ਹੈਰੀ ਅਤੇ ਤਨੂੰ ਆਪਣੇ ਡੈਡੀ ਦੀ ਬਜਾਏ ਆਪਣੇ ਬਾਬੇ ਨਾਲ ਜਿਆਦਾ ਪਿਆਰ ਕਰਦੇ ਨੇ।ਅਸਲ ਵਿਚ ਉਹ ਬਾਬਾ ਜੀ ਤੋਂ ਰੋਜ਼ਾਨਾ ਕਹਾਣੀਆਂ ਸੁਣਦੇ ਨੇ।ਇਹਨਾਂ ਕਹਾਣੀਆਂ ਦੇ ਪ੍ਰਭਾਵ ਕਰਕੇ ਹੀ ਸ਼ਾਮ ਹੁੰਦੇ ਸਾਰ ਉਹ ਬਾਬਾ ਜੀ ਦੁਆਲੇ ਜਾ ਬੈਠਦੇ ਨੇ।
ਹੈਰੀ ਆਖਦਾ ਹੈ, “ਮੈਂਨੂੰ ਹਾਥੀ ਵਾਲੀ ਕਹਾਣੀ ਸੁਣਾਓ ।ਨਾਲ ਹੀ ਤਨੂੰ ਆਖਦਾ ਹੈ, “ਮੈਨੂੰ ਸ਼ੇਰ ਵਾਲੀ ਕਹਾਣੀ ਸੁਣਾਓ”।ਹੁਣ ਬਾਬਾ ਜੀ ਲਈ ਇਹ ਸਮੱਸਿਆ ਬਣ ਜਾਂਦੀ ਹੈ ਕਿ ਉਹ ਕਿਹੜੀ ਕਹਾਣੀ ਪਹਿਲਾਂ ਸੁਣਾਵੇ।ਉਹ ਆਖਦੇ ਨੇ ਬਈ ਵਾਰੀ ਵਾਰੀ ਸੁਣ ਲਓ।ਇਕੋ ਵੇਲੇ ਦੋ ਕਹਾਣੀਆਂ ਨਹੀਂ ਸੁਣਾ ਹੋਣੀਆ।
“ਮੇਰੀ ਪਹਿਲਾ ਸੁਣਾਓ”, ਹੈਰੀ ਉਚੀ ਦੇਣੀ ਆਖ ਦਿੰਦਾ। ਨਾਲ ਹੀ ਤਨੂੰ ਵੀ ਟੱਪਕੇ ਆਖਦਾ, ‘ਪਹਿਲਾਂ ਮੇਰੀ ਸੁਣਾਓ’।
ਅਖੀਰ ਫੈਂਸਲਾ ਹੈਰੀ ਦੇ ਹੱਕ ਵਿਚ ਹੋ ਜਾਂਦਾ।ਹੈਰੀ ਛੋਟਾ ਹੋਣ ਕਰਕੇ ਬਾਬਾ ਜੀ ਉਸਦੀ ਗੱਲ ਮੰਨਕੇ ਕਹਾਣੀ ਸ਼ੁਰੂ ਕਰ ਦਿੰਦੇ ਨੇ।ਉਹ ਅਜੇ ਪਹਿਲੀ ਸਤ੍ਹਰ ਹੀ ਬੋਲਦੇ ਨੇ ਤਾਂ ਹੈਰੀ ਨਾਲ ਹੀ ਅਗਲੀ ਗਲ ਕਹਿ ਦਿੰਦਾ , ‘ਨਹੀਂ ਬਾਬਾ ਜੀ ਮੈਂ ਤਾਂ ਅਜ ਫੌਜ ਦੀ ਕਹਾਣੀ ਸੁਣਨੀ ਹੈ।ਮੈਨੂੰ ਜਹਾਜ਼ ਬਹੁਤ ਸੋਹਣੇ ਲਗਦੇ ਨੇ।ਬਾਬਾ ਜੀ ਮੈਂ ਵੱਡਾ ਹੋਕੇ ਪਾਇਲਟ ਬਣਾਂਗਾ’।
‘ਸ਼ਾਬਾਸ਼ ਬੇਟੇ ਤੇਰੀ ਬਹੁਤ ਚੰਗੀ ਸੋਚ ਹੈ।ਅਜਕਲ ਤਾਂ ਕੋਈ ਫੋਜ ਵਿਚ ਜਾਣ ਦੀ ਗੱਲ ਹੀ ਨੀ ਕਰਦਾ।ਬਹੁਤੇ ਕਹਿੰਦੇ ਨੇ ਅਸੀਂ ਸਿਵਲ ਵਿਚ ਹੀ ਰਹਿਣੈ,’ਬਾਬਾ ਜੀ ਉਸਦੀ ਸੋਚ ਦੀ ਪ੍ਰਸ਼ੰਸਾ ਕਰਦੇ ਆਖਦੇ ਹਨ।
ਇਹ ਸਿਵਲ ਕੀ ਹੁੰਦੈ?ਤਨੂੰ ਨੇ ਸਵਾਲ ਕੀਤਾ।‘ਉਏ ਤੁਸੀਂ ਕੀ ਪੜ੍ਹਦੇ ਹੋ?ਤੁਹਾਨੂੰ ਸਿਵਲ ਤੇ ਮਿਲਟਰੀ ਦੇ ਫਰਕ ਦਾ ਵੀ ਪਤਾ ਨੀਂ।ਜਿਹਨਾਂ ਨੂੰ ਵਰਦੀ ਨਾਲ ਬੈਲਟ ਪਾਈ ਹੂੰਦੀ ਹੈ ਅਤੇ ਤੇ ਜਿਹੜੈ ਦੇਸ਼ ਦੀ ਅੰਦਰੂਨੀ ਤੇ ਬਾਹਰੀ ਰੱਖਿਆ ਕਰਦੇ ਨੇ ਉਹਨਾਂ ਨੂੰ ਮਿਲਟਰੀ ਜਾ ਫੋਜ ਕਿਹਾ ਜਾਂਦੈ।ਦੂਜੇ ਬੰਨੇ ਜਿਹੜਾ ਪ੍ਰਸ਼ਾਸ਼ਨ ਸਾਡੇ ਅੰਦਰੂਨੀ ਮਸਲਿਆਂ ਨੂੰ ਚਲਾਉਂਦੇ ਉਸਨੂੰ ਸਿਵਲ ਪ੍ਰਸ਼ਾਸ਼ਨ ਕਿਹਾ ਜਾਂਦੈ। ਜਿਵੇਂ ਤੁਹਾਡੇ ਸਾਰੇ ਅਫਸਰ ਕੰਮ ਕਰਦੇ ਨੇ।ਹੋਰ ਅਧਿਕਾਰੀ ਤੇ ਕਰਮਚਾਰੀ ਵੀ ਇਸ ਵਿਚ ਹੀ ਹੁੰਦੇ ਨ’ੇ।
‘ਹੁਣ ਪਤਾ ਲੱਗੈ ਅਸਲੀ ਗੱਲ ਦਾ’, ਤਨੂੰ ਨੇ ਖੁਸ਼ੀ ਦਾ ਇਜ਼ਹਾਰ ਕੀਤਾ।
‘ਤੂੰ ਐਵੇ ਰੌਲਾ ਨਾ ਪਾ, ਮੈਨੂੰ ਕਹਾਣੀ ਸੁਣ ਲੈਣ ਦ’ੇ, ਹੈਰੀ ਨੇ ਤਨੂੰ ਨੂੰ ਪਿੱਛੇ ਕਰਦਿਆਂ ਕਿਹਾ।
‘ਹਾਂ ਬੇਟੇ ਹੁਣ ਤੈਨੂ ਫੌਜ ਦੀ ਕਹਾਣੀ ਨੀ ਹੱਡ ਬੀਤੀ ਸੁਣਾਉਂਦੈ “।ਬਾਬਾ ਜੀ ਨੇ ਗੱਲ ਅੱਗੇ ਤੋਰੀ।
‘ਬਾਬਾ ਜੀ ਆਹ ਜਿਹੜੇ ਮੈਡਲ ਨੇ ਇਹ ਤੁਹਾਨੂੰ ਕਿੱਥੋਂ ਮਿਲੇ ਨੇ?ਮੈਂ ਵੀ ਲੈਣੇ ਨੇ, ਹੈਰੀ ਨੇ ਬੜੀ ਚਾਹਤ ਨਾਲ ਮੈਡਲਾਂ ਵਲ ਦੇਖਦਿਆਂ ਪੁੱਛਿਆ।
‘ਬੇਟੇ ਇਹ ਐਨੇ ਸੁਖਾਲੇ ਨੀ ਮਿਲਦੇ।ਜਿੰਨੇ ਤੁੰ ਸਮਝਦੈ, ਮੈਂ ਪੂਰੇ ਪੈਂਤੀਂ ਸਾਲ ਫੌਜ ਦੀ ਸੇਵਾ ਕੀਤੀ।ਦੋ ਜੰਗਾ ਲੜੀਆਂ।ਇਕ ਚੀਨ ਨਾਲ ਤੇ ਦੂਜੀ ਪਾਕਿਸਤਾਨ ਨਾਲ ਜਾਨ ਤਲ਼ੀ ਤੇ ਧਰਕੇ, ਬਸ ਫਿਰ ਮਿਲਦੇ ਨੇ ਅਜਿਹੇ ਮੈਡਲ” ਬਾਬੇ ਨੇ ਪੋਤਿਆਂ ਦੀ ਤਸੱਲੀ ਕਰਾਉਂਦਿਆ ਆਖਿਆ।
‘ਬਾਬਾ ਜੀ ਤੁਹਾਨੂੰ ਡਰ ਨੀ ਲਗਦਾ ਸੀ’?ਤਨੂੰ ਨੇ ਪੁਛਿਆ।
‘ਪੁੱਤਰਾਂ ਡਰ ਤਾਂ ਫੌਜ ਦੀ ਟਰੇਨਿੰਗ ਵਿਚ ਹੀ ਖਤਮ ਕਰ ਦਿੱਤਾ ਜਾਂਦੈ ।ਉਥੇ ਸਭ ਤੋਂ ਪਹਿਲਾਂ ਦੇਸ਼ ਹੂੰਦਾ ਹੈ।ਭੈਣ ਭਰਾ ਪੁੱਤਰ ਅਤੇ ਪਰਿਵਾਰ ਸਭ ਤੋਂ ਬਾਅਦ ਵਿਚ।ਹਰ ਫੋਜੀ ਦੇ ਦਿਲ ਵਿਚ ਦੇਸ਼ ਦੀ ਕੁਰਬਾਨੀ ਦਾ ਜ਼ਜ਼ਬਾ ਹੂੰਦਾ ਹੈ।ਜੇਕਰ ਸਾਡੀਆਂ ਸਰਹੱਦਾਂ ਸੁਰੱਖਿਅਤ ਹਨ ਤਦ ਹੀ ਸਾਡਾ ਦੇਸ਼ ਦੁਨੀਆ ਵਿਚ ਕਾਇਮ ਰਹਿ ਸਕਦੈ।‘ ਬਾਬਾ ਜੀ ਨੇ ਦੇਸ਼ ਦੀ ਕੀਮਤ ਅਤੇ ਫੌਜੀ ਜਜ਼ਬੇ ਨੂੰ ਦਰਸਾਇਆ।
‘ਬਾਬਾ ਜੀ ਤੁਸੀਂ ਕਿਨੰਂੇ ਮੈਡਲ ਜਿੱਤੇ ਨੇ?’ਹੈਰੀ ਨੇ ਗੱਲ ਨੂੰ ਹੋਰ ਅੱਗੇ ਤੋਰਿਆ।ਬੇਟੇ ਤੁਸੀਂ ਇਹ ਪੁੱਛੋ ਕਿ ਇਹ ਮੈਡਲ ਕਿਵੇਂ ਜਿੱਤੇ ਨੇ?ਇਹ ਗਿਣਤੀ ਤਾਂ ਇਕ ਦਰਜਨ ਤੋਂ ਵੀ ਜਿਆਦਾ ਹੈ।‘ ਬਾਬਾ ਜੀ ਨੇ ਸਪੱਸ਼ਟ ਕੀਤਾ।
‘ਬਾਬਾ ਜੀ ਤੁਸੀਂ ਚਲਦੇ ਬੰਬਾਂ ਵਿਚ ਕਿਵੇਂ ਬਚ ਗਏ?’ ਹੈਰੀ ਨੇ ਅੱਗੇ ਜਾਣਨਾ ਚਾਹਿਆ।
‘ਕਾਕਾ ਇਹ ਸਾਰਾ ਕੁਝ ਦੇਸ਼ ਭਗਤੀ ਕਰਕੇ ਹੀ ਹੋਇਆ।ਅਸੀਂ ਰਾਜਸਥਾਨ ਦੇ ਰੇਗਸਤਾਨ ਵਿਚ ਕਈ ਕਈ ਦਿਨ ਪਿਆਸੇ ਵੀ ਰਹੇ ਪਰ ਕਦੀ ਆਪਣੇ ਫਰਜ਼ਾਂ ਵਿਚ ਕੁਤਾਹੀ ਨੀਂ ਕੀਤੀ।ਲੇਹ ਲਦਾਖ ਵਿਚ ਬਰਫੀਲੇ ਤੂਫਾਨਾਂ ਨਾਲ ਟੱਕਰਾਂ ਲੈ ਕੇ ਦੇਸ਼ ਦੀ ਸੀਮਾ ਦੀ ਰਾਖੀ ਕਰਦੇ ਰਹੇ।ਬਸ ਇਕੋ ਖਿਆਲ ਹੁੰਦਾ ਸੀ ਕਿ ਕੋਈ ਦੁਸ਼ਮਣ ਭਾਰਤ ਮਾਤਾ ਦੀ ਸਰਜ਼ਮੀਨ ਤੇ ਪੈਰ ਨਾ ਰੱਖੇ।ਇਸੇ ਕਰਕੇ ਕੋਈ ਮੁਸ਼ਕਿਲ ਸਾਡੇ ਹੌਂਸਲੇ ਅੱਗੇ ਟਿਕ ਨਾ ਸਕੀ’।
‘ਬਾਬਾ ਜੀ ਇੰਝ ਤਾਂ ਤੁਸੀਂ ਸਾਰਾ ਜੀਵਨ ਬੜੀ ਕਠਨਾਈ ਵਿਚ ਗੁਜ਼ਾਰਿਆ’,ਹੈਰੀ ਨੇ ਆਪਣੇ ਮਨ ਦੀ ਆਖੀ।
‘ਨਹੀਂ ਬੇਟੇ ਇੰਜ ਨਾ ਕਹੋ ਸਗੋਂ ਇਜ ਕਹੋ ਕਿ ਸਾਡੇ ਬਾਬਾ ਜੀ ਨੇ ਪੂਰੇ ਪੈਂਤੀ ਸਾਲ ਦੇਸ਼ ਦੀ ਰਾਖੀ ਕਰਦਿਆਂ ਗੁਜ਼ਾਰੇ।ਸੀਮਾ ਸੁਰੱਖਿਆ ਬਲ ਦਾ ਮੁਖ ਕੰਮ ਸਰਹੱਦਾਂ ਦੀ ਰਾਖੀ ਕਰਨਾ ਹੁੰਦਾ ਹੈ।ਸੋ ਮੈਂ ਇਸ ਸੇਵਾ ਨੂੰ ਪੂਰੀ ਤੰਨ ਦੇਹੀ ਨਾਲ ਨਿਭਾਇਐ ।ਜੰਗਲਾਂ ਵਿਚ ਰਹਿਕੇ ਤੁਹਾਡੇ ਡੈਡੀ ਨੂੰ ਇਥੋਂ ਤਕ ਪੜ੍ਹਾਇਐ।ਬਾਡਰ ਤੇ ਰੋਜ਼ ਹੁੰਦੀ ਗੋਲਾਬਾਰੀ ਵਿਚ ਕਦੀ ਪਿੱਛੇ ਮੁੜਕੇ ਨੀਂ ਦੇਖਿਆ।’,ਬਾਬਾ ਜੀ ਨੇ ਆਪਣੀ ਸ਼ਾਨਦਾਰ ਸੇਵਾ ਤੇ ਫਖ਼ਰ ਕਰਦਿਆਂ ਆਖਿਆ।
ਬਾਬਾ ਜੀ ਨੇ ਖੰਗੂਰਾਂ ਮਾਰਕੇ ਗਲ਼ਾ ਸਾਫ ਕੀਤਾ ਅਤੇ ਆਪਣੇ ਜੀਵਨ ਦੀ ਇਕ ਹੋਰ ਘਟਨਾ ਨੂੰ ਯਾਦਾਂ ਦੀ ਪਟਾਰੀ ਵਿਚੋਂ ਇੰਜ ਬਾਹਰ ਕੱਢਿਆ,”ਬੇਟਾ ਖੇਮਕਰਨ ਸੈਕਟਰ ਦੀ ਗੱਲ ਹੈ।ਪਾਕਿਸਤਾਨ ਨਾਲ ਬੜੀ ਗਹਿ ਗੱਚ ਲੜਾਈ ਚੱਲ ਰਹੀ ਸੀ।ਮੇਰੇ ਕਈ ਸਾਥੀ ਸ਼ਹੀਦ ਹੋ ਚੁਕੇ ਸਨ।ਪਰ ਮੈਂ ਅਤੇ ਮੇਰੇ ਕੁਝ ਸਾਥੀਆਂ ਨੇ ਥੋੜੇ ਜਿਹੇ ਅਸਲੇ ਨਾਲ ਹੀ ਦੁਸ਼ਮਣਾ ਨੂੰ ਭਾਜੜਾਂ ਪੁਆ ਦਿੱਤੀਆਂ।ਅਸੀਂ ਚਾਰ ਜੁਆਨਾਂ ਨੇ ਉਹਨਾਂ ਦੇ ਛੱਕੇ ਛੁਡਾ ਦਿੱਤੇ।ਫਿਰ ਸਾਡੇ ਕਮਾਂਡਰ ਨੇ ਸਾਡੇ ਨਾਂ ਮੈਡਲ ਲਈ ਭੇਜ ਦਿੱਤੇ।ਅਸੀਂ ਜਾਨ ਦੀ ਪ੍ਰਵਾਹ ਕੀਤੇ ਬਗੈਰ ਭੂੱਖੇ ਰਹਿਕੇ ਵੀ ਇਹ ਜੰਗ ਲੜਦੇ ਰਹੇ”।
‘ਬਾਬਾ ਜੀ ਭੁੱਖੇ ਰਹਿਣਾ ਤਾਂ ਬਹੁਤ ਔਖਾ ਐ।ਮੈਂ ਨੀ ਰਹਿ ਸਕਦੈ, “ ਤੈਨੂੰ ਨੇ ਆਪਣੀ ਸਮੱਸਿਆ ਦੱਸੀ।
‘ਉਏ ਤੈਨੂੰ ਕੌਣ ਕਹਿੰਦਾ ਭੂੱਖੇ ਰਹਿਣ ਨੂੰ।ਇਹ ਤਾਂ ਸਾਡੇ ਬਾਬਾ ਜੀ ਦੀ ਕੁਰਬਾਨੀ ਐ।ਜਿਹੜੇ ਸਾਡੇ ਦੇਸ਼ ਦੀ ਖਾਤਰ ਭੂੱਖੇ ਰਹਿਕੇ ਵੀ ਜੰਗਲਾਂ,ਪਹਾੜਾਂਤੇ ਬਰਫੀਲ਼ੀਆਂ ਚੋਟੀਆਂ ਤੇ ਜੰਗ ਲੜਦੇ ਰਹੇ।ਅਖੀਰ ਜਿੱਤਕੇ ਸਾਡਾ ਦੇਸ਼ ਬਚਾ ਲਿਆ।ਬਾਬਾ ਜੀ ਮੈਨੂੰ ਬਹੁਤ ਮਾਣ ਹੈ ਤੁਹਾਡੇ ਤੇ।ਮੈਂ ਵੀ ਫੌਜ ਵਿਚ ਹੀ ਜਾਵਾਂਗਾ ਅਤੇ ਦੇਸ਼ ਦੀ ਖਾਤਰ ਕੁਰਬਾਨੀ ਦੇਵਾਂਗਾ’। ਇਹ ਕਹਿੰਦਿਆਂ ਹੈਰੀ ਨੇ ਸਾਵਧਾਨ ਖੜ੍ਹਾ ਹੋਕੇ ਆਪਣੇ ਬਾਬਾ ਜੀ ਨੂੰ ਸੈਲੂਟ ਮਾਰ ਦਿੱਤਾ।
ਬਲਜਿੰਦਰ ਮਾਨ
ਸੰਪਾਦਕ ਨਿੱਕੀਆਂ ਕਰੂਬਲਾਂ
ਕਰੂੰਬਲਾਂ ਭਵਨ ਮਾਹਿਲਪੁਰ
ਜ਼ਿਲਾ ਹੁਸ਼ਿਆਰਪੁਰ 146105
ਮੋਬ 98150-18947


0 comments:
Speak up your mind
Tell us what you're thinking... !