ਮੇਰਾ ਪਿੰਡ ਈਸੜਾ, ਤਹਿਸੀਲ ਧੂਰੀ ਵਿੱਚ ਪੈਂਦਾ ਹੈ। ਇਹ ਪੁਰਾਤਨ ਪਿੰਡ ਹੈ। ਇਸ ਦੀ ਆਬਾਦੀ 3000 ਦੇ ਕਰੀਬ ਹੈ। ਬਜ਼ੁਰਗਾਂ ਦੇ ਦੱਸਣ ਮੁਤਾਬਕ ਇਸ ਪਿੰਡ ਨੂੰ ਜਰਗ ਦੇ ਕਿਸੇ ਬਜ਼ੁਰਗ ਨੇ ਵਸਾਇਆ ਸੀ। ਇਸੇ ਕਰਕੇ ਜਰਗ ਨੇੜੇ ਦੇ ਪਿੰਡਾਂ ਵਿੱਚ ਵੀ ਇਸ ਪਿੰਡ ਦੇ ਗੋਤ ਦੇ ਲੋਕ ਰਹਿੰਦੇ ਹਨ। ਇਸ ਪਿੰਡ ਨਾਲ ਲੱਗਦੇ ਪੰਜ ਪਿੰਡਾਂ ਵਿੱਚ ਬਿਲਿੰਗ ਗੋਤ ਦੇ ਜੱਟ ਰਹਿੰਦੇ ਹਨ। ਜੱਟ ਬਹੁਗਿਣਤੀ ਵਿੱਚ ਹਨ। ਇਸ ਪਿੰਡ ਦਾ ਜ਼ਮੀਨੀ ਰਕਬਾ 6000 ਏਕੜ ਦੇ ਕਰੀਬ ਹੈ। ਪਿੰਡ ਵਿੱਚ ਸਭ ਤੋਂ ਪੁਰਾਣਾ ਕ੍ਰਿਸ਼ਨ ਮੰਦਰ ਹੈ। ਕਿਹਾ ਜਾਂਦਾ ਹੈ ਕਿ ਇਹ ਮੰਦਰ ਕਈ ਸਦੀਆਂ ਪੁਰਾਣਾ ਹੈ। ਇੱਥੇ ਸਭ ਧਰਮਾਂ ਦੇ ਲੋਕ ਮੱਥਾ ਟੇਕਦੇ ਹਨ। ਲਾੜਾ ਸਵੇਰੇ ਬਰਾਤ ਜਾਣ ਤੋਂ ਪਹਿਲਾਂ ਪਰਿਵਾਰ ਸਮੇਤ ਇਸ ਮੰਦਰ ਵਿੱਚ ਸ਼ਰਧਾਪੂਰਵਕ ਮੱਥਾ ਟੇਕਦਾ ਹੈ। ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਲਈ ਸੁੱਖਣਾ ਵੀ ਸੁੱਖਦਾ ਹੈ। ਵਿਆਹ ਕਰਵਾ ਕੇ ਨਵੀਂ ਦੁਲਹਨ ਨਾਲ ਸਭ ਤੋਂ ਪਹਿਲਾਂ ਇੱਥੇ ਆ ਕੇ ਨਤਮਸਤਕ ਹੁੰਦਾ ਹੈ। ਤਿਉਹਾਰਾਂ ਅਤੇ ਜਨਮ-ਅਸ਼ਟਮੀ ’ਤੇ ਸਾਰਾ ਪਿੰਡ ਇਕੱਠਾ ਹੋ ਕੇ ਲੰਗਰ ਲਾਉਂਦਾ ਤੇ ਪੂਜਾ ਕਰਦਾ ਹੈ। ਇਸ ਮੰਦਰ ਦੇ ਨਾਲ ਹੀ ਇਕ ਅੰਗਰੇਜ਼ਾਂ ਵੇਲੇ ਦਾ ਪੁਰਾਤਨ ਦਰਵਾਜ਼ਾ ਹੈ, ਜੋ ਅਜੇ ਵੀ ਪੂਰੀ ਤਰ੍ਹਾਂ ਕਾਇਮ ਹੈ। ਪਹਿਲਾਂ ਸਾਰਾ ਪਿੰਡ ਇਸ ਮੁੱਖ ਦਰਵਾਜ਼ੇ ਦੇ ਅੰਦਰ ਵੱਸਦਾ ਸੀ।
ਪਿੰਡ ਵਿੱਚ ਇਕ ਪੁਰਾਤਨ ਬਰੌਟੇ ਦਾ ਦਰੱਖਤ ਹੈ। ਇਸ ਦੇ ਲੱਗਣ ਬਾਰੇ ਠੀਕ-ਠੀਕ ਜਾਣਕਾਰੀ ਵਡੇਰੀ ਉਮਰ ਦੇ ਬਜ਼ੁਰਗਾਂ ਨੂੰ ਵੀ ਨਹੀਂ। ਹੁਣ ਵੀ ਇਹ ਪਿੰਡ ਦੀ ਪੁਰਾਤਨ ਨਿਸ਼ਾਨੀ ਵਜੋਂ ਕਾਇਮ ਹੈ। ਇਸ ਤੋਂ ਬਿਨਾਂ ਤੀਆਂ ਵਾਲੀ ਜਗ੍ਹਾ ’ਤੇ ਦੋ ਪੁਰਾਤਨ ਬਰੌਟੇ ਤੇ ਪਿੱਪਲ ਦੇ ਦਰੱਖਤ ਹਨ। ਇੱਥੇ ਤੀਹ ਕੁ ਸਾਲ ਪਹਿਲਾਂ ਪਿੰਡ ਦੀਆਂ ਕੁੜੀਆਂ ਅਤੇ ਵਿਆਹੀਆਂ ਹੋਈਆਂ ਪੇਕੇ ਆਈਆਂ ਕੁੜੀਆਂ ਤੀਆਂ ਦਾ ਤਿਉਹਾਰ ਮਨਾਉਂਦੀਆਂ, ਗਿੱਧਾ ਪਾਉਂਦੀਆਂ, ਆਖ਼ਰੀ ਦਿਨ ਕੁੜੀਆਂ ਆਪਸ ਵਿੱਚ ਵਿਆਹ ਦਾ ਡਰਾਮਾ ਕਰਦੀਆਂ। ਪਿੱਪਲਾਂ ਅਤੇ ਬਰੌਟਿਆਂ ’ਤੇ ਪੀਂਘਾਂ ਝੂਟਦੀਆਂ। ਨਵ-ਵਿਆਹੀਆਂ ਕੁੜੀਆਂ ਦੇ ਪ੍ਰਾਹੁਣਿਆਂ ਨੂੰ ਮਜ਼ਾਕ ਕਰਦੀਆਂ ਹਨ।
ਪਿੰਡ ਵਿੱਚ ਕੁਝ ਪੁਰਾਤਨ ਖੂਹ ਹਨ, ਜਿਨ੍ਹਾਂ ਵਿੱਚੋਂ ਕੁਝ ਬੰਦ ਹੋ ਗਏ ਹਨ। ਦੋ ਖੂਹ ਪਾਣੀ ਵਜੋਂ ਖ਼ਾਲੀ ਹਨ। ਇਕ ਖੂਹ ਮਿੱਟੀ ਨਾਲ ਪੂਰ ਦਿੱਤਾ ਗਿਆ ਹੈ, ਪਰ ਤੋੜਿਆ ਨਹੀਂ ਗਿਆ।
ਪਿੰਡ ਵਿੱਚ ਕਈ ਪੁਰਾਤਨ ਧਾਰਮਿਕ ਸਥਾਨ ਹਨ। ਇਨ੍ਹਾਂ ਵਿੱਚੋਂ ਇਕ ਦਾਸੂ ਵਾਲੇ ਬਾਬਿਆਂ ਦੀਆਂ ਪੁਰਾਤਨ ਸਮਾਧਾਂ ਹਨ। ਪਿੰਡ ਵਿੱਚ ਸਭ ਤੋਂ ਪੁਰਾਤਨ ਘਰ ਮਿੰਦਰੋ ਬੇਬੇ ਦਾ ਹੈ। ਮਿੰਦਰੋ ਬੇਬੇ ਦੇ ਬੇਟਾ ਨਾ ਹੋਣ ਕਰਕੇ ਇਹ ਘਰ ਹੁਣ ਬੰਦ ਪਿਆ ਹੈ, ਪਰ ਇਸ ਦੀਆਂ ਕੰਧਾਂ, ਦਰਵਾਜ਼ੇ ਤੇ ਤਾਕੀਆਂ ਪੁਰਾਤਨ ਕਲਾ ਦੇ ਨਮੂਨੇ ਦੀਆਂ ਹਨ। ਇਸ ਘਰ ਵਿੱਚ 1947 ਤੋਂ ਬਹੁਤ ਪਹਿਲਾਂ ਦਾ ਅਜਿਹਾ ਸਾਮਾਨ ਪਿਆ ਹੈ, ਜੋ ਅੱਜ ਕਿਸੇ ਵੀ ਜਗ੍ਹਾ ’ਤੇ ਦੇਖਣ ਨੂੰ ਨਹੀਂ ਮਿਲਦਾ। ਖੂਹ ਦੀਆਂ ਟਿੰਡਾਂ, ਚਰਖੇ, ਸੰਦੂਕ, ਪਿੱਤਲ ਦੇ ਕੋਕਿਆਂ ਵਾਲਾ ਖੂੰਡਾ, ਪਿੱਤਲ ਤੇ ਤਾਂਬੇ ਦੇ ਭਾਂਡੇ, ਕਾਂਸੀ ਦੇ ਛੰਨੇ, ਫੁਲਕਾਰੀਆਂ, ਪੀੜ੍ਹੀਆਂ, ਪੱਖੀਆਂ, ਹਲ਼, ਮਧਾਣੀ ਅਤੇ ਹੋਰ ਕਾਫੀ ਪੁਰਾਣਾ ਇਸ ਘਰ ਵਿੱਚ ਮੌਜੂਦ ਹੈ।
ਅੱਜ ਤੋਂ ਬਾਈ ਸਾਲ ਪਹਿਲਾਂ ਪਿੰਡ ਵਿੱਚ ਇਕ ਮਸੀਤ ਵੀ ਸੀ। ਮੁਸਲਿਮ ਘਰਾਂ ਦੀ ਘਾਟ ਕਰਕੇ ਹੌਲੀ-ਹੌਲੀ ਢਹਿੰਦੀ ਗਈ। ਇਸ ਦੀ ਸਿਰਫ਼ ਨਿਸ਼ਾਨੀ ਹੀ ਬਚੀ ਹੈ। ਅੱਜ ਵੀ ਇਸ ਜਗ੍ਹਾ ਤੋਂ ਮੁੜਦੀ ਸੜਕ ਵਾਲੇ ਚੌਕ ਦਾ ਨਾਂ ਮਸੀਤ ਵਾਲਾ ਚੌਕ ਹੈ। ਪਿੰਡ ਵਿੱਚ ਕੁਝ ਕਾਫੀ ਪੁਰਾਤਨ ਤੇ ਕੱਚੇ ਘਰ ਮੌਜੂਦ ਹਨ, ਜੋ ਸੌ ਸਾਲ ਪੁਰਾਣਾ ਸਮਾਂ ਯਾਦ ਕਰਵਾਉਂਦੇ ਹਨ। ਇੱਥੇ ਇਕ ਪੁਰਾਤਨ ਜਗ੍ਹਾ ਮਾਤਾ ਰਾਣੀਆਂ ਦੀ ਵੀ ਹੈ, ਜਿੱਥੇ ਹਰ ਧਰਮ ਦੇ ਲੋਕ ਮੱਥਾ ਟੇਕਦੇ ਹਨ। ਇਕ ਘਰ ਵਿੱਚ ਪੀਰਾਂ ਦੀ ਜਗ੍ਹਾ ਹੈ, ਜਿੱਥੇ ਹਰ ਨਵ-ਵਿਆਹਿਆ ਜੋੜਾ ਮੱਥਾ ਟੇਕਦਾ ਹੈ। ਪਿੰਡ ਵਿੱਚ ਤਿੰਨ ਟੋਭੇ ਹਨ, ਜਿਨ੍ਹਾਂ ਵਿੱਚੋਂ ਇਕ ਸੁੱਕ ਗਿਆ ਹੈ ਅਤੇ ਦੂਜੇ ਦੋਵਾਂ ਵਿੱਚ ਘਰਾਂ ਦਾ ਪਾਣੀ ਪੈਣ ਕਰਕੇ ਇਹ ਭਰੇ ਰਹਿੰਦੇ ਹਨ। ਪਿੰਡ ਵਿੱਚ ਜੋ ਮੇਲਾ ਲੱਗਦਾ ਹੈ, ਉਸ ਦਾ ਇਤਿਹਾਸ ਵੀ ਬਹੁਤ ਪੁਰਾਣਾ ਹੈ। ਦੂਸਰਾ ਮੇਲਾ ਬਾਬੇ ਮੱਲੇ ਦੀ ਸਮਾਧ ’ਤੇ ਦੀਵਾਲੀ ਵਾਲੇ ਦਿਨ ਲੱਗਦਾ ਹੈ। ਇਹ ਸਮਾਧਾਂ ਵੀ ਕਈ ਸੌ ਸਾਲ ਪੁਰਾਣੀਆਂ ਹਨ।
99140-03361


0 comments:
Speak up your mind
Tell us what you're thinking... !