ਅੰਤਰ ਰਾਸ਼ਟਰੀ ਮਹਿਲਾ ਦਿਵਸ ,ਜੋ ਕਿ 8 ਮਾਰਚ ਨੂੰ ਮਨਾਇਆ ਜਾਂਦਾ ਹੈ,ਉਸ ਤੋਂ ਤਾਂ ਲੱਗਭੱਗ ਸਾਰੇ ਜਾਣੂ ਹਾਂ,ਪਰ ਅੰਤਰ ਰਾਸ਼ਟਰੀ ਮਰਦ ਦਿਵਸ ਬਾਰੇ ਅਜੇ ਸਾਰੇ ਚੰਗੀ ਤਰਾਂ ਨਹੀਂ ਜਾਣਦੇ ਹੋਣੇ।ਭਾਵੇਂ ਸਾਡੇ ਦੇਸ਼ ਬਾਰੇ ਜੇ ਇਹ ਕਹਿ ਦਿੱਤਾ ਜਾਵੇ ਕਿ ਸਾਰੇ ਹੀ 365 ਦੇ 365 ਦਿਨ ਤਾਂ ਮਰਦ ਦੇ ਹੀ ਹਨ।ਔਰਤ ਲਈ ਤਾਂ ਇੱਕ ਦਿਨ ਹੀ ਹੈ,ਉਸ ਦਿਨ ਵੀ ਸੈਮੀਨਾਰਾਂ ਆਦਿ ਤੋਂ ਵੱਧ ਕੁਝ ਨਹੀਂ ਹੁੰਦਾ,ਤਾਂ ਇਹ ਗਲਤ ਨਹੀਂ ਹੈ।ਪਰ ਅੱਜ ਅਸੀਂ ਔਰਤ-ਅਧਿਕਾਰਾਂ ਦੀ ਨਹੀਂ ਸਗੋਂ ਮਰਦਾਂ ਦੀ ਗੱਲ ਕਰਨ ਜਾ ਰਹੇ ਹਾਂ।
19 ਨਵੰਬਰ ਦਾ ਦਿਨ ਅੰਤਰ ਰਾਸ਼ਟਰੀ ਮਰਦ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਇਹ ਦਿਨ ਟਰੀਨੀਡਾਡ ਅਤੇ ਟੋਬੈਗੋ ਵਿੱਚ 1999 ਵਿੱਚ ਮਨਾਉਣਾ ਸੁਰੂ ਹੋਇਆ ਸੀ। ਇਸ ਨੂੰ ਆਸਟਰੇਲੀਆ, ਕਾਰੇਬੀਅਨ, ਉਤਰੀ ਅਮਰੀਕਾ,ਏਸ਼ੀਆ,ਯੂਰਪ ਅਤੇ ਅਫ਼ਰੀਕਾ ਚੋਂ ਵੱਖ ਵੱਖ ਵਿਅਕਤੀਆਂ ਅਤੇ ਸੰਸਥਾਵਾਂ ਵੱਲੋਂ ਹੁੰਗਾਰਾ ਮਿਲਿਆ।ਯੂਨੈਸਕੋ ਵਲੋਂ ਬੋਲਦਿਆਂ ਉਸ ਸਮੇਂ ਦੀ ਔਰਤਾਂ ਅਤੇ ਸ਼ਾਂਤੀ ਸਭਿਆਚਾਰ ਦੀ ਡਾਇਰੈਕਟਰ ਇੰਗੀਬੋਰਗ ਬਰੀਨਜ਼ ਨੇ ਅੰਤਰ ਰਾਸ਼ਟਰੀ ਮਰਦ ਦਿਵਸ ਬਾਰੇ ਕਿਹਾ, “ਇਹ ਇੱਕ ਬਹੁਤ ਹੀ ਖੂਬਸੂਰਤ ਵਿਚਾਰ ਹੈ।ਇਸ ਨਾਲ ਲਿੰਗ ਸੰਤੁਲਨ ਪੈਦਾ ਹੋਵੇਗਾ।”ਉਸ ਨੇ ਅੱਗੇ ਕਿਹਾ ਕਿ ਯੂਨੈਸਕੋ ਇਸ ਦੇ ਪ੍ਰਬੰਧਕਾਂ ਨੂੰ ਪੂਰਨ ਸਹਿਯੋਗ ਦੇਵੇਗਾ।ਮਰਦ ਦਿਵਸ ਮਨਾਉਣ ਦੇ ਕੁਝ ਉਦੇਸ਼ ਇਸ ਤਰਾਂ ਹਨ :-
*ਮਰਦਾਂ ਤੇ ਲੜਕਿਆਂ ਦੀ ਸਿਹਤ ਤੇ ਕੇਂਦਰਤ ਹੋਣਾ ।
*ਲਿੰਗ-ਸਮਾਨਤਾ ਵਿੱਚ ਸੁਧਾਰ ਲਿਆਉਣਾ ।
*ਮਰਦਾਂ ਅਤੇ ਲੜਕਿਆਂ ਵਿਰੁੱਧ ਹੋ ਰਹੀ ਵਿਤਕਰੇਬਾਜੀ ਨੂੰ ਪ੍ਰਗਟ ਕਰਨ ਦਾ ਇੱਕ ਮੌਕਾ ਦੇਣਾ।
*ਮਰਦਾਂ ਦੀਆਂ ਪ੍ਰਾਪਤੀਆਂ ਖਾਸ ਕਰਕੇ ਆਪਣੇ ਵਰਗ, ਪਰਿਵਾਰ, ਵਿਆਹ ਅਤੇ ਬੱਚਿਆਂ ਦੀ ਸੰਭਾਲ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸਲਾਹੁਣਾ।
*ਵਿਸ਼ਾਲ ਅਰਥਾਂ ਵਿੱਚ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਉਤਸ਼ਾਹਿਤ ਕਰਨੀਆਂ ।
ਮਰਦ ਦਿਵਸ ਅੱਜ 60 ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ।ਜਿਨ੍ਹਾਂ ਵਿੱਚ ਆਸਟਰੇਲੀਆ,ਭਾਰਤ,ਪਾਕਿਸਤਾਨ,ਚੀਨ, ਅਮਰੀਕਾ,ਰੋਮਾਨੀਆ,ਸਿੰਗਾਪੁਰ, ਯੂ.ਕੇ.,ਅਫ਼ਰੀਕਾ,ਡੈਨਮਾਰਕ,ਕੈਨੈਡਾ,ਫਰਾਂਸ ਅਤੇ ਇਟਲੀ ਆਦਿ ਸ਼ਾਮਿਲ ਹਨ।
ਪਹਿਲਾਂ ਇਹ ਦਿਵਸ 1960 ਵਿੱਚ 23 ਫਰਬਰੀ ਨੂੰ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ।1968 ਵਿੱਚ ਅਮਰੀਕੀ ਪੱਤਰਕਾਰ ਜੌਹਨ ਪੀ.ਹੈਰਿਸ ਨੇ ਸ਼ਲੀਨਾ ਜਰਨਲ ਵਿੱਚ
ਸੰਪਾਦਕੀ ਲਿਖੀ ਅਤੇ ਸੋਵੀਅਤ ਵੱਲੋਂ ਮਰਦ ਦਿਵਸ ਸੁਰੂ ਕਰਨ ਤੋਂ ਬਿਨਾ, ਅੰਤਰ ਰਾਸ਼ਟਰੀ ਮਹਿਲਾ ਦਿਵਸ ਦੀ ਸਥਾਪਨਾ ਕੀਤੇ ਜਾਣ ਦੀ ਨਿਖੇਧੀ ਕੀਤੀ ।ਉਸ ਅਨੁਸਾਰ ਲਿੰਗ ਸਮਾਨਤਾ ਜਰੂਰੀ ਹੈ।
ਇਸ ਦਿਵਸ ਦਾ ਸੰਕੇਤ ਹੈ।
ਹਰ ਸਾਲ ਇਸ ਦਿਨ ਇੱਕ ਖਾਸ ਵਿਸ਼ਾ ਜਾਂ ਥੀਮ ਰੱਖਿਆ ਜਾਂਦਾ ਹੈ ਅਤੇ ਬਾਕੀ ਸਾਰਾ ਸਾਲ ਉਸ ਵਿਸ਼ੇ ਨਾਲ ਸੰਬੰਧਤ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ।
2011 ਦਾ ਮਰਦ ਦਿਵਸ ਦਾ ਥੀਮ ਸੀ, “ਲੜਕਿਆਂ ਨੂੰ ਜੀਵਨ ਵਿੱਚ ਉਤਮ-ਸੰਭਵ ਸੁਰੂਆਤ ਦੇਣੀ।”
ਇਸ ਸਾਲ 2012 ਦਾ ਥੀਮ ਹੈ, “ਮਰਦਾਂ ਅਤੇ ਲੜਕਿਆਂ ਦੀ ਲੰਬੀ ਜਿੰਦਗੀ ਜੀਊਣ,ਖੁਸ਼ ਅਤੇ ਤੰਦਰੁਸਤ ਜੀਵਨ ਜੀਊਣ ਵਿੱਚ ਮੱਦਦ ਕਰਨੀ।”
ਅੰਤਰ ਰਾਸ਼ਟਰੀ ਮਰਦ ਦਿਵਸ ਦੇ ਬਾਨੀ ਸੰਸਥਾਪਕ ਡਾ.ਜੀਰੋਮ ਟੀਲੋਕ ਸਿੰਘ ਦੇ ਉਦੇਸ਼ ਹਨ :
*ਆਦਮੀਆਂ ਦੀ ਜੀਵਨ ਆਸ਼ਾ ਵਿੱਚ ਸੁਧਾਰ ਕਰਨਾ ।
*ਮਰਦਾਂ ਨੂੰ ਸਹਾਇਤਾ ਪ੍ਰਦਾਨ ਕਰਨਾ ।
*ਲੜਕਿਆਂ ਦੀ ਸਿੱਖਿਆ ਵਿੱਚ ਸੁਧਾਰ ਕਰਨਾ ।
*ਮਰਦਾਂ ਅਤੇ ਲੜਕਿਆਂ ਪ੍ਰਤੀ ਹਿੰਸਾ ਵਿਰੁੱਧ ਸਹਿਣਸ਼ੀਲਤਾ ਦੀ ਗੱਲ ਕਰਨੀ ।
*ਪਿਤਾ ਦੇ ਅਤੇ ਮਰਦ ਦੇ ਉਸਾਰੂ ਰੋਲ ਦੀ ਸ਼ਲਾਘਾ ਕਰਨੀ।
2012 ਦੇ ਥੀਮ ਤੋਂ ਸੰਸਾਰ ਸਿਹਤ ਸੰਸਥਾ ਦੇ ਅੰਕੜਿਆਂ ਅਨੁਸਾਰ ਸਾਲ ਚ’ ਅੱਧਾ ਮਿਲੀਅਨ ਲੋਕ ਹਿੰਸਾ ਕਾਰਨ ਮਰਦੇ ਹਨ ਜਿਨ੍ਹਾਂ ਚੋਂ 83% ਮਰਦ ਹੁੰਦੇ ਹਨ।ਇਸ ਲਈ ਮਰਦਾਂ ਪ੍ਰਤੀ ਹਿੰਸਾ ਨੂੰ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ।
ਦਿਨੋ ਦਿਨ ਇਹ ਦਿਵਸ ਮਨਾਉਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ । 2010 ਵਿੱਚ 49% ਲੋਕ ਇਹ ਦਿਵਸ ਮਨਾ ਰਹੇ ਸਨ।
2012 ਵਿੱਚ ਜੋ ਮੁੱਖ ਘਟਨਾਵਾਂ ਹੋਣ ਜਾ ਰਹੀਆਂ ਹਨ,ਉਹ ਹਨ:
*2 ਨਵੰਬਰ 2012 ਨੂੰ ਇੰਗਲੈਂਡ ਵਿੱਚ ਮਰਦਾਂ ਅਤੇ ਲੜਕਿਆਂ ਦੀ ਰਾਸ਼ਟਰੀ ਕਾਨਫਰੰਸ।
*19 ਨਵੰਬਰ 2012 ਨੂ ਸੰਸਾਰ ਦੇ ਵੱਖ ਵੱਖ ਹਿੱਸਿਆਂ ਵਿੱਚ ਮਰਦ ਦਿਵਸ ਮਨਾਉਣਾ।
ਇਸ ਦਾ ਗਲੋਬਲ ਹੈਡਕੁਆਰਟਰ ਯੂ.ਕੇ. ਵਿੱਚ ਹੈ ਅਤੇ ਏਸ਼ੀਆ ਦੇ ਦਫ਼ਤਰ ਭਾਰਤ ਅਤੇ ਫਿਲੀਪਾਈਨਜ਼ ਵਿੱਚ ਹਨ।
ਭਾਰਤ ਵਿੱਚ ਮਰਦਾਂ ਦੇ ਅਧਿਕਾਰਾਂ ਦੀ ਸੰਸਥਾ “ਸੇਵ ਇੰਡੀਅਨ ਫੈਮਿਲੀ” ਹੈ ਜੋ 2007 ਤੋਂ ਕੰਮ ਕਰ ਰਹੀ ਹੈ।
ਇੰਟਰਨੈਸ਼ਨਲ ਮੈਨਜ਼ ਡੇ ਮਾਰਫ਼ਤ ਡੈਡਜ਼ ਫਾਰ ਕਿਡਜ਼ ਫਾਊਂਡੇਸ਼ਨ ਇਸ ਦੀ ਸੰਚਾਲਕ ਹੈ।ਹਰ ਰੋਜ਼ ਇਸ ਦਿਵਸ ਨੂੰ ਮਨਾਉਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ।ਅਸਲ ਵਿੱਚ ਔਰਤ ਨੂੰ ਮਿਲੇ ਵੱਧ ਅਧਿਕਾਰਾਂ ਦਾ ਫ਼ਾਇਦਾ ਲੈਂਦਿਆਂ ਕਈ ਥਾਈਂ ਮਰਦਾਂ ਤੇ ਝੂਠੇ ਕੇਸ ਪਾਉਣ ਜਾਂ ਉਨ੍ਹਾਂ ਦੇ ਸ਼ੋਸ਼ਣ ਦੀਆਂ ਖਬਰਾਂ ਵੀ ਹਨ।ਸ਼ਾਇਦ ਇਸੇ ਕਾਰਨ ਇਸ ਦਿਵਸ ਦੀ ਮਰਦਾਂ ਵਿੱਚ ਲੋਕ ਪ੍ਰਿਯਤਾ ਵਧ ਰਹੀ ਹੈ।ਆਸ ਕਰਾਂਗੇ ਕਿ ਇੱਕ ਦਿਨ ਅਸੀਂ ਇਨਸਾਨ ਨੂੰ ਸਿਰਫ਼ ਇਨਸਾਨ ਦੇ ਰੂਪ ਵਿੱਚ ਸਤਿਕਾਰ ਦੇਣ ਦੇ ਯੋਗ ਹੋ ਜਾਂਵਾਂਗੇ।
ਜਸਵਿੰਦਰ ਸਿੰਘ “ਰੁਪਾਲ”
9814715796
ਲੈਕਚਰਰ ਅਰਥ ਸ਼ਾਸ਼ਤਰ,
ਸਰਕਾਰੀ ਸੀਨੀ.ਸੈਕੰ.ਸਕੂਲ,
ਭੈਣੀ ਸਾਹਿਬ (ਲੁਧਿਆਣਾ)-141126


0 comments:
Speak up your mind
Tell us what you're thinking... !