Headlines News :
Home » » ਪਰਾਲੀ ਅਤੇ ਨਾੜ ਸਾੜ੍ਹਨਾ ਹੋ ਸਕਦਾ ਹੈ ਬੇਹੱਦ ਖਤਰਨਾਕ - ਬੱਬੂ ਚੱਬੇ ਵਾਲਾ

ਪਰਾਲੀ ਅਤੇ ਨਾੜ ਸਾੜ੍ਹਨਾ ਹੋ ਸਕਦਾ ਹੈ ਬੇਹੱਦ ਖਤਰਨਾਕ - ਬੱਬੂ ਚੱਬੇ ਵਾਲਾ

Written By Unknown on Sunday, 11 November 2012 | 08:39



ਹਰ ਸਾਲ ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਇਸ ਦੇ ਮਾਰੂ ਨਤੀਜ਼ਿਆਂ ਤੋਂ ਸੁਚੇਤ ਕੀਤਾ ਜਾਦਾਂ ਹੈ, ਪਰ ਇਸਦੇ ਕੋਈ ਠੋਸ ਨਤੀਜੇ ਸਾਹਮਣੇ ਨਹੀ ਆਏ, ਜੋ ਕਿ ਇੱਕ ਬੇਹੱਦ ਚਿੰਤਾ ਦਾ ਵਿਸ਼ਾ ਹੈ। ਇਹ ਨਹੀ ਕਿ ਕਿਸਾਨਾਂ ਨੂੰ ਪਰਾਲੀ ਅਤੇ ਨਾੜ ਸਾੜ੍ਹਨ ਤੋਂ ਹੋਣ ਵਾਲੇ ਭਿਆਨਕ ਨਤੀਜਿਆ ਦਾ ਪਤਾ ਨਹੀ, ਪਤਾ ਹੋਣ ਦੇ ਬਾਵਜੂਦ ਵੀ ਉਹ ਇਹ ਸ਼ਾਟਕਟ ਰਸਤਾ ਅਖਤਿਆਰ ਕਰਦੇ ਹਨ ਕਿਉਂਕਿ ਜੇ ਕਰ ਪਰਾਲੀ ਨੂੰ ਖੇਤਾਂ ਵਿੱਚ ਰਹਿਣ ਦਿੱਤਾ ਜਾਵੇ ਤਾਂ ਇਹ ਕਣਕ ਦੀ ਬਿਜਾਈ ਸਮੇਂ ਪਰੇਸ਼ਾਨੀ ਪੈਦਾ ਕਰਦੀ ਹੈ। ਕਿਰਚਾਂ ਡਰਿੱਲ ਮਸ਼ੀਨ ਵਿੱਚ ਫਸ ਜਾਂਦੀਆਂ ਹਨ, ਜਿਸ ਨਾਲ ਬਿਜਾਈ ਕਰਨ ਵਿੱਚ ਰੁਕਾਵਟ ਆਉਂਦੀ ਹੈ ਅਗਰ ਜੇ ਪਰਾਲੀ ਨੂੰ ਖੇਤਾਂ ਵਿੱਚ ਹੀ ਗਲਾਉਣ ਦਾ ਯਤਨ ਕੀਤਾ ਜਾਵੇ ਤਾਂ ਇੱਕ ਮਹੀਨੇ ਦੇ ਸਮੇਂ ਦੌਰਾਨ ਪੰਜ ਵਾਰੀ ਪਾਣੀ ਲਗਾ ਕੇ ਪੰਜ ਵਾਰੀ ਖੇਤ ਦੀ ਵਾਹੀ ਕਰਨੀ ਪੈਂਦੀ ਹੈ ਜਿਸ ਨਾਲ ਸਮੇਂ ਦੀ ਬਰਬਾਦੀ ਤਾਂ ਹੁੰਦੀ ਹੀ ਹੈ ਨਾਲ ਦੀ ਨਾਲ ਹੀ 2200 ਰੁ: ਤੋਂ ਲੈ ਕੇ 2500 ਰੁ: ਤੱਕ ਦਾ ਪ੍ਰਤੀ ਏਕੜ ਖਰਚਾ ਆਉਂਦਾ ਹੈ(ਇਸ ਨਾਲ ਬਹੁਤ ਵਧੀਆ ਰੂੜੀ ਤਿਆਰ ਹੁੰਦੀ ਹੈ)।ਕਿਸਾਨ ਇਹ ਰਿਸਕ ਲੈਣ ਲਈ ਤਿਆਰ ਨਹੀ ਹੁੰਦਾ ਤੇ  ਜਿਸ ਤੋਂ ਸ਼ਾਇਦ ਕਿਸਾਨ ਕੰਨੀ ਕਤਰਾਉਂਦੇ ਹਨ ਪਰ ਕਿਸਾਨ ਵੀਰ ਇਹ ਨਹੀ ਜਾਣਦੇ ਕਿ ਵਾਤਾਵਰਣ ਦੀ ਖਰਾਬੀ ਕਾਰਣ ਗਲੇਸ਼ੀਅਰ ਧੜਾਧੜ ਪਿੱਘਲ ਰਹੇ ਹਨ ਜੋ ਭਵਿੱਖ ਲਈ ਖਤਰੇ ਦੀ ਘੰਟੀ ਹੈ। 1985 ਨੂੰ ਉਜ਼ੋਨ ਪਰਤ ਵਿੱਚ ਛੇਕ ਹੋਣ ਦਾ ਪਹਿਲੀ ਵਾਰ ਪਤਾ ਲੱਗਾ ਤੇ 1999 ਨੂੰ ਅਮਰੀਕੀ ਉਪਗ੍ਰਹਿਾਂ ਨੇ ਭਾਰਤੀ ਮੌਸਮੀ ਵਿਗਿਆਨੀਆਂ ਨੂੰ ਤਸਵੀਰਾਂ ਦੇ ਜ਼ਰੀਏ ਪੰਜਾਬ ਤੇ ਹਰਿਆਣਾ ਦੇ ਅਸਮਾਨ ਤੇ ਧੂੰਏ ਅਤੇ ਧੁੰਦ ਦੇ ਮੇਲ ਨਾਲ ਸਮੋਗ ਬੱਦਲ ਬਣ ਰਹੇ ਹਨ ਦੀ ਚਿਤਾਵਨੀ ਦਿੱਤੀ ਸੀ। ਪੰਜਾਬ ਦੀ 81 ਫੀਸਦੀ ਧਰਤੀ ਤੇ ਝੋਨੇ ਦੀ ਖੇਤੀ ਹੂੰਦੀ ਹੈ। 26.01  ਲੱਖ ਹੈਕਟੇਅਰ ਤੋਂ ਜ਼ਿਆਦਾ ਜ਼ਮੀਨ ਤੇ ਪੈਦਾ ਹੋਈ ਪਰਾਲੀ ਵਿੱਚੋਂ 90 ਫੀਸਦੀ ਪਰਾਲੀ ਨੂੰ ਸਾੜ ਦਿੱਤਾ ਜਾਂਦਾ ਹੈ। ਇਸ ਨਾਲ 234 ਲੱਖ ਟਨ ਕਾਰਬਨਡਾਈਆਕਸਾਈਡ, ਸਸਪੈਂਟਿਡ, ਪਾਰਟੀਕੂਲੇਟ, ਫਾਸਫੋਰਸ, ਪੋਟਾਸ਼ ਅਤੇ ਨਾਈਟਰੋਜਨ ਸੜ ਕੇ ਅਸਮਾਨ ਵਿੱਚ ਚਲੇ ਜਾਂਦੇ ਹਨ।ਇਸ ਵਿੱਚ 71 ਫੀਸਦੀ ਕਾਰਬਨਡਾਈਆਕਸਾਈਡ, 0.67 ਫੀਸਦੀ ਮੀਥੇਨ ਤੇ ਹੋਰ ਅਨੇਕਾਂ ਹੀ ਪ੍ਰਕਾਰ ਦੀਆਂ ਗੈਸਾਂ ਹੁੰਦੀਆਂ ਹਨ ਜੋ ਸੜਨ ਤੋਂ ਬਾਅਦ ਆਉਣ ਵਾਲੀ ਬਾਰਸ਼ ਤੱਕ 14 ਫੀਸਦੀ ਸੂਰਜ ਦੀਆਂ ਕਿਰਨਾਂ ਨੂੰ ਰੋਕ ਕੇ ਰੱਖਦੀਆਂ ਹਨ। ਇੱਕ ਟਨ ਪਰਾਲੀ ਸਾੜਨ ਨਾਲ 6 ਕਿਲੋ ਤੋਂ ਜ਼ਿਆਦਾ ਨਾਈਟ੍ਰੋਜਨ, ਇੱਕ ਕਿਲੋ ਫਾਸਫੋਰਸ ਅਤੇ 12 ਕਿਲੋ ਪੋਟਾਸ਼ ਵੀ ਸੜ ਜਾਂਦੀ ਹੈ। ਇੱਕ ਏਕੜ ਵਿੱਚੋਂ 28-30 ਕੁਇੰਟਲ ਪਰਾਲੀ ਨਿਕਲਦੀ ਹੈ।ਵਾਯੂਮੰਡਲ ਵਿੱਚ ਕਾਰਬਨਡਾਈਆਕਸਾਈਡ ਗੈਸ ਜੋ ਗਰੀਨ ਹਾਊਸ ਪ੍ਰਭਾਵ ਵਾਲੀ ਗੈਸ ਹੈ, ਉਸ ਵਿੱਚ 24 ਫੀਸਦੀ ਵਾਧਾ ਹੋਇਆ ਹੈ। ਤਾਪਮਾਨ ਵੱਧਣ ਨਾਲ ਤੂਫਾਨ, ਹਨੇਰੀਆਂ, ਝੱਖੜ, ਨਾਈਕਲੋਕ, ਟੈਰਨਡੋ ਤੇ ਸੁਨਾਮੀ ਵਰਗੇ ਤੂਫਾਨਾਂ ਦੇ ਵੱਧਣ ਦਾ ਖੱਦਸ਼ਾ ਵਧਿਆ ਹੈ। ਨਾੜ ਅਤੇ ਪਰਾਲੀ ਸਾੜਨ ਕਾਰਣ  ਪੈਦਾ ਹੋਏ ਧੂੰਏ ਦੇ ਪ੍ਰਭਾਵ ਨਾਲ ਮਨੁੱਖੀ ਬੀਮਾਰੀਆਂ ਜ਼ਿਵੇਂ ਦਮਾ, ਅਲਰਜ਼ੀ, ਅੱਖਾਂ ਵਿੱਚ ਜਲਨ, ਗਲੇ ‘ਚ ਖਰਾਸ਼, ਜ਼ੁਕਾਮ, ਖੁੱਜਲੀ, ਉੱਲਟੀਆਂ, ਦਸਤ ਤੇ ਨਨਬਰਗ ਵਰਗੀਆਂ ਬੀਮਾਰੀਆਂ ਫੈਲਣ ਦਾ ਖਦਸ਼ਾ ਹਮੇਸ਼ਾ ਬਣਿਆ ਰਹਿੰਦਾ ਹੈ। ਕਈ ਕਿਸਾਨ ਵੀਰ ਸੜਕਾਂ ਦੇ ਕੰਢੇ ਪਰਾਲੀ ਜਾਂ ਨਾੜ ਨੂੰ ਅੱਗ ਲਗਾ ਦਿੰਦੇ ਹਨ, ਜਿਸ ਨਾਲ ਕਈ ਹਾਦਸੇ ਵਾਪਰ ਚੁੱਕੇ ਹਨ। ਧੂੰਏ ਕਾਰਣ ਸੜ੍ਹਕ ਤੇ ਕੁੱਝ ਦਿਖਾਈ ਨਹੀ ਦਿੰਦਾ ਜਿਸ ਕਾਰਣ ਹਾਦਸਾ ਵਾਪਰ ਜਾਂਦਾ ਹੈ । ਅੱਜ ਤੱਕ ਐਸੇ ਐਕਸੀਡੈਟਾਂ ਨਾਲ ਕਈ ਘਰ ਤਬਾਹ ਹੋ ਚੁੱਕੇ ਹਨ। ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਣ ਲਈ ਮਨੁੱਖੀ ਸੱਭਿਅਤਾ ਦੀ ਹੋਂਦ ਨੂੰ ਗਲੋਬਲ ਵਾਰਮਿੰਗ ਦੇ ਖਤਰਿਆ ਤੋਂ ਸੁਚੇਤ ਕਰਣ ਦੇ ਉਦੇਸ਼ ਨਾਲ 2007 ਵਿੱਚ ਵਰਲਡ ਵਾਈਡ ਲਾਈਫ ਫੰਡ ਸਿਡਨੀ(ਆਸਟਰੇਲੀਆ) ਵੱਲੋਂ ਅਰਥ ਆਵਰ (ਧਰਤ ਘੰਟਾ) ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਵਿੱਚ ਸਿਡਨੀ ਦੇ 2.3 ਮਿਲੀਅਨ ਲੋਕਾਂ ਨੇ ਇਸ ਕੋਸ਼ਿਸ਼ ਨੂੰ ਭਰਵਾਂ ਹੁੰਗਾਰਾ ਦਿੱਤਾ ਸੀ।ਇਸ ਦੇ ਨਾਲ ਹੀ ਇਹ ਕਹਿਣਾ ਬਣਦਾ ਹੈ ਕਿ ਹਰ ਰਾਜ  ਦੀਆਂ ਸਰਕਾਰਾਂ ਇਸ ਪ੍ਰਤੀ ਕਾਨੂੰਨ ਵਿੱਚ ਸੋਧ ਕਰਕੇ ਵਾਤਾਵਰਣ ਸਬੰਧੀ ਸਖਤ ਤੋਂ ਸਖਤ ਕਾਨੂੰਨ ਨੂੰ ਹੋਂਦ ਵਿੱਚ ਲਿਆਉਣਾ ਕਿਉਂਕਿ ਜਿਵੇਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕਿਸਾਨਾਂ ਨੂੰ ਸਿਰਫ ਤੇ ਸਿਰਫ ਜਾਗਰੂਕ ਕਰ ਸਕਦਾ ਹੈ, ਕੋਈ ਕਾਨੂੰਨੀ ਕਾਰਵਾਈ ਨਹੀ ਕਰ ਸਕਦਾ, ਇਸ ਪੱਖੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਹੱਥ ਖੜੇ ਹਨ। ਇਹ ਪਾਵਰ ਸਿਰਫ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲ ਹੀ ਹੁੰਦੀ ਹੈ। ਉਹ ਸੀਆਰਪੀ ਦੀ ਧਾਰਾ 133 ਤਹਿਤ ਕਾਰਵਾਈ ਕਰ ਸਕਦਾ ਹੈ ਤੇ ਬਣਦੀ ਸਜ਼ਾ ਦੇ ਸਕਦਾ ਹੈ। ਜਦੋਂ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਮੁਲਜ਼ਮਾ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ। ਸਰਕਾਰਾਂ ਵੀ ਇਸ ਪ੍ਰਤੀ ਸਮੇਂ-ਸਮੇਂ ਤੇ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਕੋਈ ਯੋਗ ਹੱਲ ਲੱਭਣ ਦਾ ਉਪਰਾਲਾ ਕਰਦੀਆਂ ਰਹਿੰਦੀਆਂ ਹਨ, ਪਰ ਕਿਧਰੇ ਨਾ ਕਿਧਰੇ ਊਣਤਾਈਆਂ ਰਹਿ ਜਾਂਦੀਆਂ ਹਨ ਜੋ ਕਿ ਰਹਿਣੀਆਂ ਨਹੀ ਚਾਹੀਦੀਆਂ ਹਨ। ਹੁਣ ਜਿਵੇਂ ਕਿ ਕੰਬਾਈਨਾਂ ਨਾਲ ਕੱਟੇ ਹੋਏ ਝੋਨੇ ਦੀ ਪਰਾਲੀ ਨੂੰ ਇੱਕਠਾ ਕਰਨ ਲਈ ਮਸ਼ੀਨ ਤਿਆਰ ਹੋ ਗਈ ਹੈ ਪਰ ਇਹ ਮਸ਼ੀਨ ਬਹੁਤ ਹੀ ਜ਼ਿਆਦਾ ਮਹਿੰਗੀ ਹੋਣ ਕਾਰਣ ਹਰ ਇੱਕ ਕਿਸਾਨ ਦੇ ਵੱਸ ਦੀ ਗੱਲ ਨਹੀ ਹੈ।ਕਿਸਾਨ ਤਾਂ ਪਹਿਲਾ ਹੀ ਕਰਜ਼ ਦੇ ਬੋਝ ਹੇਠ ਦੱਬਿਆ ਖੁਦਕੁਸ਼ੀਆਂ ਕਰ ਰਿਹਾ ਹੈ। ਉਹ ਇਹ ਮਸ਼ੀਨ ਨਹੀ ਖ੍ਰੀਦ ਸਕਦਾ।ਮਹਿਗਾਈ ਨੇ ਪਹਿਲਾ ਹੀ ਕਿਸਾਨ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।ਰੋਟਾਵੇਟਰ ਖ੍ਰੀਦਣ ਤੇ ਸਰਕਾਰ ਵੱਲੋਂ  ਸਬਸਿਡੀ ਤਾਂ ਦਿੱਤੀ ਜਾਂਦੀ ਹੈ, ਪਰ ਕਾਰਣ ਇਹ ਕਿ ਸਰਕਾਰੀ ਕਾਰਵਾਈ,ਖੱਜਲ ਖੁਆਰੀ ਤੇ ਸਮੇਂ ਦੀ ਬਰਬਾਦੀ ਡਰੋਂ ਸ਼ਾਇਦ ਕਿਸਾਨ ਸਬਸਿਡੀ ਲੈਣ ਲਈ ਤਿਆਰ ਨਹੀ, ਐਸੀ ਸਬਸਿਡੀ ਤੋਂ ਕਿਸਾਨ ਕੰਨ੍ਹੀ ਕਤਰਾਉਂਦੇ ਹਨ। ਸਾਨੂੰ ਲਾਲਚ ਵੱਸ ਤੇ ਮੁਨਾਫੇਖੋਰੀ ਨੂੰ ਪਰੇ ਰੱਖ ਕੇ ਇਹ ਜਰੂਰ ਸੋਚ ਲੈਣਾ ਚਾਹੀਦਾ ਹੈ ਕਿ ਥੋੜ੍ਹੇ ਜਿਹੇ ਮੁਨਾਫੇ ਲਈ ਅਸੀ ਆਉਣ ਵਾਲੀਆਂ ਪੀੜੀਆ ਨੂੰ ਕੀ ਦੇ ਰਹੇ ਹਾਂ ਦੁੱਖ, ਦਰਦ ਤੇ ਬੀਮਾਰੀਆਂ ਦੀਆਂ ਪੰਡਾਂ ਜੋ ਉਹ ਸ਼ਾਇਦ ਕਦੇ ਵੀ ਨਹੀ ਚੁੱਕ ਸਕਣਗੇ। ਅਸੀ ਤਾਂ ਪਸ਼ੂਆਂ ਤੋਂ ਵੀ ਭੈੜੇ ਹੋ ਚੁੱਕੇ ਹਾਂ। ਅੱਜ ਹਰ ਕਿਸਾਨ ਵੱਧ ਝਾੜ ਲੈਣ ਲਈ ਜ਼ਹਿਰੀਲੀਆਂ ਦਵਾਈਆਂ ਤੇ ਖਾਦਾਂ ਦੀ ਵਰਤੋਂ ਅੰਨ੍ਹੇਵਾਹ ਬਿਨ੍ਹਾ ਸੋਚੇ ਸਮਝੇ ਕਰ ਰਹੇ ਹਨ। ਝੋਨੇ ਦੀ ਫਸਲ ਤੇ ਜ਼ਹਿਰੀਲੇ ਪੈਸਟੀਸਾਈਡ ਦਾ ਛਿੜਕਾਅ ਸਭ ਹੱਦਾਂ ਬੰਨੇ ਟੱਪ ਚੁੱਕਾ ਹੈ। ਪੰਜਾਬ ਦੇ ਕਈ ਖੇਤਰਾਂ ਵਿੱਚ ਅੱਜ ਤੋਂ ਅੱਠ-ਦਸ ਸਾਲ ਪਹਿਲਾਂ ਪਸ਼ੂਆਂ ਲਈ ਪਰਾਲੀ ਅਤੇ ਤੂੜੀ ਦਾ ਆਚਾਰ ਤੇ ਮੁਰੱਬਾ ਬਣਾ ਕੇ ਸਟੋਰ ਕੀਤਾ ਜਾਂਦਾ ਸੀ। ਆਚਾਰ (ਪਰਾਲੀ ਵਿੱਚ ਕੁਝ ਅਨਾਜ ਤੇ ਸਰੋਂ ਦਾ ਤੇਲ ਮਿਲਾ ਕੇ ਤਿਆਰ ਕੀਤਾ ਆਹਾਰ) ਅਤੇ ਮੁਰੱਬਾ (ਪਰਾਲੀ,ਤੂੜੀ ਤੇ ਗੁੜ ਮਿਲਾ ਕੇ ਤਿਆਰ ਕੀਤੇ ਆਹਾਰ ਨੂੰ ਮੁਰੱਬਾ ਕਹਿੰਦੇ ਸਨ ਜੋ ਸਟੋਰ ਕਰਕੇ ਪਸ਼ੂਆਂ ਦੇ ਖਾਣ ਲਈ ਰੱਖਿਆ ਜਾਂਦਾ ਸੀ) ਨੂੰ ਪਸ਼ੂਆਂ ਨੇ ਖਾਣਾ ਬੰਦ ਕਰ ਦਿੱਤਾ ਹੈ, ਕਿਉਂਕਿ ਜ਼ਹਿਰੀਲ਼ੀਆਂ ਦਵਾਈਆਂ ਤੇ ਖਾਦਾਂ ਦੀ ਜ਼ਿਆਦਾਤਰ ਵਰਤੋਂ ਹੋਣ ਕਾਰਣ ਇਸਦਾ ਸੁਆਦ ਖਰਾਬ ਹੋ ਗਿਆ ਹੈ। ਸੋ ਕਿਸਾਨਾਂ ਵੱਲੋਂ ਇਹ ਰੱਖਿਆ ਜਾਣ ਵਾਲਾ ਆਚਾਰ ਤੇ ਮੁਰੱਬਾ ਸਟੋਰ ਕਰਨਾ ਹੀ ਬੰਦ ਕਰ ਦਿੱਤਾ ਹੈ, ਪਰ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਵਿੱਚ ਕਮੀ ਨਹੀ ਆਉਣ ਦਿੱਤੀ ਸਗੋਂ ਵਾਧਾ ਜਰੂਰ ਕੀਤਾ ਹੈ। ਸੋਚੋ ਇੰਨ੍ਹੀ ਜ਼ਹਿਰੀਲੀ ਪਰਾਲੀ ਅਤੇ ਨਾੜ ਸਾੜਨ ਨਾਲ ਵਾਤਾਵਰਣ ਕਿੰਨ੍ਹਾਂ ਜ਼ਹਿਰੀਲਾ ਤੇ ਕਿੰਨ੍ਹਾਂ ਗੰਧਲਾ ਹੋ ਜਾਵੇਗਾ ਸ਼ਾਇਦ ਸਾਹ ਲੈਣਾ ਵੀ ਔਖਾ ਹੈ।ਆਖਰ ਵਿੱਚ ਇਹ ਕਹਿਣਾ ਬਣਦਾ ਹੈ ਕਿ ਸਰਕਾਰਾਂ ਵੱਲੋਂ ਖੇਤੀ ਮਾਹਿਰਾਂ,ਵਿਗਆਨੀਆ ਅਤੇ ਖੇਤੀਬਾੜੀ ਵਿਭਾਗ ਨਾਲ ਵਿਚਾਰ ਵਟਾਂਦਰਾਂ ਕਰਕੇ ਕੋਈ ਯੋਗ ਹੱਲ ਕੱਢਣ ਦਾ ਅਵੱਸ਼ ਯਤਨ ਕੀਤਾ ਜਾਣਾ ਚਾਹੀਦਾ ਹੈ। ਰੋਟਾਵੇਟਰ ਤੇ ਪਰਾਲੀ ਇੱਕਠੀ ਕਰਨ ਵਾਲੀਆਂ ਮਸ਼ੀਨਾਂ ਤੇ ਵੱਧ ਤੋਂ ਵੱਧ ਸਬਸਿਡੀ, ਘੱਟ ਕਾਰਵਾਈ ਤੇ ਘੱਟ ਤੋਂ ਘੱਟ ਸਮੇਂ ਦੀ ਬਰਬਾਦੀ ਹੋਵੇ ਨੂੰ ਸੁਖਾਲਾ ਬਣਾ ਕੇ ਕਿਸਾਨਾਂ ਨੂੰ ਵਿਸਵਾਸ਼ ਵਿੱਚ ਲੈਣ ਤੇ ਘੱਟ ਤੋਂ ਘੱਟ ਰੇਟਾਂ ਤੇ ਰੋਟਾਵੇਟਰ ਤੇ ਪਰਾਲੀ ਇੱਕਠੀ ਕਰਨ ਵਾਲੀਆਂ ਮਸ਼ੀਨਾਂ ਉਪਲਬਧ ਕਰਵਾਉਣ ਤਾਂ ਜੋ ਕਿਸਾਨ ਪਰਾਲੀ ਨੂੰ ਇੱਕਠੀ ਕਰਕੇ ਗੱਤਾ ਮਿਲਾਂ ਵਿੱਚ ਗੱਤਾ ਬਣਾਉਣ ਦੇ ਕੰਮ ਜਾਂ ਬਾਇਉਮਾਸ ਪਲਾਂਟਾ ਵਿੱਚ  ਲਿਜਾ ਸਕਣ ਤੇ ਮੁਨਾਫਾ ਕਮਾ ਸਕਣ ਕਿਉਂਕਿ ਬਾਇਉਮਾਸ ਪਲਾਂਟਾ ਵਿੱਚ ਕਿਸਾਨ ਨੂੰ ਕੁਇੰਟਲ ਦੇ ਹਿਸਾਬ ਨਾਲ ਪੇਮੈਂਟ ਕੀਤੀ ਜਾਂਦੀ ਹੈ।ਇਸ ਤੋਂ ਦੇਸ਼ ਦੀ ਉੱਨਤੀ ਲਈ ਕੰਮ ਆਉਣ ਵਾਲੀ ਵੱਧ ਤੋਂ ਵੱਧ ਬਿਜਲੀ ਪੈਦਾ ਕੀਤੀ ਜਾ ਸਕੇ ਤਾਂ ਜੋ ਤੇਜੀ ਨਾਲ ਵਿਗੜ ਰਹੇ ਵਾਤਾਵਰਣ ਦੀ ਸੁਚੱਜੇ ਢੰਗ ਨਾਲ ਸਾਂਭ ਸੰਭਾਲ ਕੀਤੀ ਜਾ ਸਕੇ। ਸਰਕਾਰਾਂ ਕਿਸਾਨਾ ਨੂੰ ਇਲੈੱਕਟਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਰਾਹੀਂ (ਜਿਵੇਂ ਅੱਜ-ਕੱਲ ਇਸ਼ਤਿਹਾਰਾਂ ਦੇ ਰੂਪ ‘ਚ ਸੁਚੇਤ ਕੀਤਾ ਜਾਂਦਾ ਹੈ) ਸਰੁੱਖਿਆ ਦੇ ਮੱਦੇਨਜ਼ਰ ਇਸ਼ਤਿਹਾਰਾਂ ਰਾਹੀਂ  ਕਿਸਾਨਾਂ ਨੂੰ ਸਮੇਂ-ਸਮੇਂ ਤੇ ਜਾਣਕਾਰੀ ਮਿਲਦੀ ਰਹੇ ।ਕਿਸਾਨ ਵੀਰ ਵੀ ਇਹ ਯਕੀਨੀ ਬਣਾਉਣ ਕਿ ਸਭ ਕੁਝ ਪੈਸਾ ਹੀ ਨਹੀ ਹੈ, ਤੰਦਰੁਸਤੀ ਬਹੁਤ ਜਰੂਰੀ ਹੈ।ਤੰਦਰੁਸਤ ਵਾਤਾਵਰਣ ਨਾਲ ਹੀ ਦੇਸ਼ ਤੰਦਰੁਸਤ ਹੋਵੇਗਾ ਤਾਂ ਹੀ ਤਰੱਕੀ ਸੰਭਵ ਹੈ।  


ਬੱਬੂ ਚੱਬੇ  ਵਾਲਾ,
ਪਿੰਡ:ਡਾਕ.ਚੱਬਾ,
ਤਰਨਤਾਰਨ ਰੋਡ,
ਅੰਮ੍ਰਿਤਸਰ- 143022 ਮੋ:97817-51690

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template