ਇਨਸਾਨ ਨੂੰ ਜਦੋਂ ਆਪਣਿਆਂ ਦਾ ਸਾਥ ਮਿਲਦਾ ਹੈ ਤਾਂ ਕੰਡਿਆਂ ਭਰੀ ਜ਼ਿੰਦਗੀ ਵੀ ਫੁੱਲਾਂ ਦੀ ਸੇਜ ਲੱਗਦੀ ਹੈ। ਹਰ ਖ਼ੁਸ਼ੀ ਆਪਣਿਆਂ ਨਾਲ ਵੰਡ ਕੇ ਵਧਦੀ ਹੈ ਅਤੇ ਹਰ ਦੁੱਖ ਵੰਡਣ ਨਾਲ ਘਟ ਜਾਂਦਾ ਹੈ। ਭਰਾ ਭੈਣ ਦਾ ਰਿਸ਼ਤਾ ਵੀ ਇਸੇ ਪਵਿੱਤਰ ਲੜੀ ਵਿੱਚ ਪਰੋਇਆ ਹੋਇਆ ਹੈ।
ਸਾਡੇ ਸਮਾਜ ਵਿੱਚ ਮਾਂ-ਧੀ, ਪਿਓ-ਪੁੱਤ, ਪਤੀ-ਪਤਨੀ, ਦਿਓਰ-ਭਰਜਾਈ, ਨੂੰਹ-ਸੱਸ ਆਦਿ ਅਨੇਕਾਂ ਰਿਸ਼ਤੇ ਮਿਲਦੇ ਹਨ ਪਰ ਜੋ ਪਿਆਰ, ਮਿਠਾਸ ਅਤੇ ਆਪਣਾਪਨ ਭੈਣ-ਭਰਾ ਦੇ ਰਿਸ਼ਤੇ ਵਿੱਚ ਹੁੰਦਾ ਹੈ, ਸ਼ਾਇਦ ਹੀ ਉਹ ਪਿਆਰ ਕਿਸੇ ਹੋਰ ਰਿਸ਼ਤੇ ਵਿੱਚ ਹੋਵੇ। ਇੱਕ ਹੀ ਕੁੱਖੋਂ ਜਾਏ ਭੈਣ-ਭਰਾ ਦੀ ਸਾਂਝ ਤਾਂ ਆਖ਼ਰੀ ਸਾਹਾਂ ਤਕ ਨਿੱਭਦੀ ਹੈ। ਭੈਣਾਂ ਆਪਣੇ ਹਰ ਸਾਹ ਨਾਲ ਵੀਰਾਂ ਦੀ ਸੁੱਖ ਮੰਗਦੀਆਂ ਹਨ। ਉਨ੍ਹਾਂ ਦੀ ਲੰਮੀ ਉਮਰ ਲਈ ਅਰਦਾਸਾਂ ਕਰਦੀਆਂ ਹਨ ਕਿਉਂਕਿ ਭੈਣਾਂ ਲਈ ਉਨ੍ਹਾਂ ਦੇ ਅਸਲੀ ਪੇਕੇ, ਉਨ੍ਹਾਂ ਦੇ ਵੀਰ ਹੀ ਹੁੰਦੇ ਹਨ। ਵੀਰਾਂ ਦੀ ਭੈਣਾਂ ਲਈ ਅਹਿਮੀਅਤ ਨੂੰ ਲੋਕ ਗੀਤ ਬਾਖੂਬੀ ਬਿਆਨ ਕਰਦੇ ਹਨ:
ਇੱਕ ਵੀਰ ਦੇਈਂ ਵੇ ਰੱਬਾ
ਸਹੁੰ ਖਾਣ ਨੂੰ ਬੜਾ ਹੀ ਚਿੱਤ ਕਰਦਾ।
ਜਾਂ
ਇੱਕ ਵੀਰ ਦੇਈਂ ਵੇ ਰੱਬਾ
ਮੇਰੇ ਸਾਰੀ ਵੇ ਉਮਰ ਦੇ ਪੇਕੇ।
ਇਹ ਸੱਚ ਹੈ ਕਿ ਭੈਣਾਂ ਦੀ ਜੱਗ ਉੱਤੇ ਸਰਦਾਰੀ ਭਰਾਵਾਂ ਨਾਲ ਹੀ ਹੁੰਦੀ ਹੈ। ਭੈਣਾਂ ਲਈ ਉਨ੍ਹਾਂ ਦਾ ਅਸਲੀ ਖ਼ਜ਼ਾਨਾ ਉਨ੍ਹਾਂ ਦੇ ਵੀਰ ਹੁੰਦੇ ਹਨ। ਜੋ ਭੈਣ ਵੀਰ ਦੇ ਪਿਆਰ, ਉਸ ਦੇ ਸਾਥ ਤੋਂ ਸੱਖਣੀ ਹੁੰਦੀ ਹੈ, ਉਹ ਆਪਣੇ ਦਰਦ ਨੂੰ ਇਸ ਤਰ੍ਹਾਂ ਬਿਆਨ ਕਰਦੀ ਹੈ:
ਮੈਨੂੰ ਘੂਰਦੇ ਸ਼ਰੀਕੇ ਵਾਲੇ
ਬਾਝ ਭਰਾਵਾਂ ਦੇ।
ਜਾਂ
ਭੈਣਾਂ ਰੋਂਦੀਆਂ ਪਿਛੋਕੜ ਖੜ੍ਹ ਕੇ
ਜਿਨ੍ਹਾਂ ਘਰ ਵੀਰ ਨਹੀਂ।
ਅਸਲ ਵਿੱਚ ਭੈਣ-ਭਰਾ ਦਾ ਇਹ ਰਿਸ਼ਤਾ ਦੁਨੀਆਂ ਦੇ ਹਰ ਰਿਸ਼ਤੇ ਤੋਂ ਉੱਪਰ ਹੈ। ਭੈਣ-ਭਰਾ ਦੀ ਇਹ ਸਾਂਝ ਮਾਂ ਦੀ ਕੁੱਖ ਤੋਂ ਜੁੜਦੀ ਹੈ। ਫਿਰ ਇਕੱਠੇ ਬਚਪਨ ਨੂੰ ਜਿਊਣਾ, ਖੇਡਣਾ, ਇੱਕ-ਦੂਜੇ ਨਾਲ ਲੜਨਾ, ਰੁੱਸਣਾ, ਮਨਾਉਣਾ ਇਹ ਸਭ ਭੈਣ-ਭਰਾ ਦੇ ਰਿਸ਼ਤੇ ਦੇ ਖੱਟੇ-ਮਿੱਠੇ ਅਨੁਭਵ ਹੁੰਦੇ ਹਨ ਜਿਨ੍ਹਾਂ ਨੂੰ ਉਹ ਸਾਰੀ ਉਮਰ ਨਹੀਂ ਭੁੱਲ ਸਕਦੇ। ਭੈਰ-ਭਰਾ ਦੇ ਇਸ ਪਿਆਰ ਅਤੇ ਸਾਂਝ ਨੂੰ ਰੱਖੜੀ ਦਾ ਪਵਿੱਤਰ ਧਾਗਾ ਹੋਰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਰੱਖੜੀ ਦਾ ਇਹ ਪਵਿੱਤਰ ਧਾਗਾ ਸਾਰੀ ਉਮਰ ਭੈਣ-ਭਰਾ ਨੂੰ ਇੱਕ-ਦੂਜੇ ਨਾਲ ਜੋੜੀ ਰੱਖਦਾ ਹੈ। ਅਸਲ ਵਿੱਚ ਵੀਰ ਤਾਂ ਭੈਣਾਂ ਲਈ ਉਹ ਠੰਢੀਆਂ ਛਾਵਾਂ ਹੁੰਦੇ ਹਨ ਜੋ ਭੈਣਾਂ ਨੂੰ ਤੱਤੀਆਂ ਹਵਾਵਾਂ ਤੋਂ ਬਚਾ ਕੇ ਉਨ੍ਹਾਂ ਹਵਾਵਾਂ ਦਾ ਸੇਕ ਆਪ ਝੱਲਦੇ ਹਨ। ਵੀਰ ਜੇ ਇੱਕ ਵਾਰ ਪਿਆਰ ਨਾਲ ਭੈਣ ਦੇ ਸਿਰ ਉੱਤੇ ਹੱਥ ਰੱਖ ਦੇਵੇ ਤਾਂ ਉਸ ਦੀਆਂ ਅੱਧੀਆਂ ਤਕਲੀਫ਼ਾਂ ਦੂਰ ਹੋ ਜਾਂਦੀਆਂ ਹਨ। ਇਸੇ ਲਈ ਤਾਂ ਕਿਹਾ ਗਿਆ ਹੈ:
ਭੈਣਾਂ ਰੋਂਦੀਆਂ ਨੂੰ ਵੀਰ ਵਰਾਉਂਦੇ
ਸਿਰ ਉੱਤੇ ਹੱਥ ਰੱਖ ਕੇ।
ਹੌਲੀ-ਹੌਲੀ ਦਿਨ, ਮਹੀਨੇ, ਸਾਲ ਬੀਤਦੇ ਜਾਂਦੇ ਹਨ। ਫਿਰ ਇੱਕ ਦਿਨ ਅਜਿਹਾ ਆਉਂਦਾ ਹੈ, ਜਦੋਂ ਚਾਵਾਂ-ਲਾਡਾਂ ਨਾਲ ਪਾਲੀ ਭੈਣ ਪਰਦੇਸਣ ਹੋ ਜਾਂਦੀ ਹੈ। ਇੱਕ ਵੀਰ ਲਈ ਭੈਣ ਦੀ ਜੁਦਾਈ ਦਾ ਦਰਦ ਅਸਹਿ ਹੁੰਦਾ ਹੈ ਕਿਉਂਕਿ ਵੀਰ ਦੀ ਜ਼ਿੰਦਗੀ ਦਾ ਅਟੁੱਟ ਅੰਗ ਉਸ ਤੋਂ ਵੱਖ ਹੁੰਦਾ ਹੈ। ਉਸੇ ਤਰ੍ਹਾਂ ਭੈਣ ਨੂੰ ਜਿੱਥੇ ਇੱਕ ਪਾਸੇ ਆਪਣੇ ਪੇਕੇ ਘਰ ਨੂੰ ਛੱਡਣ ਦਾ ਦੁੱਖ ਹੁੰਦਾ ਹੈ, ਉੱਥੇ ਹੀ ਸਭ ਤੋਂ ਜ਼ਿਆਦਾ ਦੁੱਖ ਆਪਣੇ ਵੀਰ ਨਾਲੋਂ ਵਿਛੋੜੇ ਦਾ ਹੁੰਦਾ ਹੈ। ਭੈਣ ਦੇ ਵਿਆਹ ਦੀ ਹਰ ਰਸਮ ਵੀਰ ਬਿਨਾਂ ਅਧੂਰੀ ਹੁੰਦੀ ਹੈ ਅਤੇ ਆਖਰ ਉਹ ਆਪਣੀ ਚਾਵਾਂ-ਲਾਡਾਂ ਨਾਲ ਪਾਲੀ ਭੈਣ ਨੂੰ ਹੱਥੀਂ ਡੋਲੀ ਵਿੱਚ ਬਿਠਾ ਕੇ ਵਿਦਾ ਕਰ ਦਿੰਦਾ ਹੈ।
ਮੇਰੀ ਡੋਲੀ ਦੇ ਰੱਤੜੇ ਚੀਰੇ ਨੀਂ ਮਾਂ
ਮੈਨੂੰ ਵਿਦਾ ਕਰਨ ਸਕੇ ਵੀਰੇ ਨੀਂ ਮਾਂ।
ਇਸ ਤਰ੍ਹਾਂ ਇੱਕ ਕੁੱਖ ਤੋਂ ਸ਼ੁਰੂ ਹੋਇਆ ਇਹ ਸਾਥ ਆਖਰ ਦੂਰੀਆਂ ਵਿੱਚ ਬਦਲ ਜਾਂਦਾ ਹੈ ਪਰ ਇਹ ਦੂਰੀਆਂ ਵੀ ਭੈਣ-ਭਰਾ ਦੇ ਪਿਆਰ ਨੂੰ ਘਟਾ ਨਹੀਂ ਸਕਦੀਆਂ। ਭੈਣ ਸਹੁਰੇ ਘਰ ਬੈਠੀ ਵੀ ਆਪਣੇ ਵੀਰ ਦਾ ਸੁੱਖ-ਸੁਨੇਹਾ ਉਡੀਕਦੀ ਰਹਿੰਦੀ ਹੈ ਪਰ ਜਦੋਂ ਉਸ ਨੂੰ ਵੀਰੇ ਦਾ ਕੋਈ ਸੁਨੇਹਾ ਨਹੀਂ ਮਿਲਦਾ ਤਾਂ ਉਹ ਰੋਸ ਵਜੋਂ ਆਖਦੀ ਹੈ:
ਲੋਕਾਂ ਦੀਆਂ ਆਉਣ ਚਿੱਠੀਆਂ
ਮੇਰੇ ਵੀਰ ਦੀ ਕਦੇ ਵੀ ਨਾ ਆਈ।
ਜਦੋਂ ਵੀਰ ਭੈਣ ਨੂੰ ਸਹੁਰੇ ਘਰ ਮਿਲਣ ਜਾਂਦਾ ਹੈ ਤਾਂ ਭੈਣ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ, ਉਹ ਖ਼ੁਸ਼ੀ ਦੇ ਮਾਰੇ ਆਪਮੁਹਾਰੇ ਬੋਲਦੀ ਹੈ:
ਉੱਬਲ ਉੱਬਲ ਵਲਟੋਹੀਏ, ਮੈਂ ਲੱਪ ਚੌਲਾਂ ਦੀ ਪਾਵਾਂ
ਵੀਰ ਦਿਸੇ ਜੇ ਆਉਂਦਾ, ਲੱਪ ਹੋਰ ਵੀ ਪਾਵਾਂ
ਜੇ ਵੀਰ ਆਇਆ ਦਰਵਾਜ਼ੇ, ਉੱਥੇ ਵਾਜੇ ਵਜਾਵਾਂ
ਜੇ ਵੀਰ ਆਇਆ ਡਿਉੜੀ, ਡਿਉੜੀ ਸ਼ੀਸ਼ੇ ਜੜਾਵਾਂ
ਜੇ ਵੀਰ ਆਇਆ ਵਿਹੜੇ, ਵਿਹੜਾ ਭਾਗੀਂ ਭਰਿਆ।
ਫਿਰ ਵੀਰ-ਭੈਣ ਨੂੰ ਬੈਠ ਕੇ ਦੁੱਖ-ਸੁੱਖ ਸਾਂਝੇ ਕਰਦੇ ਹਨ। ਜੇ ਭੈਣ ਆਪਣੇ ਸਹੁਰੇ ਘਰ ਸੁਖੀ ਹੋਵੇ ਤਾਂ ਵੀਰ ਦੀ ਸਾਰੀ ਚਿੰਤਾ ਹੀ ਖ਼ਤਮ ਹੋ ਜਾਂਦੀ ਹੈ ਪਰ ਜੇ ਪੇਕੇ ਘਰ ਵਿੱਚ ਲਾਡਾਂ ਨਾਲ ਪਲੀ ਉਸ ਦੀ ਭੈਣ ਸਹੁਰੇ ਘਰ ਵਿੱਚ ਖ਼ੁਸ਼ ਨਾ ਹੋਵੇ ਤਾਂ ਉਸ ਦਰਦ ਨੂੰ ਸਭ ਤੋਂ ਵੱਧ ਵੀਰ ਹੀ ਮਹਿਸੂਸ ਕਰਦਾ ਹੈ। ਲੋਕ ਗੀਤਾਂ ਵਿੱਚ ਵੀ ਭੈਣ-ਭਰਾ ਦੇ ਇਸ ਦੁੱਖ-ਸੁੱਖ ਦੀ ਸਾਂਝ ਦਾ ਜ਼ਿਕਰ ਮਿਲਦਾ ਹੈ:
ਆ ਵੀਰਾ ਅਗਲੇ ਵਿਹੜੇ, ਤੈਨੂੰ ਗੱਲ ਸੁਣਾਵਾਂ
ਵੀਰਾ ਸੱਸ ਕੁਪੱਤੀ ਵੇ, ਮੈਥੋਂ ਚੱਕੀ ਪਿਹਾਵੇ
ਚੱਕੀ ਪੀਹਣ ਨਾ ਜਾਣਾ ਕੱਢ ਹੱਥਾ ਮਾਰੇ
ਇਸ ਤਰ੍ਹਾਂ ਭੈਣ ਵੀਰ ਨਾਲ ਦੁੱਖ-ਸੁਖ ਸਾਂਝੇ ਕਰਕੇ ਮਨ ਹੌਲਾ ਕਰਦੀ ਹੈ।
ਹੌਲੀ-ਹੌਲੀ ਸਮਾਂ ਬਦਲਦਾ ਹੈ। ਜਦੋਂ ਵੀਰ ਘਰ ਭਾਬੋ ਦੀ ਸਰਦਾਰੀ ਹੋ ਜਾਂਦੀ ਹੈ ਤਾਂ ਭੈਣਾਂ ਦੀ ਪੁੱਛ-ਪੜਤਾਲ ਘਟ ਜਾਂਦੀ ਹੈ। ਵੀਰ ਆਪਣੀ ਕਬੀਲਦਾਰੀ ਵਿੱਚ ਉਲਝ ਜਾਂਦਾ ਹੈ। ਅਜਿਹੇ ਸਮੇਂ ਜਦੋਂ ਭੈਣ ਵੀਰ ਘਰੋਂ ਖਾਲੀ ਜਾਂਦੀ ਹੈ ਅਤੇ ਉਸ ਦਾ ਪੇਕੇ ਘਰ ਵਿੱਚ ਪਹਿਲਾਂ ਜਿਹਾ ਮਾਣ-ਸਤਿਕਾਰ ਨਹੀਂ ਹੁੰਦਾ ਤਾਂ ਉਹ ਰੋਸ ਵਜੋਂ ਆਖਦੀ ਹੈ:
ਭੈਣ ਤੁਰ ਗਈ ਤੇਰੇ ਘਰੋਂ ਖਾਲੀ
ਵੀਰਾ ਵੇ ਮੁਰੱਬੇ ਵਾਲਿਆ।
ਜਾਂ
ਭੈਣ ਤੁਰ ਗਈ ਸੰਦੂਕੋਂ ਖਾਲੀ
ਵੀਰਾ ਵੇ ਮੁਰੱਬੇ ਵਾਲਿਆ।
ਭਾਵੇਂ ਆਧੁਨਿਕੀਕਰਨ ਦੇ ਇਸ ਯੁੱਗ ਵਿੱਚ ਹੋਰ ਰਿਸ਼ਤਿਆਂ ਦੀ ਤਰ੍ਹਾਂ ਭਰਾ-ਭੈਣ ਦਾ ਰਿਸ਼ਤਾ ਵੀ ਪ੍ਰਭਾਵਿਤ ਹੋਇਆ ਹੈ ਪਰ ਇੱਕ ਭੈਣ ਦੇ ਦਿਲ ਵਿੱਚ ਆਪਣੇ ਵੀਰ ਲਈ ਅਤੇ ਵੀਰ ਦੇ ਦਿਲ ਅੰਦਰ ਆਪਣੀ ਭੈਣ ਲਈ ਜੋ ਪਿਆਰ ਹੁੰਦਾ ਹੈ, ਉਸ ਨੂੰ ਕੋਈ ਖ਼ਤਮ ਨਹੀਂ ਕਰ ਸਕਦਾ। ਜਿਸ ਤਰ੍ਹਾਂ ਵੀਰ ਹਮੇਸ਼ਾਂ ਆਪਣੀ ਭੈਣ ਦੀ ਖ਼ੁਸ਼ੀ ਚਾਹੁੰਦਾ ਹੈ, ਉਸੇ ਤਰ੍ਹਾਂ ਭੈਣ ਵੀ ਹਮੇਸ਼ਾਂ ਵੀਰ ਦੇ ਵੰਸ਼ ਨੂੰ ਅੱਗੇ ਵਧਦਾ ਦੇਖਣਾ ਚਾਹੁੰਦੀ ਹੈ। ਜਦੋਂ ਵੀਰ ਘਰ ਪੁੱਤ ਜੰਮਦਾ ਹੈ ਤਾਂ ਸਭ ਤੋਂ ਵੱਧ ਖ਼ੁਸ਼ੀ ਭੈਣ ਨੂੰ ਹੀ ਹੁੰਦੀ ਹੈ:
ਚੰਨ ਚੜ੍ਹਿਆ ਬਾਪ ਦੇ ਵਿਹੜੇ
ਵੀਰ ਘਰ ਪੁੱਤ ਜੰਮਿਆ।
ਭਾਵੇਂ ਅੱਜ ਦੇ ਕਲਯੁੱਗੀ ਸਮੇਂ ਵਿੱਚ ਅਣਖ ਖ਼ਾਤਰ ਭਰਾਵਾਂ ਵੱਲੋਂ ਭੈਣਾਂ ਦੇ ਕਤਲ ਹੋ ਰਹੇ ਹਨ ਜਾਂ ਕੁਝ ਹੋਰ ਘਿਨਾਉਣੇ ਅਪਰਾਧ ਹੋ ਰਹੇ ਹਨ ਜੋ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਦਾਗ਼ਦਾਰ ਕਰ ਰਹੇ ਹਨ ਪਰ ਕੁਝ ਥੋੜ੍ਹੇ ਲੋਕਾਂ ਦੀ ਸੋਚ ਕਾਰਨ ਅਸੀਂ ਇਸ ਪਵਿੱਤਰ ਅਤੇ ਅਟੁੱਟ ਰਿਸ਼ਤੇ ਉੱਤੇ ਉਂਗਲੀ ਨਹੀਂ ਉਠਾ ਸਕਦੇ। ਸੱਚ ਤਾਂ ਇਹੀ ਹੈ ਕਿ ਮਾਂ ਦੀ ਕੁੱਖ ਤੋਂ ਸ਼ੁਰੂ ਹੋਇਆ ਇਹ ਸਾਥ ਕਬਰਾਂ ਤਕ ਅਟੁੱਟ ਹੀ ਰਹਿੰਦਾ ਹੈ। ਜਿੱਥੇ ਭੈਣ ਆਖਰੀ ਸਾਹਾਂ ਤਕ ਵੀਰ ਦੀ ਸੁੱਖ ਮੰਗਦੀ ਹੈ, ਉੱਥੇ ਵੀਰ ਵੀ ਰਹਿੰਦੇ ਦਮ ਤਕ ਆਪਣੀ ਭੈਣ ਦੀ ਹਿਫ਼ਾਜ਼ਤ ਕਰਨਾ ਆਪਣਾ ਧਰਮ ਸਮਝਦਾ ਹੈ ਅਤੇ ਇਸੇ ਫ਼ਰਜ਼ ’ਤੇ ਸਾਰੀ ਉਮਰ ਪਹਿਰਾ ਦਿੰਦਾ ਹੈ। ਸ਼ਾਲਾ! ਇਹ ਪਿਆਰ ਜੁਗਾਂ-ਜੁਗਾਤਰਾਂ ਤਕ ਇਵੇਂ ਹੀ ਬਣਿਆ ਰਹੇ।
ਜਸਪ੍ਰੀਤ ਕੌਰ ਸੰਘਾ
99150-33176

0 comments:
Speak up your mind
Tell us what you're thinking... !