ਮੁਹੰਮਦ ਰਫੀ ਦਾ ਨਾਂ ਇਤਹਾਸ ਦੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਇਆਂ ਹੈ। ਰਹਿੰਦੀ ਦੁਨੀਆਂ ਤੱਕ ਉਸ ਮਹਾਨ ਸਖਸ਼ੀਅਤ ਨੂੰ ਉਹਨਾਂ ਦੇ ਗਾਏ ਗੀਤਾਂ ਦੀ ਬਦੌਲਤ ਸੰਗੀਤ ਦੀ ਦੁਨੀਆਂ ਵਿੱਚ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਉਸਦਾ ਜਨਮ 24 ਦਸੰਬਰ1924 ਨੂੰ ਪਿਤਾ ਹਾਜ਼ੀ ਅਲੀ ਮੁਹੰਮਦ ਤੇ ਮਾਤਾ ਅੱਲਾ ਰੱਖੀ ਦੇ ਘਰ ਮਜੀਠਾ ਰੋਡ ਪਿੰਡ ਕੋਟਲਾ ਸੁਲਤਾਨ ਸਿੰਘ ਅੰਮ੍ਰਿਤਸਰ ਵਿਖੇ ਹੋਇਆ। ਆਪ ਦਾ ਪੂਰਾ ਨਾਂ ਮੁਹੰਮਦ ਹਾਜ਼ੀ ਅਲੀ ਮੁਹੰਮਦ ਰਫੀ ਸੀ।ਰਫੀ ਸਾਹਬ ਦੇ ਪਿਤਾ ਹਜ਼ਾਮਤਾਂ ਕਰਦੇ ਸਨ ਤੇ ਕੁੱਕ ਦਾ ਕੰਮ ਵੀ ਕਰਦੇ ਸਨ। ਆਪ ਦਾ ਬਚਪਨ ਦਾ ਨਾਂ ਫੀਕੋ ਸੀ। ਸੰਗੀਤ ਦਾ ਲਗਾਉ ਆਪ ਨੂੰ ਬਚਪਨ ਤੋਂ ਹੀ ਸੀ। ਪਰ ਆਪ ਦੇ ਘਰ ਵਾਲੇ ਇਹ ਕੰਮ ਨੂੰ ਚੰਗਾ ਨਹੀ ਸਨ ਸਮਝਦੇ। ਆਪ ਆਪਣੇ ਛੇ ਭੈਣ ਭਰਾਵਾਂ ਤੋਂ ਸਭ ਤੋਂ ਛੋਟੇ ਸਨ। ਚੌਥੀ ਕਲਾਸ ਤੱਕ ਆਪ ਆਪਣੇ ਪਿੰਡ ਕੋਟਲਾ ਸੁਲਤਾਨ ਸਿੰਘ ਵਿੱਚ ਹੀ ਪੜ੍ਹੇ ਤੇ 1936 ਨੂੰ 12 ਸਾਲ ਦੀ ਉਮਰ ਵਿੱਚ ਆਪ ਦੇ ਪਿਤਾ ਆਪਣਾ ਜੱਦੀ ਪੁਸ਼ਤੀ ਮਕਾਨ 1400 ਰੁ: ਵਿੱਚ ਵੇਚ ਕੇ ਲਾਹੌਰ ਚਲੇ ਗੲ।ੇ ਫਿਰ ਕੁਝ ਸਮੇਂ ਬਾਅਦ ਕੋਟਲਾ ਸੁਲਤਾਨ ਸਿੰਘ ਵਿੱਚ ਆਪਣੀ ਭੂਆ ਦੀ ਲੜਕੀ ਬਸ਼ੀਰਾਂ ਨਾਲ ਨਿਕਾਹ ਕਰਵਾਉਣ ਲਈ ਪਿੰਡ ਬਰਾਤ ਲੈ ਕੇ ਆਏ। ਰਫੀ ਸਾਹਬ ਨੇ ਲਾਹੌਰ ਜਾ ਕੇ ਬੜੇ ਗੁਲਾਮ ਅਲੀ ਖਾਂ ਸਾਹਬ, ਫਿਰੋਜ਼ ਨਿਜ਼ਾਮੀ ਅਤੇ ਉਸਤਾਦ ਅਬਦੁੱਲ ਵਾਹਿਦ ਖਾਂ ਸਾਹਬ ਵਰਗੇ ਉਸਤਾਦਾ ਤੋਂ ਸੰਗੀਤ ਦੀ ਸਿੱਖਿਆ ਲਈ। 1941 ਵਿੱਚ ਪਹਿਲੀ ਵਾਰ ਰਫੀ ਸਾਹਬ ਨੇ ਪੰਜਾਬੀ ਫਿਲਮ ‘ਗੁੱਲ-ਬਲੋਚ’ ਵਿੱਚ ‘ਜੀਨਤ ਬੇਗਮ’ ਨਾਲ ਡਿਊਟ ਗੀਤ ‘ਸੋਹਣੀਏ ਨੀ ਹੀਰੀਏ ਨੀ’ ਗੀਤ ਗਾਇਆ। ਇਥੋਂ ਹੀ ਉਹਨਾਂ ਦੀ ਸੰਗੀਤਕ ਯਾਤਰਾ ਸ਼ੁਰੂ ਹੋਈ। ਹਿੰਦੀ ਫਿਲਮਾਂ ਵਿੱਚ ਉਹਨਾਂ ਨੂੰ 1944 ਵਿੱਚ ਸੰਗੀਤਕਾਰ ਨੌਸ਼ਾਦ ਵੱਲੋਂ ਗਾਉਣ ਦਾ ਮੌਕਾ ਮਿਲਿਆ ਤੇ ਇਸੇ ਸਾਲ ਹੀ ਉਹ ਮੁੰਬਈ ਆ ਕੇ ਰਹਿਣ ਲੱਗ ਪਏ ਸਨ।ਇਸ ਦੌਰਾਨ ਹੀ ਆਪ ਨੇ ਦੂਸਰੀ ਸ਼ਾਦੀ ਕੀਤੀ। ਸਈਦ ਰਫੀ, ਹਾਮਿਦ ਰਫੀ, ਸ਼ਾਹਿਦ ਰਫੀ, ਖਾਲਿਦ ਰਫੀ, ਯਾਸਮੀਨ ਰਫੀ, ਪਰਵੀਨ ਰਫੀ, ਨਸਰੀਨ ਰਫੀ ਆਦਿ ਆਪ ਦੇ ਬੱਚੇ ਹਨ। 1945 ਵਿੱਚ ‘ਲੈਲਾ-ਮੰਜਨੂੰ’ ਅਤੇ 1947 ਵਿੱਚ ‘ਜੁੰਗਨੂੰ’ ਫਿਲਮ ਵਿੱਚ ਅਦਾਕਾਰੀ ਵੀ ਕੀਤੀ। ਉਹਨਾਂ ਨੇ ਬਹੁਤ ਸਾਰੇ ਮਾਨ-ਸਨਮਾਨ ਵੀ ਹਾਸਲ ਕੀਤੇ। 1960 ਵਿੱਚ ‘ਚੌਦਵੀਂ ਕਾ ਚਾਂਦ ਹੋ’ ਗੀਤ ਲਈ ਫਿਲਮ ਫੇਅਰ ਐਵਾਰਡ ਮਿਲਿਆ। 1974 ਤੇ 1977 ਵਿੱਚ ੳਹਨਾਂ ਨੂੰ ਬੈਸਟ ਸਿੰਗਰ ਦਾ ਐਵਾਰਡ ਮਿਲਿਆ। ਉਹਨਾਂ ਨੇ ਆਪਣੇ ਵੇਲੇ ਦੇ ਸਾਰੇ ਹੀ ਸੰਗੀਤਕਾਰਾ ਦੇ ਸੰਗੀਤ ਵਿੱਚ ਗਾਇਆ। ੳ.ਪੀ ਨਈਅਰ, ਸ਼ੰਕਰ ਜੈ ਕਿਸ਼ਨ, ਐੱਸ. ਡੀ ਬਰਮਨ, ਮਦਨ ਮੋਹਨ, ਆਰ.ਡੀ ਬਰਮਨ ਆਦਿ ਦੇ ਨਾਂ ਵਰਨਣ ਯੋਗ ਹਨ। ਉਹਨਾਂ ਦੇ ਗੀਤ ਉਸ ਵੇਲੇ ਦੇ ਹਰ ਹੀਰੋ ਹੀਰੋਇਨ ਤੇ ਫਿਲਮਾਏ ਗਏ ਸਨ। ਦਲੀਪ ਕੁਮਾਰ, ਦੇਵ ਆਨੰਦ, ਰਜਿੰਦਰ ਕੁਮਾਰ, ਸ਼ੰਮੀ ਕਪੂਰ, ਸ਼ਸ਼ੀ ਕਪੂਰ, ਸੁਨੀਲ ਦੱਤ, ਧਰਮਿੰਦਰ, ਵਿਸ਼ਵਾਜੀਤ, ਪਰਦੀਪ, ਰਾਜ ਕੁਮਾਰ, ਭਾਰਤ ਭੂਸ਼ਨ ਤੇ ਜੋਏ ਮੁਖਰਜੀ ਨੂੰ ਆਪਣੀ ਅਵਾਜ਼ ਦਿੱਤੀ। ਉਹਨਾਂ ਨੇ ਆਪਣੀ 40 ਸਾਲ ਦੀ ਫਿਲਮੀ ਜਿੰਦਗੀ ਵਿੱਚ ਤਕਰੀਬਨ ਤੇਲਗੂ, ਬੰਗਾਲੀ, ਮਰਾਠੀ, ਗੁਜਰਾਤੀ, ਸਿੰਧੀ, ਭੋਜਪੁਰੀ, ਉੜੀਆ, ਹਿੰਦੀ, ਪੰਜਾਬੀ, ਅੰਜਰੇਜ਼ੀ, ਸਪੇਨੀ, ਡੱਚ, ਫਾਰਸੀ ਆਦਿ ਲਗਭਗ 35 ਭਸ਼ਾਵਾਂ ਵਿੱਚ 30,000 ਗੀਤ,ਧਾਰਮਿਕ ਸ਼ਬਦ,ਕਵਾਲੀਆਂ ਤੇ ਭਜਨ ਗਾਏ ਜੋ ਤਕਰੀਬਨ ਸਾਰੇ ਹੀ ਲੋਕਾਂ ਦੀ ਜ਼ੁਬਾਨ ਤੇ ਚੜ੍ਹੇ। ਉਹਨਾਂ ਦੇ ਹਿੱਟ ਗੀਤਾਂ ਵਿੱਚੋਂ ਕੁਝ ‘ੳ ਦੁਨੀਆਂ ਕੇ ਰਖਵਾਲੇ’, ‘ਮੈਂ ਜੱਟ ਯਮਲਾ ਪਗਲਾ ਦੀਵਾਨਾ’ , ‘ ਪੱਥਰ ਕੇ ਸਨਮ’ , ‘ ਬਾਬੁਲ ਕੀ ਦੁਆਏਂ ਲੇਤੀ ਜਾ’ , ‘ ਚੌਦਵੀਂ ਕਾ ਚਾਂਦ ਹੋ’ , ਪੰਜਾਬੀ ਗੀਤ ‘ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ’ , ‘ ਚਿੱਟੇ ਦੰਦ ਹੱਸਣੋਂ ਨੀ ੳ ਰਹਿੰਦੇ’ , ‘ਦਾਣਾ ਪਾਣੀ ਖਿੱਚ ਕੇ ਲਿਆਉਦਾ’ ਤੇ ਧਾਰਮਿਕ ਸ਼ਬਦ ‘ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ’ , ‘ਨਾਨਕ ਨਾਮ ਜ਼ਹਾਜ ਹੈ’ , ‘ਦੁੱਖ ਭੰਜਨ ਤੇਰਾ ਨਾਮ ਜੀ’ , ‘ਜਿਸ ਕੇ ਸਿਰ ਉੱਪਰ ਤੂੰ ਸੁਆਮੀ’ , ‘ਮਨਜੀਤੇ ਜਗਜੀਤ’ , ‘ਮੈਂ ਆਇਆ ਦੂਰੋਂ ਚੱਲ ਕੇ’ ਆਦਿ ਸਾਰੇ ਹੀ ਜ਼ਬਰਦਸਤ ਹਿੱਟ ਰਹੇ। ਅੰਤ 31 ਜੁਲਾਈ 1980 ਨੂੰ ਤੀਸਰਾ ਹਾਰਟ ਅਟੈਕ ਆਉਣ ਕਾਰਨ ਮੁੰਬਈ ਦੇ ਹਸਪਤਾਲ ਵਿੱਚ ਰਾਤ 10. 20 ਮਿੰਟ ਤੇ ਸਾਡਾ ਸਾਰਿਆਂ ਦਾ ਮਹਿਬੂਬ ਕਲਾਕਾਰ ਸੰਗੀਤ ਪ੍ਰੇਮੀਆਂ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਆਖ ਗਿਆ। ਸਾਨੂੰ ਉਸ ਮਹਾਨ ਗਾਇਕ ਦੀ ਹਮੇਸ਼ਾ ਘਾਟ ਰੜਕਦੀ ਰਹੇਗੀ। ਉਹਨਾਂ ਦੇ ਪਿੰਡ ਕੋਟਲਾ ਸੁਲਤਾਨ ਸਿੰਘ ਵਿੱਚ ਉਹਨਾਂ ਦੀਆਂ ਯਾਦਗਾਰਾਂ ਬਣਨੀਆਂ ਚਾਹੀਦੀਆਂ ਹਨ। ਅੰਮ੍ਰਿਤਸਰ ਜਿਲ੍ਹੇ ਵਿੱਚ ਵੀ ਉਹਨਾਂ ਦੇ ਨਾਂ ਤੇ ਸਰਕਾਰ ਕੋਈ ਢੁੱਕਵੀਂ ਯਾਦਗਾਰ ਬਣਾਵੇ ਤਾਂ ਹੀ ਇਸ ਮਹਾਨ ਗਾਇਕ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਧਰਮਿੰਦਰ ਸਿੰਘ ਵੜੈਚ ਚੱਬਾ,
ਪਿੰਡ:ਡਾਕ:ਚੱਬਾ,
ਤਰਨਤਾਰਨ ਰੋਡ,
ਅੰਮ੍ਰਿਤਸਰ-143022,
ਮੋਬਾ:- 97817-51690



0 comments:
Speak up your mind
Tell us what you're thinking... !