ਨਸ਼ਿਆਂ ਕਾਰਨ ਹਰ ਸਾਲ ਲੱਖਾਂ ਮੌਤਾਂ ਹੋ ਜਾਂਦੀਆਂ ਹਨ। ਸ਼ਰਾਬ, ਅਫੀਮ, ਚਰਸ, ਭੁੱਕੀ, ਗਾਂਜਾ, ਸਿਗਰਟ, ਜਰਦਾ ਆਦਿ ਅਨੇਕਾਂ ਹੀ ਤਰ੍ਹਾਂ ਦੇ ਨਸ਼ੇ ਨੌਜਵਾਨਾਂ ਵਿਚ ਪ੍ਰਚੱਲਿਤ ਹੋ ਰਹੇ ਹਨ। ਤੰਬਾਕੂ ਪੈਦਾ ਕਰਨ ’ਚ ਭਾਰਤ ਦੁਨੀਆਂ ਦਾ ਦੂਜਾ ਵੱਡਾ ਦੇਸ਼ ਬਣ ਚੁੱਕਿਆ ਹੈ। ਵਿਸ਼ਵ ਸਿਹਤ ਸੰਗਠਨ ਦੀ ਤਾਜਾ ਰਿਪੋਰਟ ਵਿਚ ਦੱਸਿਆ ਹੈ ਕਿ ਦੇਸ਼ ਵਿਚ ਪੁਰਸ਼ਾਂ ਦੀਆਂ ਕੁੱਲ ਮੋਤਾਂ ਦੇ 20 ਫੀਸਦੀ ਅਤੇ ਇਸਤਰੀਆਂ ਦੀਆਂ ਕੁੱਲ ਮੌਤਾਂ ਦਾ 5 ਫੀਸਦੀ ਹਿੱਸਾ ਮੌਤਾਂ ਸਿਰਫ ਸਿਗਰਟਨੋਸ਼ੀ ਨਾਲ ਹੁੰਦੀਆਂ ਹਨ। ਸਰਵੇਖਣ ਮੁਤਾਬਿਕ ਤਪਦਿਕ ਕਾਰਨ ਮਰਨ ਵਾਲਿਆਂ ਵਿਚੋਂ 66 ਫੀਸਦੀ ਮਰੀਜ ਸਿਗਰਟਨੋਸ਼ੀ ਦੇ ਆਦੀ ਸਨ। ਇਸ ਰਿਪੋਰਟ ਅਨੁਸਾਰ 2010 ਤੱਕ ਦੇਸ਼ ਵਿਚ ਸਿਗਰਟਨੋਸ਼ੀ ਦੀਆਂ ਮੌਤਾਂ ਦੀ ਗਿਣਤੀ 10 ਲੱਖ ਸਾਲਾਨਾ ਤੱਕ ਜਾ ਪੁੱਜੇਗੀ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀਆਂ ਸਪੱਸ਼ਟ ਹਦਾਇਤਾਂ ਵਿਚ ਕਿਹਾ ਗਿਆ ਹੈ ਕਿ ‘ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟਸ ਪੈਕਿੰਗ ਐਂਡ ਲੇਬਲਿੰਗ’ ਰੂਲਜ਼ 2006 ਤਹਿਤ ਸਿਗਰਟ ਤੇ ਤੰਬਾਕੂ ਵਾਲੇ ਹਰੇਕ ਪਦਾਰਥ ਦੇ ਪੈਕਟ ਉਤੇ ਸਿਹਤ ਸੰਬੰਧੀ ਤਾਕੀਦ ਲਿਖੀ ਤੇ ਛਪੀ ਹੋਣੀ ਅਤਿ ਜਰੂਰੀ ਹੈ। ਅਜਿਹਾ ਨਾ ਕਰਨ ਵਾਲੇ ਨੂੰ 2 ਸਾਲ ਦੀ ਕੈਦ ਤੇ 5000 ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ। ਭਾਵੇਂ ਦੇਸ਼ ਦੀ ਸਰਵਉਚ ਅਦਾਲਤ ਨੇ ਨਵੰਬਰ 2004 ਵਿਚ ਦੇ ਕੇ ਜਨਤਕ ਸੂਚਨਾ ਰਾਹੀਂ ਸਥਾਨਾਂ ਤੇ ਸਿਗਰਟਨੋਸ਼ੀ ਤੇ ਪਾਬੰਦੀ ਲਗਾ ਦਿੱਤੀ ਸੀ। ਪਰ ਇਸ ਨੂੰ ਲਾਗੂ ਕਰਾਉਣ ਵਾਲੀ ਜਿੰਮੇਵਾਰੀ ਲੈਣ ਨੂੰ ਕੋਈ ਤਿਆਰ ਨਹੀਂ। ਪੰਜਾਬ ਵਿਚ ਲਗਭਗ ਵੀਹ ਪ੍ਰਤੀਸ਼ਤ ਲੋਕ ਤੰਬਾਕੂ ਦੇ ਆਦੀ ਹਨ। ਪੰਜਾਬ ਵਿਚ 10 ਤੋਂ 14 ਸਾਲ ਦੇ ਬੱਚੇ ਵੀ ਸਿਗਰਟਨੋਸ਼ੀ ਕਰਨ ਲੱਗ ਪਏ ਹਨ। ਤੰਬਾਕੂ ਨੂੰ ਛੋਟੇ ਛੋਟੇ ਚਮਕੀਲੇ, ਆਕਰਸ਼ਿਤ ਪੈਕਟਾਂ ਵਿਚ ਕਈ ਕਈ ਨਾਮਾਂ ’ਚ ਸੁਆਦੀ ਰੰਗਤ ਦੇ ਕੇ ਬੱਚਿਆਂ ਨੂੰ ਲਲਚਾਇਆ ਜਾਂਦਾ ਹੈ। ਆਮ ਦੁਕਾਨਾਂ ਤੇ ਖੋਖਿਆਂ ’ਤੇ ਰੰਗ ਬਰੰਗੇ ਪੈਕਟ ਦੂਰੋਂ ਹੀ ਸਾਹਮਣੇ ਲਟਕਦੇ ਨਜ਼ਰ ਆਉਂਦੇ ਹਨ। ਭਾਰਤ ਸਰਕਾਰ ਨੇ 2004 ’ਚ ਇਕ ਇਸ਼ਤਿਹਾਰ ਰਾਹੀਂ ਜਨਤਕ ਸੂਚਨਾ ਰਾਹੀਂ ਤੰਬਾਕੂ ਰੋਕਥਾਮ ਕਾਨੂੰਨ ਨੂੰ 1 ਮਈ 2004 ਤੋਂ ਲਾਗੂ ਕਰ ਦਿੱਤਾ ਗਿਆ। ਇਸ ਅਨੁਸਾਰ ਜਨਤਕ ਥਾਵਾਂ ਤੇ ਸਿਗਰਟ ਪੀਣ ’ਤੇ ਪਾਬੰਦੀ, ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਦੇ ਇਸਤਿਹਾਰ ’ਤੇ ਪਾਬੰਦੀ ਅਤੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਸਿਗਰਟ ਅਤੇ ਹੋਰ ਤੰਬਾਕੂ ਉਤਪਾਦਕ ਵੇਚਣ ’ਤੇ ਪਾਬੰਦੀ ਲਾ ਦਿੱਤੀ। ਐਕਟ ਦੇ ਅਧੀਨ ਮਨਾਹੀ ਕੀਤੇ ਉਤਪਾਦਾਂ ’ਚ ਸਿਗਰਟ, ਸ਼ਿਗਾਰ, ਚੁਰਟ, ਬੀੜੀ, ਸਿਗਰਟ ਤੰਬਾਕੂ, ਪਾਈਪ ਤੰਬਾਕੂ ਅਤੇ ਹੁੱਕਾ ਤੰਬਾਕੂ ਅਤੇ ਚਬਾਉਣ ਵਾਲਾ ਤੰਬਾਕੂ, ਨਾਮਵਰ ਪਾਨ ਮਸਾਲਾ ਜਾਂ ਚਬਾਉਣ ਵਾਲਾ ਹੋਰ ਕੋਈ ਵੀ ਉਤਪਾਦ ਜਿਸ ਵਿਚ ਤੰਬਾਕੂ ਮਿਲਾਇਆ ਸ਼ਾਮਿਲ ਕੀਤੇ ਗਏ ਹਨ। ਜਟਤਕ ਥਾਵਾਂ ਤੋਂ ਭਾਵ ਜਿਥੇ ਜਨਤਾ ਦਾ ਆਉਣ ਜਾਣ ਹੈ। ਇਸ ਵਿਚ ਸ਼ਾਮਿਲ ਆਡੀਟੋਰਿਅਮ, ਹਸਪਤਾਲ ਭਵਨ, ਸਿਹਤ ਸੰਸਥਾਵਾਂ, ਮਨੋਰੰਜਨ, ਕੇਂਦਰ, ਰੈਸਟੋਰੈਂਟਸ, ਜਨਤਕ ਦਫਤਰ ਅਦਾਲਤਾਂ ਸਿੱਖਿਆ ਸੰਸਥਾਵਾਂ, ਲਾਇਬ੍ਰੇਰੀਆਂ, ਜਨਤਕ ਪਰਿਵਹਿਨ, ਖੁੱਲ੍ਹੇ ਆਡੀਟੋਰੀਅਮ, ਸਟੇਡੀਅਮ, ਰੇਲਵੇ ਸਟੇਸ਼ਨ, ਬਸ ਸਟਾਪ ਆਦਿ ਹੈ। ਪਰ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਤੇ ਅੱਜ ਵੀ ਬੁਰਾ ਹਾਲ ਹੈ। ਥਾਂ ਥਾਂ ਗੁਟਕੇ ਦੀਆਂ ਪਿਚਕਾਰੀਆਂ, ਤੰਬਾਕੂ ਦਾ ਧੂੰਆਂ ਆਮ ਹੈ। ਸਰਕਾਰੀ ਦਫ਼ਤਰਾਂ ਦੀਆਂ ਪੌੜੀਆਂ ਦੇ ਖੂੰਝਿਆਂ, ਬਾਥਰੂਮਾਂ ਆਦਿ ਥਾਵਾਂ ’ਤੇ ਬੀੜੀ, ਸਿਗਰਟਾਂ ਟੋਟੇ ਆਮ ਦਿਖਾਈ ਦਿੰਦੇ ਹਨ। ਹੈ ਕੋਈ ਰੋਕਣ ਵਾਲਾ ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਕਰਨ ਤੋਂ। ਹਾਂ ਏਨਾ ਜਰੂਰ ਹੈ ਦਫ਼ਤਰਾਂ ਆਦਿ ਜਨਤਕ ਥਾਵਾਂ ਤੇ ਸਿਗਰਟ, ਤੰਬਾਕੂ, ਪੀਣਾ ਮਨ੍ਹਾਂ ਹੈ ਦੇ ਬੋਰਡ ਜਰੂਰ ਲਾ ਦਿੱਤੇ ਹਨ ਪਰ ਇਹਨਾਂ ’ਤੇ ਅਮਲ ਕਰਵਾਉਣ ਵਾਲਾ ਕੋਈ ਨਹੀਂ। ਭਾਵੇਂ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਇਸ ਸੰਬੰਧ ’ਚ ਕਾਰਵਾਈ ਕਰਦਿਆਂ 15 ਜੁਲਾਈ 2007 ਤੋਂ ਚੰਡੀਗੜ੍ਹ ਨੂੰ ਭਾਰਤ ਦਾ ਪਹਿਲਾ ਸਿਗਰਟਨੋਸ਼ੀ ਰਹਿਤ ਸ਼ਹਿਰ ਐਲਾਣ ਦਿੱਤਾ ਹੈ। ਦੇਖਣਾ ਤਾਂ ਇਹ ਹੈ ਕਿ ਸੱਚਮੁਚ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਦੀ ਪਾਬੰਦੀ ਲਾਗੂ ਕਰਨ ਵਾਲੇ ਕਿੰਨੀ ਕੁ ਦਿਆਨਤਦਾਰੀ ਨਾਲ ਆਪਣੀ ਜਿੰਮੇਵਾਰੀ ਨਿਭਾਉਂਦੇ ਹਨ। ਇਹ ਕਾਰਜ ਬੜਾ ਮੁਸ਼ਕਿਲ ਹੈ। ਪਹਿਲਾਂ ਤਾਂ ਸਾਡੀ ਪੁਲਿਸ ਪੂਰੀ ਤਰ੍ਹਾਂ ਸਿਗਰਟਨੋਸ਼ੀ ਰਹਿਤ ਕਰਨ ਦੀ ਲੋੜ ਹੈ। ਪੰਜਾਬ ਅੰਦਰ ਪਤਾ ਨਹੀਂ ਕਿਉਂ ਇਸ ਸੰਬੰਧ ’ਚ ਕਾਰਗਰ ਕਾਰਵਾਈ ਨਹੀਂ ਕੀਤੀ ਜਾਂਦੀ। ਬੱਚੇ ਖੋਖਿਆਂ ਤੇ ਤੰਬਾਕੂ ਵੇਚਦੇ ਹਨ, ਤੰਬਾਕੂ ਬੱਚਿਆਂ ਨੂੰ ਵੇਚਿਆ ਵੀ ਜਾਂਦਾ ਹੈ। ਅਸਲ ਤਾਂ ਇਹਨਾ ਉਤਪਾਦਾਂ ਨੂੰ ਆਮ ਦੁਕਾਨਾਂ ’ਤੇ ਰੱਖਣ ਦੀ ਮਨਾਹੀ ਹੋਣੀ ਚਾਹੀਦੀ ਹੈ। ਖਾਸ ਦੁਕਾਨਾਂ ਤੇ ਹੀ ਇਹ ਉਤਪਾਦ ਵੇਚਣ ਦੀ ਆਗਿਆ ਹੋਵੇ ਤਾਂ ਕਿ ਨਬਾਲਗ ਉਥੇ ਖੜ੍ਹਨ ਦਾ ਹੀਆ ਨਾ ਕਰ ਸਕਣ। ਹੁਣ ਤਾਂ ਹਰ ਕੋਈ ਦੁਕਾਨਦਾਰ ਆਪਣੀ ਦੁਕਾਨ ’ਤੇ Øਤੰਬਾਕੂ ਉਤਪਾਦ ਰੱਖੀ ਬੈਠਾ ਹੈ। ਸਿੱਖ ਧਰਮ ਵਿਚ ਤਾਂ ਉਂਝ ਹੀ ਤੰਬਾਕੂ ਪੀਣ ਦੀ ਮਨਾਹੀ ਹੈ। ਪੰਜਾਬ ਵਿਚ ਸਿੱਖ ਵਸੋਂ ਜ਼ਿਆਦਾ ਹੋਣ ਕਾਰਨ ਸਰਕਾਰ ਨੂੰ ਵੀ ਉਹਨਾਂ ਦੀਆਂ ਭਾਵਨਾਵਾਂ ਦਾ ਅਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਦਾ ਸਤਿਕਾਰ ਕਰਦਿਆਂ ਇਸ ਨੂੰ ਸਖਤੀ ਨਾਲ ਘੱਟੋ ਘੱਟ ਜਨਤਕ ਥਾਵਾਂ ’ਤੇ ਤਾਂ ਲਾਗੂ ਕਰਵਾਇਆ ਜਾਣਾ ਚਾਹੀਦਾ ਹੈ। ਜਿਹੜੇ ਲੋਕ ਸਿਗਰਟ ਦੇ ਧੂੰਏਂ ਕੋਲ ਦੀ ਲੰਘਦੇ ਹਨ ਉਹਨਾਂ ਦੇ ਅੰਦਰ ਵੀ ਨਿਕੋਟੀਨ ਵਰਗੇ ਜਹਿਰੀਲੇ ਤੱਤ ਚਲੇ ਜਾਂਦੇ ਹਨ ਤੇ ਬਿਮਾਰੀਆਂ ਦੇ ਕਾਰਨ ਬਣ ਸਕਦੇ ਹਨ। ਸਭ ਨੂੰ ਪਤਾ ਹੈ ਕਿ ਤੰਬਾਕੂ ਨਾਲ ਕੈਂਸਰ ਦੀ ਭਿਆਨਕ ਬਿਮਾਰੀ ਚਿੰਬੜਦੀ ਹੈ ਅਤੇ ਉਮਰ ਵੀ ਘੱਟਦੀ ਹੈ। ਹੁਣ ਜੋ ਇਸ ਮਾੜੀ ਆਦਤ ਦੇ ਆਦੀ ਹੋ ਚੁੱਕੇ ਹਨ ਉਹਨਾਂ ਨੂੰ ਹਟਾਉਣਾ ਤਾਂ ਮੁਸ਼ਕਿਲ ਕੰਮ ਹੈ। ਪਰ ਅਸੀਂ ਇਸ ਦੇ ਭਵਿੱਖ ਵਿਚ ਆ ਰਹੇ ਖਤਰੇ ਨੂੰ ਭਾਪਦਿਆਂ ਸਾਡੇ ਬੱਚਿਆਂ ਨੂੰ ਜਰੂਰ ਇਸ ਕੋਹੜ ਰੂਪੀ ਤੰਬਾਕੂ ਤੋਂ ਬਚਾਉਣ ਲਈ ਉਪਰਾਲੇ ਕਰ ਸਕਦੇ ਹਾਂ। ਬੱਚਾ ਤਾਂ ਕਲੀ ਵਾਂਗ ਹੁੰਦਾ ਹੈ ਜਿੱਧਰ ਮਰਜੀ ਮੋੜ ਲਵੋ। ਬੱਚੇ ਉਪਰ ਪ੍ਰਭਾਵ ਸਕੂਲੀ ਸਮੇਂ ਦੌਰਾਨ ਜ਼ਿਆਦਾ ਪੈਂਦਾ ਹੈ। ਬੱਚੇ ਲਈ ਅਧਿਆਪਕ ਅਤੇ ਮਾਪਿਆਂ ਦਾ ਇਸ ਸਮੇਂ ਬਹੁਤ ਵੱਡਾ ਰੋਲ ਹੁੰਦਾ ਹੈ। ਬੱਚਿਆਂ ਨੂੰ ਜੇ ਹੋ ਸਕੇ ਤਾਂ ਤੰਬਾਕੂ ਤੋਂ ਪੀੜ੍ਹਿਤ ਮਰੀਜਾਂ ਦੀਆਂ ਫਿਲਮਾਂ, ਦਿਖਾ ਕੇ ਲਿਟਰੇਚਰ ਪੜ੍ਹਨ ਲਈ ਦੇ ਕੇ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ ਜਾ ਸਕਦਾ ਹੈ। ਸਰਕਾਰ ਨੂੰ ਉਂਝ ਵੀ ਤੰਬਾਕੂ ਉਤਪਾਦਕ ਵੇਚਣ ਵਾਲਿਆਂ ਲਈ ਲਾਇਸੈਂਸ ਬਣਾ ਦੇਣੇ ਚਾਹੀਦੇ ਹਨ ਤਾਂ ਜੋ ਹਰੇਕ ਨਾ ਵੇਚ ਸਕੇ ਇਸ ਨਾਲ ਵੀ ਕਾਫੀ ਹੱਦ ਤੱਕ ਅਸਰ ਪਵੇਗਾ। ਕੇਂਦਰੀ ਸਿਹਤ ਮੰਤਰੀ ਇਸ ਸਮੇਂ ਸਿਗਰਟਨੋਸ਼ੀ ਤੇ ਕਾਬੂ ਪਾਉਣ ਲਈ ਬੜੇ ਉਪਰਾਲੇ ਕਰ ਰਹੇ ਹਨ। ਇਸੇ ਮੁਹਿੰਮ ਨੂੰ ਸਫਲਤਾ ਨਾਲ ਅੱਗੇ ਲਿਜਾਣ ਕਰਕੇ ਵਿਸ਼ਵ ਸਿਹਤ ਸੰਸਥਾ ਨੇ ਉਹਨਾਂ ਨੂੰ ਅਵਾਰਡ ਵੀ ਦਿੱਤਾ ਹੈ। ਸੋ ਪੰਜਾਬ ਸਰਕਾਰ ਨੂੰ ਇਮਾਨਦਾਰੀ ਨਾਲ ਸਿਗਰਟਨੋਸ਼ੀ ਤੇ ਕਾਬੂ ਪਾਉਣ ਲਈ ਉਚਿਤ ਕਾਰਵਾਈ ਕਰਨੀ ਚਾਹੀਦੀ ਹੈ।
ਮੇਜਰ ਸਿੰਘ ਨਾਭਾ
ਗੁਰੂ ਤੇਗ ਬਹਾਦਰ ਨਗਰ,
ਨਾਭਾ, 9463553962

0 comments:
Speak up your mind
Tell us what you're thinking... !