ਇਸ ਤੱਥ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸੰਗੀਤ ਨੂੰ ਰੂਹ ਦੀ ਖ਼ੁਰਾਕ ਵਜੋਂ ਮੰਨਿਆ ਜਾਂਦਾ ਹੈ ਪਰ ਅਜੋਕੀ ਕੰਨ ਰਸਹੀਣ ਹੋਈ ਗਾਇਕੀ ਸਿਰਦਰਦ ਬਣਦੀ ਜਾ ਰਹੀ ਹੈ ਜਿਸ ਨੂੰ ਅਜੋਕੀ ਪੀੜ੍ਹੀ ਦੇ ਨਾਲ ਨਾਲ ਪਹਿਲੀਆਂ ਪੀੜ੍ਹੀਆਂ ਵੀ ਹੰਢਾ ਰਹੀਆਂ ਹਨ। ਅਜਿਹੇ ਸਮਿਆਂ ਵਿੱਚ ਸੂਫੀਆਨਾ ਕਲਾਮ ਹੀ ਰਹਿ ਜਾਂਦਾ ਹੈ ਜਿਹੜਾ ਕੁਝ ਕੁ ਸਕੂਨ ਬਖ਼ਸ਼ਦਾ ਮਹਿਸੂਸ ਹੁੰਦਾ ਹੈ।
ਇੱਕ ਦਿਨ ਮੇਰੇ ਮਿੱਤਰ ਰਾਜੀ ਨੇ ਕਿਹਾ, ‘‘ਬਾਈ ਡਾ. ਮਮਤਾ ਜੋਸ਼ੀ ਦਾ ਕਲਾਮ ਸੁਣਿਐ ਕਦੇ? ਉਹ ਬਹੁਤ ਵਧੀਆ ਗਾਉਂਦੇ ਨੇ ਯਾਰ। ਕਿਆ ਬਾਤਾਂ ਨੇ।” ਮੈਂ ਡਾਕਟਰ ਸਾਹਿਬਾਂ ਦਾ ਕਲਾਮ ਪਹਿਲਾਂ ਮਾਣਿਆ ਹੋਇਆ ਸੀ। ਇਸ ਲਈ ਮੇਰੇ ਮਨ ਦੀ ਸਕਰੀਨ ਤੇ ਉਨ੍ਹਾਂ ਦੀ ਵਿਲੱਖਣ ਤਸਵੀਰ ਉਭਰ ਆਈ। ਗੁਲਾਬੀ ਦੁਪੱਟਾ, ਕਾਲਾ ਲਿਸਾਬ, ਕੰਨਾਂ ਵਿੱਚ ਝੁਮਕੇ, ਗਲ਼ ਵਿੱਚ ਰੰਗ-ਬਰੰਗੇ ਮਣਕਿਆਂ ਦੀ ਮਾਲ਼ਾ, ਹੱਥਾਂ ਦੀਆਂ ਉਂਗਲ਼ਾਂ ਵਿੱਚ ਮੁੰਦਰੀਆਂ, ਸਿਰ ਉਤੇ ਵਲੇਵਿਆਂ ਵਾਲੀ ਮਨਮੋਹਣੀ ਪਗੜੀ ਤੇ ਉਹ ਹਰਮੋਨੀਅਮ ਪਲੇਅ ਕਰ ਰਹੇ ਨੇ। ਵਾਰਿਸ ਦੀ ਹੀਰ ਗਾਈ ਜਾ ਰਹੀ ਏ, ‘‘ਹੀਰ ਆਖਦੀ ਜੋਗੀਆ ਝੂਠ ਆਖੇਂ।” ਫਿਰ ਉਨ੍ਹਾਂ ਬਾਈ ਰਾਜ ਕਾਕੜਾ ਦਾ ਗੀਤ ਛੋਹਿਆ, ਰੱਖੀਂ ਵੇ ਖ਼ੈਰਾਂ ਰੱਬਾ ਸੱਜਣਾਂ ਦੇ ਸ਼ਹਿਰ ਦੀਆਂ।” ਡਾਕਟਰ ਸਾਹਿਬਾਂ ਦਾ ਸੂਫੀਆਨਾ ਕਲਾਮ ਮੈਨੂੰ ਵੱਖਰੀ ਖ਼ੁਮਾਰੀ ਵੱਲ ਲੈ ਤੁਰਿਆ। ਕਿੰਨਾ ਚਿਰ ਮੈਂ ਉਹਦੇ ਗੀਤਾਂ ਦੀ ਬਾਰਿਸ਼ ਵਿੱਚ ਭਿੱਜਦਾ ਰਿਹਾ।
ਉਨ੍ਹਾਂ ਬਾਬਾ ਫਰੀਦ, ਬਾਬਾ ਬੁੱਲ੍ਹੇ ਸ਼ਾਹਰ, ਵਾਰਿਸ ਤੇ ਅਮੀਰ ਖੁਸਰੋ ਤੇ ਨੁਸਰਤ ਫਤਿਹ ਅਲੀ ਖਾਂ ਸਾਹਿਬ ਨੂੰ ਪੜ੍ਹਿਆ-ਸੁਣਿਆ ਹੀ ਨਹੀਂ ਆਪਣੇ ਕਿਤੇ ਧੁਰ ਅੰਦਰ ਰਚਾ ਲਿਆ ਲਗਦੈ। ਡਾ. ਮਮਤਾ ਜੋਸ਼ੀ ਦਾ ਸੂਫੀਆਨਾ ਕਲਾਮ ਪੰਜਾਬੀ ਗਾਇਕੀ ਦਾ ਧੁਆਂਖਿਆ ਚਿਹਰਾ ਧੋਣ ਲਈ ਨਿਰੰਤਰ ਯਤਨਸ਼ੀਲ ਹੈ।
ਸੁਰਜੀਤ ਸੁਮਨ
98144-30874

0 comments:
Speak up your mind
Tell us what you're thinking... !