ਅਜੋਕੇ ਤੇਜ਼ ਰਫ਼ਤਾਰੀ ਤੇ ਮਤਲਬਪ੍ਰਸਤੀ ਦੇ ਦੌਰ ਵਿੱਚ ਮਨੁੱਖੀ ਕਦਰਾਂ-ਕੀਮਤਾਂ ਤੇ ਇਨਸਾਨੀਅਤ ਸਭ ਮਨਫ਼ੀ ਹੋ ਰਹੇ ਹਨ । ਹਰ ਕੋਈ ਇਕ ਦੂਜੇ ਨੂੰ ਠਿੱਬੀ ਲਗਾ ਕੇ ਵੱਧ ਤੋਂ ਵੱਧ ਧੰਨ ਦੌਲਤ ਤੇ ਪਦਾਰਥ ਇਕੱਠੇ ਕਰਨ ਦੇ ਜੁਗਾੜ ਵਿੱਚ ਲੱਗਿਆ ਹੋਇਆ ਹੈ । ਪੈਸੇ ਦੀ ਇਸ ਅੰਧਾਧੁੰਦ ਲੱਗੀ ਦੌੜ ਵਿੱਚ ਆਪਣਾ ਸੁੱਖ-ਆਰਾਮ, ਲੋਭ-ਲਾਲਚ ਤਿਆਗ ਕੇ ਮਹਾਨ ਗੁਰੂਆਂ ਦੇ ਦਰਸਾਏ ਮਾਰਗ ਲੋੜਵੰਦ, ਬੇਸਹਾਰਾ ਅਤੇ ਅਪਾਹਜ਼ ਲੋਕਾਂ ਦੀ ਸੇਵਾ ਸੰਭਾਲ ਤੇ ਮੱਦਦ ਕਰਕੇ ਆਪਣੇ ਆਪ ਨੂੰ ਸੁਖੀ ਤੇ ਸੰਤੁਸ਼ਟ ਮਹਿਸੂਸ ਕਰਨ ਵਾਲੇ ਇਨਸਾਨ ਦਾ ਨਾਂਅ ਡਾ: ਨੌਰੰਗ ਸਿੰਘ ਮਾਂਗਟ ਹੈ ਜਿਸਦਾ ਸਾਰਾ ਸਮਾਂ ਗੁਰੂ ਅਮਰਦਾਸ ਅਪਾਹਜ ਆਸ਼ਰਮ ਸਰਾਭਾ ਵਿੱਚ ਰਹਿੰਦੇ ਲੋੜਵੰਦ ਬਜ਼ੁਰਗ, ਬੇਸਹਾਰਾ ਅਤੇ ਅਪੰਗ ਲੋਕਾਂ ਦੀ ਮਲੱਮ-ਪੱਟੀ ਤੇ ਉਹਨਾਂ ਦੀ ਸਾਂਭ-ਸੰਭਾਲ ਕਰਦਿਆਂ ਲੰਘਦਾ ਹੈ । ਲੁਧਿਆਣੇ ਜ਼ਿਲ੍ਹੇ ਦੇ ਪਿੰਡ ਜਟਾਣਾ (ਨੇੜੇ ਦੋਰਾਹਾ) ਵਿਖੇ 10 ਫਰਵਰੀ 1951 ਨੂੰ ਮੱਧਵਰਗੀ ਕਿਸਾਨ ਪਿਤਾ ਹਰਨਾਮ ਸਿੰਘ ਤੇ ਮਾਤਾ ਗੁਰਦਿਆਲ ਕੌਰ ਦੇ ਘਰ ਜਨਮੇਂ ਨੌਰੰਗ ਸਿੰਘ ਮਾਂਗਟ ਦੇ ਪਰਿਵਾਰ ਵਿੱਚ ਕੋਈ ਮੈਂਬਰ ਪੜ੍ਹਿਆ-ਲਿਖਿਆ ਨਾ ਹੋਣ ਦੇ ਬਾਵਜੂਦ ਵੀ ਆਪ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਅੰਕੜਾ ਵਿਗਿਆਨ ਦੀ ਪੀ.ਐਚ.ਡੀ. ਕਰਕੇ ਪੀ.ਏ.ਯੂ. ਲੁਧਿਆਣਾ ਵਿਖੇ ਹੀ ਪ੍ਰੋਫੈਸਰ ਵਜੋਂ ਲੰਮਾ ਸਮਾਂ ਸੇਵਾ ਨਿਭਾਈ । ਆਪ ਜੀ ਵੱਲੋਂ ਲਿਖੇ ਅਨੇਕਾਂ ਖੋਜ ਭਰਪੂਰ ਪੱਤਰ ਇੰਗਲੈਂਡ, ਕੈਨੇਡਾ, ਅਮਰੀਕਾ, ਜਰਮਨੀ, ਇਟਲੀ ਅਤੇ ਮੈਕਸੀਕੋ ਵਿੱਚ ਪ੍ਰਕਾਸ਼ਿਤ ਹੋਏ । ਡਾ: ਮਾਂਗਟ ਦੀ ਯੋਗਤਾ ਤੇ ਕਾਬਲੀਅਤ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੂੰ ਵਿੰਡਸਰ ਯੂਨੀਵਰਸਿਟੀ ਕੈਨੇਡਾ ਦੇ ਪ੍ਰੋਫੈਸਰ ਡਾ: ਡੈਰਿਕ ਟਰੇਸੀ ਵੱਲੋਂ ਸੰਨ 1994 ਵਿੱਚ ਵਿਸ਼ੇਸ਼ ਤੌਰ ਤੇ ਕੈਨੇਡਾ ਬੁਲਾਇਆ ਗਿਆ, ਜਿੱਥੇ ਇਹਨਾਂ ਵੱਲੋਂ ਲਿਖੇ ਕਈ ਖੋਜ ਭਰਪੂਰ ਪੇਪਰ ਪ੍ਰਕਾਸ਼ਿਤ ਹੋਏ । ਡਾ: ਮਾਂਗਟ ਤੇ ਡਾ: ਰਵਿੰਦਰਾ ਸਿੰਘ ਵੱਲੋਂ ਸਾਂਝੇ ਤੌਰ ਤੇ ਲਿਖੀ ’ਐਲੀਮੈਂਟਸ ਆਫ਼ ਸਰਵੇ ਸੈਂਪਲਿੰਗ’ ਖੋਜ ਭਰਪੂਰ ਪੁਸਤਕ ਨੂੰ ਕਲੂਵਰ ਐਕਡੈਮਿਕ ਪਬਲਿਸ਼ਰ ਨੀਦਰਲੈਂਡ, ਲੰਡਨ ਅਤੇ ਬੋਸਟਨ (ਅਮਰੀਕਾ) ਵੱਲੋਂ ਧੰਨਵਾਦ ਸਾਹਿਤ ਛਾਪਿਆ ਗਿਆ । ਆਪ 1996 ਵਿੱਚ ਪੀ.ਏ.ਯੂ. ਤੋਂ ਅਸਤੀਫਾ ਦੇ ਕੇ ਸਕਿਲ ਕੈਟਾਗਰੀ ਅਧੀਨ ਪਰਿਵਾਰ ਸਮੇਤ ਕੈਨੇਡਾ ਚਲੇ ਗਏ । ਉਥੇ ਇਹਨਾਂ ਨੇ ਯੋਗਤਾ ਦੇ ਆਧਾਰ ਤੇ ਸੀਨੀਅਰ ਸਾਇੰਸਦਾਨ ਵਜੋਂ ਮੌਰੀਸਨ ਸਾਇੰਟਿਫਿਕ ਰੀਸਰਚ ਕੰਪਨੀ ਕੈਲਗਰੀ ਵਿੱਚ ਲੰਮਾ ਸਮਾਂ ਆਪਣੀਆਂ ਸੇਵਾਵਾਂ ਦਿੱਤੀਆਂ । ਵੱਖ-ਵੱਖ ਦੇਸ਼ਾਂ ਵਿੱਚ ਇਕ ਸਫਲ ਸਾਇੰਸਦਾਨ ਵਜੋਂ ਲਗਾਤਾਰ 30 ਸਾਲ ਸੇਵਾ ਨਿਭਾਉਣ ਅਤੇ ਪਰਿਵਾਰ ਦੇ ਆਤਮ ਨਿਰਭਰ ਹੋਣ ਉਪਰੰਤ ਆਪ ਜੀ ਦੇ ਮਨ ਵਿੱਚ ਬਾਕੀ ਦੀ ਰਹਿੰਦੀ ਜਿੰਦਗੀ ਬੇਸਹਾਰਾ, ਅਪੰਗ ਤੇ ਲੋੜਵੰਦ ਲੋਕਾਂ ਦੇ ਲੇਖੇ ਲਾਉਣ ਦੀ ਇੱਛਾ ਪੈਦਾ ਹੋਈ । ਇਸ ਮਿਸ਼ਨ ਦੀ ਪੂਰਤੀ ਲਈ ਡਾ: ਨੌਰੰਗ ਸਿੰਘ ਮਾਂਗਟ ਨੇ ਅੰਮ੍ਰਿਤਸਰ ਪਿੰਗਲਵਾੜੇ ਦੇ ਬਾਨੀ ਭਗਤ ਪੂਰਨ ਸਿੰਘ, ਮਦਰ ਟਰੇਸਾ ਅਤੇ ਹੋਰ ਮਹਾਨ ਪੁਰਸ਼ਾਂ ਦੀਆਂ ਜੀਵਨੀਆ ਪੜ੍ਹੀਆਂ । ਇਹਨਾਂ ਲੋਕਾਂ ਦੇ ਜੀਵਨ ਸੰਘਰਸ਼ ਤੇ ਮਿਸ਼ਨ ਤੋਂ ਪ੍ਰੇਰਣਾ ਲੈ ਕੇ ਡਾ: ਮਾਂਗਟ ਨੇ ’ਗੁਰੂ ਅਮਰਦਾਸ ਅਪਾਹਜ ਆਸ਼ਰਮ’ ਚੈਰੀਟੇਬਲ ਸੰਸਥਾ ਦੀ ਸਥਾਪਨਾ ਕੀਤੀ । ਇਸ ਸੰਸਥਾ ਦੇ ਵਰਤਮਾਨ ਮੈਂਬਰ ਸੂਬੇਦਾਰ ਗੁਰਦਿਆਲ ਸਿੰਘ ਅੱਬੂਵਾਲ, ਮੇਜਰ ਸਿੰਘ ਦਾਦ, ਹਰਦਮ ਸਿੰਘ ਸਾਬਕਾ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਤੇ ਗੁਰਜੀਤ ਸਿੰਘ ਮਾਛੀਵਾੜਾ ਗੁਰੂ ਅਮਰਦਾਸ ਅਪਾਹਜ ਆਸ਼ਰਮ ਚਲਾਉਣ ਲਈ ਡਾ: ਮਾਂਗਟ ਨੂੰ ਪੂਰਨ ਸਹਿਯੋਗ ਦੇ ਰਹੇ ਹਨ । ਇਸ ਸੰਸਥਾ ਦਾ ਮੁੱਖ ਉਦੇਸ਼ ਬੇਸਹਾਰਾ, ਲੋੜਵੰਦ ਤੇ ਅਪਾਹਜ਼ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਰੋਟੀ, ਕੱਪੜਾ, ਮਕਾਨ ਦੇ ਨਾਲ ਨਾਲ ਦਵਾਈਆਂ ਦੀ ਸੇਵਾ ਕੀਤੀ ਜਾਂਦੀ ਹੈ । ਇਸ ਟਰੱਸਟ ਦੀ ਸਥਾਪਨਾ ਦੇ ਆਰੰਭ ਵਿੱਚ ਕਈ ਸਾਲ ਡਾ: ਮਾਂਗਟ ਸਾਈਕਲ ਤੇ ਘੁੰਮ-ਫਿਰ ਕੇ ਝੁੱਗੀ-ਝੌਂਪੜੀ ਅਤੇ ਸੜਕਾਂ ਦੇ ਕੰਢੇ ਪਏ ਗਰੀਬ, ਬੇਸਹਾਰਾ ਤੇ ਲੋੜਵੰਦ ਲੋਕਾਂ ਦੀ ਆਪਣੀ ਸਮੱਰਥਾ ਮੁਤਾਬਿਕ ਸਹਾਇਤਾ ਕਰਦੇ ਰਹੇ ਅਤੇ ਫਿਰ ਅਪਾਹਜ ਲੋਕਾਂ ਦੀ ਸਹੂਲਤ ਲਈ ਆਸ਼ਰਮ ਦੀ ਬਿਲਡਿੰਗ ਬਣਾਉਣ ਲਈ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਦੇ ਜੱਦੀ ਪਿੰਡ ਸਰਾਭਾ ਤੋਂ ਸਹੌਲੀ ਜਾਣ ਵਾਲੀ ਸੜਕ ਤੇ ਜਮੀਨ ਖਰੀਦੀ ਤੇ ਉਸ ਉਪਰ ਆਸ਼ਰਮ ਦੀ ਬਿਲਡਿੰਗ ਬਣਾਉਣ ਦਾ ਕਾਰਜ ਆਰੰਭਿਆ । ਇਹਨਾਂ ਦੀ ਅਣਥੱਕ ਮਿਹਨਤ ਵਜੋਂ ਅੱਜ ਗੁਰੂ ਅਮਰਦਾਸ ਅਪਾਹਜ਼ ਆਸ਼ਰਮ ਸਰਾਭਾ ਦੀ ਬਿਲਡਿੰਗ ਦਾ ਇਕ ਪਾਰਟ ਤਿਆਰ ਹੋ ਚੁੱਕਾ ਹੈ ਜਿੱਥੇ ਅੱਜ ਕਈ ਲੋੜਵੰਦ ਅਪਾਹਜ਼ ਤੇ ਬੇਸਹਾਰਾ ਲੋਕ ਆਪਣਾ ਜੀਵਨ ਨਿਰਵਾਹ ਕਰ ਰਹੇ ਹਨ । ਆਸ਼ਰਮ ਵਿੱਚ ਸਾਫ-ਸਫਾਈ, ਖਾਣ-ਪੀਣ ਤੇ ਡਾਕਟਰੀ ਸਹੂਲਤਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ । ਜਦਕਿ ਇਸ ਆਸ਼ਰਮ ਦੀ ਪੂਰੀ ਬਿਲਡਿੰਗ ਮੁਕੰਮਲ ਹੋਣ ਤੇ ਕੋਈ 300 ਦੇ ਕਰੀਬ ਲੋੜਵੰਦ ਇਸ ਵਿੱਚ ਰਹਿ ਸਕਣਗੇ । ਡਾ: ਮਾਂਗਟ ਦੇ ਦੱਸਣ ਅਨੁਸਾਰ ’ਗੁਰੂ ਅਮਰਦਾਸ ਅਪਾਹਜ ਆਸ਼ਰਮ’ ਚੈਰੀਟੇਬਲ ਟਰੱਸਟ ਅਧੀਨ ਲਈ ਗਈ ਜਮੀਨ, ਗੱਡੀਆਂ ਤੇ ਹੋਰ ਕੀਮਤੀ ਸਮਾਨ ਵਗੈਰਾ ਸਭ ਸੰਸਥਾ ਦੇ ਨਾਂਅ ਤੇ ਹੈ । ਕੁੱਝ ਵੀ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਂਅ ਤੇ ਨਹੀਂ ਹੈ । ਰਾਇਲ ਸਟੈਟਿਸਟੀਕਲ ਸੁਸਾਇਟੀ ਲੰਡਨ ਦੇ ਸਾਬਕਾ ਫੈਲੋ ਡਾ: ਨੌਰੰਗ ਸਿੰਘ ਮਾਂਗਟ ਦੇ ਦੱਸਣ ਅਨੁਸਾਰ ਉਸ ਵੱਲੋਂ ਈਜ਼ਾਦ ਕੀਤੀਆਂ ਕਈ ਤਕਨੀਕਾਂ ਵਿਦੇਸ਼ੀ ਮੁਲਕਾਂ ਦੇ ਸਾਇੰਸਦਾਨਾਂ ਵੱਲੋਂ ਆਪਣੀਆਂ ਕਿਤਾਬਾਂ ਵਿੱਚ ਛਾਪੀਆਂ ਜਾ ਚੁੱਕੀਆਂ ਹਨ । ਡਾ: ਮਾਂਗਟ ਦੇ ਕਹਿਣ ਅਨੁਸਾਰ ਉਹ ਇਹ ਸਾਰੇ ਲੋਕ ਸੇਵਾ ਤੇ ਸਮਾਜ ਭਲਾਈ ਦੇ ਕੰਮ ਆਪਣੀ ਪਤਨੀ ਪਰਮਜੀਤ ਕੌਰ ਸਾਬਕਾ ਅਧਿਆਪਕਾ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਲੁਧਿਆਣਾ ਦੇ ਸਹਿਯੋਗ ਨਾਲ ਕਰ ਸਕਿਆ ਹੈ । ਡਾ: ਨੌਰੰਗ ਸਿੰਘ ਮਾਂਗਟ ਨੇ ਦੱਸਿਆ ਕਿ ਸਾਨੂੰ ਜਿੱਥੇ ਕਿਤੇ ਵੀ ਕੋਈ ਅਪਾਹਜ, ਬੇਸਹਾਰਾ ਤੇ ਲੋੜਵੰਦ ਬਜ਼ੁਰਗ ਮਿਲਦਾ ਹੈ ਜਾਂ ਦੱਸ ਪੈਂਦੀ ਹੈ ਤਾਂ ਅਸੀਂ ਉਸ ਲੋੜਵੰਦ ਨੂੰ ਆਸ਼ਰਮ ਵਿੱਚ ਲਿਆ ਕੇ ਘਰ ਪਰਿਵਾਰ ਵਾਲਾ ਮਾਹੌਲ, ਖਾਣਾ, ਰਹਿਣਾ ਦੇਣ ਦੀ ਕੋਸ਼ਿਸ਼ ਕਰਦੇ ਹਾਂ ।
ਜਗਦੇਵ ਸਿੰਘ ਗੁੱਜਰਵਾਲ
ਪਿੰਡ ਤੇ ਡਾਕਖਾਨਾ ਗੁੱਜਰਵਾਲ
ਜ਼ਿਲ੍ਹਾ ਲੁਧਿਆਣਾ ।
ਮੋ: 99149-28048


0 comments:
Speak up your mind
Tell us what you're thinking... !