ਮਿਸਤਰੀ ਸੁਰਜੀਤ ਸਿੰਘ ਦਾ ਪਰਿਵਾਰ ਸੁਰੂ ਤੋਂ ਹੀ ਮਿਹਨਤੀ ਸੀ।ਉਹ ਆਪ ਅਤੇ ਦੋਵੇਂ ਲੜਕੇ ਕੰਮ ਨੂੰ ਪੂਰੀ ਤਰਾਂ ਸਮਰਪਿਤ ਸਨ।ਹੁਣ ਤੱਕ ਸੁਰਜੀਤ ਸਿੰਘ ਨੇ ਤਾਂ ਆਪਣੇ ਪੁਰਖਿਆਂ ਵਾਂਗ ਸੇਪੀਆਂ ਦਾ ਕੰਮ ਹੀ ਕੀਤਾ ਸੀ।ਜਿਮੀਦਾਰਾਂ ਦੇ ਘਰੋਂ ਅੰਨ ਦਾਣੇ ਆਦਿ ਆ ਜਾਂਦੇ ਸਨ ਜਿਸ ਦੇ ਬਦਲੇ ਉਹ ਉਨ੍ਹਾਂ ਦੇ ਹਰ ਤਰਾਂ ਦੇ ਲੱਕੜ ਨਾਲ ਸੰਬੰਧਿਤ ਕੰਮ ਹਲ ਪੰਜਾਲੀ ਤੋਂ ਲੈ ਕੇ ਮੰਜਿਆਂ ਦੀ ਠੋਕ ਠੁਕਾਈ ਤੱਕ ਦਾ ਕੰਮ ਕਰ ਦਿੰਦਾ ਸੀ।
ਸਮਾਂ ਬਦਲ ਰਿਹਾ ਸੀ।ਹੁਣ ਉਹ ਗੱਲ ਨਹੀਂ ਸੀ ਰਹੀ।ਮਸ਼ੀਨਰੀ ਦਾ ਯੁੱਗ ਆ ਗਿਆ ਸੀ।ਜਿਮੀਦਾਰਾਂ ਦਾ ਲੱਕੜੀ ਦਾ ਕਰਵਾਉਣ ਵਾਲਾ ਕੰਮ ਘਟ ਰਿਹਾ ਸੀ।ਇਸ ਲਈ ਸੁਰਜੀਤ ਸਿੰਘ ਨੇ ਵੱਡੇ ਲੜਕੇ ਨੂੰ ਸ਼ਹਿਰ ਵਿੱਚ ਜੋੜੀਆਂ ਪੱਲੇ ਦੇ ਕੰਮ ਤੇ ਲਗਾ ਦਿੱਤਾ ਸੀ।ਫਰਨੀਚਰ ਦਾ ਕੰਮ ਵੀ ਉਹ ਚੰਗਾ ਕਰਨ ਲੱਗ ਪਿਆ ਸੀ ਅਤੇ ਹੌਲੀ ਹੌਲੀ ਕੰਮ ਵਿੱਚ ਮਾਹਰ ਹੋ ਗਿਆ ਸੀ।ਸੁਰਜੀਤ ਦੀਆਂ ਤਿੰਨ ਧੀਆਂ ਵਿੱਚੋਂ ਦੋ ਉਹ ਵਿਆਹ ਚੁੱਕਿਆ ਸੀ ਅਤੇ ਤੀਜੀ ਧੀ ਮਨਦੀਪ ਅਤੇ ਛੋਟਾ ਬੇਟਾ ਸਤਬੀਰ ਨੂੰ ਸੁਰਜੀਤ ਨੇ ਪੜ੍ਹਾਇਆ ਸੀ।ਮਨਦੀਪ ਬਾਰਾਂ ਜਮਾਤਾਂ ਪਾਸ ਕਰ ਗਈ ਸੀ।ਅੱਗੇ ਕਾਲਜ ਨੇੜੇ ਨਾ ਹੋਣ ਕਾਰਨ ਨਹੀਂ ਸੀ ਲਗਾਈ।ਉਹ ਪ੍ਰਾਈਵੇਟ ਹੋਰ ਅੱਗੇ ਪੜ੍ਹ ਰਹੀ ਸੀ।ਸਤਬੀਰ ਕਾਲਜ ਵਿੱਚ ਬੀ ਕਾਮ ਦੇ ਤੀਜੇ ਸਾਲ ਵਿੱਚ ਸੀ।
ਸਤਬੀਰ ਨੂੰ ਕਾਲਜ ਪੜ੍ਹਦਿਆਂ ਦੋ ਸਾਲ ਹੋ ਗਏ ਸਨ,ਪਰ ਉਸ ਵਿੱਚ ਕਾਲਜੀਏਟ ਮੁੰਡਿਆਂ ਵਾਲੀ ਕੋਈ ਗੱਲ ਨਹੀਂ ਸੀ।ਉਸ ਨੇ ਆਪਣੇ ਪਰਿਵਾਰ ਚੋਂ ਸਿੱਖੀ ਕੰਮ ਕਰਨ ਦੀ ਆਦਤ ਵੀ ਨਹੀਂ ਸੀ ਛੱਡੀ ।ਉਹ ਆਪਣੇ ਮਾਤਾ-ਪਿਤਾ ਦਾ ਅਤੇ ਹੋਰ ਸਾਰਿਆਂ ਦਾ ਸਤਿਕਾਰ ਕਰਨ ਵਾਲਾ ਬੀਬਾ ਮੁੰਡਾ ਸੀ।ਹਾਂ,ਕਾਲਜ ਪੜ੍ਹਨ ਨਾਲ ਇੱਕ ਗੱਲ ਦਾ ਉਸ ਵਿੱਚ ਬਾਕੀ ਪਰਿਵਾਰ ਨਾਲੋਂ ਫ਼ਰਕ ਸੀ। ਉਹ ਵਿਗਿਆਨਕ ਵਿਚਾਰਧਾਰਾ ਵਾਲਾ ਬਣ ਗਿਆ ਸੀ।ਅਤੇ ਪੁਰਾਣੇ ਰਸਮ-ਰਿਵਾਜ ਅਤੇ ਵਿਸ਼ਵਾਸ਼ ਮਨੋਂ ਕੱਢ ਚੁੱਕਾ ਸੀ।
ਸੁਰਜੀਤ ਆਪ ਅਤੇ ਉਸਦੀ ਪਤਨੀ ਜਸਵੰਤ ਕੌਰ ਦਾਦੇ ਪੜਦਾਦੇ ਵੇਲੇ ਤੋਂ ਹੀਆਪਣੀ ਰਾਮਗੜ੍ਹੀਆ ਬਰਾਦਰੀ ਨਾਲ ਪੂਰੀ ਤਰਾਂ ਜੁੜੇ ਹੋਏ ਸਨ।ਉਨ੍ਹਾਂ ਵਿਸ਼ਵਕਰਮਾ ਦਿਵਸ ਵਾਲੇ ਦਿਨ ਛੁੱਟੀ ਵੀ ਕਰਨੀ।ਸੁਰਜੀਤ ਸਿੰਘ ਨੇ ਕੋਈ ਜਰੂਰੀ ਕੰਮ ਵੀ ਇਸ ਦਿਨ ਨਹੀਂ ਸੀ ਕੀਤਾ।ਇਸ ਦਿਨ ਉਹ ਸਵੇਰੇ ਹੀ ਆਪਣੇ ਸੰਦਾਂ ਨੂੰ ਧੋਂਦਾ,ਅਗਰਬੱਤੀ ਬਗੈਰਾ ਕਰਦਾ ।ਰਾਮਗੜ੍ਹੀਆ ਮੰਦਰ ਵੀ ਜਾਂਦਾ।ਅਤੇ ਫਿਰ ਆਪਣੇ ਗੋਤ ਦੇ ਵੱਡੇ ਵਡੇਰਿਆਂ ਦੇ ਸਥਾਨ ਰੱਖੜੇ ਵੀ ਪਰਿਵਾਰ ਸਮੇਤ ਜਰੂਰ ਜਾਂਦਾ।ਆਪਣੇ ਵਿੱਤ ਅਨੁਸਾਰ ਉਹ ਰੱਖੜੇ ਜਾਂ ਹੋਰ ਵਿਸ਼ਕਰਮਾ ਭਵਨ ਦੀ ਉਸਾਰੀ ਜਾਂ ਇਸ ਤਰਾਂ ਦੇ ਸਾਂਝੇ ਕੰਮ ਲਈ ਯੋਗਦਾਨ ਵੀ ਪਾਉਂਦਾ।ਉਸਦੇ ਪੁਰਖਿਆਂ ਨੇ ਉਸ ਨੂੰ ਇਹੀ ਸੰਸਕਾਰ ਦਿੱਤੇ ਸਨ,ਜਿਨ੍ਹਾਂ ਦੀ ਉਹ ਕਈ ਸਾਲਾਂ ਤੋਂ ਪਾਲਣਾ ਕਰਦਾ ਆ ਰਿਹਾ ਸੀ।ਸੁਰਜੀਤ ਸਿੰਘ ਨੂੰ ਇਹ ਸਭ ਕਰ ਕੇ ਇੱਕ ਮਾਨਸਿਕ ਸਕੂਨ ਜਿਹਾ ਮਿਲਦਾ।
ਸਤਬੀਰ ਪਹਿਲਾਂ ਪਹਿਲਾਂ ਤਾਂ ਆਪਣੇ ਪਰਿਵਾਰ ਨਾਲ ਇਹ ਸਭ ਕੁਝ ਕਰਦਾ ਰਿਹਾ,ਪਰ ਪਿਛਲੇ ਸਾਲ ਕੁ ਤੋਂ ਉਹ ਇਸ ਸਭ ਕੁਝ ਤੋਂ ਪਾਸਾ ਵੱਟਣ ਲੱਗ ਪਿਆ ਸੀ।ਕਦੇ ਕਦੇ ਸੁਰਜੀਤ ਸਿੰਘ ਨਾਲ ਸਵਾਲ ਜਵਾਬ ਵੀ ਕਰਦਾ,ਪਰ ਬਾਪੂ ਦਾ ਵਤੀਰਾ ਦੇਖ ਕੇ ਚੁੱਪ ਕਰ ਜਾਦਾ ਅਤੇ ਬਹੁਤੀ ਬਹਿਸ ਵਿੱਚ ਨਾ ਪੈਂਦਾ।ਉਸਦੀ ਸੋਚ ਵਿੱਚ ਕਾਫੀ ਤਬਦੀਲੀ ਆ ਗਈ ਸੀ।ਕਦੇ ਉਹ ਜੋਤਸ਼ੀਆਂ ਦੇ ਵਿਰੁੱਧ ਬੋਲਦਾ,ਕਦੇ ਭੂਤਾਂ ਪਰੇਤਾਂ ਨੂੰ ਖਿਆਲੀ ਵਹਿਮ ਦੱਸਦਾ,ਕਦੇ ਸੰਤ ਬਾਬਿਆਂ ਨੂੰ ਸ਼ਰਧਾ ਨੂੰ ਲੁੱਟਣ ਵਾਲੇ ਦੱਸਦਾ। ਸੁਰਜੀਤ ਨੂੰ ਇੰਨਾ ਕੁਝ ਚੰਗਾ ਨਹੀਂ ਸੀ ਲੱਗਦਾ।ਉਸ ਦਾ ਵਿਸ਼ਵਾਸ਼ ਸੀ ਕਿ ਸਾਨੂੰ ਕਿਸੇ ਦੀ ਨਿੰਦਾ ਨਹੀਂ ਕਰਨੀ ਚਾਹੀਦੀ।ਬਾਕੀ ਜਿਵੇਂ ਸਦੀਆਂ ਤੋਂ ਮਾਣ-ਸਨਮਾਨ ਬਣੇ ਹਨ,ਲੋਕ ਪੂਜਾ ਕਰ ਰਹੇ ਹਨ,ਆਖਿਰ ਕੁਝ ਹੈ ਤਦ ਹੀ ਮਾਣ ਮਿਲਦਾ ਏ ।ਐਂਵੇਂ ਤਾ ਕੋਈ ਕਿਸੇ ਨੂੰ ਮੰਨਣ ਨਹੀਂ ਲੱਗ ਜਾਂਦਾ।
ਸਤਬੀਰ ਆਪਣੇ ਵੱਡੇ ਵੀਰ ਜਗਸੀਰ ਨਾਲ ਖੁਲ ਕੇ ਵਿਚਾਰ ਕਰਦਾ। ਬਾਪੂ ਜੀ ਦਾ ਤਾਂ ਸਤਿਕਾਰ ਹੋਣ ਕਰਕੇ ਬਹੁਤੀ ਗੱਲ ਕੱਟ ਨਾ ਸਕਦਾ,ਪਰ ਜਗਸੀਰ ਨਾਲ ਚਂਗੀ ਦਲੀਲਬਾਜੀ ਵਿੱਚ ਗੱਲ ਹੁੰਦੀ।ਉਸ ਨੂੰ ਸਤਬੀਰ ਦੀਆਂ ਗੱਲਾਂ ਚੰਗੀਆਂ ਵੀ ਲਗਦੀਆਂ,ਪਰ ਉਸ ਦਾ ਵਿਸ਼ਵਾਸ਼ ਸੀ ਕਿ ਸੁੱਖਾਂ ਤਾਂ ਲਾਜਮੀ ਵਰ ਆਉਂਦੀਆਂ ਹਨ,ਅਤੇ ਬਣੀਆਂ ਧਾਰਨਾਵਾਂ ਦੇ ਵਿਰੁੱਧ ਜਾਣ ਦਾ ਹੌਂਸਲਾ ਉਸ ਚ’ ਨਹੀਂ ਸੀ।
ਵਕਤ ਆਪਣੀ ਚਾਲ ਨਾਲ ਤੁਰਦਾ ਕਦੋਂ ਕਿਸੇ ਦੀ ਉਡੀਕ ਕਰਦਾ ਏ ?ਦੀਵਾਲੀ ਵਾਲੀ ਰਾਤ ਲੰਬੜਦਾਰ ਜਗੀਰ ਸਿੰਘ ਦੀ ਮੌਤ ਹੋ ਗਈ।ਉਨ੍ਹਾਂ ਲਈ ਤਾਂ ਦੀਵਾਲੀ ਹੀ ਦੀਵਾਲਾ ਬਣ ਗਈ ਸੀ।ਲੰਬੜਦਾਰ ਕਿੰਨੇ ਚੰਗੇ ਸੁਭਾਅ ਦਾ ਸੀ,ਹਰ ਕਿਸੇ ਦੇ ਕੰਮ ਆਉਣ ਵਾਲਾ।ਸਦਾ ਹਸੂੰ ਹਸੂੰ ਕਰਦਾ ਚਿਹਰਾ।ਖੁਲ੍ਹੀ ਦਾਹੜੀ,ਕਿਰਪਾਨ ਗਾਤਰਾ ਉਪਰ ਦੀ।ਦੂਜੇ ਦੇ ਕੰਮ ਆਉਣ ਦਾ ਕਿੰਨਾ ਚਾਅ ਸੀ ਉਸਨੂੰ,ਪਰ ਐਸੇ ਬੰਦੇ ਤਾਂ ਪਤਾ ਨਹੀਂ ਰੱਬ ਨੂੰ ਵੀ ਛੇਤੀ ਚਾਹੀਦੇ ਹੁੰਦੇ ਹਨ,ਉਮਰ ਕਿਹੜਾ ਜਿਆਦਾ ਸੀ,55 ਸਾਲ ਕੀ ਉਮਰ ਹੁੰਦੀ ਹੈ ?ਅਜੇ ਤਾਂ ਬੱਚੇ ਵੀ ਦੋ ਵਿਆਹੁਣ ਤੋਂ ਰਹਿੰਦੇ ਸਨ।ਪਰ ਮੌਤ ਨੂੰ ਇਹਨਾਂ ਗੱਲਾਂ ਨਾਲ ਕੀ ? ਬੱਸ ਦਿਲ ਦਾ ਦੌਰਾ ਪਿਆ ਤੇ ਨਾਲ ਹੀ ਖਤਮ।ਕਿਸੇ ਨੂੰ ਚਿੱਤ ਚੇਤੇ ਚ’ ਵੀ ਨਹੀਂ ਸੀ।
ਸੁਰਜੀਤ ਦੇ ਪਰਿਵਾਰ ਨਾਲ ਤਾਂ ਲੰਬੜਦਾਰ ਦਾ ਖਾਸ ਲਗਾਵ ਸੀ।ਸੁਰੂ ਤੋਂ ਸੇਪੀਆਂ ਦਾ ਕੰਮ ਸੁਰਜੀਤ ਨੇ ਤੇ ਉਨ੍ਹਾਂ ਦੇ ਵਡੇਰਿਆਂ ਨੇ ਕੀਤਾ ਸੀ।ਦੋਵੇਂ ਹਮਉਮਰ ਹੋਣ ਕਰਕੇ ਇਕੱਠੇ ਖੇਡਦੇ ਵੀ ਰਹੇ ਸਨ।ਹੁਣ ਸਤਬੀਰ ਅਤੇ ਲੰਬੜਦਾਰ ਦਾ ਮੁੰਡਾ ਤੇਜਨੂਰ ਇੱਕੋ ਕਲਾਸ ਵਿੱਚ ਸਨ।ਤੇਜਨੂਰ ਬਹੁਤਾ ਹੁਸਿ਼ਆਰ ਨਹੀਂ ਸੀ,ਪਰ ਸਤਬੀਰ ਦੇ ਕਹਿਣ ਤੇ ਉਸ ਨੇ ਵੀ ਬੀ.ਕਾਮ ਹੀ ਲਈ ਸੀ ਅਤੇ ਉਸ ਦੇ ਨਾਲ ਹੀ ਚਲ ਰਿਹਾ ਸੀ।ਸਤਬੀਰ ਉਸ ਦੀ ਪੜ੍ਹਾਈ ਵਿੱਚ ਮੱਦਦ ਕਰ ਦਿੰਦਾ ਸੀ।ਵਿਗਿਆਨਕ ਸੋਚ ਦੋਵਾਂ ਦੀ ਬਣ ਗਈ ਸੀ ਅਤੇ ਵਰਤਮਾਨ ਸਮਾਜ ਤੇ ਟੀਕਾ ਟਿੱਪਣੀ ਖੂਬ ਕਰਿਆ ਕਰਦੇ ਸਨ।
ਜਗੀਰ ਦੇ ਘਰ ਵਿੱਚ ਸੋਗ ਪੈ ਗਿਆ ਸੀ।ਸੁਰਜੀਤ ਦਾ ਪਰਿਵਾਰ ਉਨ੍ਹਾਂ ਦੇ ਹੀ ਘਰ ਸੀ।ਬੱਚਿਆਂ ਨੇ ਕੰਮ ਵਿੱਚ ਅਤੇ ਪ੍ਰਬੰਧ ਵਿੱਚ ਡਿਊਟੀਆਂ ਸੰਭਾਲ ਲਈਆਂ ਸਨ ਜਦਕਿ ਉਨ੍ਹਾਂ ਦੇ ਬੇਬੇ ਬਾਪੂ ਦੁੱਖ ਪ੍ਰਗਟਾਉਣ ਆਏ ਲੋਕਾਂ ਕੋਲ ਬੈਠੇ ਗੱਲਾਂ ਕਰ ਰਹੇ ਸਨ।
ਟਾਈਮ ਜਿਆਦਾ ਹੋ ਚੁੱਕਿਆ ਸੀ ,ਰਿਸ਼ਤੇਦਾਰਾਂ ਨੇ ਦੂਰੋਂ ਵੀ ਆਉਣਾ ਸੀ,ਫਿਰ ਅੱਜ ਦੀਵਾਲੀ ਵੀ ਸੀ,ਇਹ ਸਭ ਵਿਚਾਰ ਕੇ ਸੰਸਕਾਰ ਦੂਜੇ ਦਿਨ ਕਰਨ ਦਾ ਫੈਸਲਾ ਹੋਇਆ।
ਅਗਲੇ ਦਿਨ ਵਿਸ਼ਕਰਮਾ ਦਿਨ ਸੀ।ਸੁਰਜੀਤ ਨੇ ਹਰ ਸਾਲ ਦੀ ਤਰਾਂ ਰੱਖੜੇ ਜਾਣਾ ਸੀ,ਪਰ ਯਾਰ ਜਗੀਰ ਦਾ ਸੰਸਕਾਰ ਵੀ ਸੀ।ਸੁਰਜੀਤ ਨੇ ਸੋਚਿਆ ਕਿ ਉਦੋਂ ਤੱਕ ਵਾਪਸ ਆ ਜਾਂਵਾਗਾ।ਇਸ ਲਈ ਉਸ ਨੇ ਉਚੇਚਾ ਟੈਕਸੀ ਕੀਤੀ,ਤਾਂਕਿ ਵਕਤ ਬੱਸਾਂ ਦੀ ਉਡੀਕ ਵਿੱਚ ਜਾਇਆ ਨਾ ਹੋਵੇ,ਪਰਿਵਾਰ ਨੂੰ ਨਾਲ ਲਿਆ ਤੇ ਚਲਿਆ ਗਿਆ।
ਸਤਬੀਰ,ਜਿਹੜਾ ਇਨ੍ਹਾਂ ਰਦਮਾਂ ਨੂੰ ਛੱਡਣਾ ਚਾਹੁੰਦਾ ਸੀ,ਕਈ ਵਾਰ ਬਾਪੂ ਨੂੰ ਜਾਤ-ਗੋਤ ਦੇ ਵਿਰੁੱਧ ਕਹਿ ਚੁੱਕਿਆ ਸੀ,ਅੱਜ ਉਸ ਨੂੰ ਬਹਾਨਾ ਹੀ ਮਿਲ ਗਿਆ ਨਾ ਜਾਣ ਦਾ।ਉਸ ਸੁਰਜੀਤ ਹੋਰਾਂ ਨੂੰ ਮਨਾ ਲਿਆ ਸੀ ਕਿ ਉਹ ਪਿੱਛੇ ਤਾਏ(ਲੰਬੜਦਾਰ) ਹੋਰਾਂ ਵੱਲ ਰਹੇਗਾ ਤੇ ਬਾਕੀ ਜਣੇ ਛੇਤੀ ਮੱਥਾ ਟੇਕ ਕੇ ਆ ਜਾਣਗੇ।ਇਸੇ ਤਰਾਂ ਹੋਇਆ।ਸਤਬੀਰ ਲੰਬੜਦਾਰ ਹੋਰਾਂ ਦੇ ਘਰ ਆ ਗਿਆ ਤੇ ਤੇਜਨੂਰ ਨਾਲ ਮਿਲਕੇ ਸੰਸਕਾਰ ਦਾ ਪ੍ਰਬੰਧ ਕਰਵਾਉਣ ਲੱਗਿਆ।
ਆਖਰ ਰਿਸ਼ਤੇਦਾਰ ਆਉਣੇ ਸੁਰੂ ਹੋ ਗਏ ਸਨ।ਪਿੰਡ ਵਿੱਚ ਚਲਦੀ ਰੀਤੀ ਅਨੁਸਾਰ,ਅਰਥੀ ਉਸੇ ਦਿਨ ਹੀ ਲੱਕੜੀ ਦੀ ਹੀ ਬਣਾਈ ਜਾਂਦੀ ਸੀ।ਭਾਵੇਂ ਬਦਲੇ ਸਮੇਂਵਿੱਚ ਕਈ ਪਿੰਢਾਂ ਨੇ ਲੋਹੇ ਦੀਆਂ ਪੱਕੀਆਂ ਅਰਥੀਆਂ ਬਣਵਾ ਲਈਆਂ ਸਨ,ਪਰ ਇੱਥੇ ਪਰੰਪਰਾਵਾਂ ਦੀ ਕਦਰ ਕੁਝ ਜਿਆਦਾ ਹੀ ਸੀ।ਹੁਣ ਸੰਸਕਾਰ ਲਈ ਲੱਕੜਾਂ ਵੀ ਪਾੜਨਆਂਿ ਸਨ ਤੇ ਪੌੜੀ ਵੀ ਬਣਾਉਣੀ ਸੀ।ਪਿੰਡ ਵਿੱਚ ਮਿਸਤਰੀਆਂ ਦਾ ਘਰ ਇੱਕੋ ਹੀ ਸੀ-ਸੁਰਜੀਤ ਸਿੰਗ ਦਾ।ਸੁਰਜੀਤ ਤਾਂ ਇਸ ਸਮੇਂ ਘਰ ਨਹੀਂ ਸੀ।
ਤੇਜਨੂਰ ਨੇ ਸਤਬੀਰ ਨੂੰ ਨਾਲ ਲਿਆ ਤੇ ਸ਼ਮਸ਼ਾਨਘਾਟ ਲੱਕੜਾਂ ਪੁਚਾ ਦਿੱਤੀਆਂ।ਲੱਕੜਾਂ ਪਾੜਨ ਅਤੇ ਪੌੜੀ ਬਣਾਉਣ ਲਈ ਸਤਬੀਰ ਨੂੰ ਕਿਹਾ ਗਿਆ। ਉਹ ਇੱਕ ਦਮ ਕੰਬ ਜਿਹਾ ਗਿਆ। ੀੲਹ ਕੀ? ਉਸ ਨੂੰ ਹਿਚਕਿਚਾਹਟ ਕਿਉਂ ? ਵਿਸ਼ਕਰਮਾ ਤਾਂ ਕਿਰਤ ਦਾ ਦੇਵਤਾ ਸੀ ਤੇ ਉਹ ਕਿਰਤ ਹੀ ਤਾਂ ਕਰਨ ਜਾ ਰਿਹਾ ਸੀ।ਨਾਲੇ ਇਹ ਤਾਂ ਜਰੂਰੀ ਸੀ,ਇਸ ਤੋਂ ਟਲਿਆ ਹੀ ਨਹੀਂ ਸੀ ਜਾ ਸਕਦਾ। ਕੀ ਉਹ ਨਾ ਕਰ ਦੇਵੇ ? ਤੇਜਨੂਰ ਕੀ ਕਹੇਗਾ ?ਉਹ ਖੁਦ ਤਾਂ ਇਨਾਂ ਰਸਮਾਂ ਦੇ ਵਿਰੁੱਧ ਬੋਲਦਾ ਰਿਹਾ ਏ,ਪਰ ਅੱਜ ਕੌਣ ਉਸ ਨੂੰ ਰੋਕ ਰਿਹਾ ਹੈ? ਨਹੀਂ,ਉਹ ਲੱਕੜਾਂ ਪਾੜੇਗਾ ਅਤੇ ਪੌੜੀ ਵੀ ਬਣਾਏਗਾ।ਉਸ ਨੇ ਆਪਣੇ ਕਮਜ਼ੋਰ ਹੋਏ ਦਿਲ ਨੂੰ ਹੌਂਸਲਾ ਦਿੱਤਾ।ਕਿੰਨੇ ਹੀ ਵਿਚਾਰ ਉਸਦੇ ਮਨ ਵਿੱਚ ਘੁੰਮ ਗਏ,ਜਿਹੜੇ ਕਿਸੇ ਖਾਸ ਦਿਨ ਕੰਮ ਕਰਨ ਜਾਂ ਨਾ ਕਰਨ ਦੋਵਾਂ ਦੇ ਵਿਰੁੱਧ ਸਨ।ਉਸ ਨੂੰ ਯਾਦ ਆਇਆ ਕਿ ਉਸ ਦੀ ਆਪਣੀ 23 ਸਾਲਾਂ ਦੀ ਉਮਰ ਵਿੱਚ ਕੋਈ ਐਸਾ ਮਿਸਤਰੀ ਨਹੀਂ ਸੀ ਦੇਖਿਆ,ਜਿਸ ਨੇ ਵਿਸ਼ਕਰਮਾ ਦਿਨ ਨੂੰ ਕੰਮ ਕਤਿਾ ਹੋਵੇ।ਹੈ ਤਾ ਉਹ ਵੀ ਮਿਸਤਰੀ,ਬਾਪੂ ਜੀ ਕੀ ਕਹਿਣਗੈ? ਫੇਰ ਇਨਕਾਰ ਕਿਵੇਂ ਕਰ ਸਕਦਾ ਸੀ? ਕੀਤੇਜਨੂਰ ਨੂੰ ਇਕੱਲੇ ਨੂੰ ਕਹਾਂ? ਉਹ ਕੀ ਸੋਚੇਗਾ? ਸਾਂਝੀ ਵਿਗਿਆਨਕ ਸੋਚ,ਉਸਦਾ ਕਰਮ ....ਉਸ ਨੂੰ ਪਸੀਨਾ ਆ ਗਿਆ।
“ਸੱਤੇ ਕੀ ਸੋਚ ਰਿਹੈਂ ? ਜਲਦੀ ਕਰੋ ਮੱਲ,ਪੌੜੀ ਵੀ ਕਰਨੀ ਐਂ,ਲੱਗਬੱਗ ਸਾਰੇ ਆ ਗਏ ਨੇ।ਤਿਆਰੀ ਤਕਰੀਬਨ ਪੂਰੀ ਏ।”ਚਾਚੇ ਨੇ ਸਤਬੀਰ ਨੂੰ ਚੁੱਪ ਖੜਾ ਦੇਖ ਕੇ ਕਿਹਾ।.ਸਤਬੀਰ ਨੇ ਅੰਦਰਲੇ ਸੰਘਰਸ਼ ਨੂੰ ਰੋਕ ਕੇ,ਵਰਕਸ਼ਾਪ ਖੋਲ੍ਹੀ,ਸੰਦ ਕੱਢੇ ਅਤੇ ਕੰਮ ਸੁਰੂ ਕਰ ਦਿੱਤਾ। ਲੱਕੜਾਂ ਪਾੜੀਆਂ ਗਈਆਂ।ਪੌੜੀ ਬਣਾਉਣ ਦਾ ਕੰਮ ਉਸ ਤੋਂ ਵੀ ਔਖਾ ਲੱਗਿਆ,ਪਰ ਉਸ ਨੇ ਯਾਦ ਕੀਤਾ ਕਿ ਬਾਬਾ ਨਾਨਕ ਨੇ ਕੁਰੂਕਸ਼ੇਤਰ ਵਿੱਚ ਸੂਰਜ ਗ੍ਰਹਿਣ ਵਾਲੇ ਦਿਨ ਮਾਸ ਰਿੰਨ੍ਹਿਆ ਸੀ।ਇਸ ਤਰਾਂ ਦੀਆਂ ਘਟਨਾਵਾ ਯਾਦ ਕਰਦਾ ਰਿਹਾ ਅਤੇ ਇੰਝ ਪੌੜੀ ਬਣਾ ਦਿੱਤੀ।
ਸਭ ਕੁਝ ਤਿਆਰ ਸੀ। ਲੰਬੜਦਾਰ ਦੀ ਦੇਹ ਨੂੰ ਇਸ਼ਨਾਨ ਕਰਵਾਇਆ ਗਿਆ ਅਤੇ ਸਾਰੇ ਰਾਮ ਨਾਮ ਸੱਤ ਹੈ ਕਰਦੇ ਸ਼ਮਸ਼ਾਨਘਾਟ ਵੱਲ ਚੱਲ ਪਏ।ਇਮਨੇ ਵਿੱਚ ਸੁਰਜੀਤ ਸਿੰਘ ਹੋਰੀਂ ਵੀ ਸਿੱਧੇ ਉਥੇ ਹੀ ਪੁੱਜ ਗਏ,ਕਿਉਕਿ ਉਹ ਲੇਟ ਹੋ ਗਏ ਸੀ,ਇਸ ਲਈ ਸਿੱਧਾ ਹੀ ਸ਼ਮਸ਼ਾਨਘਾਟ ਵੱਲ ਆ ਗਏ ਸਨ।ਬਾਪੂ ਸੁਰਜੀਤ ਨੇ ਆਪਣਾ ਕੁਹਾੜਾ ਅਤੇ ਹੋਰ ਸੰਦ ਪਏ ਦੇਖੇ।ਉਸ ਨੂੰ ਸਮਝਦੇ ਦੇਰ ਨਾ ਲੱਗੀ ਕਿ ਸਤਬੀਰ ਨੇ ਹੀ ਪੌੜੀ ਬਣਾਈ ਹੈ ਅਤੇ ਲੱਕੜਾਂ ਪਾੜੀਆਂ ਹਨ।ਜਗੀਰ ਸਿੰਘ ਦੀ ਲਾਸ਼ ਨੂੰ ਅਗਨੀ ਦਿਖਾਈ ਗਈ।ਤੇਜ ਲਪਟਾਂ ਉਠੀਆਂ ।ਇੱਧਰ ਸੁਰਜੀਤ ਸਿੰਘ ਦਾ ਕੜ ਪਾਟ ਗਿਆ।ਉਸ ਉਚੀ ਉਚੀ ਧਾਹਾਂ ਮਾਰ ਕੇ ਰੋਣਾ ਸੁਰੂ ਕਰ ਦਿੱਤਾ।ਉਸ ਨੂੰ ਜਾਪਿਆ ਕਿ ਸਤਬੀਰ ਨੇ ਸਦੀਆਂ ਤੋਂ ਚਲਦੇ ਆ ਰਹੇ ਪੁਰਖਿਆਂ ਦੇ “ਸੰਸਕਾਰ” ਦਾ ‘ਸੰਸਕਾਰ’ਕਰ ਦਿੱਤਾ ਸੀ ।ਰੋਂਦੇ ਰੋਂਦੇ ਉਸ ਦੀ ਘਿੱਗੀ ਵੱਜ ਗਈ।ਸਤਬੀਰ ਇੱਕਦਮ ਬਾਪੂ ਵੱਲ ਭੱਜਿਆ।ਉਸੇ ਟੈਕਸੀ ਵਿੱਚ ਹਸਪਤਾਲ ਵੱਲ ਲੈ ਚੱਲਿਆ,ਜਿਸ ਵਿੱਚ ਉਹ ਰੱਖੜੇ ਤੋਂ ਆਏ ਸਨ।ਸਤਬੀਰ ਅਰਦਾਸ ਕਰ ਰਿਹਾ ਸੀ ਕਿ ਉਸ ਨੂੰ ਇੱਕ ਹੋਰ ਸੰਸਕਾਰ ਨਾ ਕਰਨਾ ਪਵੇ.......।
ਜਸਵਿੰਦਰ ਸਿੰਘ ਰੁਪਾਲ
9814715796
ਲੈਕਚਰਰ ਅਰਥ ਸ਼ਾਸ਼ਤਰ,
ਸਰਕਾਰੀ ਸੀਨੀ.ਸੈਕੰ.ਸਕੂਲ,
ਭੈਣੀ ਸਾਹਿਬ(ਲੁਧਿਆਣਾ)-141126


0 comments:
Speak up your mind
Tell us what you're thinking... !