ਜਨਮ ਅਸ਼ਟਮੀ ਦੀ ਰਾਤ ਆਪਣੇ ਦੋਸਤਾਂ ਦੇ ਜ਼ਿੱਦ ਕਰਨ 'ਤੇ ਮੈਂ ਵੀ ਉਨ੍ਹਾਂ ਨਾਲ ਅਸ਼ਟਮੀ ਦੇਖਣ ਚੱਲ ਪਿਆ। ਰਸਤੇ ਵਿਚ ਅਸੀਂ ਕਈ ਮੰਦਿਰ ਦੇਖੇ। ਮੰਦਿਰਾਂ ਨੂੰ ਖ਼ੂਬ ਸ਼ਿੰਗਾਰਿਆ ਹੋਇਆ ਸੀ। ਪਰ ਅਸੀਂ ਸਭ ਤੋਂ ਪਹਿਲਾਂ ਸ਼ਹਿਰ ਦੇ ਸਭ ਤੋਂ ਵੱਡੇ ਮੰਦਿਰ ਵਿਚ ਗਏ। ਉੱਥੇ ਇਕ ਪਾਸੇ ਪੂਰੀਆਂ-ਛੋਲਿਆਂ ਦਾ ਲੰਗਰ ਵਰਤਾਇਆ ਜਾ ਰਿਹਾ ਸੀ। ਇਕ ਪਾਸੇ ਭੇਟਾਂ ਗਾਈਆਂ ਜਾ ਰਹੀਆਂ ਸਨ ਤੇ ਦੂਜੇ ਪਾਸੇ ਕਿੰਨੇ ਵੱਡੇ ਰੂੰ ਦੇ ਨਕਲੀ ਪਹਾੜ ਖੜ੍ਹੇ ਕੀਤੇ ਹੋਏ ਸਨ ਤੇ ਉਨ੍ਹਾਂ ਉੱਪਰ ਪਤਾ ਨਹੀਂ ਕਿਵੇਂ ਇੱਕ ਲੜਕਾ ਸ਼ਿਵ ਜੀ ਬਣਿਆ ਬੈਠਾ ਸੀ।
ਉਸ ਨੂੰ ਦੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ ਕਿ ਇਹ ਤਾਂ ਉਹੀ ਲੜਕਾ ਸੀ ਜਿਸ ਨੂੰ ਅਕਸਰ ਕੁੜੀਆਂ ਨੂੰ ਛੇੜਦੇ ਦੇਖੀਦਾ ਸੀ। ਅੱਜ ਭਗਵਾਨ ਸ਼ਿਵ ਜੀ ਦਾ ਰੂਪ ਧਾਰੀ ਬੈਠਾ ਸੀ।
ਮੇਰੀ ਹੈਰਾਨੀ ਦੀ ਸੀਮਾ ਨਾ ਰਹੀ, ਜਦੋਂ ਮੈਂ ਦੇਖਿਆ ਕਿ ਤਿੰਨ-ਚਾਰ ਬੁੱਢੀਆਂ ਸ਼ਾਇਦ ਅਨਪੜ੍ਹ ਔਰਤਾਂ ਵਾਰੋ-ਵਾਰੀ ਉਸ ਦੇ ਪੈਰ ਛੂਹ ਰਹੀਆਂ ਸਨ। ਇਹ ਦੇਖ ਕੇ ਮੇਰੇ ਦਿਮਾਗ਼ ਵਿਚ ਕਈ ਸਵਾਲ ਘੁੰਮਣ ਲੱਗੇ।
‘ਕੀ ਸਿਰਫ਼ ਬਸਤਰ ਬਦਲ ਕੇ ਭਗਵਾਨ ਦਾ ਰੂਪ ਧਾਰੇ ਇਨਸਾਨ ਨੂੰ ਅਸੀਂ ਉਹੀ ਸਮਝ ਲੈਦੇ ਹਾਂ ਚਾਹੇ ਉਸ ਦੇ ਮਨ ਵਿਚ ਚੋਰ ਟਿਕਿਆ ਹੋਵੇ ? ਕੀ ਆਮ ਲੋਕਾਂ ਨੂੰ ਇੰਨੀ ਮਹਾਨ ਸ਼ਖਸੀਅਤ ਦਾ ਰੂਪ ਧਾਰਨ ਦਾ ਹੱਕ ਹੈ ? ਕੀ ਇਹ ਸਭ ਸਾਡੇ ਭਗਵਾਨ ਦੀ ਹੱਤਕ ਨਹੀਂ ?'
ਉੱਧਰ ਮੇਰੇ ਸਾਥੀ ਅਲੱਗ-ਅਲੱਗ ਲੜਕੇ, ਲੜਕੀਆਂ ਨੂੰ ਕ੍ਰਿਸ਼ਨ ਜੀ, ਪਾਰਬਤੀ ਤੇ ਰਾਧਾ ਦੇ ਰੂਪਾਂ ਵਿਚ ਦੇਖ ਦੇਖ ਕੇ ਖੁਸ਼ ਹੋ ਰਹੇ ਸਨ। ਪਰ ਮੇਰਾ ਮਨ ਇਕ ਦਮ ਬਹੁਤ ਨਿਰਾਸ਼ ਹੋ ਗਿਆ ਤੇ ਮੈਂ ਉੱਥੋਂ ਹੀ ਘਰ ਪਰਤ ਆਇਆ।
ਮਨਪ੍ਰੀਤ ਕੌਰ ਭਾਟੀਆ
ਐਮ.ਏ., ਬੀ.ਐੱਡ,
# 42, ਗਲੀ ਨੰ. : 2,
ਐਕਸਟੈਂਸ਼ਨ : 2,
ਕੁੰਦਨ ਨਗਰ,
ਫ਼ਿਰੋਜ਼ਪੁਰ ਸ਼ਹਿਰ।


0 comments:
Speak up your mind
Tell us what you're thinking... !