ਦੇਸ਼ ਨੂੰ ਅਜ਼ਾਦ ਕਰਾਉਣ ਲਈ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ। ਅੰਗਰੇਜ਼ ਧੋਖੇ ਨਾਲ ਵਪਾਰ ਕਰਨ ਦੇ ਬਹਾਨੇ ਦੇਸ਼ ਵਿੱਚ ਦਾਖਲ ਹੋਏ ਸਨ। ਉਹ ਫਿਰ ਹੋਲੀ-ਹੋਲੀ ਫੁੱਟ ਪਾਉ ਤੇ ਰਾਜ ਕਰੋ ਦੀ ਨੀਤੀ ਅਪਣਾ ਕੇ ਭੋਲੇ ਭਾਲੇ ਭਾਰਤ ਦੇਸ਼ ਵਾਸੀਆਂ ਤੇ ਰਾਜ ਕਰਨ ਲੱਗ ਪਏ ਸਨ। ਭਾਰਤ ਦੇਸ਼ ਮਹਾਨ ਹੈ।ਇਸ ਦੇ ਲੋਕ ਵੀ ਮਹਾਨ ਹਨ। ਜੋ ਆਪਣੇ ਪਿਆਰੇ ਦੇਸ਼ ਲਈ ਹੱਸ-ਹੱਸ ਜਾਨਾਂ ਕੁਰਬਾਨ ਕਰ ਦੇਣ, ਉਨ੍ਹਾਂ ਨੂੰ ਸ਼ਹੀਦ ਕਿਹਾ ਜਾਦਾਂ ਹੈ। ਸ਼ਹੀਦ ਕੌਮ ਦਾ ਸਰਮਾਇਆਂ ਹੁੰਦੇ ਹਨ ਤੇ ਜੋ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ, ਉਹਨਾਂ ਦਾ ਨਾਂ ਦੁਨੀਆਂ ਦੇ ਨਕਸ਼ੇ ਤੋਂ ਮਿੱਟ ਜਾਦਾਂ ਹੈ। ਸੋ ਆਉ ਆਪਣੇ ਮਹਾਨ ਸ਼ਹੀਦ ਸ੍ਰ. ਊਧਮ ਸਿੰਘ ਨੂੰ ਉਸ ਦੇ ਜਨਮ ਦਿਨ ਤੇ ਯਾਦ ਕਰਕੇ ਉਹਨਾਂ ਦੇ ਪਾਏ ਪੂਰਨਿਆ ਤੇ ਚੱਲਣ ਦਾ ਯਤਨ ਕਰੀਏ। ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਸੰਗਰੂਰ ਜਿਲ੍ਹੇ ਦੇ ਸੁਨਾਮ ਵਿੱਚ ਪਿਤਾ ਸ੍ਰ. ਟਹਿਲ ਸਿੰਘ ਤੇ ਮਾਤਾ ਹਰਨਾਮ ਕੌਰ ਦੇ ਘਰ ਹੋਇਆਂ।ਇਤਹਾਸ ਦੱਸਦਾ ਹੈ ਕਿ ਸ੍ਰ. ਊਧਮ ਸਿੰਘ ਦੇ ਮਾਤਾ ਪਿਤਾ ਦਾ ਪਹਿਲਾ ਨਾਂ ਚੂਹੜ ਰਾਮ ਤੇ ਮਾਤਾ ਦਾ ਨਾਂ ਨਰਾਇਣੀ ਸੀ। ਪਰ ਦੋਹਾਂ ਨੇ ਕਪਤਾਨ ਰਾਮ ਸਿੰਘ ਦੇ ਕਹਿਣ ਤੇ ਅੰਮ੍ਰਿਤ ਛਕ ਲਿਆ ਸੀ ਤਾਂ ਉਸ ਸਮੇਂ ਇਹਨਾਂ ਦਾ ਨਾਂ ਬਦਲ ਕੇ ਸ੍ਰ. ਟਹਿਲ ਸਿੰਘ ਤੇ ਮਾਤਾ ਹਰਨਾਮ ਕੌਰ ਰੱਖ ਦਿੱਤਾ ਸੀ। ਆਪ ਦੇ ਪਿਤਾ ਇੱਕ ਗਰੀਬ ਕਿਸਾਨ ਸਨ। ਆਪ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਸੀ ਤੇ ਆਪ ਦੇ ਵੱਡੇ ਭਰਾ ਦਾ ਨਾਂ ਸਾਧੂ ਸਿੰਘ ਸੀ। ਆਪ ਦੋ ਭਰਾ ਸਨ ।ਸ਼ੇਰ ਸਿੰਘ ਬਚਪਨ ਵਿੱਚ ਖੁੱਲੇ ਡੁਲੇ ਸਰੀਰ ਦਾ ਮਾਲਕ ਸੀ। ਤਿੰਨ ਸਾਲ ਦੀ ਉਮਰ ਵਿੱਚ ਹੀ ਸ਼ੇਰ ਸਿੰਘ ਦੀ ਮਾਤਾ ਅਕਾਲ ਚਲਾਣਾ ਕਰ ਗਈ ਸੀ।ਪਿਤਾ ਰੇਲ ਫਾਟਕ ਤੇ ਚੌਕੀਦਾਰੀ ਦੀ ਨੌਕਰੀ ਕਰਦੇ ਸਨ। ਉਹ ਨੌਕਰੀ ਛੱਡ ਕੇ ਅੰਮ੍ਰਿਤਸਰ ਦੀ ਦੀਵਾਲੀ ਵੇਖਣ ਲਈ ਚੱਲ ਪਏ। ਰਸਤੇ ਵਿੱਚ ਹੀ ਪਿਤਾ ਨੂੰ ਬੁਖਾਰ ਹੋ ਗਿਆ। ਦੋ ਦਿਨ ਤੇ ਦੋ ਰਾਤਾਂ ਇਸੇ ਤਰ੍ਹਾਂ ਲੰਘੇ। ਉਸ ਵੇਲੇ ਭਾਈ ਛਾਂਗਾ ਸਿੰਘ ਜੀ ਦਾ ਕੀਰਤਨੀ ਜਥਾ ਉੱਥੇ ਪਹੁੰਚ ਗਿਆ ਤੇ ਉਸ ਜਥੇ ਵਿੱਚ ਸ਼ਾਮਲ ਭਾਈ ਚੈਂਚਲ ਸਿੰਘ ਨੇ ਊਧਮ ਸਿੰਘ ਦੇ ਪਿਤਾ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ। ਉਸ ਵੇਲੇ ਜੋ ਡਿਊਟੀ ਤੇ ਸਨ ਡਾ: ਸ੍ਰ. ਸਰੂਪ ਸਿੰਘ ਨੇ ਜਵਾਬ ਦੇ ਦਿੱਤਾ। ਅਗਲੇ ਦਿਨ ਹੀ ਟਹਿਲ ਸਿੰਘ ਦੀ ਮੌਤ ਹੋ ਗਈ।ਉਸ ਸਮੇਂ ਊਧਮ ਸਿੰਘ ਦੀ ਉਮਰ ਪੰਜ ਸਾਲ ਸੀ ਤੇ ਵੱਡੇ ਭਰਾ ਸਾਧੂ ਸਿੰਘ ਦੀ ਉਮਰ ਦਸ ਸਾਲ ਸੀ। ਊਧਮ ਸਿੰਘ ਤੇ ਵੱਡੇ ਭਰਾ ਸਾਧੂ ਸਿੰਘ ਦੋਵੇਂ ਯਤੀਮ ਹੋ ਗਏ। ਛੋਟੀ ਉਮਰ ਵਿੱਚ ਹੀ ਪਿਤਾ ਦੇ ਅਕਾਲ ਚਲਾਣੇ ਤੋਂ ਬਾਅਦ ਆਪ ਨੂੰ ਅਤੇ ਆਪ ਦੇ ਭਰਾ ਨੂੰ ਭਾਈ ਛਾਂਗਾ ਸਿੰਘ, ਭਾਈ ਕਿਸ਼ਨ ਸਿੰਘ ਤੇ ਭਾਈ ਚੰਚਲ ਸਿੰਘ ਨੇ ਸੈਂਟਰਲ ਯਤੀਮਖਾਨੇ ਪੁਤਲੀਘਰ ਅੰਮ੍ਰਿਤਸਰ ਵਿੱਚ ਦਾਖਲ ਕਰਵਾ ਦਿੱਤਾ ਸੀ। ਆਪ ਨੇ ਸੈਂਟਰਲ ਖਾਲਸਾ ਯਤੀਮਖਾਨਾ ਅੰਮ੍ਰਿਤਸਰ ਵਿੱਚ ਰਹਿੰਦਿਆ ਬਹੁਤ ਕੁਝ ਸਿੱਖਿਆ। ਉੱਥੇ ਰਹਿੰਦਿਆ ਆਪ ਅਤੇ ਆਪ ਦੇ ਵੱਡੇ ਭਰਾ ਰੋਜ਼ਾਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣਾ ਨਿਤਨੇਮ ਸੀ। 1913 ਵਿੱਚ ਵੱਡੇ ਭਰਾ ਦੀ ਨਿਮੋਨੀਏ ਕਾਰਣ ਮੌਤ ਹੋ ਗਈ। 1917 ਵਿੱਚ ਊਧਮ ਸਿੰਘ ਨੇ ਦਸਵੀਂ ਪਾਸ ਕਰ ਲਈ। ਜਿੱਥੇ ਆਪ ਦਾ ਬਚਪਨ ਬੀਤਿਆ ਤੇ ਇਨਕਲਾਬ ਦੀ ਚਿੰਗਾਰੀ ਮਨ ਵਿੱਚ ਫੁੱਟੀ। ਅਜੇ ਸ਼ਹੀਦ ਊਧਮ ਸਿੰਘ ਦੀ ਉਮਰ 20 ਸਾਲ ਦੀ ਹੀ ਸੀ ਕਿ ਜਿਲ੍ਹਿਆਂ ਵਾਲੇ ਬਾਗ ਦਾ ਸਾਕਾ (13 ਅਪ੍ਰੈਲ 1919) ਵਾਪਰ ਗਿਆ। ਇਸ ਸਾਕੇ ਦੌਰਾਨ ਊਧਮ ਸਿੰਘ ਦੇ ਜੀਵਨ ਵਿੱਚ ਇੱਕ ਨਵਾਂ ਮੋੜ ਆਇਆ। ਉਸਨੇ ਇਹ ਸਾਰਾ ਸਾਕਾ ਅੱਖੀਂ ਵੇਖਿਆਂ ਤੇ ਇਸ ਸਾਕੇ ਦਾ ਬਦਲਾ ਲੈਣ ਦੀ ਸਹੁੰ ਖਾਧੀ। ਬੱਬਰ ਅਕਾਲੀਆਂ ਨਾਲ ਮਿਲ ਕੇ ਅੰਗਰੇਜਾਂ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕੀਤਾ।ਊਧਮ ਸਿੰਘ ਦੀ ਭਗਤ ਸਿੰਘ ਨਾਲ਼ ਮੁਲਾਕਾਤ 1929 ਵਿੱਚ ਹੋਈ ਸੀ। ਉਸ ਸਮੇਂ ਕੇਂਦਰੀ ਜੇਲ ਲਾਹੌਰ ਵਿੱਚ ਭੁੱਖ ਹੜਤਾਲ ਰੱਖੀ ਹੋਈ ਸੀ। ਸ਼ਹੀਦ ਭਗਤ ਸਿੰਘ ਤੇ ਭਾਰਤ ਨੌਜਵਾਨ ਸਭਾ ਦੇ ਬਾਕੀ ਸਾਥੀਆਂ ਨਾਲ ਮਿਲ ਕੇ ਅਜ਼ਾਦ ਭਾਰਤ ਦਾ ਜੋ ਸੁਪਨਾ ਵੇਖਿਆਂ ਸੀ ਉਸਨੂੰ ਸੱਚ ਕਰਨ ਲਈ ਪੂਰੇ 21 ਸਾਲਾਂ ਬਾਅਦ ਆਪਣਾ ਯੋਗਦਾਨ ਪਾਇਆਂ। 13 ਮਾਰਚ 1940 ਨੂੰ ਤਿੰਨ ਵਜੇ ਮੀਟਿੰਗ ਸ਼ੁਰੂ ਹੋਣੀ ਸੀ। ਉਸ ਮੀਟਿੰਗ ਵਿੱਚ ਅੰਮ੍ਰਿਤਸਰ ਤੋਂ ਲੰਦਨ ਦੇ ਕੈਕਸਟਨ ਹਾਲ ਵਿੱਚ ਲੈਂਫਟੀਨੈਂਟ ਗਵਰਨਰ ਸਰ ਮਾਈਕਲ ੳਡਵਾਇਰ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ। ਇਸ ਜਦੋ-ਜਹਿਦ ਤਹਿਤ ਉਸਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਆਪਣੇ ਕਈ ਨਾਂ ਬਦਲੇ ਉਸਨੂੰ ਸ਼ੇਰ ਸਿੰਘ, ਊਧਮ ਸਿੰਘ, ਊਦੈ ਸਿੰਘ, ਫਰੈਕ ਬ੍ਰਾਜੀਲ ਤੇ ਰਾਮ ਮਹੁੰਮਦ ਸਿੰਘ ਅਜ਼ਾਦ ਆਦਿ ਨਾਵਾਂ ਨਾਲ ਜਾਣਿਆਂ ਜਾਦਾ ਹੈ।ਮਾਰਚ ਤੋਂ ਜੁਲਾਈ ਤੱਕ ਊਧਮ ਸਿੰਘ ਤੇ ਕੇਸ ਚਲਾਇਆ ਗਿਆ। ਅੰਤ 31 ਜੁਲਾਈ 1940 ਨੂੰ 9 ਵਜੇ ਇਸ ਮਹਾਨਯੋਧੇ ਨੂੰ ਉਡਵਾਇਰ ਦੇ ਕਤਲ ਦੇ ਦੋਸ਼ ਵਿੱਚ ਫਾਂਸੀ ਉੱਪਰ ਚੜ੍ਹਾ ਦਿੱਤਾ ਗਿਆ। ਜਦੋਂ ਸ੍ਰ. ਊਧਮ ਸਿੰਘ ਨੂੰ ਫਾਂਸੀ ਚੜਾਉਣ ਲਈ ਜਲਾਦ ਲੈਣ ਗਏ ਤਾਂ ਉਸ ਸਮੇਂ ਆਪ ਗੁਰਬਾਣੀ ਦਾ ਪਾਠ ਕਰ ਰਹੇ ਸਨ। ਉਹਨਾਂ ਦੀ ਆਖਰੀ ਖਵਾਹਿਸ਼ ਇਹ ਸੀ ਕਿ ਮੇਰਾ ਭਾਰਤ ਜਲਦੀ ਅਜ਼ਾਦ ਹੋਵੇ, ਪਰ ਉਹਨਾਂ ਨੇ ਇਹ ਕਦੇ ਨਹੀ ਸੋਚਿਆ ਹੋਵੇਗਾ ਕਿ ਅਜ਼ਾਦ ਭਾਰਤ ਦੀ ਤਸਵੀਰ ਇੰਨ੍ਹੀ ਧੁੰਦਲੀ ਹੋਵੇਗੀ ਕਿ ਇਸਦਾ ਅਕਸ ਉਘਾੜਨਾ ਇੰਨ੍ਹਾਂ ਮੁਸ਼ਕਿਲ ਹੋਵੇਗਾ। ਸਾਡੀ ਇਸ ਮਹਾਨ ਸ਼ਹੀਦ ਨੂੰ ਇਹੀ ਸ਼ਰਧਾਂਜਲੀ ਹੋਵੇਗੀ ਕਿ ਉਹਨਾਂ ਨੇ ਜੋ ਸੁਪਨੇ ਸੰਜੋਏ ਸਨ, ਉਹਨਾਂ ਨੂੰ ਪੂਰਾ ਕਰੀਏ ਤੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਿਆਂ ਦੇਸ਼ ਦੀ ਖਾਤਰ ਮਰੀਏ ਤੇ ਦੇਸ਼ ਦੀ ਖਾਤਰ ਜੀਵੀਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਰਹਿੰਦੀ ਦੁਨੀਆਂ ਤੱਕ ਯਾਦ ਕਰਨ।
ਲੇਖਕ- ਧਰਮਿੰਦਰ ਸਿੰਘ ਵੜੈਚ (ਚੱਬਾ) 97817-51690


0 comments:
Speak up your mind
Tell us what you're thinking... !