ਸੋਨੂੰ ਬੜਾ ਹੁਸ਼ਿਆਰ ਬੱਚਾ ਸੀ।ਉਹ ਹਰ ਗੱਲ ਇਸ਼ਾਰੇ ਨਾਲ ਹੀ ਸਮਝ ਜਾਂਦਾ।ਸਕੂਲ ਵਿਚ ਵੀ ਉਹ ਅਧਿਆਪਕਾਂ ਦਾ ਬੜਾ ਚਹੇਤਾ ਵਿਦਿਆਰਥੀ ਸੀ।ਘਰ ਦਾ ਕੰਮ ਬੜੀ ਸੁੰਦਰ ਲਿਖਾਈ ਵਿਚ ਕਰਦਾ ਸੀ।ਇਸੇ ਕਰਕੇ ਹਰ ਵਾਰੀ ਸੁੰਦਰ ਲਿਖਤ ਦੇ ਸਭ ਤੋਂ ਵੱਧ ਅੰਕ ਲੈ ਜਾਂਦਾ।ਉਸਦੇ ਅਧਿਆਪਕ ਨੇ ਇਕ ਵਾਰ ਸਮਝਾਇਆ ਸੀ: ‘ਜਿਹੜੇ ਵਿਦਿਆਰਥੀ ਸੁੰਦਰ ਲਿਖਾਈ ਵਾਲੇ ਹੁੰਦੇ ਨੇ ਉਹ ਬਾਕੀਆਂ ਨਾਲੋਂ ਵੱਧ ਅੰਕ ਲੈ ਜਾਂਦੇ ਨੇ।ਜਦੋਂ ਤੁਹਾਡੇ ਪਰਚੇ ਚੈਕ ਕੀਤੇ ਜਾਂਦੇ ਨੇ ਤਾਂ ਤੁਹਾਡੀ ਲ਼ਿਖਾਈ ਦਾ ਬਹੁਤ ਪ੍ਰਭਾਵ ਪੈਂਦਾ ਹੈ।ਇਸ ਤਰ੍ਹਾਂ ਤੁਸੀਂ ਵੱਧ ਅੰਕ ਲੈ ਸਕਦੇ ਹੋ।ਦੁਜਾ ਲਿਖਾਈ ਤੁਹਾਡੀ ਸ਼ਖਸ਼ੀਅਤ ਦਾ ਅਕਸ ਵੀ ਹੁਮਦਿ ਹੈ।ਤੁਹਾਡੇ ਦਿਲ ਦਿਮਾਗ ਦਾ ਵੀ ਚਿੰਨ ਵੀ ਬਣਦੀ ਹੈ’।
ਸੋਨੂੰ ਨੇ ਇਹ ਸਭ ਗੱਲਾਂ ਆਪਣੇ ਦਿਮਾਗ ਵਿਚ ਬਿਠਾ ਲਈਆਂ।ਉਹ ਰੋਜ਼ਾਨਾ ਖਿਖਾਈ ਦਾ ਅਭਿਆਸ ਕਰਨ ਲਗ ਪਿਆ।ਪਹਿਲਾਂ ਸੁਹਣੇ ਸੁਹਣੇ ਅੱਖਰ ਪਾਉਂਦਾ ਫਿਰ ਉਹਨਾਂ ਦੇ ਸ਼ਬਦ ਬਣਾਉਂਦਾ।ਇੰਜ ਉਸਦਾ ਚੰਗਾ ਅਭਿਆਸ ਹੋ ਗਿਆ।ਅੱਖਰਾਂ ਅਤੇ ਸਬਦਾਂ ਦੀ ਬਣਤਰ ਸਹੀ ਕਰਕੇ ਉਹਨਾਂ ਵਿਚ ਨਿਸ਼ਚਤ ਖਾਲੀ ਥਾਂ ਵੀ ਸਹੀ ਛੱਡਦਾ।ਲਾਈਨਾ ਵਿਚਲਾ ਫਾਸਲਾ ਅਤੇ ਪੈਰ੍ਹਿਆਂ ਨੂੰ ਇੰਜ ਸ਼ਿੰਗਾਰ ਦਿੰਦਾ ਜਿਵੇਂ ਕਿਸੇ ਕਲਾਕਾਰ ਨੇ ਕੰਧ ਤੇ ਨਕਾਸ਼ੀ ਕੀਤੀ ਹੋਵੇ।ਇਸ ਤਰ੍ਹਾਂ ਉਹ ਆਪਣੀ ਮਿਹਨਤ ਤੇ ਲਗਨ ਨਾਲ ਆਪਣੀ ਲਿਖਾਈ ਸੁਧਾਰਨ ਵਿਚ ਸਫਲ ਹੋ ਗਿਆ। ਨਾਲ ਹੀ ਅਧਿਆਪਕਾਂ ਦਾ ਚਹੇਤਾ ਬਣ ਗਿਆ।
ਪਹਿਲੇ ਸਿਮੈਸਟਰ ਦੀ ਪ੍ਰੀਖਿਆ ਵਿਚ ਉਹ ਸਭ ਸਾਥੀਆਂ ਨਾਲੋਂ ਅੱਗੇ ਨਿੱਕਲ ਗਿਆ।ਇੰਜ ਉਹ ਥੋੜ੍ਹਾ ਚਾਮਲ ਵੀ ਗਿਆ।ਹੁਣ ਉਹ ਘਰ ਵਿਚ ਕਦੀ ਪੜ੍ਹਾਈ ਵੱਲ ਗੌਰ ਨਾ ਕਰਦਾ। ਆਪਣੀ ਮਰਜ਼ੀ ਕਰਨ ਲਗ ਪਿਆ।ਉਸਦੀ ਮੰਮੀ ਨੇ ਸਮਝਾੳਂਦਿਆਂ ਕਿਹਾ, ‘ਬੇਟੇ ਅਜੇ ਸਫਰ ਬਹੁਤ ਲੰਬਾ ਏ। ਤੂੰ ਅਜੇ ਬਹੁਤ ਜਮਾਤਾਂ ਪੜ੍ਹਨੀਆਂ ਨੇ ।ਇਸ ਲਈ ਮਿਹਨਤ ਦਾ ਲੜ ਨਾ ਛੱਡ। ਬਾਕੀਆਂ ਨੂੰ ਪਰੇਸ਼ਾਨ ਵੀ ਨਾ ਕਰਿਆ ਕਰ’।
ਸੋਨੂੰ ਦੀ ਮੰਮੀ ਜਦੋਂ ਉਸਨੂੰ ਕੋਈ ਚੀਜ਼ ਖਾਣ ਨੂੰ ਦਿੰਦੀ ਤਾਂ ਉਹ ਥੋੜ੍ਹੀ ਬਹੁਤ ਖਾਂਦਾ ਅਤੇ ਬਾਕੀ ਪਲੇਟ ਵਿਚ ਹੀ ਛੱਡ ਦਿੰਦਾ।ਇਸੇ ਤਰ੍ਹਾਂ ਦੁੱਧ ਵੀ ਅੱਧ ਪਚੱਧਾ ਗਿਲਾਸ ਵਿਚ ਛੱਡਕੇ ਖੇਡਣ ਦੌੜ ਜਾਂਦਾ।
ਉਸਦੇ ਪਾਪਾ ਨੇ ਕਿਹਾ, “ਦੇਖੇ ਬੇਟੇ ਇਹ ਅੰਨ ਭਗਵਾਨ ਹੈ।ਇਸਦੀ ਬੇਕਦਰੀ ਚੰਗੀ ਨਹੀਂ ਹੁੰਦੀ।ਹਰ ਆਦਮੀ ਦਿਨ ਰਾਤ ਮਿਹਨਤ ਇਸ ਰੋਟੀ ਖਾਤਰ ਹੀ ਕਰ ਰਿਹਾ ਹੈ।ਇਸ ਲਈ ਕੋਈ ਚੀਜ਼ ਗੁਆਉਣੀ ਨਹੀਂ ਚਾਹੀਦੀ।ਲੋੜ ਅਨੁਸਾਰ ਆਪਣੀ ਪਲੇਟ ਵਿਚ ਪਾਓ ਤੇ ਖਾਓ।ਇਸ ਤਰ੍ਹਾਂ ਤੁਸੀ ਸਭ ਦੀ ਭਲਾਈ ਕਰ ਰਹੇ ਹੁੰਦੇ ਹੋ”।
‘ਪਾਪਾ ਜੀ ਇਸ ਨਾਲ ਸਭ ਦੀ ਭਲਾਈ ਕਿਵੇਂ ਹੋ ਗਈ’? ਸੋਨੂੰ ਨੇ ਮਨ ਦੀ ਕਹੀ।“ਦੇਖ ਬੇਟੇ ਜੇ ਤੂੰ ਦੋ ਰੋਟੀਆਂ ਜਾਂ ਅੱਧੀ ਕੌਲੀ ਦਾਲ ਸਬਜੀ ਦੀ ਜੂਠੀ ਛੱਡਕੇ ਖਰਾਬ ਕਰ ਦਿੱਤੀ ਤਾਂ ਇਹ ਸਮਝੋ ੋਿਕ ਤੁਸੀਂ ਇਕ ਆਦਮੀ ਦਾ ਖਾਣਾ ਖਰਾਬ ਕਰ ਦਿੱਤਾ।ਜੇ ਤੇਰੇ ਵਾਂਗ ਹਜ਼ਾਰਾਂ ਬੱਚੇ ਅਜਿਹਾ ਕਰਨ ਤਾਂ ਕਿੰਨੇ ਲੋਕਾਂ ਦਾ ਖਾਣਾ ਬਰਬਾਦ ਹੋ ਗਿਆ?”
‘ਹਾਂ ਪਾਪਾ ਜੀ ਮੈਂ ਤਾਂ ਕਦੀ ਅਜਿਹਾ ਸੋਚਿਆ ਹੀ ਨੀਂ’।ਸੋਨੂੰ ਨੇ ਗੰਭੀਰ ਹੁੰਦਿਆਂ ਕਿਹਾ, ‘ਆਹ ਦੇਖੋ ਪਾਪਾ ਜੀ ਗੋਦਾਮ ਵਿਚ ਅਨਾਜ ਕਿਵੇਂ ਸੜ ਰਿਹੈ’।ਉਸਨੇ ਅਖਬਾਰ ਤੇ ਛਪੀ ਤਸਵੀਰ ਆਪਣੇ ਪਾਪਾ ਨੂੰ ਦਿਖਾਈ।“ਹਾਂ ਬੇਟੇ,ਇਹ ਸਾਡੇ ਅਧਿਕਾਰੀਆਂ ਕਰਕੇ ਹੈ ਜੋ ਆਪਣੀ ਜਿੰਮੇਵਾਰੀ ਪ੍ਰਤੀ ਸੁਚੇਤ ਨਹੀਂ ਹਨ।ਇਸੇ ਕਰਕੇ ਕਰੋੜਾ ਲੋਕ ਭੁਖੇ ਰਹਿ ਰਹੇ ਹਨ”।
ਅਜ ਸਾਰਾ ਪਰਿਵਾਰ ਪੈਲੇਸ ਵਿਚ ਵਿਆਹ ਜਾਣ ਦੀ ਤਿਆਰੀ ਵਿਚ ਜੁਟਿਆ ਹੋਇਆ ਸੀ।ਸੋਨੂੰ ਵੀ ਸ਼ੀਸੇ ਅੱਗੇ ਖੜਾ ਆਪਣੇ ਵਾਲਾ ਨੂੰ ਸੈਟੱ ਕਰ ਰਿਹਾ ਸੀ।ਆਪਣੇ ਪਾਪਾ ਜੀ ਨੂੰ ਆਖ ਰਿਹਾ ਸੀ,’ਦੇਖੋ ਪਾਪਾ ਜੀ ਮੇਰੇ ਵਾਲ ਖੜੇ ਹੋ ਗਏ ਨੇ।ਉਹ ਵਾਲ ਖੜੇ ਕਰਕੇ ਬੜਾ ਖੁਸ਼ ਹੋ ਰਿਹਾ ਸੀ।ਪਾਪਾ ਨੇ ਉਸ ਵੱਲ ਦੇਖਿਆ ਅਤੇ ਮੁਸਕਰਾਉਂਦਿਆ ਆਖਿਆ, “ਮੇਰਾ ਬੇਟਾ ਹੁਣ ਟੌਹਰੀ ਹੋ ਗਿਐ”।
ਇਹ ਸੁਣਕੇ ਸੋਨੂੰ ਝੱਟ ਬੋਲ ਪਿਆ, ‘ਨਹੀਂ ਪਾਪਾ ਜੀ, ਮੈ ਆਪਣੀ ਪਰਸਨੈਲਟੀ ਡਿਵੈਲਪ ਕਰ ਰਿਹੈ।ਪਰ ਮੈਨੂੰ ਆਪਣੇ ਸਰਾਂ ਦੀ ਇਹ ਨਸੀਹਤ ਵੀ ਯਾਦ ਹੈ ਕਿ ਸਿੰਪਲ ਰਹਿੰਦੇ ਹੋਏ ਉਚੇ ਵਿਚਾਰਾ ਵਾਲੇ ਬਣਨਾ ਜਰੂਰੀ ਹੈ।ਇਸੇ ਤੇ ਅਸਲ ਕਰਦਾ ਹੋਇਆ ਦਿਨ ਰਾਤ ਇਕ ਕਰ ਰਿਹੈ।‘
“ਸ਼ਾਬਾਸ਼ ਬੇਟੇ।ਮੈਨੂੰ ਤੇਰੇ ਮਾਣ ਹੈ।ਤੁੰ ਮੇਰਾ ਨਾਂ ਜ਼ਰੂਰ ਚਮਕਾਵੇਗਾ”,ਪਾਪਾ ਨੇ ਬੜੇ ਫਖ਼ਰ ਨਾਲ ਕਿਹਾ।ਪੈਲੇਸ ਵਿਚ ਸਾਰੇ ਆਪੋ ਆਪਣੇ ਢੰਗ ਨਾਲ ਵਿਆਹ ਦਾ ਅਨੰਦ ਮਾਣ ਰਹੇ ਸਨ।ਕੋਈ ਡੀ ਜੇ ਦਾ ਨਾਚ ਗਾਣਾ ਦੇਖ ਰਿਹਾ ਸੀ।ਕੋਈ ਖਾਣ ਪੀਣ ਵਿਚ ਮਸਤ ਸੀ।ਸੋਨੂੰ ਨੇ ਦੇਖਿਆ ਕਿ ਕੁੱਝ ਲੋਕ ਪਲੇਟਾਂ ਭਰ ਤਾਂ ਲੈਂਦੇ ਸਨ ਬਾਅਦ ਵਿਚ ਪੂਰੀ ਖਾਧੇ ਬਗੈਰ ਹੀ ਸੁੱਟ ਦਿੰਦੇ।
ਇਸੇ ਤਰ੍ਹਾਂ ਜਦੋਂ ਉਸਦੇ ਇਕ ਸਾਥੀ ਨੇ ਕੀਤੀ ਤਾਂ ਉਸਨੇ ਉਸਨੂੰ ਟੋਕ ਹੀ ਦਿੱਤਾ, ‘ਇਹ ਕੀ? ਤੈਨੂ ਪਤਾ ਨਹੀਂ ਚੀਜ਼ ਲੋੜ ਅਨੁਸਾਰ ਲੈਣੀ ਚਾਹੀਦੀ ਹੈ।ਕਿਵੇਂ ਬਰਬਾਦ ਕਰ ਦਿੱਤੀ ਪਲੇਟ?’ਮੋਨੂੰ ਇਹ ਗੱਲ ਸੁਣਕੇ ਸ਼ਰਮਿੰਦਾ ਤਾਂ ਹੋਇਆ ਪਰ ਉਸਨੇ ਬੇਪ੍ਰਵਾਹੀ ਨਾਲ ਕਿਹਾ, ‘ਯਾਰ ਸੁਆਦ ਨੀ ਸੀ’।ਸੋਨੂ ਨੇ ਝੱਟ ਕਹਿ ਦਿੱਤਾ, ‘ਪਹਿਲਾਂ ਸੁਆਦ ਦੇਖ ਲੈਂਦਾ ,ਫਿਰ ਪਲੇਟ ਭੱਰਦਾ।ਤੂੰ ਤਾਂ ਇਕ ਪਲੇਟ ਸੁਆਦ ਵਿਚ ਹੀ ਗੁਆ ‘ਤੀ’।‘ਯਾਰ ਛੱਡ ਖਹਿੜਾ ਨਹੀਂ ਕਰਦਾ ਅੱਗੇ ਤੋਂ’।ਉਸਨੇ ਬੜੇ ਔਖੋ ਹੋ ਕੇ ਸੋਨੂੰ ਤੋਂ ਖਹਿੜਾ ਛੁਡਾਇਆ ਅਤੇ ਨਾਚ ਦੇਖਣ ਵਿਚ ਮਸਤ ਹੋ ਗਿਆ।
ਹੁਣ ਸਾਰਾ ਪਰਿਵਾਰ ਵਿਆਹ ਦਾ ਨਜ਼ਾਰਾ ਲੈ ਕੇ ਗੇਟ ਤੇ ਖੜਾ ਸੀ।ਸੋਨੂੰ ਨੇ ਉਥੇ ਦੇਖਿਆ ਕਿ ਪੰਦਰਾਂ ਵੀਹ ਬੱਚੇ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਮਾਪੇ ਮੈਲੇ ਕੁਚੈਲੇ ਕੱਪੜਿਆਂ ਵਿਚ ਰੋਟੀ ਮੰਗ ਰਹੇ ਪਰ ਗੇਟ ਕੀਪਰ ਉਹਨਾਂ ਨੂੰ ਦਬਕੇ ਮਾਰਕੇ ਭਜਾ ਰਿਹਾ ਸੀ।ਸੋਨੂੰ ਨੇ ਫਿਰ ਮੋਨੂੰ ਨੂੰ ਚੇਤਾਤਿਆ,’ਦੇਖ ਤੁਹਾਡੇ ਵਰਗੇ ਅੰਦਰ ਖਾਣਾ ਜੁਠ ਛੱਡਕੇ ਖਰਾਬ ਕਰ ਰਹੇ ਨੇ ਤੇ ਇੱਧਰ ਕਿੰਨੇ ਲੋਕ ਭੁੱਖ ਨਾਲ ਤੜਫ ਰਹੇ ਨੇ’।
ਹੁਣ ਸੋਨੂੰ ਦੇ ਨਾਲ ਮੋਨੂੰ ਵੀ ਇਸ ਗੱਲ ਨੂੰ ਵਿਚਾਰਨ ਲੱਗ ਪਿਆ ਸੀ।ਇਹ ਕੀ?ਤੇ ਕਿਉਂ ਹੋ ਰਿਹਾ।ਮੋਨੂੰ ਨੇ ਉਸੇ ਵੇਲੇ ਸੋਨੂੰ ਦਾ ਹੱਥ ਫੜਕੇ ਪ੍ਰਣ ਕੀਤਾ ਕਿ ਅਜ ਤੋਂ ਉਹ ਨਾ ਖੁਦ ਜੂਠ ਛੱਡੇਗਾ ਅਤੇ ਨਾਹੀਂ ਕਿਸੇ ਨੂੰ ਅਜਿਹਾ ਕਰਨ ਦੇਵੇਗਾ।
ਬਲਜਿੰਦਰ ਮਾਨ
ਸੰਪਾਦਕ ਨਿੱਕੀਆਂ ਕਰੂੰਬਲਾਂ,
ਕਰੂੰਬਲਾਂ ਭਵਨ ਮਾਹਿਲਪੁਰ,
ਹੁਸ਼ਿਆਰਪੁਰ 146105,
ਮੋਬ :98150-18947


0 comments:
Speak up your mind
Tell us what you're thinking... !