Headlines News :
Home » » 'ਚਗਲ ਗਾਇਕੀ' ਦੇ ਹਨੇਰੇ 'ਚ 'ਅਸਲ ਗਾਇਕੀ' ਦਾ ਲਟ ਲਟ ਬਲਦਾ ਚਿਰਾਗ- ਬੱਬੂ ਗੁਰਪਾਲ

'ਚਗਲ ਗਾਇਕੀ' ਦੇ ਹਨੇਰੇ 'ਚ 'ਅਸਲ ਗਾਇਕੀ' ਦਾ ਲਟ ਲਟ ਬਲਦਾ ਚਿਰਾਗ- ਬੱਬੂ ਗੁਰਪਾਲ

Written By Unknown on Monday, 24 December 2012 | 23:53


ਸਿਰਲੇਖ ਦੇ ਪਹਿਲੇ ਸ਼ਬਦ ਬਾਰੇ ਆਪ ਜੀ ਦੀ ਸ਼ੰਕਾ ਨਵਿਰਤੀ ਕਰ ਦੇਵਾਂ ਕਿ ਜਿਸ ਬੰਦੇ ਨੂੰ ਘਰ-ਪਰਿਵਾਰ, ਮਾਂ-ਧੀ-ਭੈਣ ਦੀ ਸ਼ਰਮ ਵੀ ਨਾ ਰਹੇ ਉਸਨੂੰ ਸ਼ੁੱਧ ਪੰਜਾਬੀ ‘ਚ ‘ਚਗਲ. ਦਾ ਤਾਜ ਪਹਿਨਾਇਆ ਜਾਂਦਾ ਹੈ। ਜੇਕਰ ਇਹੀ ਤਾਜ ਪੰਜਾਬੀ ਗਾਇਕੀ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਉਹਨਾਂ ਵੀਰਾਂ ਸਿਰ ਖੂਬ ਫੱਬਦਾ ਹੈ ਜਿਹਨਾਂ ਨੇ ਸਿਰਫ ਪੈਸੇ ਕਮਾਉਣ ਖਾਤਰ ਆਪਣੇ ਪਰਿਵਾਰਾਂ ਦੀ ਸ਼ਰਮ ਵੀ ਕਿਸੇ ਖੁਹ-ਖਾਤੇ ‘ਚ ਸੁੱਟ ਦਿੱਤੀ ਹੈ ਤੇ ਪੰਜਾਬੀ ਮਾ ਬੋਲੀ ਨੂੰ ਵੀ ਸਿਰ ਚੁੱਕਣ ਜੋਕਰੀ ਨਹੀਂ ਛੱਡਿਆ। ਤਰਕ ਹੈ ਕਿ ਜੇ ਕਿਸੇ ਲਕੀਰ ਨੂੰ ਛੋਟੀ ਕਰਕੇ ਦਿਖਾਉਣਾ ਹੋਵੇ ਤਾਂ ਉਸਦੇ ਬਰਾਬਰ ਵੱਡੀ ਲਕੀਰ ਖਿੱਚ ਦਿਓ। ਵੱਡੀ ਲਕੀਰ ਦੀ ਮੌਜੂਦਗੀ ‘ਚ ਛੋਟੀ ਲਕੀਰ ਆਪਣੇ ਆਪ ਛੋਟੀ ਦਿਸਣ ਲੱਗ ਜਾਵੇਗੀ। ਸੱਭਿਆਚਾਰਕ ਖੇਤਰ ਵਿੱਚ ਕੁਝ ਕੁ ਸਾਲਾਂ ‘ਚ ਹੀ ਹਿੰਸਕ, ਨਸ਼ਾਖੋਰੀ ਜਾਂ ਸਮਾਜਿਕ ਰਿਸ਼ਤਿਆਂ ਨੂੰ ਪਾਟੋਧਾੜ ਕਰਨ ਵਾਲੇ ਗੀਤਾਂ ਦੀ ਬੜੌਤਰੀ ਨੇ ਚਿੰਤਕ ਲੋਕਾਂ ਨੂੰ ਇੱਕ ਵਾਰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਸੱਭਿਆਚਾਰ ਦੀ ਸੇਵਾ ਦੇ ਨਾਂ ‘ਤੇ ਗਾਇਕਾਂ ਗੀਤਕਾਰਾਂ ਵੱਲੋਂ ਪੈਦਾ ਕੀਤਾ ਜਾ ਰਿਹਾ ਸੱਭਿਆਚਾਰਕ ਅੱਤਵਾਦ ਪੰਜਾਬ ਨੂੰ ਤਬਾਹੀ ਵੱਲ ਲਿਜਾਣ ਦੇ ਕੋਝੇ ਮਨਸੂਬੇ ਤਾਂ ਨਹੀਂ ਹਨ? ਇਹਨਾਂ ਹਾਲਾਤਾਂ ‘ਤੇ ਆਣ ਖੜ੍ਹੇ ਹੋਣ ‘ਤੇ ਕੁਝ ਵੀਰਾਂ ਦਾ ਤਰਕ ਹੈ ਕਿ ਜੇ ਗੰਦ-ਮੰਦ ਗਾਉਣ ਵਾਲਿਆਂ ਨੂੰ ਅੱਖੋਂ ਪਰੋਖੇ ਕਰਕੇ ਚੰਗਾ ਗਾਉਣ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਮਾੜਾ ਗਾਉਣ ਵਾਲੇ ਆਪੇ ਚੁੱਪ ਹੋ ਜਾਣਗੇ। ਬੇਸ਼ੱਕ ਇਸ ਤਰਕ ਵਿੱਚ ਵੀ ਅੰਤਾਂ ਦਾ ਦਮ ਹੈ ਪਰ ਜਦੋਂ ਅਜੋਕੇ ਸਰਮਾਏਦਾਰੀ ਯੁਗ ‘ਚ ਜੇਕਰ ਸੱਤਾਧਾਰੀ ਧਿਰਾਂ ਵੀ ਅਜਿਹੇ ਗੰਦ-ਮੰਦ ਦੀ ਪਿੱਠ ਥਾਪੜਦੀਆਂ ਹਨ ਤਾਂ ਇਹ ਜਣੇ-ਖਣੇ ਦੇ ਵੱਸ ਦੀ ਗੱਲ ਨਹੀਂ ਕਿ ਇਸ ਕਾਲੀ ਹੋ ਰਹੀ ਗੰਗਾ ਵਿੱਚ ਪਾਈਆਂ ਦੁੱਧ ਦੀਆਂ ਦੋ-ਚਾਰ ਬੂੰਦਾਂ ਉਸ ਦਾ ਰੰਗ ਚਿੱਟੇ ਵਿੱਚ ਤਬਦੀਲ ਕਰ ਦੇਣਗੀਆਂ। ਖੇਤਾਂ ਵਿੱਚ ਜੇ ਕਿੱਧਰੇ ਕੱਸੀ ਜਾਂ ਸੂਏ ਦਾ ਬੰਨ੍ਹ ਟੁੱਟ ਕੇ ਖਾਰ ਪੈ ਜਾਂਦੀ ਐ ਤਾਂ ਉਸ ਖੋਰੇ ਨੂੰ ਪੂਰਨ ਲਈ ਇੱਕ ਕਾਮੇ ਦੇ ਕਹੀ ਨਾਲ ਸੁੱਟੇ ਜਾਂਦੇ ਚੇਪੇ ਕਾਰਗਾਰ ਨਹੀਂ ਹੁੰਦੇ। ਉਸ ਖੋਰੇ ਅੱਗੇ ਪਹਿਲਾਂ ਇੱਕ ਬੰਦਾ ਵੀ ਲੰਮਾ ਪਾ ਲਿਆ ਜਾਦੈ ਜਾਂ ਫਿਰ ਕਦੇ ਕਦੇ ਰੇਤੇ ਦੀਆਂ ਭਰੀਆਂ ਬੋਰੀਆਂ ਵੀ ਪਾਣੀ ਦੇ ਮੁਹਾਣ ਨੂੰ ਰੋਕਣ ਲਈ ਸੁੱਟਣੀਆਂ ਪੈਂਦੀਆਂ ਹਨ ਤਾਂ ਕਿਤੇ ਜਾ ਕੇ ਇੱਕ ਨਰੋਏ ਬੰਨ੍ਹ ਦਾ ਰੂਪ ਧਾਰਨ ਹੁੰਦੈ। ਜੁਗਾੜੂ ਗਾਇਕਾਂ ਦੁਆਰਾ ਸੱਭਿਆਚਾਰ ਦੇ ਬੰਨ੍ਹ ਨੂੰ ਲਾਏ ਖੋਰੇ ਨੂੰ ਪੂਰਨ ਲਈ ਜਿੱਥੇ ਅਜਿਹੇ ਗੰਦਪਾਊ ਗਾਇਕਾਂ ਨੂੰ ਠੱਲ੍ਹਣ ਭਾਵ ਉਹਨਾਂ ਦੀ ਸੁੱਤੀ ਜ਼ਮੀਰ ਜਗਾਉਣ ਲਈ ਸਾਕਾਰਾਤਮਕ ਵਿਰੋਧ ਜਾਹਰ ਕਰਨਾ ਜਰੂਰੀ ਹੈ ਉੱਥੇ ‘ਚਗਲ ਗਾਇਕੀ. ਵੱਲੋਂ ਲਾਏ ਖੋਰੇ ਨੂੰ ਪੂਰਨ ਲਈ ‘ਅਸਲ ਗਾਇਕੀ. ਦੇ ਚੇਪੇ ਨਿਰੰਤਰ ਲਗਦੇ ਰਹਿਣ ਨਾਲ ਹੀ ਗੱਲ ਕਿਸੇ ਤਣ-ਪੱਤਣ ਲੱਗ ਸਕਦੀ ਹੈ। ‘ਚਗਲ ਗਾਇਕੀ. ਦੀ ਲਕੀਰ ਨੂੰ ਛੋਟਾ ਕਰਨ ਲਈ ਇਸ ਹਨੇਰੇ ‘ਚ ‘ਅਸਲ ਗਾਇਕੀ. ਦੇ ਲਟ ਲਟ ਬਲਦੇ ਜਿਸ ਚਿਰਾਗ ਬਾਰੇ ਇਹ ਸ਼ਬਦ ਲਿਖ ਕੇ ਮਾਣ ਮਹਿਸੂਸ ਕਰ ਰਿਹਾ ਹਾਂ, ਉਹ ਹੈ ਪਾਕ-ਪਵਿੱਤਰ ਸੋਚ ਪੱਲੇ ਬੰਨ੍ਹ ਕੇ ਗਾਇਕੀ ਦੇ ਖੇਤਰ ਵਿੱਚ ਆਇਆ ਗਾਇਕ ਬੱਬੂ ਗੁਰਪਾਲ।
ਪੰਜਾਬੀ ਗਾਇਕੀ ਦੇ ਅਮਿੱਟ ਹਸਤਾਖਰ ਗੁਰਦਾਸ ਮਾਨ ਨੂੰ ਆਪਣਾ ਆਦਰਸ਼ ਮੰਨਣ ਵਾਲਾ ਬੱਬੂ ਗੁਰਪਾਲ ਬੇਸ਼ੱਕ ਹਰਿਆਣੇ ਦੇ ਜਿਲ੍ਹਾ ਕਰਨਾਲ ਦੇ ਪਿੰਡ ਅਸੰਦ ‘ਚ ਜੰਮਿਆ ਪਲਿਆ ਹੈ। ਸਵਰਗੀ ਪਿਤਾ ਸ੍ਰ ਇੰਦਰਜੀਤ ਸਿੰਘ ਤੇ ਮਾਤਾ ਚਰਨਜੀਤ ਕੌਰ ਦੇ ਪੁੱਤਰ ਬੱਬੂ ਨੇ ਹਰਿਆਣੇ ਦਾ ਅੰਨ ਖਾ ਕੇ ਵੀ ਪੰਜਾਬ ਦੇ ਖਰੂਦ-ਪਾਊ ਗਾਇਕਾਂ ਵੱਲੋਂ ਪੰਜਾਬੀ ਮਾਂ ਬੋਲੀ ਦੀਆਂ ਖਿਲਾਰੀਆਂ ਜਟੂਰੀਆਂ ਨੂੰ ਮੁੜ ਗੁੰਦਣ ਦਾ ਬੀੜਾ ਚੁੱਕਿਆ ਹੋਇਆ ਹੈ। ਇਸੇ ਉੱਦਮ ਤਹਿਤ ਹੀ ਉਹ ਪਹਿਲੀ ਕੈਸੇਟ ‘‘ਯਾਦਾਂ ਦੇਸ ਪੰਜਾਬ ਦੀਆਂ” ਤੋਂ ਬਾਦ ਆਪਣੀ ਦੂਸਰੀ ਕੈਸੇਟ ‘‘ਮੈਂ ਬੋਲੀ ਪੰਜਾਬ ਦੀ” ਲੈ ਕੇ ਹਾਜ਼ਿਰ ਹੋਇਆ ਹੈ। ਇੱਥੇ ਇਹ ਜ਼ਿਕਰ ਕਰਨਾ ਵੀ ਜਰੂਰੀ ਹੋਵੇਗਾ ਕਿ ਬੱਬੂ ਉੱਪਰ ਗੁਰਦਾਸ ਮਾਨ ਦੀ ਗਾਇਨ ਸ਼ੈਲੀ ਦਾ ਇੰਨਾ ਕੁ ਪ੍ਰਭਾਵ ਹੈ ਕਿ ਅੱਖਾਂ ਬੰਦ ਕਰਕੇ ਸੁਣਦਿਆਂ ਇੱਕ ਵਾਰ ਜਰੂਰ ਮਹਿਸੂਸ ਹੁੰਦੈ ਕਿ ਜਿਵੇਂ ਗੁਰਦਾਸ ਮਾਨ ਸੁਣ ਰਹੇ ਹੋਈਏ। 
ਇੱਕ ਗਾਇਕ ਵੱਲੋਂ ਹੀ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਚੰਗਾ ਗਾਉਣ ਦੀ ਸਲਾਹ ਦੇਣਾ ਬੇਸ਼ੱਕ ਕਿਸੇ ਵੀ ਹਰਬੇ ਪੈਸਾ ਕਮਾਉਣ ਦੇ ਚਾਹਵਾਨਾਂ ਲਈ ਮੂਰਖਤਾ ਹੋਵੇ ਪਰ ਬੱਬੂ ਗੁਰਪਾਲ ਦਾ ਕਹਿਣਾ ਹੈ ਕਿ ਉਹ ਆਪਣੀ ਮਾਂ (ਬੋਲੀ) ਦਾ ਨੰਗ ਕੱਜਣ ਲਈ ਆਪਣਾ ਆਪ ਵੀ ਵੇਚਣ ਨੂੰ ਤਿਆਰ ਹੈ, ਕਮਾਈ ਕਰਨਾ ਤਾਂ ਦੂਰ ਦੀ ਗੱਲ ਹੈ। ਇਸੇ ਕਰਕੇ ਤਾਂ ਉਸਨੇ ਮਾਂ ਬੋਲੀ ਵੱਲੋਂ ਪਾਏ ਤਰਲੇ ਦੇ ਰੂਪ ਵਿੱਚ ਗੀਤਕਾਰ ਮੱਖਣ ਬਰਾੜ ਦਾ ਗੀਤ ਗਾਇਆ ਹੈ ਕਿ
‘‘ਕਿਸੇ ਨੇ ਮੇਰੀ ਜੰਝ ਘੇਰ ਲਈ, ਕਿਸੇ ਨੇ ਮੇਰੀ ਡੋਲੀ।
ਘਟੀਆ ਸੋਚ ਦੇ ਮਾਲਕ ਮੇਰਾ, ਅੰਗ ਅੰਗ ਜਾਣ ਫਰੋਲੀ।
ਕਿਵੇਂ ਟੱਬਰ ਵਿੱਚ ਬਹਿਕੇ ਸੁਣਦੇ ਓ,
ਵਿਰਸੇ ਦੇ ਓ ਅਮੀਰੋ।
ਮੈਨੂੰ ਨੰਗਿਆਂ ਨਾ ਕਰੋ ਵੇ ਮੇਰੇ ਗਾਇਕ ਵੀਰੋ।
ਮੈਨੂੰ ਨੰਗਿਆਂ ਨਾ ਕਰੋ ਵੇ ਮੇਰੇ ਲੇਖਕ ਵੀਰੋ।”
ਜਿਸ ਸੰਜੀਦਗੀ ਤੇ ਪਾਕੀਜਗੀ ਨਾਲ ਬੱਬੂ ਨੇ ਗਾਇਆ ਹੈ, ਓਨੀਆਂ ਹੀ ਅਰਥ-ਭਰਪੂਰ ਰਚਨਾਵਾਂ ਦੀ ਚੋਣ ਲਈ ਵੀ ਵਧਾਈ ਦੇਣੀ ਬਣਦੀ ਹੈ ਜਿਸਨੇ ਸਈਅਦ ਵਾਰਿਸ਼ ਸ਼ਾਹ, ਸ. ਪੰਛੀ ਸਾਹਿਬ, ਮੱਖਣ ਬਰਾੜ, ਦਲਜੀਤ ਰਿਆੜ (ਫਰਜਿਨੋ), ਯਾਦਵਿੰਦਰ ਸਰਾਂ (ਸੈਨਹੋਜੇ) ਦੀਆਂ ਰਚਨਾਵਾਂ ਨੂੰ ਆਪਣੀ ਮਧੁਰ ਤੇ ਦਮਦਾਰ ਆਵਾਜ਼ ਨਾਲ ਜਾਨ ਪਾਈ ਹੈ। ਬੱਬੂ ਦੀ ਇਸ ਸਫ਼ਲ ਕੋਸ਼ਿਸ਼ ‘ਤੇ ਝਾਤ ਮਾਰਦਿਆਂ ਵਾਰ ਵਾਰ ਉਸਨੂੰ ਸ਼ਬਾਸ਼ ਦੇਣ ਨੂੰ ਦਿਲ ਕਰਦੈ ਕਿ ਜਿੱਥੇ ਅੱਜਕੱਲ੍ਹ ਬੇਰੁਜ਼ਗਾਰੀ ਦੇ ਝੰਭੇ ਗਾਇਕ ਵੀਰ ਇੰਨੇ ਨਿਰਲੱਜ ਹੋ ਗਏ ਹਨ ਕਿ ਉਹਨਾਂ ਨੂੰ ਕੁੜੀਆਂ ਦੇ ਕਾਲਜਾਂ ਨੂੰ ਆਸ਼ਕੀ ਦੇ ਅੱਡੇ ਬਣਾ ਕੇ ਦਿਖਾਉਣ ਤੋਂ ਹੀ ਵਿਹਲ ਨਹੀਂ। ਹਰ ਦੁੱਕੀ ਤਿੱਕੀ ਆਪਣੇ ਗੀਤਾਂ ਵਿੱਚ ਚੰਡੀਗੜ੍ਹ ਪੜ੍ਹਦੀਆਂ ਕੁੜੀਆਂ ਦਾ ਜ਼ਿਕਰ ਕਰਨਾ ਇਹ ਭੁੱਲ ਕੇ ਕਰਦਾ ਹੈ ਕਿ ਕੱਲ੍ਹ ਨੂੰ ਉਹਨਾਂ ਦੀਆਂ ਧੀਆਂ ਭੈਣਾਂ ਵੀ ਤਾਂ ਉੱਚ ਸਿੱਖਿਆ ਲਈ ਵੀ ਕਿਸੇ ਸ਼ਹਿਰ ਹੀ ਜਾਣਗੀਆਂ ਨਾ ਕਿ ਉਹ ਆਪਣੇ ਘਰੀ ਵੱਖਰੇ ਕਾਲਜ ਖੋਲ੍ਹਣਗੇ। ਪਰ ਬੱਬੂ ਕੁੜੀਆਂ ਦੇ ਪੜ੍ਹਾਈ ਕਰਨ ਦੇ ਹੱਕ ‘ਤੇ ਡਾਕਾ ਮਾਰਨ ਵਰਗੇ ਗੀਤਾਂ ਨੂੰ ‘ਦੁਰ-ਫਿੱਟੇ ਮੂੰਹ. ਕਹਿੰਦਾ ਹੋਇਆ ਇੱਕ ਬਾਲੜੀ ਵੱਲੋਂ ਆਪਣੀ ਮਾਂ ਨੂੰ ਅਰਜੋਈ ਦੇ ਰੂਪ ਵਿੱਚ ਗਾਉਂਦਾ ਹੈ ਕਿ:- 
‘‘ਮੇਰੇ ਗੁੱਡੀਆਂ ਪਟੋਲੇ, ਰੱਖ ਤਾਕਾਂ ਦੇ ਓਹਲੇ,
ਮੇਰੇ ਹੱਥ ਵਿੱਚ ਬਸਤਾ ਫੜਾ ਨੀ ਮਾਂ।
ਮੈਨੂੰ ਪੜ੍ਹਨੇ ਦਾ ਚਾਅ...ਮੈਨੂੰ ਪੜ੍ਹਨੇ ਦਾ ਚਾਅ।
ਮੇਰੇ ਲੇਖਾਂ ਨੂੰ ਵੀ ਹੱਥਾਂ ਨਾਲ ਸਜਾ ਨੀ ਮਾਂ।
ਮੈਨੂੰ ਪੜ੍ਹਨੇ ਦਾ ਚਾਅ...ਮੈਨੂੰ ਪੜ੍ਹਨੇ ਦਾ ਚਾਅ।
ਆਪਣੀ ਪਤਨੀ ਸਿਮਰਜੀਤ ਕੌਰ ਦੇ ਅਮੁੱਲੇ ਸਹਿਯੋਗ ਨਾਲ ਗਾਇਨ ਖੇਤਰ ‘ਚ ਵਿਚਰ ਰਿਹਾ ਬੱਬੂ ਗੁਰਪਾਲ ਇੱਕ ਬੇਟੇ ਸੁਰਦੀਪ ਸਿੰਘ ਅਤੇ ਬੇਟੀ ਸੋਫੀਆ ਕੌਰ ਦਾ ਜਿੰਮੇਵਾਰ ਬਾਪ ਵੀ ਹੈ। ਬੱਬੂ ਦਾ ਕਹਿਣਾ ਹੈ ਕਿ ‘‘ਮੈਂ ਨਹੀਂ ਚਾਹੁੰਦਾ ਕਿ ਕੁਝ ਅਜਿਹਾ ਗਾਇਆ ਜਾਵੇ ਜਿਸ ਸਦਕਾ ਕੱਲ੍ਹ ਨੂੰ ਆਪਣੇ ਹੀ ਬੱਚਿਆਂ ਅੱਗੇ ਨੀਵੀਂ ਨਾ ਚੱਕੀ ਜਾਵੇ।” ਪਰ ਦੂਜੇ ਪਾਸੇ ਅਜਿਹੇ ਗਾਇਕ ਵੀਰ ਵੀ ਹਨ ਜੋ ਆਪਣੇ ਬੱਚਿਆਂ ਦੇ ‘ਸੁਨਹਿਰੇ. ਭਵਿੱਖ ਦੀ ਮ੍ਰਿਗ ਤ੍ਰਿਸ਼ਨਾ ‘ਚ ਅੰਨ੍ਹੇ ਹੋ ਕੇ ਲੋਕਾਂ ਦੇ ਪੁੱਤਾਂ-ਧੀਆਂ ਨੂੰ ਕਦੇ ਨਸ਼ੇ ਕਰਨ ਦੀਆਂ ਮੱਤਾਂ ਦਿੰਦੇ ਹਨ, ਕਦੇ ਆਸ਼ਕੀ ਕਰਨ ਦੇ ਨਵੇਂ ਨਵੇਂ ਢੰਗ ਦੱਸਦੇ ਹਨ, ਕਦੇ ਪਿਓ ਦੇ ਗਲ ਅੰਗੂਠਾ ਦੇ ਕੇ ਬੁਲਟ ਲੈ ਕੇ ਦੇਣ ਦੀਆਂ ਮੱਤਾਂ ਦਿੰਦੇ ਹਨ ਤੇ ਕਦੇ ਆਸ਼ਕੀ ‘ਚ ‘ਫੇਲ੍ਹ. ਹੋਣ ‘ਤੇ ਖੁਦਕੁਸ਼ੀਆਂ ਕਰਨ ਦੀਆਂ ਸਲਾਹਾਂ ਵੀ ਦਿੰਦੇ ਹਨ। ਪੈਸੇ ਕਮਾਉਣ ਦੇ ਲਾਲਚ ਵਿੱਚ ਲੋਕਾਂ ਦੇ ਪੁੱਤਾਂ ਨੂੰ ਵੈਲਪੁਣਾ ਸਿਖਾਉਣ ਵਾਲੇ ਉਹਨਾਂ ਗਾਇਕਾਂ ਲਈ ਚਾਨਣ-ਮੁਨਾਰਾ ਹੈ ਬੱਬੂ, ਜੋ ਇਹ ਭੁੱਲੇ ਬੈਠੇ ਹਨ ਕਿ ਉਹਨਾਂ ਵੱਲੋਂ ਤਿਆਰ ਕੀਤੀ ਵੈਲੀਆਂ ਦੀ ਪਨੀਰੀ ਉਹਨਾਂ ਦੇ ਘਰਾਂ ਦੀਆਂ ਕੰਧਾ ਵੀ ਟੱਪ ਜਾਵੇਗੀ। ਪਰ ਉਸ ਦਿਨ ਉਹਨਾਂ ਕੋਲ ਕੋਈ ਜਵਾਬ ਨਹੀਂ ਹੋਵੇਗਾ। ਜਿੱਥੇ ਸਭ ਨੂੰ ਇਹ ਹੋੜ ਲੱਗੂ ਹੋਈ ਹੈ ਕਿ ‘‘ਪੈਸਾ ਕਮਾਓ,ਸੱਭਿਆਚਾਰ ਜਾਵੇ ਢੱਠੇ ਖੁਹ ‘ਚ।” ਉੱਥੇ ਬੱਬੂ ਦੀ ਸ੍ਰੋਤਿਆਂ ਨੂੰ ਇਹ ਅਰਜੋਈ ਵੀ ਧਿਆਨ ਮੰਗਦੀ ਹੈ ਕਿ ਜੇ ਕੋਈ ਵੀ ਵੀਰ ਉਸਦੀ ਕੈਸੇਟ ਨੂੰ ਵਿੱਤੀ ਮਜ਼ਬੂਰੀ ਕਰਕੇ ਖਰੀਦ ਕੇ ਨਹੀਂ ਸੁਣ ਸਕਦਾ ਤਾਂ ਉਹ ਅਜਿਹੇ ਵੀਰਾਂ ਨੂੰ ਡਾਕ ਰਾਹੀਂ ਦੁਨੀਆ ਦੇ ਕਿਸੇ ਵੀ ਕੋਨੇ ‘ਚ ਸੀ.ਡੀ. ਭੇਜਣੋਂ ਪਾਸਾ ਨਹੀਂ ਵੱਟੇਗਾ।
ਓ ਪੰਜਾਬੀਓ! ਯਾਰ ਜੇ ਅਜੇ ਵੀ ਨਾ ਜਾਗੇ ਤਾਂ ਸ਼ਾਇਦ ਵੇਲਾ ਲੰਘ ਜਾਣੈ। ਪਛਾਣੋ ਰਕਸ਼ਕ ਤੇ ਭਕਸ਼ਕ ਦਾ ਫ਼ਰਕ। ਕੀ ਤੁਸੀਂ ਇਉਂ ਹੀ ਆਵਦੀਆਂ ਧੀਆਂ ਭੈਣਾਂ ਦੀ ਦੁਰਗਤੀ ਕਰਨ ਵਾਲੇ ਗਾਇਕਾਂ ‘ਤੇ ਪੈਸੇ ਲੁਟਾਉਂਦੇ ਰਹੋਗੇ? ਕਿੱਧਰ ਦੀ ਸਿਆਣਪ ਹੈ ਕਿ ‘ਚਗਲ ਗਾਇਕੀ. ਸੁਣਨ ਲਈ ਪੈਸੇ ਵੀ ਖਰਚੋ, ਆਵਦੀ ਧੀ-ਭੈਣ ‘ਇੱਕ. ਵੀ ਕਰਵਾਓ? ਕਿਉਂ ਨਹੀਂ ਅਸੀਂ ਬੱਬੂ ਗੁਰਪਾਲ ਵਰਗੇ ਸੱਭਿਆਚਾਰ ਦੇ ਰਾਖੇ ਵੀਰਾਂ ਦੀ ਡਾਂਗ ਨੂੰ ਹੱਲਾਸ਼ੇਰੀ ਦਾ ਤੇਲ ਲਾਉਂਦੇ ਕਿ ਪੰਜਾਬੀ ਸੱਭਿਆਚਾਰ ਦੀਆਂ ਫੁੱਟ ਰਹੀਆਂ ਲਗਰਾਂ ਨੂੰ ਮੁੱਛਣ ਵਾਲੇ ਬਘਿਆੜਾਂ ਦੀਆਂ ਨਾਸਾਂ ਸਿਆਣਪ ਨਾਲ ਭੰਨ੍ਹੀਆਂ ਜਾ ਸਕਣ?.....ਫੈਸਲਾ ਤੁਹਾਡੇ ਹੱਥ ਵੀ ਹੈ ਕਿ ਬੱਬੂ ਨੂੰ ਰਕਸ਼ਕ ਬਣਾਈ ਰੱਖਣਾ ਹੈ ਜਾਂ ਉਸਨੂੰ ਵੀ ਭਕਸ਼ਕ ਬਣਨ ਲਈ ‘ਮਜ਼ਬੂਰ. ਕਰਨਾ ਹੈ? 

ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
ਮੋਬਾ:- 0044 75191 12312
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template