ਸਾਡੇ ਪਿੰਡ ਦੇ ਨਿਆਈਂ ਵਾਲੇ ਖੂਹ ਤੇ ਕਈ ਸਿਆਣੇ ਬਜੁਰਗ ਅਤੇ ਕੁਝ ਮੁੰਡੇ ਦੁਪਹਿਰਾ ਕੱਟਣ ਲਈ ਤੂਤਾਂ ਦੀ ਛਾਂਵੇਂ ਬੈਠੇ ਆਪਸ ਵਿੱਚ ਗੱਲਾਂ ਕਰ ਰਹੇ ਸਨ।ਲੰਬੜਦਾਰਾਂ ਦਾ ਸੁੱਖਾ ਪਿੰਡ ਵੱਲ ਨੂੰ ਵੇਖਕੇ ਪਿਆਰੇ ਮਿਸਤਰੀ ਨੂੰ ਕਹਿੰਦਾ
“ਲੈ ਬਈ ਪਿਆਰਿਆ,ਅੱਜ ਤਾ ਸਰਪੰਚ ਵੀ ਆਉਦੈ।”
ਅੱਗੋਂ ਮੇਹਰੂ ਅਮਲੀ ਸਿਰ ਤੇ,ਪੋਲੇ ਜਿਹੇ ਬੰਨੇ ਦੁੱਪਟੇ ਨੂੰ ਦੋਹਾਂ ਹੱਥਾਂ ਨਾਲ ਘੁਮਾਉਂਦਾ ਹੋਇਆ,ਟਿਚੱਰ ਜਿਹੀ ਨਾਲ ਕਹਿੰਦਾ
“ਮੈਨੂੰ ਲੱਗਦੈ ਅੱਜ ਪਿੰਡ ਬਿਜਲੀ ਦਾ ਕੱਟ ਲੱਗਿਆ ਹੋਇਐ … ਇਹ ਵੀ ਤਾਂ ਹੀਂ ਆਉਂਦੈ … ਨਹੀਂ ਤਾਂ ਇਹ ਕੂਲਰ ਮੁਹਰਿਉਂ ਨਹੀਂ ਉੱਠਦਾ।ਐਨੇ ਨੂੰ ਸਰਪੰਚ ਵੀ ਕੋਲ ਆ ਗਿਆ ਤਾਂ ਲੰਬੜਾਂ ਦੇ ਸੁੱਖੇ ਨੇ ਕਿਹਾ, “ਆਊ ਜੀ ਸਰਪੰਚ ਸਾਹਿਬ … ਅੱਜ ਕਿਵੇਂ ਆਉਣੇ ਹੋਏ … ਹੋਰ ਘਰੇ ਸਭ ਸੁੱਖ ਸਾਂਦ ਹੈ … ਬਾਲ ਬੱਚਿਆਂ ਦੀ ਸੁਣਾ ਠੀਕ ਠਾਕ ਨੇ?”
“ਹਾਂ ਸੁੱਖਿਆਂ ਸਭ ਠੀਕ ਠਾਕ ਐ … ਤੁਸੀਂ ਸੁਣਾਉ ਸਾਰੇ ਰਾਜ਼ੀ ਬਾਜੀ ਓ?... ਮੈਂ ਤਾਂ ਵੈਸੇ ਹੀ ਆ ਗਿਆ … ਘਰੇ ਗਰਮੀ ਬਹੁਤ ਐ …ਜਾਣੀ ਆਹ ਗੁੰਮ ਜਿਹਾ ਤਾਂ ਅੱਜ ਜਾਨ ਕੱਢੀਂ ਜਾਂਦੈ … ਮੈਂ ਸੋਚਿਆ ਚਲੋ ਅੱਜ ਦੁਪਹਿਰਾ ਤੂਤਾਂ ਦੀ ਛਾਵੇਂ ਬੈਠਕੇ ਹੀ ਕੱਟ ਲੈਂਦੇ ਆਂ।”ਸਰਪੰਚ ਨੇ ਅਪਣੇ ਆਉਣ ਦਾ ਕਾਰਨ ਦੱਸਿਆ।
“ਲੈ ਬਈ ਸਰਪੰਚਾ ਅੱਜ ਤਾਂ ਤੇਰਾ ਭਤੀਜਾ ਧੀਰਾ ਵੀ ਆਉਦੈ।” ਗਿੰਦਰ ਕੇ ਬੁੜੇ ਚੇਤੂ ਨੇ ਧੀਰੇ ਵੱਲ ਨੂੰ ਵੇਖਕੇ ਕਿਹਾ।
ਸਰਪੰਚ ਚੇਤੂ ਬੁੜੇ ਵੱਲ ਨੂੰ ਵੇਖਕੇ ਕਹਿਣ ਲੱਗਿਆ “ਬੱਸ ਬਈ ਤਾਇਆ … ਪੁੱਛ ਨਾ ਕੁਛ … ਬਿਜਲੀ ਦਾ ਤਾਂ ਐਨਾ ਬੁਰਾ ਹਾਲ ਐ … ਬਸ ਲੰਝੇ ਡੰਗ ਹੀ ਆਉਂਦੀ ਐ ਮਾੜੀ ਮੋਟੀ … ਬੱਚਿਆਂ ਦਾ ਤਾਂ ਬਹੁਤਾ ਈ ਬੁਰਾ ਹਾਲ ਹੋਇਆ ਪਿਐ … ਸਹੁਰੇ ਵਿਲਕਦੇ ਨਹੀ ਦੇਖੇ ਜਾਂਦੇ …ਪਿੱਤ ਨਾਲ ਪਿੰਡੇ ਲਾਲ ਹੋਏ ਪਏ ਨੇ ਮਸੂਮਾਂ ਦੇ…ਤਾਇਆ ਮੈਨੂੰ ਤਾਂ ਮੀਂਹ ਵਾਲਾ ਵੀ ਉਡਾਰੀਓ ਮਾਰ ਗਿਆ ਲਗਦੈ … ਅੱਧਾ ਸੌਣ ਲੰਘ ਗਿਆ … ਐਤਕੀ ਤਾਂ ਪਸ਼ੂਆਂ ਦੇ ਪੱਠੇ ਨਹੀਂ ਹੁੰਦੇ ਲਗਦੇ।”
ਕੋਲ ਬੈਠਾ ਦੇਬੂ ਚੌਂਕੀਂਦਾਰ ਕਹਿੰਦਾ “ਹਾਂ ਭਾਈ ਇੰਦਰ ਦੇਵਤਾ ਕੁਝ ਕਰੋਪ ਹੋਇਆ ਲਗਦੈ … ਕੁੜੀਆਂ ਨੇ ਤਾਂ ਵਿਚਾਰੀਆਂ ਨੇ ਦੋ ਵਾਰੀ ਗੁੱਡੀ ਵੀ ਫੂਕਤੀ … ਪਿੰਡ ਸਾਂਝਾ ਚੌਲ਼੍ਹਾਂ ਦਾ ਭੰਡਾਰਾ ਵੀ ਕਰਤਾ … ਹੋਰ ਸਾਊ ਆਪਾਂ ਕਰ ਵੀ ਕੀ ਸਕਦੇ ਆਂ,ਡਾਢੇ ਦੀ ਮਰਜ਼ੀ ਐ ਭਾਈ।”
ਅਜੇ ਗੱਲਾਂ ਚਲ ਹੀ ਰਹੀਆਂ ਸਨ,ਤਾਂ ਇਕ ਮਾੜਕੂ ਜਿਹਾ ਬਾਬਾ, ਸਿਰ ਘੋਨ-ਮੋਨ, ਸੁਆਹ ਵਿੱਚ ਲਿਬੜਿਆ, ਤੇੜ ਲੰਗੋਟਾ,ਪੈਰੋਂ ਨੰਗਾ ਅਤੇ ਹੱਥ ਵਿੱਚ ਚਿੱਪੀ ਚਿੱਮਟਾ, ਜਿਸਨੇ ਸਾਡੇ ਕੋਲ ਆਕੇ ਜ਼ੋਰ ਨਾਲ ਅਲਖ ਜਗਾਈ “ਔਲਖ ਨਿਰੰਜਨ, ਔਲਖ ਨਿਰੰਜਨ … ਵਸਦੇ ਰਹੋ ਬੇਟਾ … ਰੱਬ ਤੁਹਾਨੂੰ ਤੰਦ-ਰੁਸਤੀਆਂ ਬਖ਼ਸੇ … ਕਾਰੋਬਾਰਾਂ ਵਿੱਚ ਬਰਕਤਾਂ ਪਾਵੇ … ਤੁਹਾਡੀਆਂ ਆਸਾਂ ਮੁਰਾਦਾਂ ਪੂਰੀਆਂ ਕਰੇ।” ਬਾਬਾ ਕਿੰਨਾ ਕੁਝ ਇਕੋ ਸਾਹੇ ਕਹਿ ਗਿਆ।
“ਆਉ ਬਾਬਾ ਜੀ ਬੈਠੋ … ਦਸੋ ਕੀ ਸੇਵਾ ਕਰੀਏ ਮਹਾਂ ਪੁਰਸ਼ਾਂ ਦੀ ,” ਸਰਪੰਚ ਨੇ ਬਾਬੇ ਤੋਂ ਪੁੱਛਿਆ।
“ਬੱਸ ਬੇਟਾ ਦੋ ਪਰਸਾਦੇ ਛਕਾ ਦਿਉ … ਹੋਰ ਕੁਝ ਨਹੀਂ ਚਾਹੀਦਾ।” ਬਾਬੇ ਨੇ ਅਪਣੇ ਮੰਨ ਦੀ ਗੱਲ ਕਹਿ ਦਿੱਤੀ।
“ਓਏ ਧੀਰਿਆ! ਜਾਹ ਅਪਣੇ ਘਰੋਂ ਬਾਬੇ ਲਈ ਰੋਟੀ ਪੁਆਕੇ ਲਿਆ … ਨਾਲੇ ਗੜਵੀ ਦੁੱਧ ਦੀ ਵੀ ਲਿਆਈਂ ਸੰਤਾਂ ਲਈ।” ਸਰਪੰਚ ਨੇ ਅਪਣੇ ਭਤੀਜੇ ਧੀਰੇ ਨੂੰ ਕਿਹਾ।
“ਚਾਚਾ ਜੀ! ਐਨਾ ਕੁਝ ਮੈਂ ਇਥੇ ਕਿਵੇਂ ਚੁੱਕੀ ਆਊਂ … ਐਂ ਕਰਦਾਂ … ਮੈਂ ਬਾਬੇ ਨੂੰ ਨਾਲ ਲਿਜਾਕੇ,ਘਰੇ ਛਕਾ ਲਿਆਉਣਾਂ … ਘੜੀ ਘੜੀ ਗੇੜੇ ਮਾਰਨ ਨਾਲੋਂ।” ਧੀਰੇ ਨੇ ਅਪਣੇ ਸਰਪੰਚ ਚਾਚੇ ਤੋਂ ਪੁੱਛਿਆ।
ਅੱਗੋਂ ਸਰਪੰਚ ਬੋਲਿਆ “ਚੰਗਾ … ਜਾਹ ਲੈਜਾ … ਪਰਸ਼ਾਦਾ ਛਕਾ ਕੇ ਸੰਤਾਂ ਨੂੰ ਨਾਲੇ ਮੋੜ ਲਿਆਈਂ।”
ਧੀਰਾ ਤੇ ਬਾਬਾ ਦੋਵੇ ਘਰ ਨੂੰ ਰੋਟੀ ਖਾਣ ਲਈ ਤੁਰ ਪਏ। ਅੱਧੇ ਕੁ ਘੰਟੇ ਬਾਅਦ ਉਹ ਘਰੋਂ ਰੋਟੀ ਖਾਕੇ ਵਾਪਸ ਖੂਹ ਉੱਤੇ ਆ ਗਏ।
ਸਰਪੰਚ ਬਾਬੇ ਵੱਲ ਨੂੰ ਮੂੰਹ ਕਰਕੇ ਕਹਿੰਦਾ “ਕਰੋ ਬਾਬਾ ਜੀ ਕੋਈ ਕਿਰਪਾ … ਕਹੋ ਇੰਦਰ ਦੇਵਤੇ ਨੂੰ … ਚਾਰ ਕਣੀਆਂ ਪਾ ਦੇਵੇ … ਸਾਡੇ ਤਾਂ ਪਸ਼ੂਆਂ ਦਾ ਵੀ ਕੱਖਾਂ ਪੱਠਿਆਂ ਖੁਣੋਂ ਬੁਰਾ ਹਾਲ ਹੈ … ਖਬਰੈ ਇੰਦਰ ਦੇਵਤਾ ਐਤਕੀਂ ਐਨਾ ਨਾਰਾਜ਼ ਕਾਹਤੋਂ ਐਂ।”
ਬੇਟਾ ਤੁਸੀਂ ਸੰਤਾਂ ਦੀ ਸੇਵਾ ਕੀਤੀ ਐ … ਤੁਹਾਡੀਆਂ ਮਨ ਦੀਆਂ ਮੁਰਾਦਾ ਪੂਰੀਆਂ ਹੋਣਗੀਆਂ … ਕੋਈ ਨਹੀਂ … ਮੀਂਹ ਵੀ ਪੈ ਜਾਊ … ਭਰੋਸਾ ਰੱਖੋ … ਚੰਗਾ ਭਾਈ ਵਸਦੇ ਰਹੋ … ਸਾਧੂ ਚਲਦੇ ਭਲ਼ੇ … ਨਗਰੀ ਵੱਸਦੀ ਭਲੀ” ਇਹ ਕਹਿਕੇ ਬਾਬਾ ਤੁਰਨ ਲੱਗਿਆ।
“ਕੋਈ ਗੱਲ ਨਹੀ … ਬਾਬਾ ਜੀ … ਬੈਠੋ ਹਾਲੇ … ਚਲੇ ਜਾਇਓ ਠੰਡਾ ਜਿਹਾ ਹੋਏ ਤੋਂ … ਤੁਹਾਡਾ ਅਪਣਾ ਨੱਗਰ ਐ … ਭਾਵੇਂ ਕੱਲ ਨੂੰ ਚਲੇ ਜਾਇਓ।” ਸਰਪੰਚ ਨੇ ਬੜੇ ਪਿਆਰ ਨਾਲ ਕਿਹਾ।
“ ਹੁਣ ਅੰਨ੍ਹਾਂ ਕੀ ਭਾਲ਼ੇ …ਦੋ ਅੱਖਾਂ … ਉਹਨੂੰ ਹੋਰ ਕੀ ਚਾਹੀਦਾ ਸੀ … ਬੈਠ ਗਿਆ ਲੋਟ ਜਿਹਾ ਹੋਕੇ।”
ਗੱਲਾਂ ਬਾਤਾਂ ਕਰਦਿਆਂ ਨੂੰ ਦੋ ਘੰਟੇ ਬੀਤ ਗਏ, ਤਾਂ ਅੰਬਰ ਵਿੱਚ ਕਾਲੀ ਘਟਾ, ਚੜ੍ਹੀ ਦਿਖਾਈ ਦਿੱਤੀ ਜੋ ਬੜੀ
ਤੇਜ ਰਫਤਾਰ ਨਾਲ ਅੱਗੇ ਵੱਧ ਰਹੀ ਸੀ।ਦੇਖਦੇ ਹੀ ਦੇਖਦੇ ਮੀਂਹ ਨੇ ਛਹਿਬਰਾਂ ਲਾ ਦਿੱਤੀਆਂ। ਦੂਰ ਦੂਰ ਤੱਕ ਖੇਤ ਨੱਕੋ ਨੱਕ ਭਰ ਗਏ।ਭਾਵੇਂ ਮੌਨਸੂਨ ਪੌਣਾ ਲੇਟ ਪਹੁੰਚੀਆਂ ਸਨ। ਪਰ ਪਿੰਡ ਦੇ ਘੱਟ ਪੜ੍ਹੇ ਲਿਖੇ ਅਤੇ ਅੰਨੁੀਂ ਸ਼ਰਧਾ ਵਾਲੇ ਅਗਿਆਨੀ ਲੋਕਾਂ ਨੂੰ ਇਹ ਬਾਬੇ ਦੀ ਕਰਾਮਾਤ ਲੱਗ ਰਹੀ ਸੀ। ਸਾਰੇ ਇਹੀ ਕਹਿ ਰਹੇ ਸਨ ਕਿ ਬਾਬਾ ਬੜਾ ਕਰਾਮਾਤੀ ਐ, ਪਹੁੰਚਿਆ ਹੋਇਆ,ਜਿਸਨੇ ਦੋ ਘੰਟੇ ਦੇ ਅੰਦਰ ਅੰਦਰ ਮੀਂਹ ਪੁਆ ਦਿੱਤਾ।ਸਾਰੇ ਪਿੰਡ ਵਾਲਿਆਂ ਨੇ ਸਲਾਹ ਕਰ ਲਈ ਕਿ ਬਾਬੇ ਨੂੰ ਜਾਣ ਨਹੀ ਦੇਣਾ।
ਨਿਆਈਂ ਵਾਲੇ ਖੂਹ ਦੇ ਕੋਲ ਹੀ ਇਕ ਸਮਾਧ ਬਣੀ ਹੋਈ ਐ,ਜਿੱਥੇ ਤਕਰੀਬਨ ਸਾਰੇ ਪਿੰਡ ਦੇ ਲੋਕ ਮੱਥਾ ਟੇਕਦੇ ਹਨ। ਉਸਦੇ ਕੋਲ ਹੀ ਇਕ ਕਮਰਾ ਬਣਿਆ ਹੋਈਆ ਹੈ।ਪਿੰਡ ਦੇ ਮੁੰਡਿਆ ਨੇ ਕਮਰਾ ਧੋਕੇ ਸਾਫ਼ ਸੁਥਰਾ ਵੀ ਕਰ ਦਿੱਤਾ ਅਤੇ ਆਲ੍ਹੇ ਦੁਆਲਿੁਉਂ ਘਾਹ ਫੂਸ ਵੀ ਖੁਰਚ ਦਿੱਤਾ। ਇਹ ਕਮਰਾ ਬਾਬੇ ਨੂੰ ਸੰਭਾਲ ਦਿੱਤਾ।
ਸ਼ਾਮ ਸਵੇਰੇ ਪਿੰਡ ਚੋਂ ਸੰਗਤਾਂ ਵੀ ਆਉਣ ਲੱਗ ਪਈਆਂ। ਕਈ ਬੰਦੇ ਤਾਂ ਉਸਦੇ ਕੋਲ ਕਾਫੀ ਹਨੇਰੇ ਤੱਕ ਬੈਠੇ ਰਹਿੰਦੇ।ਉਹ ਰੋਗੀਆਂ ਦਾ ਇਲਾਜ ਵੀ ਕਰਨ ਲੱਗ ਪਿਆ। ਲੋਹੇ ਦੇ ਚਿੱਮਟੇ ਨਾਲ ਹਥੌਲਾ ਕਰਦਾ,ਸੁਆਹ ਦੀਆਂ ਪੁੜੀਆਂ ਅਤੇ ਧਾਗੇ ਤਵੀਤ ਵੀ ਕਰਕੇ ਦਿੰਦਾ।ਲੋਕਾਂ ਨੇ ਇਹ ਗੱਲ ਇਲਾਕੇ ਵਿਚ ਅਤੇ ਦੂਰ ਦੂਰ ਦੀਆਂ ਰਿਸ਼ਤੇ ਦਾਰੀਆਂ ਵਿੱਚ ਵੀ ਫੈਲਾ ਦਿੱਤੀ। ਕਿ ਬਾਬਾ ਬਹੁਤ ਕਰਨੀ ਵਾਲਾ ਹੈ।ਉਹ ਮੀਂਹ ਪੁਆਉਣ ਵਾਲੀ ਗੱਲ ਵੀ ਹਰੇਕ ਕੋਲ ਕਰਦੇ। ਲੋਕ ਹੋਰਾਂ ਪਿੰਡਾਂ ਚੋਂ ਵੀ ਇਲਾਜ ਕਰਵਾਉਣ ਲਈ ਆਉਣ ਲੱਗ ਪਏ।ਬਾਬੇ ਦਾ ਇਹ ਠੱਕ-ਠੱਕੀਆ ਦੋ ਕੁ ਮਹੀਨੇ ਖੂਬ ਚੱਲਿਆ।
ਮੇਰੇ ਘਰ ਵਾਲੀ ਦੀ ਭੂਆ ਕਪੂਰਥਲੇ ਦੇ ਕੋਲ ਬੋਪਾਰਾਵਾਂ ਪਿੰਡ ਵਿਚ ਵਿਆਹੀ ਹੋਈ ਐ ਜੋ ਸਾਡੇ ਪਿੰਡੋਂ ਤਕਰੀਬਨ ਨੱਬੇ ਕੁ ਕਿਲੋਮੀਟਰ ਦੂਰ ਪੈਂਦਾ ਹੈ।ਭੂਆ ਦਾ ਛੋਟਾ ਮੁੰਡਾ ‘ਛਿੰਦਾ’ ਕਈ ਮਹੀਨਿਆਂ ਤੋਂ ਬਿਮਾਰ ਸੀ।ਕਾਫੀ ਡਾਕਟਰਾਂ ਨੂੰ ਦਿਖਾਇਆ ਪਰ ਅਰਾਮ ਨਹੀ ਸੀ ਆ ਰਿਹਾ।ਇਕ ਦਿਨ ਅਸੀਂ ਉਸਦੀ ਖ਼ਬਰ ਸਾਰ ਲੈਣ ਬੋਪਾਰਾਵਾਂ ਗਏ। ਮੇਰੇ ਘਰ ਵਾਲੀ ਨੇ ਭੁਆ ਕੋਲ ਸਾਡੇ ਪਿੰਡ ਵਾਲੇ ਬਾਬੇ ਦੀ ਗੱਲ ਦਸੀ। ਕਹਿਣ ਲੱਗੀ “ਭੂਆ ਜੀ!ਤੁਸੀ ਯਕੀਨ ਕਰੋ…ਕੱਲ ਨੂੰ ਛਿੰਦੇ ਨੂੰ ਸਾਡੇ ਨਾਲ ਹੀ ਲੈ ਚਲੋ… ਬਾਬਾ ਇਹਨੂੰ ਤੰਦਰੁਸਤ ਕਰਕੇ ਤੋਰੂ।”
ਦੂਜੇ ਦਿਨ ਭੂਆ ਛਿੰਦੇ ਨੂੰ ਨਾਲ ਲੈਕੇ ਸਾਡੇ ਨਾਲੇ ਸਾਡੇ ਪਿੰਡ ਆ ਗਈ।ਅਗਲੇ ਦਿਨ ਅਸੀ ਘਰ ਦਾ ਕੰਮ ਧੰਦਾ ਮੁਕਾ ਕੇ ਦਸ ਕੁ ਵਜੇ ਬਾਬੇ ਕੋਲ ਆ ਗਏ ਤਾਂ ਉਥੇ ਸਾਥੋਂ ਪਹਿਲਾਂ ਵੀ ਕੁਝ ਬੰਦੇ ਆਏ ਬੈਠੇ ਸਨ ।ਉਹ ਇਕੱਲੇ ਇਕੱਲੇ ਨੂੰ ਕੋਲ ਬੁਲਾਕੇ ਇਲਾਜ ਕਰ ਰਿਹਾ ਸੀ।ਮੈਂ ਬਾਬੇ ਦੇ ਕੋਲ ਜਾਕੇ ਕਿਹਾ ਕਿ “ਬਾਬਾ ਜੀ! ਸ਼ਾਡਾ ਰਿਸ਼ਤੇਦਾਰ ਬਹੁਤ ਤੰਗ ਐ… ਕਿਰਪਾ ਕਰਕੇ ਇਹਨੂੰ ਪਹਿਲਾਂ ਵੇਖ ਲਵੋ।”
ਉਹ ਕਹਿੰਦਾ “ਚੰਗਾ ਜਾਹ ਲਿਆ ਅਪਣੇ ਮਰੀਜ਼ ਨੂੰ ਛੇਤੀ ਕਰ।”
ਮੈਂ ਬਾਹਰ ਜਾਕੇ ਭੂਆ ਅਤੇ ਛਿੰਦੇ ਨੂੰ ਨਾਲ ਲੈਕੇ ਉਸਦੇ ਕਮਰੇ ਵਿਚ ਆ ਗਿਆ।ਬਾਬਾ ਤਾਂ ਭੂਆ ਹੋਰਾਂ ਨੂੰ ਵੇਖਕੇ ਡੌਰ–ਭਉਰ ਹੋ ਗਿਆ… ਬਹਿ ਗਿਆ ਨੀਵੀਂ ਜਿਹੀ ਪਾਕੇ।ਭੂਆ ਅਤੇ ਛਿੰਦੇ ਨੇ ਵੀ ਉਸਨੂੰ ਪਛਾਣ ਲਿਆ। ਭੂਆ ਤਾਂ ਲੱਗ ਪਈ ਊੱਚੀ-ਊੱਚੀ ਬੋਲਣ ਕਹਿੰਦੀ “ਵੇ ਗਾਮਿਆ! ਤੂੰ ਇਥੇ… ਕੰਜਰਾ … ਨਛੇੜੀਆਂ… ਲਫੰਗਿਆ … ਚੋਰਾ… ਤੈਨੂੰ ਸ਼ਰਮ ਨਹੀ ਆਉਂਦੀ…ਵੇ ਮਰਜਾ ਕੁਝ ਖਾਕੇ…ਨਹੀ ਡੋਬਲੈ ਚੱਪਣੀ ਚ ਨੱਕ… ਵੇ ਤੇਰੇ ਸੋਨੇ ਵਰਗੇ ਜੁਆਕ…ਰੁਲਦੇ ਫਿਰਦੇ ਨੇ ਗਲੀਆਂ ਚ…ਤੇਰੀ ਦੇਵੀਆਂ ਵਰਗੀ ਘਰ ਆਲੀ… ਲੋਕਾਂ ਦੇ ਝਾੜੂ ਪੋਚੇ ਲਾਕੇ ਗਜ਼ਾਰਾ ਕਰਦੀ ਐ… ਵੇ ਤੂੰ ਸਾਰੀ ਜ਼ਮੀਨ ਖਾ ਗਿਆ ਭੋਰ ਭੋਰ ਕੇ… ਹੁਣ ਐਥੇ ਬਾਬਾ ਬਣਿਆ ਬੈਠੈਂ।
ਲੋਕ ਭੂਆ ਦੀਆਂ ਗੱਲਾਂ ਸੁਣਕੇ ਹੈਰਾਨ ਹੋ ਗਏ।ਲੱਗੇ ਘੁਸਰ-ਮੁਸਰ ਜੇਹੀ ਕਰਨ,ਤਾਂ ਬਾਬਾ ਸਮੇਂ ਦੀ ਨਜ਼ਾਕਤ ਨੂੰ ਦੇਖਦਾ ਹੋਇਆ,ਅੱਖ ਬਚਾਕੇ… ਔਹ ਗਿਆ… ਔਹ ਗਿਆ
ਲੇਖਕ:-ਜਰਨੈਲ ਸਿੰਘ ‘ਮਾਗਟ’ ਖੰਨਾ
ਗੁਰੁ ਨਾਨਕ ਨਗਰ,ਗਲੀ ਨੰ:-2,ਵਾਰਡ ਨੰ:-10
ਅਮਲੋਹ ਰੋਡ ਖੰਨਾ,ਨੇੜੇ ਸੁਨੇਤ ਸਰਵਿਸ ਸਟੇਸ਼ਨ
ਜ਼ਿਲਾ- ਲੁਧਿਆਣਾ (ਪੰਜਾਬ)
ਮੋਬਾਇਲ ਨੰ:-94633-19453

0 comments:
Speak up your mind
Tell us what you're thinking... !