ਰਿਸ਼ੀਆਂ ਮੁਨੀਆਂ ਭਗਤਾਂ ਤੇ ਦਰਿਆਵਾਂ ਦੀ ਧਰਤੀ ਮੇਰਾ ਰੰਗਲਾ ਪੰਜਾਬ ਸਾਰਿਆਂ ਸੂਬਿਆਂ ਤੋਂ ਉੱਤਮ ਮੰਨਿਆ ਜਾਂਦਾ ਸੀ। ਇੱਥੋਂ ਦੇ ਲੰਮ ਤਲੰਮੇ ਗੱਭਰੂ ਚੌੜੀਆਂ ਛਾਤੀਆਂ ਗਜ-ਗਜ ਲੰਮੇ ਮੁਗਦਰਾਂ ਵਰਗੇ ਪੱਟਾਂ ਕਰਕੇ ਹਰ ਖੇਡ ਮੇਲੇ ਦੀ ਸ਼ਾਨ ਹੁੰਦੇ ਸਨ। ਪਰ ਕੁਝ ਮੁਨਾਫਾ ਖੋਰਾਂ ਨੇ ਐਸੇ ਮੱਕੜੀ ਜਾਲੀ ਵਿਛਾਕੇ ਇੱਕੇ ਐਸੇ ਦਰਿਆ ਦੀ ਸਿਰਜਣਾਂ ਕਰ ਦਿੱਤੀ ਜਿਸ ਵਿੱਚ ਵਰਤਮਾਨ ਜਵਾਨੀ ਫੱਸਦੀ ਧੱਸਦੀ ਹੀ ਤੁਰੀ ਜਾਂਦੀ ਐ, ਜਿਸ ਦਾ ਹੱਲ ਨਾ ਕਿਸੇ ਬਾਪ ਅਤੇ ਨਾ ਕਿਸੇ ਮਾਈ ਕੋਈ ਹੈ, ਉਹ ਬੱਸ ਫੜੀ ਹੋਈ ਘੁੱਗੀ ਵਾਂਗ ਇਸ ਸਾਰੇ ਵਰਤਾਰੇ ਨੂੰ ਵੇਖ ਹੀ ਰਹੇ ਹਨ। ਮਾਪਿਆਂ ਦਾ ਉਹ ਪੁੱਤਰ ਜਿਸ ਦੇ ਪੈਦਾ ਹੋਣ ਤੇ ਬੜੇ ਚਾਵਾਂ ਨਾਲ ਮਾਪਿਆਂਨੇ ਬੂਹੇ ਤੇ ਨਿੰਮ ਬੰਨ੍ਹਕੇ ਖੁਸ਼ੀਆਂ ਮਨਾਈਆਂ ਅਤੇ ਮਹੰਤਾਂ ਨੂੰ ਸੈਦ ਕੇ ਵਧਾਈਆਂ ਦਿੱਤੀਆਂ । ਮਾਂ ਅਤੇ ਬਾਪ ਦਾ ਕਾਤਲ ਬਣ ਗਿਆ ਕਿਉਂਕਿ ਉਸ ਨੂੰ ਆਪਣੇ ਨਸ਼ੇ ਤੋਂ ਹੋਰ ਪਿਆਰਾ ਕੁਝ ਵੀ ਨਹੀਂ ਉਸਨੂੰ ਜੋ ਮਰਜੀ ਕਰਨਾ ਪਵੇ ਉਹ ਆਪਣਾ ਨਸ਼ਾ ਪੂਰਾ ਕਰਨ ਚ ਦੇਰੀ ਨਹੀਂ ਕਰਦਾ ਚਾਹੇ ਉਸਨੂੰ ਘਰ ਦਾ ਕੋਈ ਸਮਾਨ ਐਥੋਂ ਤੱਕ ਮਾਂ ਭੈਣ ਦੀ ਇੱਜਤ ਵੀ ਵੇਚਣੀ ਪਵੇ।
ਹਰ ਮਾਤਾ ਪਿਤਾ ਨੂੰ ਆਪਣੇ ਪੁੱਤਰ ਤੋਂ ਇੱਕ ਹੀ ਆਸ ਹੁੰਦੀ ਐ ਕਿ ਜਦੋਂ ਸਾਡੇ ਤੇ ਬੁਢਾਪਾ ਆਵੇਗਾ ਤਾਂ ਸਾਡਾ ਪੁੱਤਰ ਸਾਡੀ ਸੇਵਾ ਕਰੂਗਾ ਤੇ ਸਰਵਣ ਵਾਂਗ ਤੀਰਕ ਵੀ ਲੈ ਜਾਉਗਾ ਤਾਂ ਹੀ ਆਪਣੇ ਮੂੰਹ ਚੋਂ ਗਰਾਸ ਕੱਢਕੇ ਪੁੱਤਰ ਦੇ ਮੂੰਹ ਚ ਪਾਉਣ ਦੀ ਦੇਰੀ ਨਹੀਂ ਕਰਦੇ। ਪਰ ਉਦੋਂ ਸਾਰੀਆਂ ਆਸਾਂ ਤੇ ਪਾਣੀ ਫਿਰ ਜਾਂਦਾ ਹੈ ਜਦੋਂ ਪੁੱਤਰ ਨਸ਼ੇ ਨਾਲ ਗੁਟ ਹੋਇਆ ਗੇਟ ਤੇ ਖੜ੍ਹਕੇ ਮਾਂ-ਬਾਪੂ ਨੂੰ ਗਾਲਾਂ ਕੱਢਦਾ ਹੈ। ਇਸ ਤੋਂ ਵੀ ਅੱਗੇ ਉਸ ਵਕਤ ਵਾਲੇ ਦੁੱਖਾਂ ਦਾ ਬਿਆਨ ਨਹੀਂ ਕੀਤਾ ਜਾਂਦਾ ਜਦੋਂ ਬਾਪੂ ਨਸ਼ੇ ਕਾਰਣ ਮਰ ਚੁੱਕੇ ਪੁੱਤਰ ਦੀ ਲਾਸ਼ ਮੋਡਿਆਂ ਤੇ ਚੁੱਕ ਸੀਵਿਆਂ ਵੱਲ ਜਾਂਦਾ ਹੈ।
ਅੱਜ ਦੁੱਧ ਦਹੀ ਵਰਗੇ ਪਦਾਰਥ ਲੈਣੇ ਤਾਂ ਔਖੇ ਹੋ ਗਏ ਨੇ ਪਰ ਨਸ਼ੇ(ਭੁੱਕੀ, ਅਫੀਮ, ਸਮੈਕ, ਟੀਕੇ, ਗੋਲੀਆਂ, ਭੰਗ ਆਦਿ) ਲੈਣ ਚ ਕੋਈ ਔਖ ਨਹੀਂ ਆਉਂਦੀ। ਬਿਨਾਂ ਰੋਕ ਟੋਕ ਫੋਨ ਤੇ ਘਰੇ ਆਕੇ ਦੇ ਜਾਂਦੇ ਨੇ, ਜਿਨ੍ਹਾਂ ਨੂੰ ਕਿਸੇ ਪ੍ਰਸ਼ਾਸਨ, ਮਾਂ-ਬਾਪ ਦੀ ਕੋਈ ਪ੍ਰਵਾਹਹ ਨਹੀਂ। ਨਸ਼ੇ ਦੇ ਆਦੀ ਹੋਏ ਮੁੰਡੇ ਆਪਣਾ ਸੱਭਿਆਚਾਰ ਭੁੱਲ ਟੋਲੀਆਂ ਬਣਾਕੇ ਸ਼ਹਿਰਾਂ, ਪਿੰਡਾਂ ਦੀ ਗਲੀਆਂ ਚ ਫਿਰਦੇ ਆਮ ਮਿਲ ਜਾਂਦੇ ਨ ਤੇ ਖਾਲੀ ਮਕਾਨਾ ਤੇ ਅੱਡਿਆਂ ਦੇ ਬਾਥ ਰੂਮਾਂ ਚ ਨਸ਼ੇ ਕਰਦੇ ਆਮ ਵੇਖੇ ਜਾਂਦੇ ਨੇ। ਨਿੱਤ ਦਿਹਾੜੇ ਮਾੜੇ ਕੰਮ ਜਨੀਕੇ ਧੀਆਂ ਭੈਣਾ ਦੇ ਸਾਂਝੀ ਤਾਂ ਕੀ ਬਣਦੇ ਨੇ ਦੋਖੀ ਬਣਕੇ ਨਵੇਂ ਚੰਦ ਚਾੜਣ ਚ ਦੇਰ ਨਹੀਂ ਕਰਦੇ ਕਿਉਂਕਿ ਨਬੈ ਨੇ ਇੰਨ੍ਹਾਂ ਦੀ ਅੰਤਰ ਆਤਮਾ ਤਾਂ ਖਤਮ ਕਰ ਦਿੱਤੀ ਐ। ਇਹਨਾਂ ਨੂੰ ਧੀ-ਭੈਣ ਦੀ ਪਛਾਣ ਹੀ ਨਹੀਂ ਰਹਿੰਦੀ।
ਇੱਕ ਸਰਵੇਖਣ ਮੁਤਾਬਿਕ ਨਸ਼ੇ ਕਾਰਨ ਸਾਡੀ ਆਉਣ ਵਾਲੀ ਪੀੜ੍ਹੀ ਦੀ ਮਰਦਾਨਗੀ ਵੀ ਖਤਮ ਹੁੰਦੀ ਜਾਂਦੀ ਐ, ਜਿਸ ਕਾਰਦ ਆਉਣ ਵਾਲੇ ਦਿਨਾਂ ਚ ਚੰਗੇ ਮਰਦਾਂ ਦੀ ਘਾਟ ਹੋਣੀ ਵੀ ਲਾਜਮੀ ਹੋ ਜਾਵੇਗੀ, ਜਿਸ ਦਾ ਦੁੱਖ ਸਭ ਨੂੰ ਸਹਿਣਾ ਪਵੇਗਾ। ਅੱਜ ਦੇ ਤਸਕਰ ਤੇ ਮੁਨਾਫਾ ਖੋਰ ਲੋਕ ਉਸ ਅਣਜਾਣ ਸਿਆਣੀ ਵਾਂਗ ਹੈ, ਜਿਸ ਨੂੰ ਚੰਦਨ ਦੀ ਲੱਕੜ ਦੀ ਕੀਮਤ ਦੀ ਸਾਰ ਨਹੀਂ ਤੇ ਹਾਰੇ ਨੂੰ ਧਖੌਣ ਲਈ ਟੋਟੇ ਕਰਕੇ ਪਾਥੀਆਂ ਨਾਲ ਧੁਖਣ ਲਈ ਪਾਈ ਜਾਂਦੀ ਐ। ਆਉ ਆਪਾਂ ਸਾਰੇ ਕੱਠੇ ਹੋਕੇ ਹੰਭਲਾ ਮਾਰੀਏ ਤੇ ਚੰਦਨ ਨੂੰ ਹਾਰੇ ਚੋਂ ਕੱਢਣ ਦੀ ਕੋਸ਼ਿਸ਼ ਕਰੀਏ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਨਿਰੋਏ ਸਮਾਜ ਦੀ ਸਿਰਜਣਾ ਕਰੀਏ ਅਤੇ ਨਸ਼ੇ ਦੇ ਇਸ ਹਾਰੇ ਵਿੱਚ ਧੁਖਦੇ ਹੋਏ ਚਦਨ ਜਾਣੀ ਕਿ ਕੱਲ੍ਹ ਦਾ ਭਵਿੱਖ ਨੌਜਵਾਨ ਪੀੜ੍ਹੀ ਨੂੰ ਇਸ ਹਾਰੇ ਵਿੱਚੋਂ ਧੁਖਣੋ ਬਚਾਈਏ।
ਜਗਦੀਸ਼ ਸਿੰਘ,
(ਹੈਲਥ ਇੰਸਪੈਕਟਰ)
ਪਿੰਡ ਅਤੇ ਡਾਕਖਾਨਾ : ਪੱਖੋ ਕਲਾਂ
ਤਹਿਸੀਲ : ਤਪਾ
ਜਿਲ੍ਹਾ ਬਰਨਾਲਾ

0 comments:
Speak up your mind
Tell us what you're thinking... !