Headlines News :
Home » » ਲਾਲ ਪਾਰਟੀ ਤੋਂ ਲੈ ਕੇ ਲਾਲ ਵਾਂਗ ਦਗਦਾ ਆ ਰਿਹਾ ਬਾਬਾ ਲਾਲ ਸਿੰਘ ਲਹਿਰੀ

ਲਾਲ ਪਾਰਟੀ ਤੋਂ ਲੈ ਕੇ ਲਾਲ ਵਾਂਗ ਦਗਦਾ ਆ ਰਿਹਾ ਬਾਬਾ ਲਾਲ ਸਿੰਘ ਲਹਿਰੀ

Written By Unknown on Tuesday, 25 December 2012 | 00:58


ਬਾਬਾ ਲਾਲ ਸਿੰਘ ਲਹਿਰੀ ਜਿਹਨਾਂ ਕੋਲ ਤੇਜਾ ਸਿੰਘ ਸੁਤੰਤਰ,ਬਾਬਾ ਗੁਰਮੁਖ ਸਿੰਘ ਲਲਤੋਂ(ਬੈਟਰਮੈਂਟ ਮੋਰਚੇ ਦੇ ਸਬੰਧ ਵਿੱਚ),ਧਰਮ ਸਿੰਘ ਫੱਕਰ,ਜੰਗੀਰ ਸਿੰਘ ਜੋਗਾ,ਕਾਮਰੇਡ ਅਵਤਾਰ ਸਿੰਘ ਮਲਹੋਤਰਾ ਆਦਿ ਸੁਤੰਤਰਤਾ ਸੰਗਰਾਮੀਆਂ,ਅਜਾਦੀ ਘੁਲਾਟੀਆਂ ਦਾ ਆਉਣਾ-ਜਾਣਾ ਰਿਹਾ,ਅੱਜ ਕਲ ਅੱਸੀਵਿਆਂ ਨੂੰ ਪਾਰ ਕਰਨ ਦੇ ਬਾਵਯੂਦ ਵੀ ਆਪਣਾ ਨਿੱਤ ਦਾ ਸਫਰ ਕਈ ਪਹਾੜਾਂ ਦੇ ਸਿਰਤੇ ਡਿੱਗਣ ਉਪਰੰਤ ਜਾਰੀ ਰੱਖੇ ਹੋਏ ਹਨ,ਬੇਸ਼ੱਕ ਉਹਨਾਂ ਦੀ ਹਮਸਫਰ ਉਮਰ ਹੰਡਾ ਕੇ ਪ੍ਰਲੋਕ ਗਮਨ ਕਰ ਗਈ ਹੈ ਪਰ ਭਰ ਜਵਾਨੀ ਵਿੱਚ ਤੁਰ ਗਏ ਮੁਲਾਜਮ ਪੁੱਤ ਦਾ ਗਮ ਲਈ ਫਿਰਦੇ ਲਾਲ ਸਿੰਘ ਦਾ ਲਾਲ ਝੁਰੰਗ ਚਿਹਰਾ,ਪੂਰੀ ਖੁਰਾਕ,ਪੂਰੀ ਨਿਗ੍ਹਾ,ਬਿਨ ਐਨਕ ਤੋਂ ਅਖਬਾਰ ਪੜ੍ਹਨਾ,ਬਿਨ ਸੋਟੀ ਸਹਾਰੇ ਤੋਂ ਤੁਰਨਾ; ਉਹਨਾਂ ਦੇ ਭਰ ਜਵਾਨੀ ਵਿੱਚ ਹੱਥੀਂ ਕਿਰਤ ਕਰਨ ਅਤੇ ਰੱਜਵੀਂ ਖਾਧੀ ਖੁਰਾਕ ਦਾ ਜਿਉਂਦਾ-ਜਾਗਦਾ ਸਬੂਤ ਹੈ।ਬਹੁਤ ਵਾਰੀ ਮੇਰੇ ਘਰ ਰਾਤਾਂ ਠਹਿਰਨ ਵਾਲੇ ਬਾਬਾ ਲਾਲ ਸਿੰਘ ਲਹਿਰੀ ਨੂੰ ਉਹਨਾਂ ਦੀ ਸਵ੍ਹੈ-ਜੀਵਨੀ ਲਿਖਣ ਲਈ ਪ੍ਰੇਰਦਾ-ਪ੍ਰੇਰਦਾ ਮੈਂ ਅੱਜ ਉਹਨਾਂ ਦੀ ਇੱਕ ਇੰਟਰਵਿਉ ਕਰਨ ਬੈਠ ਗਿਆ।ਪੇਸ਼ ਹਨ ਕੁਝ ਚੋਣਵੇਂ ਵਾਰਤਾਲਾਪ ਜਿਹੜੇ ਉਹਨਾਂ ਨਾਲ ਸਵੇਰੇ-ਸਵੇਰੇ ਉੱਠਣ ਵੇਲੇ ਸਾਂਝੇ ਕੀਤੇ:
ਪ੍ਰਸ਼ਨ:ਬਾਬਾ ਜੀ!ਤੁਸੀਂ ਆਪਣੇ ਜਨਮ ਅਤੇ ਪਿਛੋਕੜ ਘਰਾਣੇ ਬਾਰੇ ਜਾਣਕਾਰੀ ਦਿਓ।
ਉੱਤਰ:ਬਾਬਾ ਸਾਈਂਦਿੱਤਾ ਸਿੰਘ ਨੰਬਰਦਾਰ  ਲਹਿਰੀ ਸਾਡੇ ਦਾਦਾ ਜੀ ਸਨ।ਮੇਰੇ ਪਿਤਾ ਜੀ ਸ੍ਰ: ਨਰਾਇਣ ਸਿੰਘ ਪਟਿਆਲੇ ਰਸਾਲੇ ਚ ਤੇ ਚਾਚਾ ਜੀ ਕਾਲਾ ਸਿੰਘ ਤਹਿਸੀਲ ਵਿੱਚ ਸ਼ਿਆ-ਨਵੀਸ ਸਨ।ਮਾਤਾ ਮੇਰੀ ਭਾਗ ਕੌਰ ਘੱਗਰ ਦਰਿਆ ਕਿਨਾਰੇ ਵਸੇ ਭੂੰਦੜ ਪਿੰਡ (ਸਰਦੂਲਗੜ੍ਹ) ਦੀ ਸੀ।ਮਾਮੇ ਈਸ਼ਰ ਤੇ ਦਲੀਪ ਸਨ।ਮੇਰੀ ਦਾਦੀ ਮਹਿਤਾਬ ਕੁਰ ਪਿੰਡ ਝੰਡੂ ਕਿਆਂ ਦੀ ਸੀ।ਬਿਆਸੀ ਸਾਲ ਪਹਿਲਾਂ ਮੇਰਾ ਜਨਮ ਲਹਿਰੀ ਪਿੰਡ ਹੋਇਆ ਜਿਸ ਸਮੇਤ ਗਿਆਰਾਂ ਪਿੰਡਾਂ ਨੂੰ ਨਵਾਂ ਜਿਲ੍ਹਾ ਮਾਨਸਾ ਬਣਨ ਵੇਲੇ ਮੈਂ ਮਾਨਸਾ ਚੋਂ ਕਢਾ ਕੇ ਬਠਿੰਡਾ ਜਿਲ੍ਹਾ ਵਿੱਚ ਪਵਾਉਣ ਲਈ ਖੁਦ ਮੁਸ਼ੱਕਤ ਕੀਤੀ ਕਿਉਂਕਿ ਪਹਿਲਾਂ ਫਰੀਦਕੋਟ ਜਿਲ੍ਹਾ ਤੇ ਫਿਰ ਬਠਿੰਡਾ ਜਿਲ੍ਹਾ ਬਣਨ ਨਾਲ ਮੇਰਾ ਮੋਹ ਬਠਿੰਡੇ ਨਾਲ ਸੀ।ਜਦੋਂ ਪਹਿਲਾਂ ਬਰਨਾਲਾ ਜਿਲ੍ਹਾ ਹੋਇਆ ਕਰਦਾ ਸੀ ਤਾਂ ਡਿਪੂਆਂ ਤੋਂ ਖੰਡ ਤੇਲ ਨਾ ਮਿਲਣ ਕਾਰਨ ਉਜਾਗਰ ਸਿੰਘ ਭੌਰਾ ਠੀਕਰੀਵਾਲਾ ਦੀ ਅਗਵਾਈ ਵਿੱਚ ਪੰਜ ਸੌ ਬੁੜ੍ਹੀਆਂ ਨੇ ਘੱਗਰੇ ਪਾਕੇ ਪਿੱਟ ਸਿਆਪਾ ਕੀਤਾ ਜਦੋਂ ਕਿ ਧੰਨਾ ਸਿੰਘ ਨਾਜਮ ਸੀ ਤਾਂ ਨਾਅਰਾ ਲਾਇਆ ਕਿ ‘ਖੰਡ ਨੀ ਮਿਲਦੀ,ਤੇਲ ਨੀ ਮਿਲਦਾ;ਸ਼ੱਕਰ ਮਿਲਦੀ ਗੰਨੇ ਦੀ,ਹਾਏ ਹਾਏ ਨਾਜਮ ਧੰਨੇ ਦੀ।‘
ਪ੍ਰਸ਼ਨ:ਤੁਹਾਡਾ ਬਚਪਨ ਕਿਵੇਂ ਬੀਤਿਆ ?
ਉੱਤਰ:ਬਚਪਨ ਤੋਂ ਲੈ ਕੇ ਹੀ ਮੈਂ ਕੋਈ ਨਸ਼ਾ ਨਹੀਂ ਕੀਤਾ,ਇਸ ਲਈ ਅੱਜ ਦੇ ਨੌਜੁਆਨਾਂ ਨੂੰ ਕੋਈ ਵੀ ਨਸ਼ਾ ਨਾ ਕਰਨ ਦੀ ਨਸੀਹਤ ਦਿੰਦਾ ਹਾਂ।ਸਾਧੂ-ਸੰਤਾਂ ਦਾ ਸੇਵਕ ਰਿਹਾ ਹਾਂ,ਸਮੇਂ-ਸਮੇਂ ਤੇ ਚੰਗੀ ਸਤਸੰਗਤ ਕੀਤੀ ਐ।ਬਚਪਨ ਵਿੱਚ ਜਦੋਂ ਸੰਤਾਲੀ ਤੋਂ ਪਹਿਲਾਂ ਮੈਂ ਬਰਨਾਲੇ ਪੜ੍ਹਦਾ ਹੁੰਦਾ ਸਾਂ ਤਾਂ ਭਾਗ ਸਿੰਘ ਕੋਟ ਦੁਨੇ ਦਾ ਮੁਜਾਰਾ ਸਾਡਾ ਰਿਸ਼ਤੇਦਾਰੀ ਚੋਂ ਮਾਸੜ ਸੀ ਤੇ ਉਹ ਤਰੀਕਾਂ ਤੇ ਬਰਨਾਲੇ ਆਉਂਦੇ ਹੁੰਦੇ ਸਨ ਤਾਂ ਮੈਨੂੰ ਉਹਨਾਂ ਨੂੰ ਚਾਹ-ਪਾਣੀ ਪਿਆਉਣ ਦਾ ਮੌਕਾ ਮਿਲਦਾ ਤੇ ਨਾਲ ਹੀ ਮੁਜਾਰਾ ਲਹਿਰ ਬਾਰੇ ਉਹਨਾਂ ਤੋਂ ਜਾਣਕਾਰੀ ਵੀ ਮਿਲਦੀ ਰਹਿੰਦੀ ਸੀ ।
ਪ੍ਰਸ਼ਨ:ਬਾਬਾ ਜੀ!ਤੁਸੀਂ ਆਪਣੀ ਪੜ੍ਹਾਈ ਬਾਰੇ ਕੁੱਝ ਦੱਸੋਂਗੇ ?
ਉੱਤਰ:ਮੇਰੇ ਬਾਬੇ(ਦਾਦਾ ਜੀ) ਦੁਆਰਾ ਪਿੰਡ ਬਾਮਾ(ਮੁਕਤਸਰ) ਦੇ ਪਿੰਡ ਵਿੱਚ ਘਰੇ ਹੀ ਰੱਖੇ ਗਏ ਇੱਕ ਮਾਸਟਰ ਤੋਂ ਛੋਟਾ ਹੁੰਦਾ ਮੈਂ ਘਰੇ ਹੀ ਬਣੇ ਸਕੂਲ ਵਿੱਚ ਉਰਦੂ ਪੜ੍ਹਿਆ ਕਰਦਾ ਸੀ।ਉਸਤੋਂ ਪਿੱਛੋਂ ਮੇਰੇ ਚਾਚਾ ਜੀ ਮੈਨੂੰ ਪਟਿਆਲੇ ਲੈ ਗਏ,ਬਾਅਦ ਵਿੱਚ ਉਹਨਾਂ ਦੀ ਬਦਲੀ ਬਰਨਾਲੇ ਹੋਣ ਕਾਰਨ ਮੈਂ ਸਰਕਾਰੀ ਸਕੂਲ ਬਰਨਾਲਾ ਵਿਖੇ ਪੜ੍ਹਦਾ ਰਿਹਾ ਜਿਥੇ ਹੈੱਡ ਮਾਸਟਰ ਮੂਲਾ ਸਿੰਘ,ਗੰਗਾ ਰਾਮ ਭਾਬੜੇ ਦੇ ਅਹਾਤੇ ਚ ਰਹਿੰਦੇ ਸਨ।ਉਹਨਾਂ ਮੈਨੂੰ ਖੂਬ ਚੰਡ ਕੇ ਪੜ੍ਹਾਇਆ।ਸੱਤਵੀਂ ਜਮਾਤ ਚੋਂ ਹਟ ਕੇ ਪਿੰਡ ਵਾਪਸ ਆ ਗਿਆ।ਹੱਕੀ ਜਾਇਦਾਦ ਜਮੀਨ ਦਾ ਕੇਸ ਵੀ ਉਹਨਾਂ ਦਿਨਾਂ ਵਿੱਚ ਚੱਲਦਾ ਸੀ,ਜੋ ਸ਼ਿਮਲੇ ਤੋਂ ਸਾਡੇ ਹੱਕ ਵਿੱਚ ਹੋ ਗਿਆ ਸੀ।
ਪ੍ਰਸ਼ਨ:ਤੁਸੀਂ ਆਪਣੀ ਭਰ ਜਵਾਨੀ ਵਿੱਚ ਖੇਤੀ ਕਰਨ ਦੇ ਨਾਲ-ਨਾਲ ਮੁਜਾਰਾ ਲਹਿਰ ਤੇ ਉਹਨਾਂ ਲੋਕਾਂ ਦੇ ਸੰਪਰਕ ਵਿੱਚ ਕਿਵੇਂ ਆਏ ?
ਉੱਤਰ:ਜਦੋਂ ਮੈਂ ਬਰਨਾਲਿਓਂ ਸਕੂਲੋਂ ਹਟ ਕੇ ਵਾਪਸ ਪਿੰਡ ਆਇਆ ਤਾਂ ਮੇਰੀ ਉਮਰ ਮਸਾਂ ਚੌਂਦਾ-ਪੰਦਰਾਂ ਸਾਲ ਦੀ ਸੀ ਤੇ ਮੈਂ ਆਪਣੇ ਪਿਤਾ ਨਾਲ ਖੇਤੀ ਬੰਨੀਂ ਹੱਥ ਵਟਾਉਣ ਲੱਗ ਪਿਆ।ਉਧਰ ਮੇਰੇ ਕੋਲ ਝੇਰਿਆਂਵਾਲੀ ਵਾਲਾ ਜਰਨੈਲ ਸਿੰਘ ਅਤੇ ਚਹਿਲਾਂਵਾਲੀ ਖਿਆਲੀ ਤੋਂ ਜਥੇਦਾਰ ਸੋਭਾ ਸਿੰਘ ਦਾ ਆਉਣਾ ਹੋ ਗਿਆ।ਉਹਨਾਂ ਦਿਨਾਂ ਵਿੱਚ ਸਾਡਾ ਸਾਰਾ ਪਿੰਡ ਹੀ ਅਕਾਲੀਆਂ ਦਾ ਸੀ ਪਰ ਉਹਨਾਂ ਨੇ ਆਪਣਾ ਟਿਕਾਣਾ ਇਸ ਪਿੰਡ ਨੂੰ ਦੱਸਦੇ ਹੋਏ,ਮੈਨੂੰ ਪਾਰਟੀ ਕਾਰਡ ਮੈਂਬਰ ਬਣਨ ਲਈ ਪ੍ਰੇਰਿਆ ਅਤੇ ਮੈਂ ਸਾਰੇ ਪਿੰਡਾਂ ਵਿੱਚ ਜਾਣ ਆਉਣ ਲੱਗ ਪਿਆ ਜਿਸ ਨਾਲ ਮੇਰੀ ਜਾਣ-ਪਛਾਣ ਵੱਧਦੀ ਗਈ ਅਤੇ ਉਹਨਾਂ ਸਦਕਾ ਹੀ ਮੈਂ ਨਸ਼ਿਆਂ ਵਿੱਚ ਨਾ ਪੈ ਕੇ ਦੇਸ਼ ਸੇਵਾ ਦਾ ਪੱਲਾ ਫੜ ਲਿਆ।
ਪ੍ਰਸ਼ਨ:ਬਾਬਾ ਜੀ! ਤੁਸੀਂ ਮੁਜਾਰਾ ਲਹਿਰ ਦੇ ਕਿੰਨ੍ਹਾਂ-ਕਿੰਨ੍ਹਾਂ ਮੋਢੀਆਂ ਦੇ ਸੰਪਰਕ ਵਿੱਚ ਆਏ ਅਤੇ ਕਿਵੇਂ ?
ਉੱਤਰ:ਸ਼ੇਖਪੁਰੇ ਵਾਲਾ ਕਾਮਰੇਡ ਗੁਰਨਾਮ ਸਿੰਘ,ਤਲਵੰਡੀ ਵਾਲਾ ਕਾਮਰੇਡ ਗੰਡਾ ਸਿੰਘ,ਜੱਗਰ ਗਿੱਲ ਸਾਰੇ ਲੋਕ ਮੈਨੂੰ ਮਿਲਦੇ ਸਨ।ਸਿਰਕੀ ਬਾਜਾਰ ਬਠਿੰਡਾ ਵਾਲੇ ਕਾਮਰੇਡਾਂ ਦੇ ਦਫਤਰ ਵਿੱਚ ਵੀ ਜਾਣਾ-ਆਉਣਾ ਹੁੰਦਾ ਸੀ।ਕਾਮਰੇਡ ਗੁਰਚਰਨ ਸਿੰਘ ਰੰਧਾਵਾ,ਬਲਵੀਰ ਸਿੰਘ ਢਿੱਲੋਂ,ਜੋਗਿੰਦਰ ਸਿੰਘ ਭਸੀਨ ਆਦਿ ਨਾਲ ਤਾਂ ਬੜੀ ਸਾਂਝ ਸੀ ਪਰ ਜਦੋਂ ਮੈਂ ਖੇਤੀਂ ਇੱਕ ਦਿਨ ਕੰਮ ਕਰ ਰਿਹਾ ਸੀ ਤਾਂ ਬੈਟਰਮੈਂਟ ਟੈਕਸ ਮੋਰਚੇ ਦੇ ਦੌਰਾਨ ਵਰੰਟ ਨਿਕਲੇ ਹੋਏ ਤੇ ਪੰਜ ਹਜਾਰ ਇਨਾਮ ਰੱਖੇ ਹੋਏ ਜਿਲ੍ਹਾ ਹਿਸਾਰ ਦੇ ਪਿੰਡਾਂ ਚੋਂ ਆਏ ਬਾਬਾ ਗੁਰਮੁਖ ਸਿੰਘ ਲਲਤੋਂ ਮੇਰੇ ਪਾਸ ਆਏ ਤੇ ਛੇ-ਸੱਤ ਘੰਟੇ ਮੇਰੇ ਨਾਲ ਬਿਤਾਏ।ਮੈਂ ਉਹਨਾਂ ਨੂੰ ਸੰਤ ਨਿਰੰਜਣ ਦਾਸ ਦੇ ਡੇਰੇ ਲੈ ਗਿਆ ਜਿਥੇ ਉਹਨਾਂ ਨਾਲ ਵਾਰਤਾਲਾਪ ਕੀਤੀ ਅਤੇ ਦੁੱਧ ਪੀਤਾ।ਬਾਅਦ ਵਿੱਚ ਰਾਤ ਨੂੰ ਉੱਠ ਤੇ ਚੜਾ ਕੇ ਮੈਂ ਉਹਨਾਂ ਨੂੰ ਰਾਮਾਂ ਮੰਡੀ ਦੇ ਸਟੇਸ਼ਨ ਤੇ ਛੱਡ ਕੇ ਆਇਆ।ਤੇਜਾ ਸਿੰਘ ਸੁਤੰਤਰ ਜਦੋਂ ਹੁਕਮ ਸਿੰਘ ਦੇ ਮੁਕਾਬਲੇ ਬਠਿੰਡਾ ਸੀਟ ਤੋਂ ਚੋਣ ਲੜ੍ਹਦੇ ਸਨ ਤਾਂ ਮੇਰੇ ਘਰ ਉਹਨਾਂ ਦਾ ਆਉਣਾ ਜਰਨੈਲ ਸਿੰਘ ਦੁਆਰਾ ਹੋਇਆ।ਪੈਸੇ ਮੈਥੋਂ ਕਦੇ ਕਿਸੇ ਨੇ ਮੰਗੇ ਨਹੀਂ ਸਨ ਪਰ ਪਾਰਟੀ ਲਈ ਡਰਾਮੇ ਵਿੱਚ ਦਾਣੇ ਕੱਠੇ ਕਰਕੇ ਦੇਣਾ ਮੇਰਾ ਧਰਮ ਸੀ ।
ਪ੍ਰਸ਼ਨ:ਲਾਲ ਸਿੰਘ ਜੀ,ਦਗਦੇ ਲਾਲ ਵਾਂਗ ਬਿਨਾਂ ਕਿਸੇ ਲਾਲਚ ਦੇ ਤੁਸੀਂ ਵੱਖ-ਵੱਖ ਸਿਆਸੀ ਪਾਰਟੀਆਂ ਵਿੱਚ ਜੀਅ-ਜਾਨ ਨਾਲ ਸੇਵਾ ਕਰਦੇ ਰਹੇ ਹੋ! ਕੁੱਝ ਦੱਸੋਂਗੇ?
ਉੱਤਰ:ਮੁਜਾਰਾ ਲਹਿਰ ਦੇ ਪ੍ਰਭਾਵ ਤੇ ਉਪਰੋਕਤ ਜੁਝਾਰੂਆਂ ਦੇ ਸੰਗ ਕਾਰਨ ਮੈਂ ਪਹਿਲਾਂ ਕਮਿਉਨਿਸਟ ਪਾਰਟੀ ਵਿੱਚ ਨਿਧੱੜਕਤਾ ਨਾਲ ਕੰਮ ਕੀਤਾ ਜਿਸ ਕਾਰਨ ਕਾਮਰੇਡ ਜੰਗੀਰ ਸਿੰਘ ਜੋਗਾ ਨੇ ਮੈਨੂੰ ਪਾਰਟੀ ਕਾਰਡ ਦੇ ਦਿੱਤਾ।ਜਿੰਨਾਂ ਚਿਰ ਜਰਵਾਣਿਆਂ ਵੱਲੋਂ ਲਈ ਜਾਂਦੀ ਵੰਡਾਈ ਨਹੀਂ ਟੁੱਟੀ,ਉਨਾਂ ਚਿਰ ਮੋਢੇ ਨਾਲ ਮੋਢਾ ਲਾਕੇ ਉਹਨਾਂ ਦੀ ਪਾਰਟੀ ਵਿੱਚ ਕੰਮ ਕਰਦਾ ਰਿਹਾ ।ਬਹਿਣੀਵਾਲ ਦੇ ਜਥੇਦਾਰ ਗੁਰਬਖਸ਼ ਸਿੰਘ ਦਾ ਵੀ ਮੇਰੇ ਕੋਲ ਜਿਆਦਾ ਆਉਣ-ਜਾਣ ਕਾਰਨ ਸੰਤ ਫਤਹਿ ਸਿੰਘ ਨਾਲ ਉਹਨਾਂ ਦੁਆਰਾ ਮਿਲਾਪ ਹੋਣ ਤੋਂ ਬਾਅਦ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ।ਸੰਤਾਂ ਨੇ ਬਹੁਤ ਥੋਹੜੇ ਚਿਰ ਬਾਅਦ ਹੀ ਮੇਰੀ ਵਫਾਦਾਰੀ ਪਰਖ ਕੇ ਮੈਨੂੰ ਜਿਲ੍ਹਾ ਦਫਤਰ ਸਕੱਤਰ ਬਣਾ ਦਿੱਤਾ ਜਿਥੇ ਮੈਂ ਬਿਨਾਂ ਤਨਖਾਹ ਤੋਂ ਤਿੰਨ ਸਾਲ ਨਿਸ਼ਕਾਮ ਡਿਊਟੀ ਨਿਭਾਈ।ਉਦੋਂ ਅਕਾਲੀ ਦਲ ਦਫਤਰ ਦੀਆਂ ਡਿਊਟੀਆਂ ਬੜੇ ਅਮਲ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਇਕੱਤਰਤਾ ਕਰਕੇ ਲਾਈਆਂ ਜਾਂਦੀਆਂ ਸਨ।ਅੱਜ ਵਾਂਗੂੰ ਨਹੀਂ ਕਿ ਅਕਾਲੀ ਦਲ ਚੰਦ ਲੋਕਾਂ ਦੀਆਂ ਜੇਬਾਂ ਵਿੱਚ ਬੰਦ ਹੈ।1971 ਦੇ ਸੀਸ ਗੰਜ ਮੋਰਚੇ ਵਿੱਚ ਮੈਂ ਬਨਾਰਸ ਜੇਲ੍ਹ ਸੰਤ ਮਿੱਠਾ ਸਿੰਘ ਮਸਤੂਆਨਾ,ਸੰਤ ਹਾਕਮ ਸਿੰਘ ਸ਼ੇਖਪੁਰਾ ਦੇ ਮੋਰਚੇ ਨਾਲ ਗਿਆ ਜਿਥੇ ਜਥੇਦਾਰ ਸੰਤੋਖ ਸਿੰਘ ਦਿੱਲੀ ਵੀ ਸਨ।
ਦੋ ਮਹੀਨੇ ਜੇਲ੍ਹ ਵਿੱਚ ਰਹਿੰਦੇ ਅਖੰਡ ਪਾਠ ਅਠਾਰਾਂ ਕੜਾਹੇ ਪ੍ਰਸ਼ਾਦ ਦੇ ਕੱਢ ਕੇ ਕਰਾਇਆ ਤੇ ਉਥੋਂ ਰਿਹਾ ਹੋਕੇ ਵਾਪਸ ਆਗੇ ਕਿਉਂਕਿ 1971 ਹਿੰਦ-ਪਾਕਿ ਜੰਗ ਕਾਰਨ ਮੋਰਚਾ ਮੁਲਤਵੀ ਹੋ ਗਿਆ ਸੀ।ਸਾਨੂੰ ਜੇਲ੍ਹਾਂ ਕੱਟਣ ਵਾਲਿਆਂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਵਾਰੀ ਕਿਹਾ ਕਿ ਪੈਨਸ਼ਨਾਂ ਦੇਵਾਂਗੇ ਪਰ ਮੈਨੂੰ ਕੋਈ ਪੈਨਸ਼ਨ ਨਹੀਂ ਮਿਲੀ ਤੇ ਨਾ ਹੀ ਮੈਂ ਕੋਈ ਝਾਕ ਰੱਖੀ ਐ ਤੇ ਨਾ ਹੀ ਕੋਈ ਮਾਨ-ਸਨਮਾਨ ਹੋਇਐ।ਅੰਤ ਮੈਂ ਹੰਭ ਹਾਰਕੇ ਗੁਰਨਾਮ ਸਿੰਘ ਮੁੱਖ ਮੰਤਰੀ ਦੇ ਵੇਲੇ ਤੋਂ ਪਹਿਲ਼ਾਂ-ਪਹਿਲਾਂ ਅਕਾਲੀ ਦਲ ਦੀ ਭਰਪੂਰ ਸੇਵਾ ਕਰਕੇ ਕਾਂਗਰਸ ਵਿੱਚ ਸ਼ਾਮਲ ਹੋ ਗਿਆ।ਸਿੱਧੂ ਭਾਈਚਾਰਾ ਹੋਣ ਕਾਰਨ ਅਵਤਾਰ ਸਿੰਘ ਗਾਟਵਾਲੀ ਦੀ ਪ੍ਰੇਰਨਾ ਨਾਲ ਉਸਦੀ ਤੀਜੀ ਇਲੈਕਸ਼ਨ ਵਿੱਚ ਕੁੱਦ ਪਿਆ ਕਿਉਂਕਿ ਪਹਿਲਾਂ ਦੋ ਵਾਰ ਉਹ ਅਕਾਲੀ ਦਲ ਦੇ ਸੁਖਦੇਵ ਸਿੰਘ ਢਿੱਲੋਂ ਤੋਂ ਹਾਰ ਚੁੱਕਾ ਸੀ ਤੇ ਮੈਂ ਰੱਬ-ਰਜਾ ਨਾਲ ਤੀਜੀ ਵਾਰ ਅਵਤਾਰ ਸਿੰਘ ਨੂੰ ਜਿਤਾਉਣ ਵਿੱਚ ਕਾਮਯਾਬ ਰਿਹਾ ਜਿਸ ਸਦਕਾ ਉਹ ਅੰਤ ਤੱਕ ਮੈਨੂੰ ਦਿਲੋਂ ਪਿਆਰ ਕਰਦੇ ਰਹੇ ਅਤੇ ਇੱਥੋਂ ਤੱਕ ਕਿ ਉਹਨਾਂ ਨੇ ਬਹੁਤ ਸਾਰੇ ਮੁੰਡੇ ਮੁਲਾਜਮ ਭਰਤੀ ਕੀਤੇ ਅਤੇ ਮੇਰਾ ਮੁੰਡਾ ਸ਼ਮਸ਼ੇਰ ਸਿੰਘ ਵੀ ਉਹਨਾਂ ਨੇ ਪੀ ਆਰ ਟੀ ਸੀ ਦਫਤਰ ਵਿੱਚ ਉਦੋਂ ਭਰਤੀ ਕੀਤਾ ਜਦੋਂ ਉਹ ਟਰਾਂਸਪੋਰਟ ਮੰਤਰੀ ਸਨ।ਉਹ ਇਲਾਕਾ ਤਲਵੰਡੀ ਸਾਬੋ ਦੇ ਸਹੀ ਮਾਅਨਿਆਂ ਵਿੱਚ ਵਾਰਸ ਸਨ। ਹੁਣ ਵਾਲਿਆਂ ਵਾਂਗੂੰ ਲਾਰੇ-ਹੱਥੀ ਨਹੀਂ ਸਨ।ਕੰਮ ਮੌਕੇ ਤੇ ਹੀ ਕਰ ਦਿੰਦੇ ਸਨ।
ਗੋਬਿੰਦ ਜੀ!ਅਵਤਾਰ ਸਿੰਘ ਗਾਟਵਾਲੀ ਦੀ ਮੌਤ ਤੇ ਮੈਂ ਇੱਕ ਛੋਟੀ ਜਿਹੀ ਕਵਿਤਾ ‘ਵਾਰਸ ਤਲਵੰਡੀ ਇਲਾਕੇ ਦਾ,ਤੁਰ ਗਿਆ ਬਣ ਕੇ ਰਾਹੀ’ ਵੀ ਸ਼ਰਧਾਂਜਲੀ ਰੂਪ ਵਿੱਚ ਲਿਖੀ।ਬੇਸ਼ੱਕ ਸਮਰਪਿਤ ਭਾਵਨਾ ਨਾਲ ਮੈਂ ਹੁਣ ਤੱਕ ਕਾਂਗਰਸ ਪਾਰਟੀ ਦੀ ਸੇਵਾ ਕਰਦਾ ਆ ਰਿਹਾ ਹਾਂ ਤੇ ਅੰਤ ਤੱਕ ਕਰੂੰਗਾ ਪਰ ਜਿਥੇ ਅਕਾਲੀਆਂ ਨੇ ਮੇਰਾ ਕੋਈ ਮੁੱਲ ਨਾ ਪਾਇਆ,ਉਥੇ ਕਾਂਗਰਸੀਆਂ ਨੇ ਵੀ ਮੌਕੇ ਦੇ ਮੁੰਡੀਹਰਾਂ ਨੂੰ ਹੀ ਤਰਜੀਹ ਦਿੱਤੀ ਜਦੋਂ ਕਿ ਮੇਰੀ ਪਿਛਲੀ ਕੀਤੀ ਕੁਰਬਾਨੀ ਦਾ ਮੁੱਲ ਪਾਉਣਾ ਅਜੇ ਬਾਕੀ ਐ।
ਪ੍ਰਸ਼ਨ:ਬਾਬਾ ਜੀ! ਤੁਹਾਡੀ ਜਿੰਦਗੀ ਦੀ ਕੋਈ ਰੌਚਕ ਗੱਲ ?
ਉੱਤਰ:ਕਾਕਾ ਮੈਂ ਤੈਨੂੰ ਦੱਸਦਾਂ ਕਿ ਇੱਕ ਵਾਰੀ ਬਾਜੇਵਾਲੇ ਪਿੰਡ ਕਾਮਰੇਡ ਜੰਗੀਰ ਸਿੰਘ ਜੋਗਾ ਮੀਟਿੰਗ ਕਰਨ ਆਏ ਜਦੋਂ ਉਹ ਅੰਡਰ-ਗਰਾਉਂਡ ਸਨ ਤਾਂ ਰਾਤ ਨੂੰ ਜਿਹੜੇ ਵਰਕਰ ਮੀਟਿੰਗ ਵਿੱਚ ਹਿੱਸਾ ਲੈਣ ਆਏ ਸਨ,ਉਹਨਾਂ ਮਗਰ ਪਿੰਡ ਦੇ ਕੁੱਤੇ ਪੈਂਦੇ ਸਨ ਅਤੇ ਭੌਂਕਦੇ ਸਨ ਤਾਂ ਲੋਕਾਂ ਦੇ ਕਹਿਣ ਤੇ ਜੰਗੀਰ ਜੋਗਾ ਕਹਿਣ ਲੱਗਿਆ ਕਿ ਤੁਸੀਂ ਮੀਟਿੰਗ ਤੇ ਜਰੂਰ ਆਇਆ ਕਰੋ,ਇਹਨਾਂ ਕੁੱਤਿਆਂ ਦਾ ਮੈਂ ਆਪੇ ਜਾਬਤਾ ਕਰਦੂੰਗਾ।ਅਗਲੇ ਦਿਨਾਂ ਚ ਹੀ ਭਗਵੰਤ ਸਿੰਘ ਢਿੱਲੋਂ ਸਿਹਤ ਅਫਸਰ ਮਾਨਸਾ ਨੇ ਸਾਰੇ ਕੁੱਤਿਆਂ ਨੂੰ ਦਵਾਈ ਪੁਆ ਕੇ ਸਦਾ ਦੀ ਨੀਂਦ ਸੁਆ ਦਿੱਤਾ ।ਪਰ ਕਾਕਾ! ਅੱਜ ਕੱਲ ਦੇ ਕੁੱਤੇ ਭੌਂਕਦੇ ਵੱਧ ਹਨ ਤੇ ਵੱਢਦੇ ਵੀ ਹਨ ਪਰ ਉਹਨਾਂ ਨੂੰ ਗੋਲੀਆਂ ਪਾਕੇ ਮਾਰਨ ਦਾ ਕੰਮ ਵੀ ਸਰਕਾਰਾਂ ਨੇ ਬੰਦ ਕਰ ਛੱਡਿਆ ਹੈ ਤਾਂ ਲੋਕ ਕਿਧਰ ਜਾਣ,ਕਿੱਧਰ ਮੀਟਿੰਗਾਂ ਕਰਨ,ਇਹੀ ਝੋਰਾ ਵੱਢ-ਵੱਢ ਖਾਂਦਾ ਹੈ।ਪਹਿਲਾਂ ਦੀ ਤਰ੍ਹਾਂ ਨਾ ਲੋਕ ਰਹੇ ਨਾ ਲੀਡਰ,ਲੋਕਾਂ ਦੇ ਛੋਟੇ-ਮੋਟੇ ਕੰਮ ਵੀ ਲਾਰਿਆਂ ਵਿੱਚ ਰੁਲ ਜਾਂਦੇ ਨੇ ਤੇ ਕਿਸੇ ਕੁਰਬਾਨੀ ਕਰਨ ਵਾਲੇ ਦਾ ਕੋਈ ਮੁੱਲ ਨਹੀਂ ਪੈਂਦਾ,ਵਿਹਲੜ ਖਾਂਦੇ ਨੇ ਤੇ ਕਿਰਤੀ ਕਿਸਾਨ ਭੁੱਖੇ ਮਰਦੇ ਨੇ ਬੇਸ਼ੱਕ ਢਿੱਡ ਮੁਲਕ ਦਾ ਭਰਦੇ ਨੇ?
ਪ੍ਰਸ਼ਨ:ਬਾਬਾ ਜੀ,ਤੁਸੀਂ ਪਿੰਡ ਦੇ ਹੋਰ ਮੁਹਤਬਰਾਂ ਬਾਰੇ ਦੱਸੋਗੇ ?
ਉੱਤਰ:ਪੁਰਾਣੇ ਬੰਦਿਆਂ ਚੋਂ ਗੰਡਾ ਸਿੰਘ ਜੈਲਦਾਰ ਬਹੁਤ ਚੰਗੇ ਆਦਮੀ ਸਨ।ਬਾਬਾ ਸਾਂਈਦਿੱਤਾ ਸਿੰਘ ,ਅਮਰ ਸਿੰਘ ਅਤੇ ਕਾਹਨ ਸਿੰਘ ਤਿੰਨੇ ਨੰਬਰਦਾਰ,ਇੰਦਰ ਸਿੰਘ ਲਹਿਰੀ ਐਮ.ਐਲ.ਏ.,ਸੰਤ ਬਾਬਾ ਗੁਰਦਿਆਲ ਸਿੰਘ,ਪੰਡਤ ਬੰਸੀ ਰਾਮ,ਸੰਤ ਬਾਬਾ ਰੰਗੀ ਰਾਮ ਜੀ ਤੇ ਨਿਰੰਜਣ ਦਾਸ ਜੀ,ਬਾਬਾ ਨੱਥੂ ਸਿੰਘ ਮਜਬੀ ਸਿੱਖ,ਸਰਦਾਰ ਹਜੂਰਾ ਸਿੰਘ ਬੋਤਾ ਜੀਹਦੇ ਨੈਸ਼ਨਲ ਦੌੜਾਂ ਵਿੱਚ ਵੱਡੀਆਂ ਪੁਲਾਂਘਾਂ ਪੁਟਣ ਕਾਰਨ ਮਹਾਰਾਜਾ ਪਟਿਆਲਾ ਨੇ ਪੈਰਾਂ ਦੇ ਨਿਸ਼ਾਨ ਸਟੇਡੀਅਮ ਵਿੱਚ ਪੱਕੇ ਤੌਰਤੇ ਲਵਾਏ ਸਨ ਅਤੇ ਸਨਮਾਨਤ ਕੀਤਾ ਸੀ।ਜਨਕ ਸਿੰਘ ਢਿੱਲੋਂ ਢਾਈ ਮਣ ਦੀ ਬੋਰੀ ਝੁਨੀਰ ਦੇ ਮੇਲੇ ਚੁੱਕਣ ਵਾਲਾ,ਹਰਦੇਵ ਸਿੰਘ ਗੱਡੀ ਵਾਲਾ ਜਿਸਨੇ ਢਾਈ ਮਣ ਦੀ ਬੋਰੀ ਚੁੱਕ ਕੇ ਸਾਰੇ ਪਿੰਡ ਤੋਂ ਦੀ ਗੇੜਾ ਦਿੱਤਾ,ਗੁਰਤੇਜ ਸਿੰਘ ਰੱਬ ਰਮਤਾ ਤੁਰਦਾ-ਫਿਰਦਾ ਗਾਇਕਾਂ-ਕਲਾਕਾਰਾਂ ਦੀ ਕਦਰ ਕਰਨ ਵਾਲਾ,ਗੋਬਿੰਦ ਰਾਮ ਲਹਿਰੀ ਗਜਲਗੋ ਆਦਿ ਨਾਂ ਮੇਰੇ ਪਿੰਡ ਦੇ ਮੁਹਤਬਰਾਂ ਵਿੱਚ ਸ਼ਾਮਲ ਹਨ।
ਪ੍ਰਸ਼ਨ:ਬਾਬਾ ਜੀ! ਤੁਹਾਡੀ ਆਖਰੀ ਖਾਹਿਸ਼ ਦੱਸੋਗੇ…………….?
ਉੱਤਰ:ਮੇਰੀ ਸਾਰੀ ਜਿੰਦਗੀ ਲੋਕਾਂ ਦੀ ਨਿਸ਼ਕਾਮ ਸੇਵਾ ਕਰਦੇ ਦੀ ਨਿਕਲ ਚੁੱਕੀ ਐ ਤੇ ਬਾਕੀ ਰਹਿੰਦੀ ਜਿੰਦਗੀ ਵੀ ਲੋਕਾਂ ਦੀ ਨਿਸ਼ਕਾਮ ਸੇਵਾ ਕਰਨ ਦੀ ਖਵਾਹਿਸ਼ ਹੈ।ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਹੈ।ਬੇਸ਼ੱਕ ਮੇਰਾ ਆਪਣਾ ਬੇਟਾ ਸ਼ਮਸ਼ੇਰ ਸਿੰਘ ਪੀ.ਆਰ.ਟੀ.ਸੀ ਬਠਿੰਡਾ ਪ੍ਰਲੋਕ ਸਿਧਾਰ ਗਿਆ ਪਰ ਉਸਦੀ ਥਾਂ ਤੇ ਮੇਰਾ ਪੋਤਰਾ ਯਾਦਵਿੰਦਰ ਸਿੰਘ ਮੁਲਾਜਮ ਲੱਗਾ ਹੈ ਤੇ ਮੇਰੀ ਪਤਨੀ ਦਲੀਪ ਕੌਰ ਚੱਠਾ ਸੁਰਗਵਾਸ ਹੋ ਗਈ ਹੈ। ਮੇਰੀ ਨੂੰਹ ਗੁਰਮੀਤ ਕੌਰ ਘਰ ਹੈ ਤੇ ਪੋਤਰੀ ਅਮਨਦੀਪ ਕੌਰ ਪਟਿਆਲਾ ਯੂਨੀਵਰਸਿਟੀ ਵਿੱਚ ਐਮ.ਟੈਕ. ਕਰ ਰਹੀ ਹੈ।ਮੈਨੂੰ ਖੁਸ਼ੀ ਇਹ ਹੈ ਕਿ ਮੈ ਸਾਰੀ ਜਿੰਦਗੀ ਕਿਸੇ ਨਾਲ ਲੜਿਆ ਨਹੀਂ ਹਾਂ,ਸ਼ੇਖਪੁਰੀਆ ਜੀ! ਮੇਰੇ ਬਾਰੇ ਕੋਈ ਘਸੀ-ਪਿਟੀ ਦਰਖਾਸਤ ਜੁਝਾਰੂ ਮੋਰਚਿਆਂ ਚ ਤਾਂ ਹੋ ਸਕਦੀ ਐ ਪਰ ਥਾਣੇ ਵਿੱਚ ਮੇਰੇ ਬਰਖਿਲਾਫ ਕੋਈ ਇੱਕ ਦਰਖਾਸਤ ਸਾਬਤ ਕਰ ਦੇਵੇ ਤਾਂ ਮੈਂ ਇੱਕ ਹਜਾਰ ਇਨਾਮ ਦੇਵਾਂਗਾ।ਬੇਸ਼ੱਕ ਮੈਨੂੰ ਲੋਕ ਕਮਲਾ-ਰਮਲਾ ਹੀ ਸਮਝਦੇ ਹੋਣ ਜਦੋਂ ਮੈਂ ਕਾਂਗਰਸ ਦੀ ਇੱਕ ਚੋਣ ਵਿੱਚ ਸਾਰਾ ਸਾਰਾ ਦਿਨ ਤਿਰੰਗਾ ਝੰਡਾ ਹੱਥ ਲੈਕੇ ਸੜਕ ਤੇ ਖੜਾ ਰਹਿੰਦਾ ਸੀ ਪਰ ਇਹ ਅੱਜ ਦੇ ਲੋਕਾਂ-ਲੀਡਰਾਂ ਨੂੰ ਪਾਰਟੀ ਪ੍ਰਤੀ ਵਫਾਦਾਰੀ ਦਾ ਸੂਚਕ ਹੈ ਕਿ ਕਿੰਨੀ ਮੁਸਤੈਦੀ ਨਾਲ ਕਿਸੇ ਨੂੰ ਪਾਰਟੀ ਪ੍ਰਤੀ ਲੋਕਾਂ ਤੇ ਲੀਡਰਾਂ ਪ੍ਰਤੀ ਸਮਰਪਿਤ ਹੋਣਾ ਅਤੇ ਲੀਡਰਾਂ ਦਾ ਲੋਕਾਂ ਪ੍ਰਤੀ ਮੋਹ ਹੋਣਾ ਚਾਹੀਦਾ ਹੈ ਅਤੇ ਉਹਨਾਂ ਦੇ ਕੰਮ ਦਿਲੋਂ ਕਰਨੇ ਚਾਹੀਦੇ ਹਨ ਨਾ ਕਿ ਗੋਂਗਲੂਆਂ ਤੋਂ ਮਿੱਟੀ ਝਾੜਨੀ ਚਾਹੀਦੀ ਐ ਜਿਵੇਂ ਅੱਜ ਕੱਲ ਦੇ ਲੀਡਰ ਕਰਦੇ ਹਨ ਤਾਂ ਹੀ ਤਾਂ ਲੋਕ ਵੀ ਉਹਨਾਂ ਦੇ ਵਫਾਦਾਰ ਨਹੀਂ ਰਹਿੰਦੇ।
 ਪ੍ਰਸ਼ਨ:ਲਾਲ ਸਿੰਘ ਜੀ,ਤੁਸੀਂ ਕਵੀਆਂ-ਕਵੀਸ਼ਰਾਂ ਦੇ ਕਦਰਦਾਨ ਹੋ।ਕੋਈ ਗੱਲ…?
ਉੱਤਰ:ਹਰਗੋਬਿੰਦ ਜੀ,ਬੱਸ ਕਵੀ-ਕਵੀਸ਼ਰਾਂ ਨੂੰ ਲਿਖਣ,ਗਾਉਣ ਤੇ ਸੁਨਾਉਣ ਦੀ ਚੇਸ਼ਟਾ ਹੁੰਦੀ ਐ,ਇੱਕ ਵਾਰੀ ਦੀ ਗੱਲ ਹੈ ਕਿ ਕਰਨੈਲ ਸਿੰਘ ਪਾਰਸ ਰਾਮੂੰਵਾਲੀਆ ਜਿਹੜਾ ਬਹੁਤ ਸਮਾਂ ਪਹਿਲਾਂ ਕਵੀਸ਼ਰੀ ਗਾਕੇ ਲੋਕਾਂ ਤੋਂ ਦਾਣੇ ‘ਕੱਠੇ ਕਰਕੇ ਕਮਿਉਨਿਸਟ ਪਾਰਟੀ ਨੂੰ ਦਿੰਦਾ ਹੁੰਦਾ;ਮੇਰੇ ਕੋਲ ਆਇਆ,ਹੋਰ ਵੀ ਬੰਦੇ ਸਨ,ਦੂਜੇ ਤਾਂ ਗੱਲਾਂ ਮਾਰੀ ਗਏ ਪਰ ਪਾਰਸ  ਲਿਖੀ ਗਏ ਤੇ ਅੰਤ ਮੈਨੂੰ ਕਹਿੰਦੇ ਕਿ ਜੋ ਮੈਂ ਹੁਣੇ-ਹੁਣੇ ਲਿਖਿਐ,ਉਹ ਸੁਣਾਵਾਂ ਤਾਂ ਮੇਰੇ ਹਾਂ ਕਰਨ ਤੇ ਉਹਨਾਂ ਸੁਣਾਇਆ:
‘ਜਦੋਂ ਮੌਤ ਰਾਣੀ ਨੇ ਵਜਾਈਆਂ ਟੱਲੀਆਂ,ਉਦੋਂ ਛੱਡ ਭੌਰ ਰੂਹਾਂ ਟੁਰ ਚੱਲੀਆਂ।‘
ਗੋਬਿੰਦ ਜੀ!ਇਹੀ ਹਾਲ ਥੋਡੈ,ਤੁਸੀਂ ਵੀ ਲਿਖਦੇ ਓ ਤਾਂ ਇੱਕ ਪਲ ਚ ਕਵਿਤਾ ਬਣਾ ਕੇ ਮੈਨੂੰ ਕਹਿ ਦਿੰਨੇ ਓ ਕਿ ਬਾਬਾ ਸੁਣ ਜੋ ਮੈਂ ਹੁਣੇ-ਹੁਣੇ ਲਿਖਿਐ……………….
“ਭੱਠੀ ਤੋਂ ਭੁੰਨਾ ਕੇ ਲਿਆਈ ਤੂੰ ਛੱਲੀਆਂ,ਉਦੋਂ ਤੱਕ ਜਿੰਦਾਂ ਰਹਿ ਗਈਆਂ ਕੱਲੀਆਂ”
“ਸਮੁੰਦਰ ਹੈਗਾ ਰਾਜਾ,ਕਿਓਂ ਨਦੀਆਂ ਅਤੇ ਦਰਿਆਵਾਂ ਦਾ।
 ਓਹੀ ਗੁਣ ਤੂੰ ਪਾਜਾ, ਜਿਹੜਾ ਸਦੀਆਂ ਤੋਂ ਨਿਵਾਵਾਂ ਦਾ ।।“
ਲਾਲ ਪਾਰਟੀ ਤੋਂ ਕਮਿਊਨਿਸਟ ਪਾਰਟੀ,ਸ਼੍ਰੋਮਣੀ ਅਕਾਲੀ ਦਲ ਤੇ ਅੱਜ-ਕਲ ਕਾਂਗਰਸ ਵਿੱਚ ਕੰਮ ਕਰਨ ਵਾਲੇ ਬਾਬਾ ਲਾਲ ਸਿੰਘ ਲਹਿਰੀ ਨੇ ਬੇਸ਼ੱਕ ਸਮੇਂ-ਸਮੇਂ ਤੇ ਪਾਰਟੀਆਂ ਬਦਲੀਆਂ ਪ੍ਰੰਤੂ ਹੁਣ ਦੇ ਫਸਲੀ ਬਟੇਰਿਆਂ ਵਾਂਗ ਨਹੀਂ ਸਗੋਂ ਦੋ-ਦੋ,ਤਿੰਨ-ਤਿੰਨ ਦਹਾਕੇ ਇੱਕ ਪਾਰਟੀ ਨੂੰ ਸਮਰਪਿਤ ਹੋਕੇ ਨਿਸ਼ਕਾਮ ਕੰਮ ਵੀ ਕੀਤਾ ਤੇ ਉਹ ਵੀ ਬਿਨਾ ਕਿਸੇ ਅਹੁਦਾ ਲਏ ਤੋਂ………….।ਇਨਸ਼ਾ ਅੱਲਾ! ਲ਼ਾਲ ਪਾਰਟੀ ਤੋਂ ਲੈਕੇ ਹੁਣ ਤੱਕ ਲਾਲ ਵਾਂਗ ਦੱਗਦੇ ਆ ਰਹੇ ਬਾਬਾ ਲਾਲ ਸਿੰਘ ਲਹਿਰੀ ਦੀ ਉਮਰ ਲੰਮੇਰੀ ਹੋਵੇ ਅਤੇ ਉਹ ਦੇਸ਼ ਕੌਮ ਅਤੇ ਲੋਕਾਂ ਦੀ ਸੇਵਾ ਕਰਦੇ ਰਹਿਣ ……………..।।

ਮੁਲਾਕਾਤੀ-ਹਰਗੋਬਿੰਦ ਸਿੰਘ ਸ਼ੇਖਪੁਰੀਆ
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template