Headlines News :
Home » » ਪੋਰਟ ਬਲੇਅਰ ਫੇਰੀ

ਪੋਰਟ ਬਲੇਅਰ ਫੇਰੀ

Written By Unknown on Tuesday, 25 December 2012 | 01:19

ਅਕਤੂਬਰ ਦੇ ਪਹਿਲੇ ਪੰਦਰਵਾੜੇ ਪੋਰਟ ਬਲੇਅਰ ਜਾਣ ਦੀ ਯੋਜਨਾ ਬਣੀ। ਦਰਅਸਲ ਬੇਟੀ ਦੀ ਪੋਰਟ ਬਲੇਅਰ ਤਿੰਨ ਮਹੀਨੇ ਪੋਸਟਿੰਗ ਹੋਣ ਕਾਰਣ ਉੱਥੇ ਜਾਣ ਦਾ ਮਨ ਬਣਿਆ।
ਭਾਰਤ ਦੇ ਨਕਸ਼ੇ ਵਿੱਚ ਦੱਖਣ ਪੁਰਬ ਵਿੱਚ ਸਮੁੰਦਰ ਵਿੱਚ ਲੰਬੀ ਲੰਬੀ ਤਾਰਿਆਂ ਵਰਗੀ ਲਕੀਰ ਅੰਦਰ ਜੀਵਨ ਕਿਹੋ ਜਿਹਾ ਹੋਵੇਗਾ ਜਾਨਣ ਦੀ ਇੱਛਾ ਤੀਬਰ ਹੋਈ। ਇਸ ਦੀਪ ਸਮੂਹ ਦਾ ਕੁੱਲ ਖੇਤਰਫਲ 8249 ਵ: ਕਿ. ਮੀ. ਹੈ। ਕੁੱਲ ਜਨ ਸੰਖਿਆ 3 ਲੱਖ 79 ਹਜ਼ਾਰ, ਜਨ ਸੰਖਿਆਂ ਘਣਤਾ 37 ਪ੍ਰਤੀ ਵਰਗ ਕਿ: ਮੀ:, ਸਾਖਰਤਾ ਦਰ 86 ਪ੍ਰਤੀਸਤ, ਔਸਤ ਵਰਖਾ 320 ਸਮ ਹੁੰਦੀ ਹੈ। ਇਸ ਕੇਂਦਰ ਸ਼ਾਸਤ ਪ੍ਰਦੇਸ਼ ਵਾਰੇ ਕਾਫੀ ਜਾਣਕਾਰੀ ਇੰਟਰਨੈੱਟ ਰਾਹੀਂ ਇਕੱਠੀ ਕੀਤੀ ਅਤੇ 1 ਅਕਤੂਬਰ ਨੂੰ ਦਿੱਲੀ ਲਈ ਚਾਲੇ ਪਾ ਦਿੱਤੇ। ਦਿੱਲੀ ਤੋਂ ਚੈਨਈ ਰੇਲ ਰਾਹੀਂ 36 ਘੰਟੇ ਦਾ ਸਫ਼ਰ ਕਰਕੇ ਰਾਤ ਉੱਥੇ ਬਿਤਾਈ ਅਤੇ ਸਵੇਰੇ ਹਵਾਈ ਅੱਡੇ ਲਈ ਲੋਕਲ ਟ੍ਰੇਨ ਲਈ। ਲੋਕਲ ਟਰੇਨ ਦਾ ਸਟੇਸ਼ਨ ਸਬ-ਬੇ ਰਾਹੀਂ ਸਿੱਧਾ ਏਅਰ ਪੋਰਟ ਅੰਦਰ ਦਾਖਲ ਹੁੰਦਾ ਸੀ। ਪਹਿਲਾ ਕਿੰਗ ਫਿਸਰ ਏਅਰ ਲਾਈਨਜ਼ ਦੀ ਟਿਕਟ ਆਉਣ ਜਾਣ ਦੀ ਬੁੱਕ ਕਰਵਾਈ ਸੀ। ਉਨ੍ਹਾਂ ਦੀ ਹੜਤਾਲ ਕਾਰਣ ਮਹਿੰਗੇ ਭਾਅ ਜੈਟ ਏਅਰ ਲਾਈਨਜ਼ ਦੀ ਟਿਕਟ ਲਈ ਅਤੇ 10 ਵਜੇ ਜਹਾਜ ਵਿੱਚ ਜਾ ਬੈਠੇ। ਪਹਿਲਾ ਤਜਰਬਾ ਸੀ। 10.30 ਤੇ ਜਹਾਜ ਤੇਜ਼ ਰੇਸ ਲਗਾ ਕੇ ਉੱਪਰ ਨੂੰ ਉੱਠਣ ਲੱਗਿਆ। ਪਾਇਲਟ ਨੇ ਸੀਟ ਬੈਲਟਾ ਬੰਨਣ ਦਾ ਆਦੇਸ਼ ਦਿੱਤਾ। ਹੌਲੀ ਹੌਲੀ ਜਹਾਜ ਬੱਦਲਾ ਦੇ ਉੱਪਰ ਹੋਰ ਉੱਚਾ ਉੱਠਿਆ। ਖਿੜਕੀ ਵਾਲੀ ਸੀਟ ਹੋਣ ਕਾਰਣ ਹੇਠਾਂ ਨੀਲਾ ਸਮੁੰਦਰ ਅਸਮਾਨ ਨਾਲ ਇੱਕ ਮਿੱਕ ਨਜ਼ਰ ਆਉਂਦਾ ਸੀ। ਕਈ ਵੇਰ ਬੱਦਲ ਸੰਘਣੇ ਹੁੰਦੇ ਤਾਂ ਅੱਗੇ ਘੁਪ ਹਨੇਰਾ ਜਾਪਦਾ। ਜਹਾਜ ਦੇ ਸਮੁੰਦਰ ਉੱਪਰ ਲੰਘਣ ਕਾਰਣ ਕਈ ਵਾਰ (ਸੋਚਣ ਕਾਰਣ) ਡਰ ਵੀ ਲੱਗਣ ਲੱਗਦਾ। ਜਹਾਜ ਹਵਾ ਵਿੱਚ ਖਲੋਤਾ ਹੋਇਆ ਪ੍ਰਤੀਤ ਹੁੰਦਾ ਸੀ। ਥੋੜੇ ਸਮੇਂ ਬਾਅਦ ਨਾਸ਼ਤਾ ਆ ਗਿਆ। ਨਾਸ਼ਤਾ ਲੈਂਦੇ ਲੈਂਦੇ ਲੱਗਭੱਗ ਦੋ ਘੰਟਿਆਂ ਬਾਅਦ ਸਮੁੰਦਰੀ ਕਿਨਾਰਾ ਅਤੇ ਧਰਤੀ ਦਿਖਾਈ ਦੇਣ ਲੱਗੀ ਅਤੇ ਪਾਇਲਟ ਨੇ ਪੋਰਟ ਬਲੇਅਰ ਵਿਖੇ ਜਹਾਜ ਦੇ ਉਤਰਨ ਦੀ ਸੂਚਨਾ ਦਿੱਤੀ ਤੇ ਮੁੜ ਬੈਲਟਾ ਬੰਨਣ ਦੇ ਆਦੇਸ਼ ਦਿੱਤੇ। ਪੋਰਟ ਬਲੇਅਰ ਛੋਟਾ ਜਿਹਾ ਏਅਰ ਪੋਰਟ ਹੈ। ਬੇਟੀ ਅੱਗੇ ਖੜੀ ਸੀ। ਅਸੀਂ ਤੁਰ ਕੇ ਏਅਰ ਪੋਰਟ ਤੋਂ ਬਾਹਰ ਆਏ ਅਤੇ ਡੇਅਰੀ ਫਾਰਮ ਕੋਲੋਂ ਆਟੋ ਲੈ ਕੇ ਟਰਾਂਜ਼ਿਟ ਫਲੈਟਸ ਜਿੱਥੇ ਬੇਟੀ ਰਹਿੰਦੀ ਸੀ ਪਹੁੰਚ ਗਏ। ਜਿਵੇਂ ਕਹਿੰਦੇ ਹੁੰਦੇ ਹਾਂ ਕਿ ਪਿੰਡ ਦਾ ਤਾਂ ਗੁਹਾਰਿਆ ਤੋਂ ਹੀ ਪਤਾ ਲੱਗ ਜਾਂਦਾ ਹੈ। ਟਰਾਂਜਿਟ ਫਲੈਟਸ ਬਹੁਤ ਸੁੰਦਰ ਸਾਫ ਸੁਥਰੀ ਰਿਹਾਇਸ ਵਿੱਚ ਆ ਰੁਕੇ। ਕੁੱਝ ਸਮਾਂ ਅਰਾਮ ਕਰਨ ਬਾਅਦ ਸੈਲੂਲਰ ਜੇਲ ਵੱਲ ਚੱਲ ਪਏ।ਸ਼ਾਮ ਨੂੰ 5.30 ਵਜੇ ਲਾਈਟ ਐਂਡ ਸਾਊਂਡ ਦਾ 30 ਮਿੰਟ ਦਾ ਸ਼ੋਅ ਦੇਖਣ ਦਾ ਮਨ ਬਨਾਇਆ। ਬਹੁਤ ਸੁੰਦਰ ਨਪੀ ਤੁਲੀ ਜਾਣਕਾਰੀ, ਜੇਲ ਵਿੱਚ ਦਿੱਤੇ ਜਾਣ ਵਾਲੇ ਤਸੀਹੇ, ਜੇਲ ਸੁਪਰਡੈਂਟ ਡਾਕਟਰ ਵਾਕਰ ਦਾ ਸਖਤ ਸੁਭਾਅ, ਭੁਖ ਹੜਤਾਲ, ਇਨਕਲਾਬ ਜਿੰਦਾਬਾਦ ਦੇ ਨਾਅਰੇ, ਸਜ਼ਾ ਵਜੋਂ ਕੋਹਲੂ ਤੇ ਨਾਰੀਅਲ ਪੀੜਣ ਦੀ ਮਾਤਰਾ ਵਧਾਉਣਾ, ਕੋੜੇ ਲਾਉਣਾ, ਬੋਰਿਆ ਦੀ ਡਰੈਸ ਪਹਿਨਣ ਲਈ ਕਹਿਣਾ, ਅੰਤ ਵਿੱਚ ਫਾਂਸੀ ਦੀ ਸਜ਼ਾ ਇਹ ਜੁਲਮ ਪਹਿਲਾਂ ਅੰਗਰੇਜਾਂ ਨੇ ਕੀਤੇ ਅਤੇ ਚਾਰ ਸਾਲ ਜਪਾਨੀ ਸ਼ਾਸਕਾ ਨੇ ਅੰਤਾ ਦੇ ਜੁਲਮ ਕੀਤੇ। ਜੇਲ ਦੀਆਂ ਦੀਵਾਰਾਂ ਜਿਆਦਾ ਉੱਚੀਆਂ ਨਹੀਂ ਕਿਉਂ ਜੋ ਕੈਦੀ ਭੱਜ ਕੇ ਜਾਂ ਤਾਂ ਸਮੁੰਦਰ ਵਿੱਚ ਜਾਣਗੇ ਜਾਂ ਜੰਗਲਾਂ ਵਿੱਚ। ਜੰਗਲਾਂ ਵਿੱਚ ਆਦਿਵਾਸੀ ਉਨ੍ਹਾਂ ਨੂੰ ਮਾਰ ਮੁਕਾਉਂਦੇ ਸਨ ਅਤੇ ਸਮੁੰਦਰ ਵਿੱਚ ਵੈਸੇ ਹੀ ਡੁੱਬ ਕੇ ਮਰ ਜਾਂਦੇ ਸਨ। ਵੀਰ ਸਾਵਕਕਾਰ,  ਡਾ. ਦੀਵਾਨ ਸਿੰਘ ਆਦਿ ਬਹੁਤ ਸਾਰੇ ਕੈਦੀਆਂ ਨੇ ਇਸ ਜੇਲ ਵਿੱਚ ਸਾਲਾ ਵੱਧੀ ਤਸੀਹੇ ਝੱਲੇ ਅਤੇ ਅੰਤ ਮੌਤ ਦੇ ਘਾਟ ਉਤਾਰ ਦਿੱਤੇ ਗਏ। ਅੱਜ ਕੱਲ ਇਸ ਜੇਲ ਨੂੰ ਯਾਦਗਾਰ ਦੇ ਰੂਪ ਵਿੱਚ ਸਥਾਪਤ ਕੀਤਾ ਗਿਆ ਹੈ। ਜੇਲ ਦੇ ਸੱਤ ਵਿੰਗ ਸਨ। ਚਾਰ ਢਹਿ ਗਏ ਹਨ। ਤਿੰਨ ਸਹੀ ਸਲਾਮਤ ਹਨ। ਉਨ੍ਹਾਂ ਦੀਆਂ ਕੋਠੜੀਆਂ, ਕੰਮ ਕਰਨ ਵਾਲੇ ਸਥਾਨ, ਕੋਹਲੂ, ਫਾਂਸੀਘਰ ਉਸੇ ਤਰ੍ਹਾਂ ਕਾਇਮ ਹਨ। ਸ਼ਹੀਦਾ ਦੀ ਫੋਟੋਆਂ ਨਾਂ ਅਤੇ ਹੋਰ ਵੇਰਵਿਆ ਨਾਲ ਦੋ ਕਮਰਿਆਂ ਵਿੱਚ ਸਜੀਆਂ ਹੋਈਆਂ ਹਨ। ਸ਼ਾਮ ਨੂੰ ਟਰਾਂਜਿਟ ਆ ਰੁਕੇ ਤੇ ਅਗਲਾ ਦਿਨ ਲੋਕਲ ਘੁੰਮਣ ਦੀ ਯੋਜਨਾ ਬਣਾਈ।
ਇਸ ਦੀਪ ਸਮੂਹ ਦੇ ਕੁੱਲ ਦੀਪਾ ਦੀ ਸੰਖਿਆ 572 ਹੈ ਜ਼ਿੰਨ੍ਹਾਂ ਵਿੱਚੋਂ 28 ਵਿੱਚ ਬਹੁਤ ਥੋੜੀ (ਨਾ ਮਾਤਰ ਵਸੋਂ ਹੈ) ਅਤੇ 9 ਪੂਰੀ ਤਰ੍ਹਾਂ ਵਸੋਂ ਵਾਲੇ ਦੀਪ ਹਨ। ਪੋਰਟ ਬਲੇਅਰ ਸਾਫ ਸੁਥਰਾ ਸ਼ਹਿਰ ਹੈ। ਟਰੈਫਿਕ ਕੰਟਰੋਲ ਛੋਟੀ ਉਮਰ ਦੀਆਂ ਲੜਕੀਆਂ ਦੇ ਹੱਥ ਹੈ। ਨਿਯਮਾਂ ਦੀ ਉਲੰਘਣਾ ਨਾ ਮਾਤਰ ਹੈ। ਪਲਾਸਟਿਕ ਪੂਰੀ ਤਰ੍ਹਾਂ ਬੰਦ ਹੈ। ਪੂਰੇ ਦੀਪ ਸਮੂਹ ਵਿੱਚ ਕੋਈ ਮੰਗਤਾ ਨਹੀਂ। ਲਗਭਗ 70 ਪ੍ਰਤੀਸਤ ਖੇਤਰਫਲ ਜੰਗਲਾ ਅਧੀਨ ਹੈ। ਲੋਕ ਇਮਾਨਦਾਰ ਅਤੇ ਮਿਤੱਰਤਾ ਭਰਭੂਰ ਹਨ। ਨਾਰੀਅਲ, ਸੁਪਾਰੀ, ਲੌਂਗ ਅਤੇ ਕਾਲੀ ਮਿਰਚ ਦੇ ਪੇੜ ਹਨ। ਪਾਨ ਪੱਤਾ, ਹਰੀਆ ਸਬਜੀਆਂ ਲੋਕ ਆਮ ਉਗਾਉਂਦੇ ਹਨ। ਕੋਈ ਖਾਦ ਜਾਂ ਕੀੜੇਮਾਰ ਦਵਾਈ ਨਹੀਂ ਵਰਤੀ ਜਾਂਦੀ। ਸ਼ਰਾਬ ਦਾ ਸੇਵਨ ਕਾਫੀ ਘੱਟ ਹੈ। ਠੇਕੇ ਆਮ ਨਜ਼ਰ ਨਹੀਂ ਆਉਂਦੇ। ਸੱਭ ਤੋਂ ਪਹਿਲਾਂ ਰਾਜੀਵ ਮੈਰੀਨ ਵਾਟਰ ਸਪੋਰਟਸ ਦੇਖਣ ਗਏ। ਜੈਟੀ (ਜਿੱਥੋਂ ਸਮੁੰਦਰੀ ਜਹਾਜ਼, ਕਿਸ਼ਤੀਆਂ ਚਲਦੀਆਂ ਹਨ) ਤੇ ਘੁੰਮਣ ਫਿਰਨ ਲਈ ਬੜਾ ਵਧੀਆ ਖੁੱਲਾ ਸਥਾਨ ਹੈ। ਨਾਲ ਹੀ ਵਾਟਰ ਮਿਊਜੀਅਮ (ਐਕੂਏਰੀਅਮ) ਹੈ। ਜਿੱਥੇ ਪਾਣੀ ਵਿਚਲੇ ਸਾਰੇ ਜੀਵਾਂ ਵਾਰੇ ਭਰਪੂਰ ਜਾਣਕਾਰੀ ਦਿੱਤੀ ਹੋਈ ਹੈ ਅਤੇ ਪਾਣੀ ਹੇਠਲੇ ਜੀਵਾਂ ਅਤੇ ਬਨਸਪਤੀ ਨੂੰ ਸੰਭਾਲ ਕੇ ਜੀਵਤ ਰੱਖਿਆ ਹੋਇਆ ਹੈ। ਇਸ ਤੋਂ ਬਾਅਦ ਐਂਥਰੋਪਾਲੋਜੀਕਲ ਮਿਉਜੀਅਮ ਦੇਖਣ ਗਏ। ਜਿੱਥੇ ਆਦਿਵਾਸੀ ਕਬੀਲਿਆਂ ਦੀ ਜਿੰਦਗੀ, ਸੱਭਿਆਚਾਰ, ਸ਼ਿਕਾਰ ਲਈ ਹਥਿਆਰ, ਖਾਣ ਪੀਣ, ਪਹਿਰਾਵਾ, ਨਿਵਾਸ ਸਥਾਨ ਆਦਿ ਵਾਰੇ ਬਹੁਤ ਹੀ ਖੂਬਸੂਰਤ ਜਾਣਕਾਰੀ ਦਿੱਤੀ ਹੋਈ ਹੈ। ਸੱਤ ਵੱਡੇ ਕਮਰਿਆਂ ਵਿੱਚ ਬਣਿਆ ਮਿਊਜੀਅਮ ਕਾਫੀ ਦਿਲਚਸਪੀ ਭਰਪੂਰ ਲੱਗਿਆ।
ਇਸ ਤੋਂ ਬਾਅਦ ਹੈਡੋ ਵਿਖੇ ਸਥਿਤ ਇੰਡੀਅਨ ਨੇਵੀ ਵਲੋਂ ਸਥਾਪਤ “ਸਮੁੰਦਰਿਕਾ” ਦੇਖਣ ਲਈ ਗਏ। ਬਹੁਤ ਹੀ ਖੂਬਸੂਰਤ ਢੰਗ ਨਾਲ (ਐਕੂਏਰੀਅਮ) ਜੀਵਤ ਪਾਣੀ ਵਿਚਲੇ ਜੀਵ-ਜੰਤੂ, ਪੌਦੇ ਦਿਖਾਏ ਗਏ ਹਨ। ਫਿਰ ਡਾ. ਦੀਵਾਨ ਸਿੰਘ ਕਾਲੇ ਪਾਣੀ ਵੱਲੋਂ ਸਥਾਪਤ ਗੁਰੂਦੁਆਰਾ ਸਾਹਿਬ ਦੇਖਣ ਗਏ। ਗ੍ਰੰਥੀ ਪਰਿਵਾਰ ਤਰਨਤਾਰਨ ਤੋਂ ਸੀ। ਗੁਰੂਦੁਆਰੇ ਵਿੱਚ ਬਹੁਤੀ ਰੌਣਕ ਤਾਂ ਨਹੀਂ ਸੀ। ਪਰੰਤੂ ਉਨ੍ਹਾਂ ਦੱਸਿਆ ਪੂਰਨਮਾਸੀ, ਮੱਸਿਆ ਵਾਲੇ ਦਿਨ ਕੀਰਤਨ ਹੁੰਦਾ ਹੈ। ਹਰ ਐਤਵਾਰ ਕਿਸੇ ਪੰਜਾਬੀ ਸਿੱਖ ਪਰਿਵਾਰ ਵਲੋਂ ਲੰਗਰ ਵੀ ਹੁੰਦਾ ਹੈ।
ਅਗਲੇ ਦਿਨ ਰਾਸ (੍ਰੋਸਸ) ਟਾਪੂ ਦੇਖਣ ਲਈ ਗਏ। ਸਮੁੰਦਰੀ ਜਹਾਜ਼ ਰਾਹੀਂ ਮੈਰੀਨ ਵਾਲੀ ਜੈਟੀ ਤੋਂ ਸਵਾਰ ਹੋਏ ਅਤੇ ਅੰਧੇ ਘੰਟੇ ਵਿੱਚ ਰਾਸ ਟਾਪੂ ਪਹੁੰਚ ਗਏ। ਸੱਭ ਤੋਂ ਅੱਗੇ ਜਪਾਨੀ ਬੰਕਰ, ਤਬਾਹ ਹੋਈ ਜਪਾਨੀ ਪਰੈਸ, ਜਲ ਘਰ, ਗਿਰਜਾ ਘਰ, ਉੱਚ ਅਫਸਰਾਂ ਲਈ ਬਣੀ ਬੀਚ, ਚਿੜੀਆਂ ਘਰ, ਕਬਰ ਜਿੱਥੇ ਜਪਾਨੀ ਅਫਸਰ ਦਫਨ ਕੀਤੇ ਗਏ ਸਨ। ਇਹ ਟਾਪੂ 200 ਏਕੜ ਜਮੀਨ ਵਿੱਚ ਫੈਲਿਆ ਹੋਇਆ ਹੈ। ਸੁਨਾਮੀ ਵੇਲੇ ਇਸ ਟਾਪੂ ਨੇ ਪੋਰਟ ਬਲੇਅਰ ਨੂੰ ਡੁੱਬਣੋਂ ਬਚਾਇਆ ਸੀ। 1857 ਦੇ ਗਦਰ ਦੌਰਾਨ 200 ਕੈਦੀ ਕੰਥਮ ਦੀਪ ਤੋਂ ਇੱਥੇ ਉਤਾਰੇ ਗਏ। 1860 ਤੱਕ ਕੈਦੀਆਂ ਦੀ ਸੰਖਿਆ 4495 ਹੋ ਗਈ। ਇੰਨ੍ਹਾਂ ਵਿੱਚੋਂ ਬਹੁਤੇ ਕੈਦੀ ਭੱਜ ਗਏ ਅਤੇ ਜੰਗਲ ਵਿੱਚ ਆਦਿ ਵਾਸੀਆਂ ਦੁਆਰਾ ਮਾਰ ਦਿੱਤੇ ਗਏ, ਕੁੱਝ ਬੀਮਾਰੀ ਕਾਰਨ ਮਰ ਗਏ ਅਤੇ ਰਹਿੰਦੀਆਂ ਨੂੰ ਅੰਗਰੇਜ ਜੇਲ ਸੁਪਰਡੈਂਟ ਡਾ. ਵਾਕਰ ਨੇ ਮੌਤ ਦੀ ਸਜ਼ਾ ਦਿੱਤੀ। ਨਿਰਗੁਣ ਸਿੰਘ ਗੋਰੀ ਪਲਟਨ ਦਾ ਸਿਪਾਹੀ ਬਗਾਵਤ ਦੇ ਦੋਸ਼ ਅਧੀਨ ਕਾਲੇ ਪਾਣੀ ਦੀ ਸਜ਼ਾ ਭੋਗ ਰਿਹਾ ਸੀ। ਮਾਨਸਿਕ ਤਵਾਜਨ ਵਿਗੜਨ ਕਾਰਨ ਫਾਂਸੀ ਦਾ ਫੰਦਾ ਪਾਕੇ ਆਤਮ ਹੱਤਿਆ ਕਰ ਲਈ। 23 ਮਾਰਚ, 1942 ਨੂੰ ਬੀਹ ਹਜ਼ਾਰ ਜਪਾਨੀ ਫੌਜੀ ਦੀਪ ਸਮੂਹ ਵਿੱਚ ਉੱਤਰੇ। ਲੋਕਾਂ ਨੇ ਉਨ੍ਹਾਂ ਨੂੰ ਜੀ ਆਇਆ ਕਿਹਾ। ਪਰੰਤੂ ਛੇਤੀ ਹੀ ਉਹ ਘਰਾਂ, ਦੁਕਾਨਾਂ ਲੁੱਟਣ ਲਗੇ, ਬਲਾਤਕਾਰ, ਕੁੱਟਮਾਰ, ਸ਼ੁਰੂ ਕਰ ਦਿੱਤੀ। ਇੱਕ ਨੌਜਵਾਨ ਜੁਲਫਕਾਰ ਅਲੀ ਨੇ ਹਵਾ ਵਿੱਚ ਗੋਲੀ ਚਲਾ ਦਿੱਤੀ ਅਤੇ ਉਥੋਂ ਭੱਜ ਗਿਆ।
ਉਨ੍ਹਾਂ ਨੇ ਲੱਕੜ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਅਤੇ ਹੋਰ ਫੌਜ ਮੰਗਵਾਈ। ਡਾ. ਦੀਵਾਨ ਸਿੰਘ ਨੇ ਵਿੱਚ ਪੈ ਕੇ ਸਮਝੋਤਾ ਕਰਵਾ ਦਿੱਤਾ ਅਤੇ ਉਸ ਨੌਜਵਾਨ ਨੂੰ ਪੇਸ਼ ਕਰ ਦਿੱਤਾ ਜਿਸ ਨੂੰ ਲੋਕਾਂ ਦੇ ਸਾਹਮਣੇ ਕੁੱਟ ਮਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਪਾਨੀਆਂ ਦਾ ਜੁਲਮ ਦਿਨੋਂ ਦਿਨ ਵੱਧ ਰਿਹਾ ਸੀ। ਦੀਵਾਨ ਸਿੰਘ ਜੋ ਡਾਇਰੈਕਟਰ ਸਿਹਤ, ਆਈ.ਐਨ.ਏ., ਪੀਸ ਕਮੇਟੀ, ਸੇਵਾ ਸੰਮਿਤੀ ਆਦਿ ਦਾ ਮੋਢੀ ਸੀ, ਗਵਰਨਰ ਨੂੰ ਮਿਲਿਆ। ਜਪਾਨੀ ਸੈਨਾ ਨੂੰ ਹੋਰ ਗੁੱਸਾ ਚੜ ਗਿਆ, ਉਨ੍ਹਾਂ ਅੱਠ ਭਾਰਤੀ ਉੱਚ ਅਫਸਰਾਂ ਨੂੰ ਜਾਸੂਸੀ ਦੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਅਤੇ ਭੁੱਖੇ ਮਾਰ ਕੇ, ਕੁੱਟ ਮਾਰ ਕਰਕੇ ਉਨ੍ਹਾਂ ਤੋਂ ਹੀ ਖਾਈ ਪੁਟਵਾਕੇ ਉਸ ਵਿੱਚ ਦਬਾ ਦਿੱਤਾ। 23 ਅਕਤੁਬਰ 1943 ਨੂੰ ਦੀਵਾਨ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਉਸ ਨਾਲ ਪੀਸ ਕਮੇਟੀ ਦੇ 2000 ਸਾਥੀ ਵੀ ਸ਼ਾਮਲ ਸਨ। 82 ਦਿਨ ਅੰਤਾਂ ਦੇ ਤਸੀਹੇ ਦਿੱਤੇ, ਪੁੱਠਾ ਲਟਕਾਇਆ, ਸਿਰ ਦੇ ਵਾਲਾਂ ਤੋਂ ਛੱਤ ਨਾਲ ਲਟਕਾਇਆ, ਲੱਤਾਂ ਉੱਪਰ ਬੰਨ ਕੇ ਮੂੰਹ ਰਾਹੀਂ ਪਾਣੀ ਪਰੈਸਰ ਅਧੀਨ ਪਾਇਆ। ਬਿਜਲੀ ਦੇ ਝਟਕੇ ਦਿੱਤੇ ਗਏ ਅਤੇ ਅੰਤ 14 ਜਨਵਰੀ 1944 ਨੂੰ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਬਾਅਦ ਨੌਜਵਾਨ ਲੜਕੀਆਂ ਨੂੰ ਅਫਸਰਾਂ ਦੇ ਕਲੱਬਾਂ ਵਿੱਚ ਪੇਸ਼ ਕਰਨਾ ਆਮ ਹੋ ਗਿਆ। ਜੂਨ 1945 ਵਿੱਚ ਸੈਂਕੜੇ ਪੜ੍ਹੇ ਲਿਖੇ ਪਰਿਵਾਰਾਂ ਨੂੰ ਸੈਲੂਲਰ ਜੇਲ ਵਿੱਚ ਕੈਦ ਕਰ ਲਿਆ ਅਤੇ ਕਿਹਾ ਕਿ ਤੁਹਾਨੂੰ ਇੱਕ ਸੁੰਦਰ ਟਾਪੂ ਵਿੱਚ ਲੈ ਕੇ ਜਾਂਦੇ ਹਾਂ। ਉਨ੍ਹਾਂ ਸਾਰਿਆਂ ਨੂੰ ਸਮੁੰਦਰ ਵਿੱਚ ਛਾਲਾਂ ਮਾਰਨ ਲਈ ਕਿਹਾ 1500 ਵਿੱਚੋਂ 250 ਜੋ ਤੈਰਨਾ ਜਾਣਦੇ ਸਨ, ਜੋ ਭੁੱਖ ਨਾਲ ਮਰ ਗਏ, ਸਿਰਫ ਇੱਕ ਮੁਹੰਮਦ ਸੁਦਾਗਰ ਇਹ ਕਹਾਣੀ ਦੱਸਣ ਲਈ ਬੱਚਿਆ। 900 ਪੇਂਡੂ ਲੋਕਾਂ ਨੂੰ ਇੱਕਠੇ ਕਰਕੇ ਉਨ੍ਹਾਂ ਨੂੰ ਦਰਖਤਾਂ ਨਾਲ ਬੰਨ ਕੇ ਨਿਸ਼ਾਨੇ ਲਗਾਏ ਗਏ। ਉਨ੍ਹਾਂ ਨੂੰ ਪੈਟਰੋਲ ਛਿੜਕ ਕੇ ਅੱਗ ਲਗਾ ਕੇ ਮਾਰ ਦਿੱਤਾ ਗਿਆ। ਕਹਿੰਦੇ ਹਨ ਪੋਰਟ ਬਲੇਅਰ ਦੀ 40,000 ਦੀ ਆਬਾਦੀ ਵਿੱਚੋਂ 30,000 ਇਸ ਢੰਗ ਨਾਲ ਖਤਮ ਕਰ ਦਿੱਤੇ ਗਏ। 
ਸੁਭਾਸ ਚੰਦਰ ਬੋਸ ਵੀ ਉਨੀ ਦਿਨੀ ਪੋਰਟ ਬਲੇਅਰ (29-31 ਦਸੰਬਰ 1943) ਆਇਆ। ਉਹ ਜਪਾਨੀ ਅਫਸਰਾਂ ਨੂੰ ਮਿਲਿਆ। ਪ੍ਰੰਤੂ ਦੀਵਾਨ ਸਿੰਘ ਅਤੇ ਹੋਰ ਕੈਦੀਆਂ ਬਾਰੇ ਕੋਈ ਬਹੁਤਾਂ ਰੋਸ਼ ਪ੍ਰਗਟ ਨਹੀਂ ਕੀਤਾ। ਇੱਥੋਂ ਤੱਕ ਕਿ ਉਹ ਦੀਵਾਨ ਸਿੰਘ ਨੂੰ ਮਿਲ ਕੇ ਵੀ ਨਹੀਂ ਗਏ। ਜਦੋਂ ਕਿ ਦੀਵਾਨ ਸਿੰਘ ਹੋਰ ਸੈਂਕੜੇ ਕੈਦੀ ਉਸੇ ਟਾਪੂ ਵਿੱਚ ਤਸੀਹੇ ਝੱਲ ਰਹੇ ਸਨ। ਇਹ ਤਬਾਹ ਹੋਇਆ ਰਾਸ ਟਾਪੂ ਕਿਸੇ ਵੇਲੇ ਅੰਗਰੇਜਾਂ ਅਤੇ ਫਿਰ ਜਪਾਨੀਆਂ ਦੀ (ਇਨ੍ਹਾਂ ਟਾਪੂਆਂ) ਰਾਜਧਾਨੀ ਹੁੰਦਾ ਸੀ।
ਅਗਲੇ ਦਿਨ ਸਵੇਰੇ ਹੀ ਬਾਰਾਟਾਂਗ ਲਈ ਚੱਲ ਪਏ ਬਾਰਾਟਾਂਗ ਪੋਰਟ ਬਲੇਅਰ ਤੋਂ 100 ਕਿ.ਮੀ. ਦੀ ਦੂਰੀ ਤੇ ਇੱਕ ਟਾਪੂ ਹੈ ਇੱਥੋਂ ਡਿਗਲੀਪੁਰ ਅਤੇ ਮਾਇਆ ਬੰਦਰ ਟਾਪੂਆਂ ਲਈ ਬੱਸਾਂ ਵੀ ਚੱਲਦੀਆਂ ਹਨ।
ਇੱਕ ਗੱਲ ਹੋਰ ਦੱਸ ਦੇਵਾਂ ਇੰਨ੍ਹਾਂ ਟਾਪੂਆਂ ਵਿੱਚ ਦਿਨ ਸਵੇਰੇ 4.30 ਵਜੇ ਹੀ ਸੂਰਜ ਚੜ੍ਹ ਜਾਂਦਾ ਹੈ ਅਤੇ ਸ਼ਾਮ ਨੂੰ 4.30 ਵਜੇ ਪੂਰੀ ਧੁੱਪ ਪਰੰਤੂ 5.15 ਘੁੱਪ ਹਨੇਰਾ ਹੋ ਜਾਂਦਾ ਹੈ। ਮੀਂਹ ਦਾ ਕੋਈ ਵਸਾਹ ਨਹੀਂ ਕਦੋਂ ਵਰ੍ਹਣ ਲੱਗ ਪਵੇ। ਬੱਸ 6.30 ਵਜੇ ਚੱਲ ਪਈ। ਦੋ ਘੰਟੇ ਵਿੱਚ 45 ਕਿ.ਮੀ. ਦਾ ਸਫਰ ਤਹਿ ਕਰਕੇ ਬੱਸ ਜਿਰਕਾਟਾਂਗ ਜੰਕਸਨ ਵਿਖੇ ਰੁਕੀ। ਰਸਤੇ ਵਿੱਚ ਗਾਰਾਚਰਮਾ, ਛੋਲਧਾਰੀ, ਫਰਾਰਗੰਜ ਆਦਿ ਪਿੰਡ ਆਏ। ਜਿਰਕਾਟਾਂਗ ਤੋਂ ਤਿੰਨ ਤਿੰਨ ਘੰਟਿਆ ਬਾਅਦ ਇਕੱਠੀਆਂ ਬੱਸਾਂ ਪੁਲਿਸ ਨਿਗਰਾਨੀ ਹੇਠ 50 ਕਿ.ਮੀ. ਦਾ ਜੰਗਲੀ ਰਸਤਾ ਪਾਰ ਕਰਦੀਆਂ ਹਨ। ਰਸਤੇ ਵਿੱਚ ਇੱਕ ਵੀ ਮਨੁੱਖ, ਪਸ਼ੂ ਨਜ਼ਰ ਨਹੀਂ ਆਉਂਦਾ। ਉਥੋਂ ਸਮੁੰਦਰੀ ਜਹਾਜ ਰਾਹੀਂ ਬਾਰਾਟਾਂਗ ਪਹੁੰਚੇ। ਇਸ ਵੱਡੇ ਜਹਾਜ ਵਿੱਚ ਬੱਸਾਂ, ਟੈਂਕਰ ਵੀ ਅੱਗੇ ਲੱਦੇ ਹੋਏ ਸਨ ਜੋ ਬਾਰਾਟਾਂਗ ਪਹੁੰਚੇ। ਉਥੋਂ ਕਿਸ਼ਤੀਆਂ ਰਾਹੀਂ ਲਾਈਮ ਸਟੋਨ ਕੇਵਜ ਵੱਲ ਚਲੇ। ਕਿਸ਼ਤੀ ਵਾਲੇ ਨੇ ਸਾਰਿਆਂ ਨੂੰ ਲਾਈਫ ਜੈਕਟਸ ਪਹਿਨਾਈਆ। ਉੱਥੇ ਮੈਂਗਰੋਵ ਦੇ ਸੰਘਣੇ ਜੰਗਲ ਦੇਖੇ। ਉੱਥੇ ਉੱਤਰ ਕੇ ਲੱਕੜੀ ਦੇ ਪੁਲ ਰਾਹੀਂ ਜੰਗਲਾਂ ਵਿੱਚ ਡੇਢ ਕਿ.ਮੀ. ਦਾ ਫਾਸਲਾ ਤਹਿ ਕਰਕੇ ਗੁਫਾਫਾਂ ਤੱਕ ਪਹੁੰਚੇ। ਕੁਦਰਤੀ ਗੁਫਾਵਾਂ ਵਿੱਚੋਂ ਉਪਰੋਂ ਰਿਸ ਪਾਣੀ, ਸਟੈਗਲੇ ਮਾਈਟ ਅਤੇ ਸਟੈਗਲੈਟਾਈਟ ਬਣਾਉਂਦਾ ਹੈ। ਜੋ ਭਿੰਨ ਭਿੰਨ ਕਿਸਮ ਦੀਆਂ ਸ਼ਕਲਾਂ ਵਿੱਚ ਜਿਵੇਂ ਸ਼ੇਰ ਦਾ ਮੂੰਹ, ਸ਼ੇਰ ਦਾ ਪੰਜਾ, ਕਮਲ ਦਾ ਫੁੱਲ ਅਤੇ ਹੋਰ ਅਨੇਕਾਂ ਅਕ੍ਰਿਤੀਆਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ। ਉਸ ਟਾਪੂ ਵਿੱਚ ਕੇਵਲ ਅੱਠ ਪਰਿਵਾਰ ਵਸਦੇ ਹਨ। ਜੋ ਪਹਿਲਾ ਜੰਗਲਾਤ ਮਹਿਕਮੇ ਦੇ ਮੁਲਾਜਮ ਸਨ। ਸਭ ਨੇ ਨਾਰੀਅਲ, ਸੁਪਾਰੀ ਦੇ ਪੇੜ ਪਾਲੇ ਹੋਏ ਹਨ। ਸਬਜ਼ੀਆਂ ਉਗਾਉਂਦੇ ਹਨ। ਛੋਟੇ ਛੋਟੇ ਜੀਰੀ ਦੇ ਖੇਤ ਵੀ ਹਨ। ਉਨ੍ਹਾਂ ਲਈ ਐਲੀਮੈਂਟਰੀ ਸਕੂਲ ਦਾ ਪ੍ਰਬੰਧ ਉਸੇ ਟਾਪੂ ਤੇ ਕੀਤਾ ਹੋਇਆ ਹੈ।
ਅਗਲੇ ਦਿਨ ਵੰਡੁਰ ਬੀਚ ਅਤੇ ਰੈੱਡਸਨਿਕ ਟਾਪੂ ਦੇਖਣ ਜਾਣਾ ਸੀ। ਸਰਕਾਰੀ ਬੱਸ ਰਾਹੀਂ 30 ਕਿ.ਮੀ. ਦਾ ਫਾਸਲਾ ਤਹਿ ਕਰਕੇ ਗਾਂਧੀ ਮੈਮੋਰੀਅਲ ਮੈਰੀਨ ਪਾਰਕ ਪਹੁੰਚੇ। ਗੈਲਰੀ ਵਿੱਚ ਲੱਗੀਆਂ ਸਮੁੰਦਰ ਦੇ ਨੀਚੇ ਦੀ ਜਿੰਦਗੀ ਦੀਆਂ ਝਲਕੀਆਂ ਤਸਵੀਰਾਂ ਰਾਹੀਂ, ਮਾਡਲਾਂ ਰਾਹੀਂ ਦੇਖੀਆਂ। ਆਡੀਟੋਰੀਅਮ ਵਿੱਚ ਚੱਲ ਰਹੇ ਸ਼ੋਅ ਵਿੱਚ ਬਹੁਤ ਜਾਣਕਾਰੀ ਭਰਪੂਰ ਫਿਲਮ ਦੇਖੀ ਅਤੇ 9.30 ਵਜੇ ਸਮੁੰਦਰੀ ਜਹਾਜ਼ ਰਾਹੀਂ ਰੈਡ ਸਕਿਨ ਵੱਲ ਚੱਲ ਪਏ। ਇਸ ਲਈ ਸਰਕਾਰੀ ਪਰਮਿਟ ਵੀ ਲੈਣਾ ਪੈਂਦਾ ਹੈ। ਜਹਾਜ਼ ਤੋਂ ਗਲਾਸ ਬੋਟ ਰਾਹੀਂ ਸਮੁੰਦਰ ਹੇਠਲੇ ਕੋਰਲ ਅਤੇ ਮੱਛੀਆਂ ਦੇਖਣ ਰੈਡ ਸਕਿਨ ਵੱਲ ਨੂੰ ਚੱਲ ਪਏ। ਸ਼ਾਤ ਸਮੁੰਦਰ ਵਿੱਚ ਅਠਖੇਲੀਆਂ ਕਰਦੇ ਨੀਲੇ, ਪੀਲੇ, ਲਾਲ ਕੋਰਲ ਅਤੇ ਬਹੁਰੰਗੀਆਂ ਮੱਛੀਆਂ ਬਹੁਤ ਹੀ ਸੁੰਦਰ ਨਜ਼ਾਰਾ ਪੇਸ਼ ਕਰ ਰਹੀਆਂ ਸਨ। ਉਨ੍ਹਾਂ ਨੀਲੇ ਰੰਗ ਦੇ ਕੋਰਲ ਦਾ ਖੁੱਲਦਾ ਤੇ ਬੰਦ ਹੁੰਦਾ ਮੂੰਹ ਅਤੇ ਉਸ ਵਿੱਚ ਮੋਤੀ ਬਨਣ ਦੀ ਕਹਾਣੀ ਵੀ ਦੱਸੀ। ਫਿਰ ਐਨਕਾਂ ਅਤੇ ਸਾਹ ਵਾਲਾ ਅਪਰੇਟਸ ਫਿੱਟ ਕਰਕੇ ਟਾਇਰਾਂ ਰਾਹੀਂ ਸਨੋਰਕਲਿੰਗ ਲਈ ਤਜਰਬੇਕਾਰ ਡਾਈਵਰ ਦੇ ਪਿੱਛੇ-ਪਿੱਛੇ ਕਾਫੀ ਦੂਰ ਸਮੁੰਦਰ ਵਿੱਚ ਚੱਲ ਪਏ। ਛੋਟੇ-ਛੋਟੇ ਬੱਚੇ, ਔਰਤਾਂ, ਬਜੁਰਗ ਸੱਭ ਇਸ ਦਾ ਅਨੰਦ ਲੈ ਰਹੇ ਸਨ।
ਮੈਂ ਵੀ ਡਾਈਵ ਕਰਕੇ ਹੇਠਾਂ ਕੋਰਲ ਅਤੇ ਰੰਗ ਬਰੰਗੀਆਂ ਮੱਛੀਆਂ ਆਪਣੇ ਅੱਖੀ ਦੇਖੀਆਂ। ਬਹੁਤ ਹੀ ਸੁੰਦਰ ਨਜ਼ਾਰਾ ਪੇਸ਼ ਕਰ ਰਹੀਆਂ ਸਨ।
ਅਗਲੇ ਦਿਨ ਵਾਰੀ ਸੀ ਨੀਲ ਟਾਪੂ ਦੀ ਫੇਰੀ ਦੀ। ਨੀਲ ਟਾਪੂ ਪੋਰਟ ਬਲੇਅਰ ਤੋਂ 37 ਕਿ.ਮੀ. ਟੂਰ ਹੈ। ਸਮੁੰਦਰੀ ਜਹਾਜ 6.30 ਵਜੇ ਚੱਲਕੇ 8.30 ਵਜੇ ਨੀਲ ਟਾਪੂ ਪਹੁੰਚ ਗਿਆ। ਇਸ ਦਾ ਖੇਤਰਫਲ 19 ਵਰਗ ਮੀਟਰ ਹੈ ਇੱਥੇ ਲਗਭਗ 3000 ਲੋਕ ਰਹਿੰਦੇ ਹਨ। ਇਥੇ ਕੋਈ ਬੈਂਕ ਨਹੀਂ ਹੈ, ਮੋਬਾਈਲ ਸੇਵਾ ਕੇਵਲ ਭਸ਼ਂਲ਼ ਦੀ ਹੈ। ਇੱਕ ਫ੍ਹਛ ਇੱਕ ਪਿਡਲ ਅਤੇ ਇੱਕ ਸੀ. ਸੈ. ਸਕੂਲ ਹੈ। ਮੈਂ ਇੱਥੋਂ ਸਾਈਕਲ ਕਿਰਾਏ ਤੇ ਲਈ ਅਤੇ ਅਜਾਦੀ ਨਾਲ ਪੂਰਾ ਨੀਲ ਟਾਪੂ ਘੁੰਮ ਕੇ ਦੇਖਿਆ। ਨੀਲ ਕੇਂਦਰ ਵਿਖੇ ਟਾਪੂ ਦੇ ਆਮ ਲੋਕ ਮੱਛੀਆਂ ਫੜਨ ਦਾ ਕੰਮ ਕਰਦੇ ਹਨ।
ਅੱਧਾ ਕਿ.ਮੀ. ਦੂਰ ਭਤਰਪੁਰ ਬੀਚ ਵਿਖੇ ਜੀਵਤ ਕੋਰਲ ਅਤੇ ਰੰਗ ਬਰੰਗੀਆਂ ਮੱਛੀਆਂ ਸੁੰਦਰ ਨਜ਼ਾਰਾ ਪੇਸ਼ ਕਰਦੀਆਂ ਹਨ। ਲਖਨਪੁਰ ਬੀਚ ਜੋ ਨੀਲ ਕੇਂਦਰ ਤੋਂ ਦੋ ਕਿ.ਮੀ. ਦੂਰ ਹੈ ਤੇ ਵਰਦੇ ਮੀਂਹ ਵਿੱਚ ਪਹੁੰਚਿਆ ਇੱਥੇ ਮ੍ਰਿਤ ਕੋਰਲ ਚਟਾਨਾਂ ਦੇ ਰੂਪ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਪਏ ਹਨ। ਦੇਖਣ ਨੂੰ ਭੱਦੇ ਲੱਗਣ ਵਾਲੇ ਇਹ ਕੋਰਲ ਤਿਲਸਵੇਂ ਨਹੀਂ ਹਨ। ਥੋੜੀ ਦੂਰ ਜਾ ਕੇ ਅਜਿਹੇ ਕੋਰਲਾਂ ਦਾ ਕੁਦਰਤੀ ਰੂਪ ਵਿੱਚ ਬਣਿਆ ਹਾਵੜਾ ਪੁਲ ਕਾਫੀ ਸੁੰਦਰ ਨਜ਼ਾਰਾ ਪੇਸ਼ ਕਰਦਾ ਹੈ।
ਸੀਤਾਪੁਰ ਬੀਚ ਜੋ ਨੀਲ ਟਾਪੂ ਤੋਂ ਪੰਜ ਕਿ.ਮੀ. ਦੂਰ ਹੈ, ਇੱਥੇ ਖੁੱਲਾ ਸਮੁੰਦਰ ਉਚੀਆਂ ਸਮੁੰਦਰੀ ਲਹਿਰਾ ਪੈਦਾ ਕਰਦਾ ਹੈ। ਆਲੇ ਦੁਆਲੇ ਹਰੇ ਭਰੇ ਰੁੱਖ, ਝਾੜੀਆਂ ਸੁੰਦਰ ਨਜ਼ਾਰਾ ਪੇਸ਼ ਕਰਦੀਆਂ ਹਨ। ਰਸਤੇ ਵਿੱਚ ਪੈਂਦੇ ਮਿਡਲ ਸਕੂਲ ਵਿੱਚ ਜੋਰਦਾਰ ਮੀਂਹ ਕਾਰਨ ਰੁਕ ਕੇ ਸਕੂਲ ਮੁੱਖੀ ਅਤੇ ਵਿਦਿਆਰਥੀਆਂ ਨਾਲ ਵਾਰਤਾਲਾਪ ਕੀਤਾ। ਬੱਚਿਆਂ ਦੀ ਗਿਣਤੀ ਛੇਵੀ ਤੋਂ ਅੱਠਵੀਂ ਤੱਕ ਕੇਵਲ 34 ਅਤੇ ਪੜ੍ਹਾਈ ਦਾ ਪੱਧਰ ਪੰਜਾਬ ਦੇ ਸਰਕਾਰੀ ਸਕੂਲਾਂ ਵਾਂਗ ਦਰਮਿਆਨਾ ਹੀ ਸੀ। ਨੀਲ ਕੁਦਰਤੀ ਰੂਪ ਵਿੱਚ ਵਸਿਆ ਪੇਂਡੂ ਕਲਚਰ ਵਾਲਾ ਟਾਪੂ ਹੈ। ਹਰ ਸਬਜ਼ੀ, ਫਲ, ਨਾਰੀਅਲ, ਦੁੱਧ ਇੱਥੇ ਪੋਰਟ ਬਲੇਅਰ ਨਾਲੋਂ ਸਸਤਾ ਹੈ। ਜੋ ਵਸਤੂ ਇੱਥੇ ਪੈਦਾ ਹੁੰਦੀ ਹੈ ਉਹ ਸਥਾਨਕ ਮੰਡੀ ਵਿੱਚ ਹੀ ਆਉਂਦੀ ਹੈ। ਅਮਰੂਦ, ਮੱਛੀ, ਪਪੀਤਾ, ਕੇਲੇ ਆਦਿ ਵੀ ਪੋਰਟ ਬਲੇਅਰ ਨਾਲੋਂ ਸਸਤੇ ਸਨ। ਸਾਇਕਲ ਤੇ ਮੀਂਹ ਪੈਂਦੇ ਵਿੱਚ ਪੂਰੇ ਟਾਪੂ ਦਾ ਖੂਬ ਨਜ਼ਾਰਾ ਲਿਆ ਅਤੇ 3.30 ਵਜੇ ਮੁੜ ਸਮੁੰਦਰੀ ਜਹਾਜ ਵਿੱਚ ਜਾ ਬੈਠੇ ਅਤੇ 5.30 ਵਜੇ ਪੂਰੇ ਰਾਤ ਦੇ ਹਨੇਰੇ ਵਿੱਚ ਪੋਰਟ ਬਲੇਅਰ ਫੋਨਿਕਸ ਜੈਟੀ ਵਿਖੇ ਪਹੁੰਚੇ ਅਤੇ ਆਟੋ ਲੈ ਕੇ ਘਰ (ਟਰਾਜਿਟ ਫਲੈਟਸ) 
ਅਗਲੇ ਦਿਨ ਹੈਵਲੋਕ ਟਾਪੂ ਦਾ ਸਮਾਂ ਸੀ। 6.20 ਤੇ ਫੋਨਿਕਸ ਜੈਟੀ ਤੋਂ ਸਮੁੰਦਰੀ ਜਹਾਜ ਚਲਿਆ ਅਤੇ ਤਿੰਨ ਘੰਟੇ ਵਿੱਚ 9.20 ਤੇ ਹੈਵਲੋਕ ਜੈਟੀ ਵਿਖੇ ਪਹੁੰਚ ਗਿਆ। ਪੋਰਟ ਬਲੇਅਰ ਤੋਂ 54 ਕਿ.ਮੀ. ਦੀ ਦੂਰੀ ਤੇ ਸਥਿਤ ਇਹ ਖੂਬਸੂਰਤ ਟਾਪੂ 113 ਵਰਗ ਕਿ.ਮੀ. ਖੇਤਰਫਲ ਵਿੱਚ ਪੋਰਟ ਬਲੇਅਰ ਦੇ ਉੱਤਰ ਪੱਛਮ ਵਿੱਚ ਸਥਿਤ ਹੈ। ਇੱਥੋਂ ਦੀ ਆਬਾਦੀ 5500 ਦੇ ਕਰੀਬ ਹੈ। ਇੱਥੇ ਲੋਕਲ ਬੱਸ ਸਰਵਿਸ ਚਲਦੀ ਹੈ ਜੋ 1 ਨੰ: ਜੈਟੀ ਤੋਂ ਚੱਲ ਕੇ ਤਿੰਨ ਨੰਬਰ ਤੇ ਲੋਕਲ ਬਜ਼ਾਰ ਵਿੱਚ ਹੁੰਦੀ ਹੋਈ 7 ਨੰ: ਰਾਧਾ ਨਗਰ ਬੀਚ ਵਿਖੇ ਜਾਂਦੀ ਹੈ। ਰਾਧਾ ਨਗਰ ਬੀਚ 1 ਨੰ: ਜੈਟੀ ਤੋਂ 12 ਕਿ.ਮੀ. ਦੂਰ ਹੈ। ਰਾਧਾ ਨਗਰ ਬੀਚ ਬਹੁਤ ਹੀ ਸੁੰਦਰ ਸਿਲਵਰ ਸੈਂਡ ਵਾਲੀ ਬੀਚ ਹੈ ਜਿੱਥੇ ਸ਼ਾਂਤ ਸਮੁੰਦਰ ਵਿੱਚ ਸੈਲਾਨੀ ਖੂਬ ਅਠਖੇਲੀਆ ਕਰਦੇ ਹਨ। ਇਹ ਬੀਚ ਬਹੁਤ ਲੰਬੀ ਅਤੇ ਸੁੰਦਰ ਬੀਚ ਹੈ। ਇਹ ਬੀਚ ਸ਼ਹਿਰ ਦੇ ਦੱਖਣ ਪੱਛਮ ਵਿੱਚ ਹੈ। ਦੱਖਣ ਪੂਰਬ ਵਿੱਚ ਵਿਜੈ ਨਗਰ ਬੀਚ ਹੈ। ਇਸ ਬੀਚ ਵਿੱਚ ਮ੍ਰਿਤ ਅਤੇ ਜੀਵਤ ਕੋਰਲ ਦੇ ਭੰਡਾਰ ਹਨ। ਇਹ ਮਾਰਕੀਟ ਤੋਂ 4ਕਿ.ਮੀ. ਦੂਰ ਹੈ। ਇਸ ਬੀਚ ਦੇ ਨੇੜੇ ਬਹੁਤ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਰਿਹਾਇਸੀ ਘਰ ਅਤੇ ਹੋਟਲ ਹਨ। ਇੱਥੇ ਸਨੋਰਕਲਿੰਗ ਅਤੇ ਡਾਇਵਿੰਗ ਸਕੂਲਾਂ ਦਾ ਵਿਸ਼ੇਸ਼ ਪ੍ਰਬੰਧ ਹੈ। ਇੱਥੇ ਬਹੁਤੇ ਵਿਦੇਸ਼ੀ ਸੈਲਾਨੀ ਦੇਖਣ ਲਈ ਮਿਲੇ। ਇਸ ਤੋਂ ਅੱਗੇ 10 ਕਿ.ਮੀ. ਦੂਰੀ ਤੇ ਕਾਲਾ ਪੱਥਰ ਬੀਚ ਹੈ ਜਿੱਥੇ ਮਗਰਮੱਛ ਦਿਖਾਈ ਦਿੰਦੇ ਹਨ। ਹੈਵਲੋਕ ਨੂੰ ਧਰਤੀ ਉੱਪਰ ਸਵਰਗ ਕਿਹਾ ਜਾਂਦਾ ਹੈ। ਲੋਕਲ ਮਾਰਕੀਟ ਵਿੱਚ ਆਦਮੀ ਅਤੇ ਔਰਤਾ ਆਪਣੇ ਖੇਤਾਂ ਵਿੱਚ ਪੈਦਾ ਕੀਤੀ ਸਬਜ਼ੀ ਆਦਿ ਵੇਚਣ ਲਈ ਆਉਂਦੇ ਰਹਿੰਦੇ ਹਨ। ਸ਼ਾਮ 4.30 ਵਜੇ ਵਾਪਸੀ ਸਮੁੰਦਰੀ ਜਹਾਜ ਵਿੱਚ ਬੈਠੇ ਅਤੇ 7.30 ਵਜੇ ਪੋਰਟ ਬਲੇਅਰ ਪਹੁੰਚੇ।
ਅਗਲੇ ਦਿਨ ਸਿੱਪੀ ਘਾਟ ਵਿਖੇ ਕੇਂਦਰੀ ਖੇਤੀ ਖੋਜ ਸੰਸਥਾ ਵਿਖੇ ਵੱਖ-ਵੱਖ ਕਿਸਮ ਦੇ ਦਵਾਈਆਂ ਵਾਲੇ ਪੌਦੇ, ਲੌਂਗ, ਕਾਲੀ ਮਿਰਚ ਦੇ ਦਰਖਤ ਦੇਖੇ, ਉੱਥੇ ਨਰਸਰੀ ਵਿੱਚ ਸੈਂਕੜੇ ਕਿਸਮ ਦੇ ਦਵਾਈਆਂ ਵਾਲੇ ਪੌਦੇ ਦੇਖੇ। ਸਾਗਰਿਕਾ ਪੰਜਾਬ ਦੇ ਖਾਦੀ ਭੰਡਾਰ ਵਾਂਗ ਸ਼ਹਿਰ ਵਿੱਚ ਹੀ ਸਥਾਪਿਤ ਕੀਤੀ ਗਈ। ਉੱਥੇ ਮਿਲਣ ਵਾਲੀਆਂ ਵਸਤੂਆਂ ਦਾ ਬਜ਼ਾਰ ਮੁੱਲ ਨਾਲੋਂ ਬਹੁਤਾ ਫਰਕ ਨਹੀਂ ਸੀ।
ਘੰਟਾ ਘਰ, ਅਬਰਡੀਨ ਬਜ਼ਾਰ ਸੱਭ ਤੋਂ ਪੁਰਾਣਾ ਬਜ਼ਾਰ ਹੈ। ਦੁਕਾਨਾਂ ਤੇ ਤਕਰੀਬਨ ਹਰ ਚੀਜ਼ ਮਿਲਦੀ ਸੀ। ਲੋਕਾਂ ਦਾ ਸੁਭਾਅ ਮਿਤਰਤਾ ਭਰਭੁਰ ਅਤੇ ਇਮਾਨਦਾਰੀ ਵਾਲਾ ਸੀ।
ਅਬਰਡੀਨ ਬਜ਼ਾਰ ਵਾਰੇ ਇੱਕ ਕਹਾਣੀ ਦਾ ਮੈਂ ਤੁਹਾਡੇ ਨਾਲ ਜ਼ਿਕਰ ਕਰਨਾ ਚਾਹੁੰਦਾ ਹਾਂ। ਇੱਕ ਦੁਧ ਨਾਥ ਤਿਵਾੜੀ ਨਾਮ ਦਾ ਵਿਅਕਤੀ ਅੰਗਰੇਜਾਂ ਦੀ ਫੌਜ 14 ਬੰਗਾਲ ਇਨਫੈਨਟਰੀ ਦਾ ਸਿਪਾਹੀ ਸੀ। ਪਰੰਤੂ ਪਹਿਲੇ ਸੰਸਾਰ ਯੁੱਧ ਵੇਲੇ ਉਹ ਸੁਤਤੰਰਤਾ ਸੰਰਗਾਮ ਵਿੱਚ ਕੁੱਦ ਪਿਆ ਅਤੇ ਉਸਨੂੰ ਕਾਲੇ ਪਾਣੀ ਦੀ ਸਜ਼ਾ ਹੋ ਗਈ। 23 ਅਪਰੈਲ 1958 ਨੂੰ ਉਹ 91 ਕੈਦੀਆਂ ਨਾਲ ਫਰਾਰ ਹੋ ਗਿਆ। ਇੰਨਾ ਕੈਦੀਆਂ ਦੀ ਅਗਵਾਈ ਸ਼ੇਰਖਾਨ ਪਠਾਨ ਕੈਦੀ ਕਰ ਰਿਹਾ ਸੀ ਜਿਸ ਨੂੰ ਇਲਾਕੇ ਵਾਰੇ ਜਾਣਕਾਰੀ ਸੀ। ਉਹ ਜੰਗਲ ਵਿੱਚ ਬਰਮਾ ਦੇ ਰੰਗੂਨ ਵੱਲ ਨੂੰ ਵਧਣਾ ਚਾਹੁੰਦੇ ਸਨ ਪਰੰਤੂ ਜੰਗਲ ਵਿੱਚ ਭਟਕ ਗਏ ਅਤੇ ਬਹੁਤੇ ਆਦਿਵਾਸੀਆਂ ਵਲੋਂ ਮਾਰ ਦਿੱਤੇ ਗਏ। ਇੱਕ ਹੋਰ 130 ਕੈਦੀਆਂ ਦੇ ਦਲ ਨਾਲ ਵੀ ਇੰਨਾ ਦਾ ਸਾਹਮਣਾ ਹੋਇਆ। ਦੂਧ ਨਾਥ ਤਿਵਾੜੀ ਹਮਲੇ ਵਿੱਚ ਬੁਰੀ ਤਰ੍ਹਾਂ ਜਖਮੀ ਹੋ ਗਿਆ। ਉਹ ਹੋਰ ਕੈਦੀਆਂ ਨਾਲ ਕੰਥਮ ਦੀਪ ਤੇ ਤੀਰਾ ਦਾ ਸਾਹਮਣਾ ਕਰ ਰਹੇ ਸਨ। ਉਸ ਦੇ ਸਾਹਮਣੇ ਦੋ ਕੈਦੀਆਂ ਦੀ ਮੌਤ ਹੋ ਗਈ। ਤਿਵਾੜੀ ਗਿੜਗਿੜਾ ਕੇ ਪ੍ਰਾਣਾਂ ਦੀ ਭੀਖ ਮੰਗਣ ਲੱਗਾ। ਆਦਿਵਾਸੀਆਂ ਦੇ ਮੁਖੀ ਨੇ ਤਰਸ ਖਾ ਕੇ ਉਸ ਨੂੰ ਛੱਡ ਦਿੱਤਾ ਅਤੇ ਤਾਰਾ ਮੁਗਦੀ ਦੀਪ ਲੈ ਗਏ। ਰਸਤੇ ਵਿੱਚ ਮਿੱਟੀ ਤੇ ਜੜੀਆਂ ਬੁਟੀਆਂ ਨਾਲ ਇਲਾਜ ਕਰਕੇ ਉਸ ਨੂੰ ਠੀਕ ਕਰ ਲਿਆ।
ਉਸ ਨੇ ਆਦਿਵਾਸੀ ਜੀਵਨ ਦੇ ਢੰਗ ਤਰੀਕੇ ਸਿੱਖੇ, ਮੁੱਖੀ ਨੂੰ ਉਸ ਤੇ ਵਿਸ਼ਵਾਸ ਹੋ ਗਿਆ। ਉਸ ਨੇ ਆਪਣੀ 20 ਸਾਲਾਂ ਦੀ ਧੀ ਲੀਪਾਂ ਨਾਲ ਸ਼ਾਦੀ ਕਰ ਦਿੱਤੀ। ਕੁੱਝ ਸਮੇਂ ਬਾਅਦ 16 ਸਾਲ ਜਿੱਗਾ ਦੀ ਵੀ ਉਸ ਨਾਲ ਸ਼ਾਦੀ ਕਰ ਦਿੱਤੀ। 10 ਮਈ 1859 ਨੂੰ ਵੱਖ-ਵੱਖ ਆਦਿਵਾਸੀ ਸਮੂਹ ਤਾਰਾਮੁਗਲੀ ਦੀਪ ਵਿੱਚ ਇਕੱਠੇ ਹੋਣੇ ਸ਼ੁਰੂ ਹੋਏ ਅਤੇ ਪੋਰਟ ਬਲੇਅਰ ਤੇ ਹਮਲੇ ਦੀ ਤਿਆਰੀ ਕਰਨ ਲੱਗੇ। 20 ਕਿਸ਼ਤੀਆਂ ਤੇ ਸਵਾਰ ਹੋ ਕੇ 300 ਦੇ ਕਰੀਬ ਆਦਿਵਾਸੀ ਪੋਰਟ ਬਲੇਅਰ ਵੱਲ ਚੱਲ ਪਏ। ਰਸਤੇ ਵਿੱਚ ਹੋਰ ਦਲ ਮਿਲਦੇ ਗਏ। ਉਹ ਚਿੜੀਆਂ ਟਾਪੂ ਦੇ ਰਸਤੇ ਪੋਰਟ ਬਲੇਅਰ ਵੱਲ ਦਾਖਲ ਹੋਣ ਲੱਗੇ ਅਤੇ ਬਕਸ਼ਾ ਘਾਟ ਰੁਕ ਗਏ ਜਿਥੋਂ ਅਰਬਡੀਨ ਖੇਤਰ ਵਿੱਚ ਸਥਿਤ ਕੈਦੀਆਂ ਦੀਆਂ ਬੈਰਕਾਂ ਸਾਫ ਦਿਖਾਈ ਦਿੰਦੀਆਂ ਸਨ। ਫਾਸਲਾ ਕੇਵਲ ਢਾਈ ਕਿ.ਮੀ. ਦੂਰ ਸੀ। ਆਦਿਵਾਸੀਆਂ ਦੇ ਫੌਜੀ ਕਮਾਂਡਰ ਉਲਕਾ ਨੇ ਦੂਧਨਾਥ ਅਤੇ ਸਦਲੂ ਨੂੰ ਔਰਤਾ ਅਤੇ ਬੱਚਿਆਂ ਦੀ ਰੱਖਿਆ ਕਰਨ ਲਈ ਰੁਕਣ ਬਾਰੇ ਕਿਹਾ ਅਤੇ ਆਪ ਅੱਗੇ ਯੁੱਧ ਲਈ ਚੱਲਣ ਲੱਗੇ।
ਦੂਧ ਨਾਥ ਤਿਵਾੜੀ ਨੂੰ ਅੰਗਰੇਜਾਂ ਨਾਲ ਵਫਾਦਾਰੀ ਕਰਨ ਦੀ ਯੋਜਨਾ ਸੁੱਝੀ ਅਤੇ ਉਸਨੇ ਉੱਥੋਂ ਭੱਜ ਕੇ ਇਸ ਹਮਲੇ ਵਾਰੇ ਸੂਚਨਾ ਅਰਬਡੀਨ ਦੇ ਕੈਦੀਆਂ ਦੇ ਸੁਰੱਖਿਆ ਅਧਿਕਾਰੀ ਨੂੰ ਦਿੱਤੀ। ਉਸ ਨੇ ਅੱਗੇ ਜਦੋਂ ਇਹ ਸੂਚਨਾ ਡਾ. ਵਾਕਰ ਨੂੰ ਦਿੱਤੀ ਤਾਂ ਉਸ ਨੇ ਕਿਹਾ ਜੇ ਇਹ ਝੂਠ ਹੋਇਆ ਤਾਂ ਤੈਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। 17 ਮਈ 1859 ਨੂੰ ਆਦਿਵਾਸੀਆਂ ਦਾ ਇੱਕ ਦਲ ਅਰਬਡੀਨ ਚੌਂਕੀ ਤੇ ਆ ਪੁੱਜਾ। ਸੈਲੂਲਰ ਜੇਲ ਵੱਲ ਤੀਰਾਂ ਦੀ ਬੌਛਾਰ ਕਰਨ ਲੱਗੇ। ਪਰੰਤੂ ਚੌਕਸ ਕੀਤੇ ਹੋਏ ਅੰਗਰੇਜਾਂ ਦੀਆਂ ਤੋਪਾਂ ਅੱਗੇ ਉਨ੍ਹਾਂ ਦੀ ਇੱਕ ਨਾ ਚੱਲੀ ਅਤੇ ਬਹੁਤ ਸਾਰੇ ਮਾਰੇ ਗਏ ਅਤੇ ਕੁੱਝ ਬੰਦੀ ਬਣਾ ਲਏ ਅਤੇ ਬਾਅਦ ਵਿੱਚ ਮੌਤ ਦੇ ਘਾਟ ਉਤਾਰ ਦਿੱਤੇ। ਆਦਿਵਾਸੀਆਂ ਨੇ ਦੂਧ ਨਾਥ ਤਿਵਾੜੀ ਅਤੇ ਉਸ ਦੀਆਂ ਪਤਨੀਆਂ ਨੂੰ ਆਦਿਵਾਸੀ ਸਮਾਜ ਵਿੱਚੋਂ ਬੇਦਖਲ ਕਰ ਦਿੱਤਾ।
ਪਤਨੀਆਂ ਨੇ ਦੂਧ ਨਾਥ ਤਿਵਾੜੀ ਦੇ ਮੂੰਹ ਤੇ ਥੁੱਕਿਆ, ਬੇਹੱਦ ਘਿਰਣਾ ਕੀਤੀ ਅਤੇ ਉਸ ਨੂੰ ਕੁੱਟ ਮਾਰ ਵੀ ਕੀਤੀ। ਦੂਧ ਨਾਥ ਤਿਵਾੜੀ ਦੀ ਸਜ਼ਾ ਮਾਫ ਕਰ ਦਿੱਤੀ ਗਈ, ਪ੍ਰੰਤੂ ਆਦਿਵਾਸੀਆਂ ਨਾਲ ਜਿਡਾ ਵੱਡਾ ਧੋਖਾ ਹੋਇਆ ਉਸ ਤੋਂ ਉਹ ਕਦੇ ਵੀ ਨਾ ਸੰਭਲ ਸਕੇ। ਇਸ ਯੁੱਧ ਦੇ 5 ਮਹੀਨੇ ਬਾਅਦ ਡਾ. ਵਾਕਰ ਨੂੰ ਹਟਾ ਦਿੱਤਾ ਗਿਆ। ਦੂਧ ਨਾਥ ਤਿਵਾੜੀ ਜੇ ਦਗਾ ਨਾ ਕਰਦਾ ਅਰਬਡੀਨ ਅਤੇ ਸਮੁੱਚੇ ਅੰਡੇਮਾਨ ਨਿਕੋਬਾਰ ਦਾ ਇਤਿਹਾਸ ਹੋਰ ਹੋਣਾ ਸੀ। 
ਅੱਜ ਪੂਰੇ ਅੰਡੇਮਾਨ ਨਿਕੋਬਾਰ ਵਿੱਚ ਇੱਥੋਂ ਦੇ ਮੂਲ ਵਾਸੀਆਂ (ਆਦਿਵਾਸੀਆਂ) ਦੀ ਗਿਣਤੀ ਇਸ 4 ਲੱਖ ਦੀ ਆਬਾਦੀ ਵਿੱਚ ਅੰਦਾਜੇ ਅਨੁਸਾਰ ਸੋਂਪੀਨ 398, ਔਗੈਂ 96, ਮਹਾਨ ਅੰਡੇਮਾਨੀ 43, ਜਾਰਵਾ 240, ਸੈਟੀ ਨੀਲੀਸ 39 ਅਤੇ ਨਿਕੋਬਾਰੀ 28563 ਹਨ।
ਕੁੱਲ 8249 ਵ:ਕਿ.ਮੀ. ਖੇਤਰਫਲ ਵਿੱਚੋਂ 7171 ਵ:ਕਿ.ਮੀ. ਜੰਗਲੀ ਖੇਤਰ ਅਤੇ 3279 ਵ:ਕਿ.ਮੀ. ਜੰਗਲੀ ਕਬੀਲਿਆਂ ਲਈ ਰਾਖਵਾਂ ਖੇਤਰ ਹੈ। ਬਾਕੀ ਖੇਤਰ ਤੇ ਆਮ ਲੋਕ ਵਸਦੇ ਹਨ।
ਤਰਸੇਮ ਲਾਲ ਧੂਰੀ
5/508, ਦਸ਼ਮੇਸ ਐਵੀਨਿਊ, 
ਨੇੜੇ ਸਰਵਹਿੱਤਕਾਰੀ ਸਕੂਲ,
ਸੰਗਰੂਰ।
ਮੋਬ: 9463218707

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template