀ ਬਰਕਰਾਰ ਹੈ।ਘਰੇਲੂ ਲੋਪ ਹੋ ਗਈਆਂ ਚਿੜੀਆਂ ਦੀ ਮੌਤ ਦਾ ਕਾਰਨ ਮੋਬਾਇਲ ਟਾਵਰਾਂ ਦੀਆਂ ਤਰੰਗਾ ਹੋ ਸਕਦੀਆਂ ਹਨ ਪਰ ਉਹਨਾਂ ਦੀ ਮੌਤ ਦਾ ਕਾਰਣ ਅਤੇ ਅਚਾਨਕ ਸਾਡੇ ਘਰਾਂ ਵਿੱਚੋ ਲੋਪ ਹੋਣ ਦੇ ਕਈ ਕਾਰਨ ਹਨ।ਸਾਡਾ ਨਵਾਂ ਰਹਿਣ ਸਹਿਣ ਅਤੇ ਬਦਲਦਾ ਸੱਭਿਆਚਾਰ ਵੀ ਚਿੜੀਆਂ ਦੀ ਮੌਤ ਅਤੇ ਘਰਾਂ ਵਿੱਚੋ ਲੋਪ ਹੋਣ ਦਾ ਕਾਰਣ ਹੈ।ਜਦੋਂ ਘਰਾਂ ਵਿੱਚ ਨਵੇਂ ਨਵੇਂ ਬਿਜਲੀ ਵਾਲੇ ਛੱਤ ਵਾਲੇ ਪੱਖੇ ਆਏ ਤਾਂ ਲੱਖਾਂ ਦੀ ਤਦਾਦ ਵਿੱਚ ਇਹਨਾਂ ਚਲਦੇ ਪੱਖੇਆਂ ਨਾਲ ਵੱਜ ਵੱਜ ਕੇ ਚਿੜੀਆਂ ਦੀ ਮੌਤ ਹੋਣਾ ਸੂਰੂ ਹੋ ਗਈ।ਪੱਖੇਆਂ ਨਾਲ ਵੱਜਣ ਕਰ ਕੇ ਇਸ ਚਿੜੀ ਦੀ ਨਸਲ ਦਾ ਸਾਡੇ ਘਰਾਂ ਵਿੱਚੋ ਸਦਾ ਲਈ ਸਫਾਇਆ ਹੋ ਗਿਆ।ਛੱਤ ਵਾਲੇ ਪੱਖੇ ਚਿੜੀਆਂ ਦੀ ਨਸਲ ਧਰਤੀ ਤੋਂ ਖਤਮ ਕਰਨ ਵਿੱਚ ਜਿੰਮੇਵਾਰ ਰਹੇ ਹਨ।ਘਰਾਂ ਵਿੱਚ ਬਿਜਲੀ ਆ ਜਾਣ ਕਾਰਨ ਇਹ ਚਿੜੀਆਂ ਨੀਂਦ ਭਰ ਸੌ ਵੀ ਨਾ ਸਕੀਆਂ ਤੇ ਲਗਾਤਾਰ ਮੌਤ ਦੇ ਮੁੰਹ ਵੱਲ ਜਾਂਦੀਆਂ ਰਹੀਆਂ।ਘਰਾਂ ਦਾ ਨਵਾਂ ਮਹੌਲ ਇਹਨਾਂ ਉੱਤੇ ਭਾਰੀ ਪਿਆ।ਇਹ ਚਿੜੀਆਂ ਸਦੀਆਂ ਤੋਂ ਮਨੁੱਖ ਦੇ ਨਾਲ ਕੱਚੇ ਘਰਾਂ ਵਿੱਚ ਰਹਿੰਦੀਆਂ ਸਨ।ਇਹ ਘਰਾਂ ਦੀਆਂ ਛੱਤਾਂ ਵਿੱਚ ਹੀ ਆਲਣੇ ਬਣਾ ਕੇ ਅੰਡੇ ਦੇਦੀਂਆਂ ਅਤੇ ਬੱਚੇ ਪੈਦਾ ਕਰਦੀਆਂ ਸਨ।ਉਸ ਸਮੇਂ ਘਰ ਕੱਚੇ ਹੁੰਦੇ ਸਨ।ਇਹ ਕਾਨੇ ਸਰਕੰਡੇ ਦੇ ਛੱਤ ਪਾੜ ਕੇ ਜਾਂ ਖਾਲੀ ਥਾਂ ਵੇਖ ਕੇ ਘਰ ਦੇ ਅੰਦਰ ਹੀ ਛੱਤ ਵਿੱਚ ਘਾਹ ਫੁਸ ਇੱਕਠਾ ਕਰ ਆਲਣਾ ਬਣਾ ਲੈਦੀਆਂ ਅਤੇ ਉੱਥੇ ਹੀ ਨਸਲ ਉੱਤਪਤੀ ਕਰਦੀਆਂ ਸਨ।ਇਹ ਘਰਾਂ ਦੇ ਅੰਦਰ ਲੱਕੜੀ ਦੀਆਂ ਸਤੀਰੀਆਂ,ਬਰਗੇਆਂ ਉੱਪਰਲੀ ਥਾਂ ਤੇ ਵੀ ਆਲਣਾ ਬਣਾ ਕੇ ਅੰਡੇ ਦੇ ਬੱਚੇ ਪੈਂਦਾ ਕਰਦੀਆਂ ਸਨ।ਪਰ ਅਚਾਨਕ ਲੋਕਾਂ ਪੱਕੇ ਮਕਾਨ ਬਣਾਉਣੇ ਸੂਰੂ ਕਰ ਦਿੱਤੇ ਲੈਂਟਰ ਵਾਲੋ ਮਕਾਨਾ ਵਿੱਚ ਇਹ ਚਿੜੀਆਂ ਆਲਣੇ ਨਹੀ ਬਣਾ ਸਕੀਆਂ।ਇਹ ਚਿੜੀ ਸਿਰਫ ਕੱਚੇ ਘਰਾਂ ਅੰਦਰ ਹੀ ਆਲਣੇ ਬਣਾ ਸਕਦੀ ਸੀ।ਲੈਂਟਰ ਵਾਲੀ ਛੱਤ ਤੇ ਘਰ ਦੇ ਅੰਦਰ ਕੋਈ ਥਾਂ ਨਹੀ ਹੁੰਦੀ ਜਿੱਥੇ ਇਹ ਚਿੜੀ ਬੈਠ ਸਕਦੀ ਜਾਂ ਨਸਲ ਉੱਤਪਤੀ ਕਰ ਸਕਦੀ।ਇਸ ਲਈ ਅਚਾਨਕ ਆਏ ਨਵੇਂ ਲੈਂਟਰ ਵਾਲੇ ਛੱਤਾਂ ਕਾਰਨ ਚਿੜੀ ਦੀ ਇਹ ਨਸਲ ਅਗਲੀ ਨਸਲ ਉੱਤਪਤੀ ਹੀ ਨਾ ਕਰ ਸਕੀ।ਇਹ ਚਿੜੀ ਘਰਾਂ ਦੀ ਛੱਤ ਤੋਂ ਬਿਨਾਂ ਹੋਰ ਕਿਧਰੇ ਵੀ ਘਰ ਨਹੀ ਬਣਾ ਸਕਦੀ ਸੀ।ਇਹ ਸਿਰਫ ਘਰਾਂ ਦੇ ਅੰਦਰ ਛੱਤਾਂ ਵਿੱਚ ਜਾਂ ਕੱਚੇ ਘਰਾਂ ਦੀਆਂ ਕੰਧਾਂ ਦੀਆਂ ਖੁੱਡਾ ਵਿੱਚ ਆਲਣੇ ਬਣਾ ਕੇ ਇਹ ਬੱਚੇ ਪੈਂਦਾ ਕਰਦੀਆਂ ਸਨ।ਇਸ ਘਰੇਲੂ ਚਿੜੀ ਦੇ ਖਾਤਮੇ ਲਈ ਸਾਡਾ ਨਵਾਂ ਰਹਿਣ ਸਹਿਣ ਅਤੇ ਲੈਟਰ ਵਾਲੇ ਮਕਾਨਾ ਦੀ ਉਸਾਰੀ ਵੀ ਜਿੰਮੇਵਾਰ ਹੈ।ਇਸ ਦੇ ਨਾਲ ਹੀ ਫਸ਼ਲਾਂ ਉੱਤੇ ਵੱਡੀ ਮਾਤਰਾ ਵਿੱਚ ਕੀਟ ਨਾਸਕ ਦਵਾਈਆਂ ਦਾ ਸਿੜਕਾਓ ਕਰਨ ਨਾਲ ਵੀ ਇਸ ਚਿੜੀ ਦੀ ਧਰਤੀ ਤੋਂ ਨਸਲ ਖਤਮ ਹੋ ਗਈ।ਇਹ ਚਿੜੀ ਫਸਲਾਂ ਦੇ ਦਾਣੇ,ਘਰ ਵਿੱਚ ਮਨੁੱਖ ਵੱਲੋਂ ਤਿਆਰ ਕੀਤੇ ਭੋਜਨ ਦੀ ਰਹਿੰਦਖੁੰਦ ਖਾਂਦੀ ਸੀ।ਇਸ ਤੋਂ ਇਲਾਵਾ ਇਹ ਚਿੜੀ ਵੱਡੀ ਮਾਤਰਾਂ ਵਿੱਚ ਫਸਲ ਅਤੇ ਘਾਹ ਤੋਂ ਸੁੰਡੀਆਂ,ਲੁੜੀਆਂ,ਕੀਟ ਪਤੰਗਾਂ ਖਾਂਦੀਆਂ ਸਨ।ਪਰ ਮਨੁੱਖ ਦੁਆਰਾ ਹਰ ਥਾਂ ਕੀਟ ਨਾਸਕ ਦਵਾਈਆਂ ਦਾ ਛਿੜਕਾਓ ਕਰਨ ਤੇ ਅਤੇ ਇਹਨਾਂ ਚਿੜੀਆਂ ਦੁਆਰਾ ਵਿਛੈਲਾ ਚੋਗਾ ਖਾਣ ਕਾਰਣ ਵੀ ਇਹਨਾਂ ਦੀ ਮੌਤ ਹੋ ਗਈ ਤੇ ਇਹਨਾਂ ਦੀ ਨਸਲ ਹੀ ਧਰਤੀ ਤੋਂ ਖਤਮ ਹੋ ਗਈ।ਹੁਣ ਤਾਂ ਬੱਚੇਆਂ ਨੂੰ ਚਿੜੀ ਦੱਸ ਕੇ ਉਦਾਹਰਣ ਦੇ ਕੇ ਸਮਝਾਉਣਾ ਵੀ ਔਖਾ ਹੋ ਗਿਆ ਹੈ ਕਿਉਂਿਕ ਚਿੜੀ ਹੁਣ ਘਰਾਂ ਵਿੱਚ ਲੱਭਦੀ ਹੀ ਨਹੀ ਹੈ।ਮਨੁੱਖ ਦੁਆਰਾ ਕੁਦਰਤ ਨਾਲ ਛੇੜਛਾੜ ਤੇ ਵਾਤਾਵਰਣ ਵਿੱਚ ਆਏ ਵਿਗਾੜ ਦੀ ਸਜਾਂ ਪੰਛੀ ਜਗਤ ਅਤੇ ਮਨੁੱਖ ਲਗਾਤਾਰ ਭੋਗ ਰਿਹਾ ਹੈ।ਭਵਿੱਖ ਵਿੱਚ ਵੀ ਇਸ ਦੇ ਮਾੜੇ ਸਿੱਟੇ ਸਾਹਮਣੇ ਆਉਣਗੇ…………।
ਮਾਸਟਰ ਹਰੇਸ਼ ਸੈਣੀ,
172,ਸੈਣੀ ਮੁਹੱਲਾ,
ਬੱਜਰੀ ਕੰਪਨੀ,
ਪਠਾਨਕੋਟ,ਪੰਜਾਬ,
9478597326,


0 comments:
Speak up your mind
Tell us what you're thinking... !