ਮਾਂ ਤ੍ਰਿਪਤਾ ਦੀ ਕੁੱਖੋਂ ਜਣਿਆ ਨਾਨਕ ਕੋਈ ਅਵਤਾਰ ਨਹੀਂ ਹੈ
ਨੀਵਿਆਂ ਨਾਲ ਨਿਭਾਉਂਦਾ ਆਇਆ ਉਹ ਵੱਡਿਆਂ ਦਾ ਯਾਰ ਨਹੀਂ ਹੈ
ਸਾਖੀਆਂ ਵਾਲਾ ‘ਨਾਨਕ’ ਛੱਡਕੇ ਅਸਲੀ ‘ਨਾਨਕ’ ਨੂੰ ਅਪਣਾਈਏ
ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ।
ਗੁਰੂ ਘਰਾਂ ’ਤੇ ਕਬਜ਼ੇ ਕਰਨੇ ਇਹ ਨਾਨਕ ਦਾ ਧਰਮ ਨਹੀਂ ਹੈ
ਆਪਣੀ ਹਉਮੈ ਖ਼ਾਤਰ ਲੜਨਾ ਇਹ ਸਿੱਖ ਦਾ ਕਰਮ ਨਹੀਂ ਹੈ
ਮੂੰਹ ਗ਼ਰੀਬ ਦਾ ਗੁਰੂ ਦੀ ਗੋਲਕ ਦੁਨੀਆਂ ਤਾਈਂ ਇਹ ਸਮਝਾਈਏ
ਧਰਮ ਦੇ ਠੇਕੇਦਾਰਾਂ.......................................।
ਗੁਰੂ ਨਾਨਕ ਦੀ ਫੋਟੋ ਨੂੰ ਤਾਂ ਸੋਨੇ ਵਿੱਚ ਜੜਵਾ ਛੱਡਿਆ ਹੈ
ਪਰ, ਉਹਦੀ ਆਖੀ ਹੋਈ ਗੱਲ ਨੂੰ ਦਿਲ ’ਚੋਂ ਅਸੀਂ ਭੁਲਾ ਛੱਡਿਆ ਹੈ
ਮੂਰਤੀਆਂ ਦੀ ਪੂਜਾ ਕਰਦੇ ਕਿਧਰੇ ਪੱਥਰ ਨਾ ਬਣ ਜਾਈਏ
ਧਰਮ ਦੇ ਠੇਕੇਦਾਰਾਂ.......................................।
ਜੀਵਨ ਜਾਚ ਸਿਖਾਉਂਦੀ ਬਾਣੀ ਇਹ ਕੋਈ ਮੰਤਰ ਜਾਪ ਨਹੀਂ ਹੈ
ਜੋ ਬਾਣੀ ਨੂੰ ਵੇਚ ਰਹੇ ਨੇ ਇਸ ਤੋਂ ਵੱਡਾ ਪਾਪ ਨਹੀਂ ਹੈ
ਬਾਣੀ ਪੜੀਏ, ਸੁਣੀਏ, ਗਾਈਏ ਪਰ ਬਾਣੀ ’ਤੇ ਅਮਲ ਕਮਾਈਏ
ਧਰਮ ਦੇ ਠੇਕੇਦਾਰਾਂ.......................................।
ਚਿੱਟ ਕੱਪੜੀਏ, ਚੋਲਿਆਂ ਵਾਲੇ ਇਹ ਨਾਨਕ ਦੇ ਕੁਝ ਨਹੀਂ ਲੱਗਦੇ
ਭੋਲੇ-ਭਾਲੇ ਲੋਕਾਂ ਨੂੰ ਜੋ ਸੁਰਗ ਦਾ ਲਾਰਾ ਲਾ ਕੇ ਠੱਗਦੇ
ਨਾਨਕ ਦੇ ਵਾਰਿਸ ਨੇ ਕਿਰਤੀ ਇਸ ਗੱਲ ਨੂੰ ਨਾ ਝੁਠਲਾਈਏ
ਧਰਮ ਦੇ ਠੇਕੇਦਾਰਾਂ.......................................।
ਕਿਰਤ ਕਰੇਂਦਾ, ਵੰਡ ਕੇ ਛਕਦਾ ਜਿਹੜਾ ਨਾਮ ਧਿਆਉਂਦਾ ਏ
‘ਟੱਲੇਵਾਲੀਆ’ ਉਹ ਅਸਲੀ ਸਿੱਖ ਗੁਰੂ ਨਾਨਕ ਨੂੰ ਭਾਉਂਦਾ ਏ
ਗੁਰੂ ਦੀ ਸਿੱਖਿਆ ਉਤੇ ਚੱਲ ਕੇ ਆਪਣਾ ਜੀਵਨ ਸਫ਼ਲ ਬਣਾਈਏ
ਧਰਮ ਦੇ ਠੇਕੇਦਾਰਾਂ.......................................।
ਡਾ. ਅਮਨਦੀਪ ਸਿੰਘ ਟੱਲੇਵਾਲੀਆ
ਚੜਦੀਕਲਾ ਨਿਵਾਸ, ਬਾਬਾ ਫਰੀਦ ਨਗਰ,
ਕਚਹਿਰੀ ਚੌਂਕ, ਬਰਨਾਲਾ। ਮੋਬ. 98146-99446
 
0 comments:
Speak up your mind
Tell us what you're thinking... !