ਕਰੋ ਸਿਰਜਣਾ ਵਾਂਗ ਲੇਖਕਾਂ ਜ਼ਿੰਮੇਵਾਰਾਂ ਦੇ,
ਗੀਤ ਲਿਖੋ ਨਾ ਨਸ਼ੇ, ਕਾਲਜਾਂ ਤੇ ਹਥਿਆਰਾਂ ਦੇ।
ਸੱਭਿਆਚਾਰ ਨੂੰ ਪੱਛਮ ਦੀ ਪੁੱਠ ਚਾੜ੍ਹ ਰਹੇ,
ਦੁਨੀਆਂ ਵਿੱਚ ਪੰਜਾਬ ਦੀ ਦਿੱਖ ਵਿਗਾੜ ਰਹੇ,
ਕਿਹੜੇ ਕੰਮੀਂ ਲਾ ਦਿੱਤੇ ਨੇ ਪੁੱਤ ਸਰਦਾਰਾਂ ਦੇ,
ਗੀਤ ਲਿਖੋ ਨਾ ਨਸ਼ੇ ਕਾਲਜਾਂ ਤੇ ਹਥਿਆਰਾਂ ਦੇ।
ਰਫਲਾਂ ਤੇ ਪਿਸਤੌਲਾਂ ਨੇ ਕਦ ਭਲੀ ਗੁਜ਼ਾਰੀ ਹੈ,
ਇਹਨਾਂ ਕਰਕੇ ਕਈਆਂ ਪੱਲੇ ਪਈ ਖੁਆਰੀ ਹੈ,
ਦੁਖੜੇ ਸੁਣਕੇ ਦੇਖੋ ਉਹਨਾਂ ਦੇ ਪਰਿਵਾਰਾਂ ਦੇ,
ਗੀਤ ਲਿਖੋ ਨਾ ਨਸ਼ੇ ਕਾਲਜਾਂ ਤੇ ਹਥਿਆਰਾਂ ਦੇ।
ਦੁਨੀਆ ਭਰ ਦੇ aੁੱਚੇ ਰੁਤਬੇ ਅੰਦਰ ਵਿੱਦਿਆ ਦੇ,
ਇਸ਼ਕ ਮੁਸ਼ਕ ਦੀ ਚੀਜ਼ ਬਣਾਤੇ ਮੰਦਰ ਵਿੱਦਿਆ ਦੇ,
ਫਿਕਰ ਜ਼ਰਾ ਨਹੀਂ ਕਰਦੇ ਬੱਚਿਆਂ ਦੇ ਕਿਰਦਾਰਾਂ ਦੇ,
ਗੀਤ ਲਿਖੋ ਨਾ ਨਸ਼ੇ, ਕਾਲਜਾਂ ਤੇ ਹਥਿਆਰਾਂ ਦੇ।
ਮਸਲੇ ਬਹੁਤ ਗੰਭੀਰ ਲਿਖਣ ਨੂੰ ਅੱਜ ਜ਼ਮਾਨੇ ਤੇ,
ਕਾਲਜ ਪੜ੍ਹਦੀਆਂ ਕੁੜੀਆਂ ਥੋਡੇ ਰਹਿਣ ਨਿਸ਼ਾਨੇ ਤੇ,
ਮਾਪੇ ਸੋਚੀਂ ਪੈ ਗਏ ਨੇ ਧੀਆਂ ਮੁਟਿਆਰਾਂ ਦੇ,
ਗੀਤ ਲਿਖੋ ਨਾ ਨਸ਼ੇ, ਕਾਲਜਾਂ ਤੇ ਹਥਿਆਰਾਂ ਦੇ।
ਚਿੜੀਆਂ ਵਾਲੇ ਚੰਬੇ ਪਿਛੇ ਕਲਮਾਂ ਪੈ ਗਈਆਂ,
ਸ਼ਰਮ ਹਯਾ ਦੀਆਂ ਗੱਲਾਂ ਤਾਂ ਹੁਣ ਕਿਥੇ ਰਹਿ ਗਈਆਂ,
ਹੁਣ ਗੀਤਾਂ ਵਿਚ ਰੜਕਣ ਘਾਟੇ ਨੇਕ ਵਿਚਾਰਾਂ ਦੇ,
ਗੀਤ ਲਿਖੋ ਨਾ ਨਸ਼ੇ, ਕਾਲਜਾਂ ਤੇ ਹਥਿਆਰਾਂ ਦੇ।
ਮਾਨ ਮਰ੍ਹਾੜਾਂ ਵਾਲਾ ਲਿਖਦਾ ਗੀਤ ਸਲੀਕੇ ਦੇ,
ਕਲੀਆਂ,ਕਿੱਸੇ ਕੌਣ ਭੁਲਾਊ ਦੇਵ ਥਰੀਕੇ ਦੇ,
ਸਦਕੇ 'ਮੋਹੀ ਮਾਂ-ਬੋਲੀ ਦੇ ਅਸਲ ਸ਼ਿੰਗਾਰਾਂ ਦੇ,
ਗੀਤ ਲਿਖੋ ਨਾ ਨਸ਼ੇ, ਕਾਲਜਾਂ ਤੇ ਹਥਿਆਰਾਂ ਦੇ।
ਕਰੋ ਸਿਰਜਣਾ ਵਾਂਗ ਲੇਖਕਾਂ ਜ਼ਿੰਮੇਵਾਰਾਂ ਦੇ,
ਗੀਤ ਲਿਖੋ ਨਾ ਨਸ਼ੇ, ਕਾਲਜਾਂ ਤੇ ਹਥਿਆਰਾਂ ਦੇ।
ਬਲਵਿੰਦਰ ਸਿੰਘ ਮੋਹੀ
ਭਗਤ ਸਿੰਘ ਸਟੇਟ ਟੈਕਨੀਕਲ ਕੈੰਪਸ
ਫਿਰੋਜ਼ਪੁਰ
ਭਗਤ ਸਿੰਘ ਸਟੇਟ ਟੈਕਨੀਕਲ ਕੈੰਪਸ
ਫਿਰੋਜ਼ਪੁਰ
ਫੋਨ :94638-72724


0 comments:
Speak up your mind
Tell us what you're thinking... !