Headlines News :
Home » » ਹੋਣਹਾਰ ਇਨਕਲਾਬੀ ਕਲਮ ਕਰਮਜੀਤ ਕੌਰ ‘ਕਰਮੀ’ (‘ਨੂਰ’) - ਪ੍ਰੀਤਮ ਲੁਧਿਆਣਵੀ

ਹੋਣਹਾਰ ਇਨਕਲਾਬੀ ਕਲਮ ਕਰਮਜੀਤ ਕੌਰ ‘ਕਰਮੀ’ (‘ਨੂਰ’) - ਪ੍ਰੀਤਮ ਲੁਧਿਆਣਵੀ

Written By Unknown on Tuesday, 1 April 2014 | 00:56

ਪੰਜਾਬ ਦੇ ‘ਮਾਲਵਾ’ ਖਿੱਤੇ ਨੇ ਜਿੱਥੇ ਰੇਤ ਦੇ ਟਿੱਬਿਆ ਅਤੇ ਜੰਗਲਾਂ ਨੂੰ ਪੱਧਰ ਕਰਕੇ ਧਰਤ ਦੇ ਜਰੇ-ਜਰੇ ਵਿਚ ‘ਹਰਿਆਵਲ ਇੰਨਕਲਾਬ’ ਲਿਆਂਦਾ, ਉਥੇ ਇਸ ਖਿੱਤੇ ਦੀਆਂ ਉਠੀਆਂ ‘ਨਕਸਲਬਾੜੀ’ ਲਹਿਰ ਵਰਗੀਆਂ, ਮੁਰਦਿਆਂ ਵਿਚ ਰੂਹ ਫੂਕਣ ਦਾ ਦਮ ਰੱਖਦੀਆਂ ਲਹਿਰਾਂ ਨੇ ‘ਮਨੁੱਖੀ ਸੋਚ-ਬਦਲਾਊ ਇੰਨਕਲਾਬ’ ਲਿਆਉਣ ਵਿਚ ਵੀ ਅਹਿਮ ਯੋਗਦਾਨ ਪਾਇਆ। ਇਸ ਦੇ ਨਿਕਲੇ ਕਾਰਗਰ ਨਤੀਜਿਆਂ ਨੇ ਨਵੀਂ ਪੀੜ੍ਹੀ ਵਿਚ ਲੋਹੜੇ ਦੀ ਬਹਾਦਰੀ, ਦਲੇਰੀ, ਹਿੰਮਤ-ਹੌਸਲਾ, ਨਿਰਭੈਤਾ ਅਤੇ ਆਤਮ-ਵਿਸਵਾਸ਼ ਦਾ ਜਜ਼ਬਾ ਇੰਨਾ ਬੁਲੰਦ ਕਰ ਕੇ ਰੱਖ ਦਿੱਤਾ ਕਿ ਉਹ ਜਬਰ-ਜੁਲਮ ਅਤੇ ਅਨਿਆਇ ਨੂੰ ਤਾਂ ਬਰਦਾਸ਼ਤ ਕਰਨ ਨੂੰ ਜਰਾ ਜਿੰਨਾ ਵੀ ਤਿਆਰ ਨਹੀਂ।  ਇਹ ਮਾਦਾ ਤੇ ਜਜ਼ਬਾ ਸਿਰਫ ਮਰਦ-ਵਰਗ ਵਿਚ ਹੀ ਨਹੀਂ, ਬਲਕਿ ਇਸ ਦਾ ਅਸਰ ਨਾਰੀ-ਵਰਗ ਨੇ ਵੀ ਖੂਬ ਕਬੂਲਿਆ ਹੈ।  ਇਹੀ ਕਾਰਨ ਹੈ ਕਿ ਪੰਜਾਬ ਦੇ ‘ਮਾਲਵਾ’ ਖਿੱਤੇ ਨੇ ਜਿਸ ਵੱਡੀ ਗਿਣਤੀ ਵਿਚ ਨਾਰੀ-ਵਰਗ ਹੱਥ ‘ਕਲਮ-ਰੂਪੀ ਤਲਵਾਰ’ ਫੜਾਈ ਹੈ, ਉਹ ਗਿਣਤੀ ਪੰਜਾਬ ਦੇ ‘ਦੋਆਬਾ’, ‘ਪੁਆਧ’ ਅਤੇ ‘ਮਾਝਾ’ ਆਦਿ ਦੂਜੇ ਖਿੱਤਿਆਂ ਵਿਚ ਨਹੀਂ।  ਇਸ ਖਿੱਤੇ ਦੀਆਂ ਤਾਂ ਕਰੂੰਬਲਾਂ ਵਿਚ ਵੀ ਸਵੈ-ਵਿਸਵਾਸ਼, ਦ੍ਰਿੜਤਾ ਅਤੇ ਜੋਸ਼-ਖਰੋਸ਼ ਵੇਖਣ ਵਾਲਾ ਹੀ ਹੈ। ਉੱਭਰਦੀਆਂ, ਮਾਣ ਨਾਲ ਸਿਰ ਉੱਚਾ ਚੁੱਕ ਰਹੀਆਂ, ਇਨ੍ਹਾਂ ਮਾਣ-ਮੱਤੀਆਂ ਕਲਮੀ-ਤਲਵਾਰਾਂ ਵਿਚੋਂ ਜਿਸ ਦਾ ਜਿਕਰ ਇਨ੍ਹਾਂ ਕਾਲਮਾਂ ‘ਚ ਕਰਨ ਜਾ ਰਿਹਾ ਹਾਂ, ਉਹ ਨਾਉਂ ਹੈ, ਕਰਮਜੀਤ ਕੌਰ ‘ਕਰਮੀ’।
 ਇਸ ਹੋਣਹਾਰ ਕਲਮ ਦੀਆਂ ਕਿਰਤੀਆਂ, ਕਿਸਾਨਾਂ, ਨਾਰੀ-ਵੇਦਨਾ ਅਤੇ ਭ੍ਰਿਸ਼ਟਾਚਾਰ ਦੀ ਤਸਵੀਰ ਪੇਸ਼ ਕਰਦੀਆਂ ਕਵਿਤਾਵਾਂ ਪੜ੍ਹੀਆਂ । ਜਿਨ੍ਹਾਂ ‘ਚਂੋ ਵੱਡੀ ਉਮਰ ਦੀ ਪ੍ਰੋਢ ਕਲਮ ਦੇ ਝਲਕਾਰੇ  ਵੇਖਣ ਨੂੰ ਮਿਲੇ। ਪਰ, ਇਹ ਦੱਸਦਿਆਂ ਖੁਸ਼ੀ ਤੇ ਫਖਰ ਮਹਿਸੂਸ ਹੁੰਦਾ ਹੈ, ਕਿ ਉਹ ਤਾਂ ਹਾਲੀ ‘ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ’ ਦੀ ਪਲੱਸ-2 ਦੀ ਵਿਦਿਆਰਥਣ ਹੀ ਹੈ ।...... ਜ਼ਿਲ੍ਹਾ ਬਠਿੰਡਾ ਦੇ ਪਿੰਡ ਗੋਬਿੰਦਪੁਰਾ ਵਿੱਚ, ਪਿਤਾ ਸੁਖਨੈਬ ਸਿੰਘ ਅਤੇ ਮਾਤਾ ਜਸਬੀਰ ਕੌਰ ਦੇ ਗ੍ਰਹਿ ਨੂੰ ਭਾਗ ਲਾਉਣ ਵਾਲੀ, (ਪਿੰਡ ਮੰਡੀ ਕਲਾਂ ਦੀ ਵਸਨੀਕ) ਕਰਮਜੀਤ ਨੂੰ ਇਹ ਪੁੱਛਣ ਤੇ ਕਿ ‘ਕਵਿਤਾ ਕਿਉਂ ਅਤੇ ਕਿਵੇਂ ਲਿਖਦੇ ਹੋ?’ ਦਾ ਜਵਾਬ ਦਿੰਦਿਆਂ ਉਸ ਕਿਹਾ, ‘ਕਵਿਤਾ ਲਿਖਣ ਦੇ ਮੇਰੇ ਦੋ ਕਾਰਨ ਹਨ। ਇਕ ਤਾਂ ਮੈਨੂੰ ਲਿਖਣ ਦਾ ਸ਼ੌਕ ਹੈ, ਦੂਜਾ ਕਿ ਸਿਸਟਮ ਵਿਚ ਤਬਦੀਲੀ ਚਾਹੁੰਦੀ ਆਂ: ਜਿਵੇਂ ਹਰੇਕ ਸੁਲਝਿਆ ਹੋਇਆ ਇਨਸਾਨ ਜਾਂ ਨੌਜਵਾਨ ਚਾਹੁੰਦੈ । ਮੇਰੇ ਖਿਆਲ ‘ਚ ਕਵਿਤਾ ਸੋਚ ਕੇ ਨਹੀਂ ਲਿਖੀ ਜਾਂਦੀ। ਜਦੋਂ ਸ਼ਬਦਾਂ ਅਤੇ ਜਜ਼ਬਾਤਾਂ ਨੂੰ ਦਿਲ ਅਤੇ ਦਿਮਾਗ ਸੰਭਾਲਣ ਤੋਂ ਅਸਮਰੱਥ ਹੋ ਜਾਂਦੇ ਨੇ, ਤਦ ਇਹ ਆਪਣੇ-ਆਪ ਬਾਹਰ ਆਉਂਦੀ ਐ।....... ਬਸ ਜਦੋਂ ਮੈਂ ਇੱਕਲੀ ਹੋਵਾਂ, ਮੇਰੇ ਮਨ ਵਿੱਚ ਇਕ ਦਮ ਕੋਈ ਖਿਆਲ ਆ ਜਾਂਦੈ ਤਾਂ ਮੈਂ ਲਿਖਣ ਬੈਠ ਜਾਨੀ ਆਂ। ਕਿਸੇ ਦੇ ਸਾਹਮਣੇ ਤਾਂ ਬਿਲਕੁਲ ਵੀ ਨਹੀਂ ਲਿਖਿਆ ਜਾਂਦਾ। ਜਦੋਂ ਮੈਂ ਲਿਖ ਰਹੀ ਹੋਵਾਂ, ਮੈਨੂੰ ਇੰਝ ਹੁੰਦਾ ਵਈ ਕੋਈ ਦੇਖ ਨਾ ਲਵੇ। ਮੈਂ ਹਮੇਸ਼ਾ ਜਿੰਨੀਆਂ ਵੀ ਕਵਿਤਾਵਾਂ ਲਿਖੀਆਂ ਨੇ ਕਾਹਲੀ-ਕਾਹਲੀ ਵਿੱਚ ਲਿਖੀਆਂ ਨੇ।’
 ਪਰਿਵਾਰ ਦੇ ਹੁੰਗਾਰੇ ਦਾ ਜ਼ਿਕਰ ਕਰਦਿਆਂ ਉਸ ਕਿਹਾ, ‘ਪਹਿਲਾਂ ਤਾਂ ਮੇਰੀ ਮੰਮੀ ਨੂੰ ਪਸੰਦ ਵੀ ਨਹੀਂ ਸੀ ਕਿ ਮੈਂ ਕੁਝ ਲਿਖਾਂ; ਕਿਉਂਕਿ ਸਾਡੇ ਘਰ ਦਾ ਮਾਹੌਲ ਵੀ ਕੋਈ ਵਾਹਲਾ ਐਸਾ ਨਹੀਂ ਸੀ ਕਿ ਲਿਖਿਆ ਜਾ ਸਕਦਾ ਹੋਵੇ। ਭਾਵ ਕਿ ਸਾਡੇ ਘਰ-ਪਰਿਵਾਰ ਵਿੱਚ ਦੂਰ ਤੱਕ ਵੀ ਕੋਈ ਐਸੀ ਸੋਚ ਨਹੀਂ ਸੀ ਰੱਖਦਾ ਜਿਸ ਦਾ ਲਿਖਣ ਵਰਗੀ ਕੋਮਲ ਕਲਾ ਨਾਲ ਸਬੱਬ ਜੁੜਦਾ ਹੋਵੇ।’ 
‘ਕਲਮੀ ਸ਼ੁਰੂਆਤ ਕਦੋ ਅਤੇ ਕਿਵੇਂ ਹੋਈ’ ਸਵਾਲ ਦਾ ਜਵਾਬ ਦਿੰਦਿਆਂ ਉਸ ਕਿਹਾ, ‘‘ਮੈਂ ਜਦੋ ਛੇਵੀ ਕਲਾਸ ਵਿੱਚ ਸੀ, ਮੇਰੇ ਅਧਿਆਪਕ ਬਲਜਿੰਦਰ ਸਿੰਘ ਜੀ ਆਰਟੀਕਲ ਲਿਖਿਆ ਕਰਦੇ ਸਨ, ਉਨ੍ਹਾਂ ਨੂੰ ਦੇਖ ਕੇ ਮੈਨੂੰ ਵੀ ਲੱਗਿਆ ਵਈ ਮੈਂ ਵੀ ਕੁੱਝ ਲਿਖਾਂ। ਫਿਰ ਮੈਨੂੰ ਮੌਕਾ ਉਦੋਂ ਮਿਲਿਆ ਜਦੋਂ ਸਾਡੇ ਸਕੂਲ ਦਾ ਟੂਰ ਬਾਹਰ ਗਿਆ। ਸਰ ਨੇ ਕਿਹਾ ‘ਕਰਮੀ’ ਟੂਰ ਬਾਰੇ ਸਾਰਾ ਕੁਝ ਲਿਖ ਕੇ ਲਿਆਈਂ। ਫਿਰ ਮੈਂ ਟੂਰ ਤੋਂ ਵਾਪਸੀ ਤੇ ਲਿਖ ਕੇ ਲੈ ਕੇ ਗਈ । ਬਸ ਉਦੋਂ ਤੋਂ ਹੀ ਮੇਰਾ ਕਲਮੀ ਸਿਲਸਿਲਾ ਸ਼ੁਰੂ ਹੋ ਗਿਆ। ਫਿਰ ਮੈਂ ਕਵਿਤਾਵਾਂ ਲਿਖਣ ਲੱਗ ਪਈ। ਦਰਅਸਲ ਮੈਨੂੰ ਕਿਸੇ ਨੇ ਸਿਖਾਇਆ ਤਾਂ ਨਹੀਂ ਵਈ ਇੰਝ ਲਿਖੀ-ਦਾ; ਜਾਂ ਇੰਝ ਨਹੀਂ ਲਿਖੀ-ਦਾ, ਬਸ ਆਪਣੇ ਆਪ ਹੀ ਪਤਾ ਨਹੀਂ ਕਲਮ ਕਿਵੇਂ ਆਪ-ਮੁਹਾਰੇ ਵਗ ਤੁਰੀ । ਮੈਂ ਆਪਣੀਆਂ ਰਚਨਾਵਾਂ ਜਦੋਂ ਬਲਜਿੰਦਰ ਸਰ ਨੂੰ ਦਿਖਾਈਆਂ ਤਦ ਉਹ ਵੀ ਹੈਰਾਨ ਸਨ ਅਤੇ ਉਨ੍ਹਾਂ ਨੇ ਵੀ ਇਹੀ ਪੁੱਛਿਆ ਸੀ ਵਈ ਤੁਸੀਂ ਲਿਖਦੇ ਕਿਵੇਂ ਓਂ?’
ਸਕੂਲ ਦੇ ਮੈਗਜ਼ੀਨ ਤੋਂ ਸ਼ੁਰੂ ਹੋ ਕੇ ਪੰਜਾਬੀ ਦੇ ਨਾਮਵਰ ਰੋਜ਼ਾਨਾ ਪੇਪਰ ਟ੍ਰਿਬਿਊਨ ਦੇ ਕਾਲਮਾਂ ਦਾ ਸ਼ਿੰਗਾਰ ਬਣੀ ਕਰਮਜੀਤ ਨੂੰ ਇਹ ਪੁੱਛਣ ਤੇ ‘ਤੁਸੀਂ ਮੈਨੂੰ ਵੀ ਕਵੀ ਬਣਨ ਦਾ ਨੁਕਤਾ ਦੱਸ ਸਕਦੇ ਹੋ?’ ਤਾਂ ਉਸਨੇ ਅੱਗੋ ਸੁਆਲ ਕੀਤਾ, ‘ਤੁਸੀਂ ਕਿਉਂ ਬਣਨਾ ਚਾਹੁੰਦੇ ਹੋ ਕਵੀ?’.....ਫਿਰ ਉਸ ਕਿਹਾ ‘ਮੈਂ ਕਿਸੇ ਸੁਲਝੇ ਹੋਏ ਕਵੀ ਨੂੰ ਪੁੱਛ ਕੇ ਦਸਾਂਗੀ ਜੀ। ਮੈਂ ਤਾਂ ਖੁਦ ਅਜੇ ਸ਼ੁਰੂ ਕਰਨਾ ਹੈ ਸਿੱਖਣਾ।....... ਵੈਸੇ ਮੇਰੇ ਖਿਆਲ ਵਿੱਚ ਕੁਝ ਲਿਖਣ ਤੋਂ ਪਹਿਲਾਂ ਪੜ੍ਹਨਾ ਬਹੁਤ ਜ਼ਰੂਰੀ ਹੁੰਦੈ।’ .....ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਉਸ ਦੱਸਿਆ ਕਿ ਉਸਦੀ ਕਲਮ ਨੂੰ ਉਤਸ਼ਾਹਿਤ ਕਰਨ ਵਿੱਚ ਜਿੱਥੇ ਉਸਦੇ ਅਧਿਆਪਕ ਬਲਜਿੰਦਰ ਸਿੰਘ ਦੇ ਨਾਲ-ਨਾਲ ਦੂਜੇ ਅਧਿਆਪਕ ਸਕੂਲ ਵਿੱਚ ਉਸਦੇ ਲਈ ਸਹਾਈ ਸਿੱਧ ਹੋਏ, ਉੱਥੇ ਰੈਡ-ਕਰਾਸ ਦੇ ਮੁਲਾਜ਼ਮ ਮੁਖਤਿਆਰ ਸਿੰਘ ਕਲਾਰ ਅਤੇ ਟ੍ਰਿਬਿਊਨ ਦੀ ‘ਮਾਲਵੇ’ ਦੀ ਹੈੱਡ-ਐਡੀਟਰ ਵੀ ਕਾਫੀ ਪ੍ਰੇਰਨਾ ਸ੍ਰੋਤ ਸਾਬਤ ਹੋਏ। ਕਰਮਜੀਤ ਨਾ-ਸਿਰਫ ਸੱਭਿਆਚਾਰਕ ਗਤੀਵਿਧੀਆਂ ਵਿੱਚ ਹੀ ਸਕੂਲ ਚੋਂ ਮੋਹਰੀ ਰਹੀ, ਬਲਕਿ ਖੇਡ ਖੇਤਰ ਵਿੱਚ ਵੀ ਵਾਲੀਬਾਲ ਵਿੱਚ ਸਕੂਲ ਵਲੋਂ ਜ਼ਿਲ੍ਹਾ ਪੱਧਰ ਤੇ ਅਤੇ ਓਪਨ ਵਿੱਚ ਸਟੇਟ ਪੱਧਰ ਤੇ ਖੇਡ ਕੇ ਨਾਮਣਾ ਖੱਟਦਿਆਂ ਅੱਡਰੀ ਪਛਾਣ ਬਣਾ ਚੁੱਕੀ ਹੈ ।
‘ਕਲਮੀ ਨਾਮ ‘ਕਰਮੀ’ ਕਿਵੇਂ ਚੁਣਿਆ ਤੇ ਤੁਹਾਡੀ ਪਹਿਲੀ ਕਵਿਤਾ ਕੀ ਸੀ’, ਬਾਰੇ ਦੱਸੋਗੇ?.........‘‘ਲੁਧਿਆਣਵੀ ਜੀ, ਮੇਰਾ ਘਰ ਦਾ ਨਿਕ-ਨੇਮ ‘ਕਰਮੀ’ ਸੀ। ਜਦ ਸਕੂਲ ਵਿੱਚ ਮੇਰੀਆਂ ‘‘ਕਿਰਤੀਆਂ ਦੇ ਨਾਮ’’ ਕਿਸਾਨਾਂ ਦੀ ਕਵਿਤਾ ਛਪੀ ਤਾਂ ਮੇਰੇ ਟੀਚਰਾਂ ਨੂੰ ਲੱਗਿਆ ‘ਕਰਮੀ’ ਨਾਮ ਸਹੀ ਰਹੇਗਾ। ਕਰਮੀ, ਭਾਵ ਹੱਥੀ ਕਰਨ ਵਾਲੀ। ਫਿਰ ਮੇਰੇ ਅਧਿਆਪਕ ਅਤੇ ਮੇਰੀਆਂ ਸਹੇਲੀਆਂ ਵੀ ਸਕੂਲ ਵਿੱਚ ਮੈਨੂੰ ‘ਕਰਮੀ’ ਹੀ ਕਹਿਣ ਲੱਗ ਪਏ।’’ .......‘‘ਪਰ ਕਰਮਜੀਤ ਜੀ, ਮੇਰੇ ਖਿਆਲ ਵਿੱਚ ਤਾਂ ਕਰਮਜੀਤ ਕੌਰ ਨਾਲ ‘ਕਰਮੀ’ ਨਾਲੋ ‘ਨੂਰ’ ਜਾਂ ‘ਕੋਹੇਨੂਰ’ ਜ਼ਿਆਦਾ ਢੁੱਕਦਾ ਹੈ, ਤੁਹਾਡੇ ਨਾਉਂ ਨਾਲ; ਕਿਉਂਕਿ ਅਫਸਰ ਬਣਨ ਦੇ ਸੁਪਨੇ, ਖੇਡਾਂ ਅਤੇ ਕਲਮੀ ਮੱਲਾਂ ਮਾਰਨ ਦੇ ਸੁਪਨੇ ਦੱਸਦੇ ਹਨ ਕਿ ਇਕ ਨਾ ਇਕ ਦਿਨ ਜ਼ਰੂਰ ‘ਨੂਰ’ ਭਰਿਆ ਰੰਗ ਦਿਖਾਏਗਾ ਤੁਹਾਡੀ ਇਨਕਲਾਬੀ ਸੋਚ ਦਾ ਜਜ਼ਬਾ। ਰੱਬ ਕਰੇ! ਤੁਹਾਡਾ ਹਰ ਸੁਪਨਾ ਸਾਕਾਰ ਹੋਵੇ ਤੇ ਤੁਸੀਂ ਬੁਲੰਦੀਆਂ ਨੂੰ ਛੂਹਵੋਂ, ਦਿਲੀ ਦੁਆਵਾਂ ਹਨ ਮੇਰੀਆਂ!’’ 
 



ਪ੍ਰੀਤਮ ਲੁਧਿਆਣਵੀ
98764-28641


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template