‘‘ਜੀਤ••••ਮੈਂ ਤੈਨੂੰ ਬਹੁਤ ਪਿਆਰ ਕਰਦਾਂ••••• ਜਦ ਵੀ ਤੂੰ ਪੇਕੇ ਜਾਂਦੀ ਏਂ ਤਾਂ ਮੈਂ ਹੀ ਜਾਣਦਾਂ••••••••ਮੈਂ ਤੇਰੇ ਬਿਨਾਂ ਇੱਕ-ਇੱਕ ਦਿਨ ਕਿਵੇਂ ਕੱਟਦਾਂ••••••••।''
‘‘ਸੱਚੀਂ••••••• ਵੇ ਮੇਰਿਆ ਚੰਨਾਂ•••••••••।'' ਕਹਿੰਦੀ ਜੀਤ ਉਸਦੀ ਹਿੱਕ ਨਾਲ ਲੱਗ ਗਈ। ਕੁਲਦੀਪ ਨੇ ਉਸਨੂੰ ਬਾਹਵਾਂ 'ਚ ਘੁੱਟ ਲਿਆ।
‘‘ਵੇ ਪੁੱਤ••••••••• ਥੋਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਲਿਆ ਦੇਵਾਂ•••• ਬਜ਼ਾਰੋਂ•••।'' ਕੁਲਦੀਪ ਦੀ ਮਾਂ ਨੇ ਕੰਬਦੀ ਆਵਾਜ਼ 'ਚ ਬੂਹਾ ਖੋਲ੍ਹਦਿਆਂ ਕਿਹਾ।
ਪਰ ਉਹ ਦੋਵੇਂ ਇੱਕਦਮ ਮਾਂ ਨੂੰ ਦੇਖਕੇ ਸੜ-ਭੁੱਜ ਉਠੇ। ਰੰਗ 'ਚ ਭੰਗ ਜੂ ਪੈ ਗਈ ਸੀ।
‘‘ਓ ਹੋ ਮਾਂ••••••• ਤੈਨੂੰ ਕਈ ਵਾਰ ਕਿਹੈ••••• ਤੂੰ ਆਰਾਮ ਨਾਲ ਬੈਠੀ ਰਿਹਾ ਕਰ•••• ਸਾਡੇ ਕਮਰੇ 'ਚ ਨਾ ਐਵੇਂ ਬੇਵਕਤ ਤੁਰੀ ਰਿਹਾ ਕਰ••••••••।''
ਪੁੱਤ ਕੋਲੋਂ ਜ਼ਬਰਦਸਤ ਦੱਬਕਾ ਖਾ ਕੇ ਬੁੱਢੀ ਚੁੱਪ ਕਰਕੇ ਰਹਿ ਗਈ। ਆਪਣੇ ਝੁਰੜੀਆਂ ਵਾਲੇ ਚਿਹਰੇ 'ਤੇ ਡਿੱਗਦੇ ਗਰਮ ਹੰਝੂਆਂ ਨੂੰ ਚਿੱਟੀ ਚੁੰਨੀ ਦੀ ਨੁੱਕਰ ਨਾਲ ਪੂੰਝਦੀ, ਬਾਹਰ ਵਿਹੜੇ 'ਚ ਪਈ ਢਿੱਲੀ ਜਿਹੀ ਮੰਜੀ 'ਤੇ ਜਾ ਪਈ। ਪਰ ਇਹ ਤਾਂ ਹਰ ਰੋਜ਼ ਦੀ ਗੱਲ ਸੀ।
ਕੁਲਦੀਪ ਦੀ ਮਾਂ ਦੇ ਅਰਮਾਨਾਂ ਦਾ ਗਲਾ ਤਾਂ ਉਦੋਂ ਦਾ ਹੀ ਘੁੱਟਿਆ ਗਿਆ ਸੀ, ਜਦ ਦਾ ਜੀਤੀ ਨੇ ਨੂੰਹ ਬਣਕੇ ਇਸ ਘਰ 'ਚ ਪੈਰ ਪਾਇਆ ਸੀ। ਪਹਿਲਾਂ ਕੁਲਦੀਪ ਕਿੰਨਾ ਪਿਆਰ ਤੇ ਲਾਡੀਆਂ ਕਰਦਾ ਹੁੰਦਾ ਸੀ ਉਸਨੂੰ। ਪਰ ਹੁਣ ਤਾਂ ਜ਼ਨਾਨੀ ਦਾ ਗੁਲਾਮ ਬਣਿਆ ਬੈਠਾ ਸੀ।
ਇੱਕ ਦਿਨ ਹਵੇਲੀ 'ਚੋਂ ਗੋਹਾ-ਕੂੜਾ ਕਰਕੇ ਮਾਂ ਘਰ ਦਾਖ਼ਲ ਹੋਈ ਤਾਂ ਪਤਾ ਲੱਗਾ ਕਿ ਨੂੰਹ ਦੇ ਰਿਸ਼ਤੇਦਾਰ ਆਏ ਨੇ। ਚਾਈਂ-ਚਾਈਂ ਉਸੇ ਤਰ੍ਹਾਂ ਹੀ ਗੰਦੇ ਕੱਪੜਿਆਂ ਨਾਲ ਕਮਰੇ 'ਚ ਚਲੀ ਗਈ। ਉਸਦੀ ਇਹ ਹਾਲਤ ਦੇਖ ਕੇ ਪੁੱਤ ਟੁੱਟ ਕੇ ਪੈ ਗਿਆ।
ਗਲੀ ਦੇ ਕੱਖ਼ਾਂ 'ਤੋਂ ਹੌਲੀ ਹੋਈ ਸ਼ਾਇਦ ਇਹ ਸਦਮਾ ਨਾ ਸਹਿ ਸਕੀ। ਐਸੀ ਢਿੱਲੀ ਹੋਈ ਕਿ ਇੱਕ ਜ਼ਬਰਦਸਤ ਦਿਲ ਦੇ ਦੌਰੇ ਨਾਲ ਚੱਲ ਵੱਸੀ।
ਅੱਜ ਸਸਕਾਰ ਵਾਲੇ ਦਿਨ ਕੁਲਦੀਪ ਘਰ ਰਿਸ਼ਤੇਦਾਰਾਂ ਦੀ ਭੀੜ ਲੱਗੀ ਹੋਈ ਸੀ। ਸਭ ਪਾਸੇ ਪਿੱਟ-ਸਿਆਪਾ ਪਿਆ ਹੋਇਆ ਸੀ। ਪਰ ਜੀਤ ਨੂੰ ਅੱਜ ਵੀ ਆਪਣੇ ਪੇਕਿਆਂ ਦੀ ਖ਼ਾਤਰ 'ਤੋਂ ਵਿਹਲ ਨਹੀਂ ਸੀ ਮਿਲ ਰਹੀ। ਕੁਲਦੀਪ ਨੂੰ ਅੱਜ ਪਹਿਲੀ ਵਾਰ ਉਸਤੇ ਬੇਹੱਦ ਗੁੱਸਾ ਆਇਆ, ‘ਕੀ ਕਰਦੀ ਏਂ ਜੀਤ•••••• ਕੁੱਝ ਤੇ ਸ਼ਰਮ ਕਰ••• ਅੱਜ ਤਾਂ•••••••।'' ਉਸਨੇ ਹੌਲੇ ਜਹੇ ਉਸਨੂੰ ਕਿਹਾ।
‘‘ਸ਼ਰਮ ਕਾਹਦੀ••••••• ਮੈਂ ਆਪਣੇ ਮਾਂ-ਪਿਉ ਦਾ ਖ਼ਿਆਲ ਨਾ ਰੱਖਾਂ•••••• ਉਹ ਭੁੱਖੇ ਮਰ ਜਾਣ ••••••• ।'' ਜੀਤ ਮੱਥੇ 'ਤੇ ਤਿਊੜੀਆਂ ਪਾਉਂਦੀ ਬੋਲੀ।
‘‘ਖ਼ਿਆਲ••••••।'' ਕੁਲਦੀਪ ਦਾ ਗੱਚ ਭਰ ਆਇਆ। ਅੱਖਾਂ 'ਚ ਹੰਝੂ ਉਤਰ ਆਏ। ਇਹ ਸ਼ਬਦ ਵਾਰ-ਵਾਰ ਉਸਦੇ ਦਿਮਾਗ਼ 'ਚ ਗੂੰਜਣ ਲੱਗਾ। ਸਿਰ ਚਕਰਾਅ ਗਿਆ। ਆਪਣੇ ਵੱਲੋਂ ਮਾਂ ਨੂੰ ਸਤਾਉਣ ਵਾਲਾ ਇੱਕ-ਇੱਕ ਦ੍ਰਿਸ਼ ਉਸਦੀਆਂ ਅੱਖਾਂ ਅੱਗੇ ਘੁੰਮ ਗਿਆ।
‘‘ਉਏ ਰੱਬਾ••••••• ਇਹ ਮੈਂ ਕੀ ਕਰ ਬੈਠਾ•••••••• ਮਾਂ ਵਾਪਸ ਆ ਜਾ •••• ਵਾਪਸ ਆ ਜਾ ਮਾਂ•••••••।'' ਕੁਲਦੀਪ ਜ਼ੋਰ-ਜ਼ੋਰ ਨਾਲ ਰੋ ਪਿਆ।
ਸਭ ਰਿਸ਼ਤੇਦਾਰ ਉਸ ਦੁਆਲੇ ਇਕੱਠੇ ਹੋ ਗਏ। ਉਸ ਨੂੰ ਵਰਚਾਉਂਣ ਲੱਗ ਪਏ, ‘‘ਪੁੱਤ ਮਾਂ ਦੇ ਗ਼ਮ ਨੂੰ ਬਹੁਤਾ ਦਿਲ ਨੂੰ ਨਾ ਲਾ••••• ਉਸਨੇ ਉਮਰ ਭੋਗ ਲਈ ਤੇ ਚਲੀ ਗਈ•••••• ਐਵੇਂ ਝੋਰਾ ਨਾ ਕਰ•••••।''
ਪਰ ਕੁਲਦੀਪ ਇਕੱਲਾ ਲਗਾਤਾਰ ਮਾਂ ਦੀ ਲਾਸ਼ 'ਤੇ ਲੇਟਦਾ ਵਿਲਕ ਰਿਹਾ ਸੀ।
ਪਰ ਕੋਈ ਵੀ ਉਸਨੂੰ ਸਮਝ ਨਹੀਂ ਸੀ ਪਾ ਰਿਹਾ।
ਮਨਪ੍ਰੀਤ ਕੌਰ ਭਾਟੀਆ
ਐਮ.ਏ., ਬੀ.ਐੱਡ,
# 42, ਗਲੀ ਨੰ. : 2,
ਐਕਸਟੈਂਸ਼ਨ : 2,
ਕੁੰਦਨ ਨਗਰ,
ਫ਼ਿਰੋਜ਼ਪੁਰ ਸ਼ਹਿਰ ।


0 comments:
Speak up your mind
Tell us what you're thinking... !