Headlines News :
Home » » ਦੋ ਕਲਾਵਾਂ: ਅਧਿਆਪਨ ਅਤੇ ਗੀਤਕਾਰੀ ਦਾ ਸੁਮੇਲ - ਸੰਢੌਰੀਆ ਸੁੱਖੇਵਾਲੀਆ

ਦੋ ਕਲਾਵਾਂ: ਅਧਿਆਪਨ ਅਤੇ ਗੀਤਕਾਰੀ ਦਾ ਸੁਮੇਲ - ਸੰਢੌਰੀਆ ਸੁੱਖੇਵਾਲੀਆ

Written By Unknown on Tuesday, 25 December 2012 | 01:36


ਕਈ ਵਿਅਕਤੀ ਆਪਣੇ ਕਿੱਤੇ ਨੂੰ ਸਮਰਪਿਤ ਹੁੰਦੇ ਹੋਏ ਆਪਣੀਆਂ ਅੰਦਰਲੀਆਂ ਰੁਚੀਆਂ ਨੂੰ ਵੀ ਨਾਲੋ ਨਾਲ ਪ੍ਰਫੁੱਲਤ ਕਰਨ ਵਿਚ ਨਿਪੁੰਨ ਹੁੰਦੇ ਹਨ। ਇਹੋ ਜਿਹੀ ਹੀ ਇਕ ਸਖਸ਼ੀਅਤ ਹੈ ਸੰਢੌਰੀਆ ਖਾਂ। ਪੰਜ ਭੈਣਾਂ ਦੇ ਇਕਲੌਤੇ ਭਰਾ ਸੰਢੌਰੀਆ ਖਾਂ ਦਾ ਜਨਮ 1 ਜਨਵਰੀ, 1961 ਨੂੰ ਨਾਭਾ ਤਹਿਸੀਲ ਦੇ ਪਿੰਡ ਸੁੱਖੇਵਾਲ ਵਿਖੇ ਮਾਤਾ ਹਬੀਬਨ ਦੀ ਕੁੱਖੋਂ ਪਿਤਾ ਬਦਰਦੀਨ ਦੇ ਘਰ ਹੋਇਆ। ਪ੍ਰਾਇਮਰੀ ਸਿੱਖਿਆ ਆਪਣੇ ਹੀ ਪਿੰਡ ਤੋਂ ਪ੍ਰਾਪਤ ਕਰਨ ਉਪਰੰਤ ਮੈਟ੍ਰਿਕ ਸਰਕਾਰੀ ਹਾਈ ਸਕੂਲ ਬਾਗੜੀਆਂ (ਸੰਗਰੂਰ) ਤੋਂ ਪ੍ਰਾਪਤ ਕੀਤੀ। ਮੇਲਿਆਂ ’ਤੇ ਜਾ ਕੇ ਢਾਡੀਆਂ, ਕਵੀਸਰ ਦੇ ਅਖਾੜੇ ਸੁਣਨ ਦਾ ਉਸ ਨੂੰ ਬਚਪਨ ਤੋਂ ਸ਼ੌਕ ਸੀ। ਉਸ ਦੀ ‘ਛਿਟੀ’ ਉਸ ਸਮੇਂ ਦੇ ਪ੍ਰਸਿੱਧ ਗਵੱਈਏ ਘੁੱਦੂ ਮਲੇਰਕੋਟਲੇ ਵਾਲੇ ਦਾ ਅਖਾੜਾ ਲਗਵਾਇਆ ਗਿਆ ਸੀ। ਵਿਆਹ ਸ਼ਾਦੀਆਂ ਮੌਕੇ ਕੋਠਿਆਂ ’ਤੇ ਵੱਜਦੇ ਲਾਊਡ ਸਪੀਕਰਾਂ ਤੇ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੇ ਬੋਲਾਂ ਨੂੰ ਬੜੇ ਚਾਅ ਨਾਲ ਸੁਣਦਾ ਹੁੰਦਾ ਸੀ। ਆਪ ਭਾਵੇਂ ਆਪਣੇ ਮਨ ’ਚ ਗਾਉਣ ਦੇ ਸ਼ੌਕ ਨੂੰ ਤਾਂ ਪੂਰਾ ਨਾ ਕਰ ਸਕਿਆ ਪਰ ਇਸ ਸ਼ੌਕ ਨੂੰ ਗੀਤਕਾਰੀ ’ਚ ਬਦਲ ਕੇ ਆਪਣੇ ਮਨ ਨੂੰ ਜ਼ਰੂਰ ਸੰਤੁਸ਼ਟੀ ਦਿੱਤੀ ਅਤੇ ਸੰਢੌਰੀਆ ਸੁੱਖੇਵਾਲੀਆ ਨਾਂ ਨਾਲ ਪਹਿਚਾਣ ਬਣਾ ਲਈ। ਮੈਟ੍ਰਿਕ ਦੀ ਪੜ੍ਹਾਈ ਉਪਰੰਤ ਸੰਢੌਰੀਆ ਖਾਂ ਨੇ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਦਾਖਲਾ ਲੈ ਲਿਆ। ਇਥੇ ਉਹ ਪ੍ਰੋ. ਅਨੂਪ ਵਿਰਕ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਹੋ ਕੇ ਸਾਹਿਤ ਨਾਲ ਹੋਰ ਵੀ ਜ਼ਿਆਦਾ ਜੁੜ ਗਿਆ। ਇਸੇ ਉਪਰੰਤ ਉਸ ਨੂੰ ਸਰਕਾਰੀ ਆਰਟ ਐਂਡ ਕਰਾਫਟ ਟੀਚਰ ਟ੍ਰੇਨਿੰਗ ਸੰਸਥਾ ਨਾਭਾ ਵਿਖੇ ਦਾਖਲਾ ਮਿਲ ਗਿਆ। ਉਸਨੇ ਹੁਣ ਕਲਾਕਾਰੀ (ਪੇਂਟਿੰਗ) ਅਤੇ ਗੀਤਕਾਰੀ ਨੂੰ ਨਿਖਾਰਨਾ ਸ਼ੁਰੂ ਕਰ ਦਿੱਤਾ। ਟ੍ਰੇਨਿੰਗ ਕਰਨ ਉਪਰੰਤ ਰੁਜ਼ਗਾਰ ਦੀ ਪ੍ਰਾਪਤੀ ਲਈ ਬੇਰੁਜ਼ਗਾਰ ਆਰਟ ਐਂਡ ਕਰਾਫਟ ਟੀਚਰਜ਼ ਯੂਨੀਅਨ ਵਿਚ ਬਹੁਤ ਸਰਗਰਮ ਭੂਮਿਕਾ ਨਿਭਾਈ। ਅਖੀਰ ਲੰਬੇ ਸੰਘਰਸ਼ ਉਪਰੰਤ 1997 ਵਿਚ ਉਸ ਨੂੰ ਆਰਟ ਐਂਡ ਕਰਾਫਟ ਟੀਚਰ ਦੀ ਨੌਕਰੀ ਮਿਲ ਗਈ। ਉਸ ਨੇ ਮਾਣਯੋਗ ਹਾਈਕੋਰਟ ਵਿਚ ਸਿਵਲ ਰਿੱਟ ਪਟੀਸ਼ਨ ਨੰ: 18211 ਆਫ 1997 ‘‘ਸੰਢੌਰੀਆ ਖਾਂ ਬਨਾਮ ਹੋਰ’’ ਆਪਣੇ ਪੰਜ ਹੋਰ ਸਾਥੀਆਂ ਨਾਲ ਰਿਜਰਵਰੇਸ਼ਨ ਅਨੁਸਾਰ ਬਣਦੀਆਂ ਆਸਾਮੀਆਂ ਅਧਿਆਪਕਾਂ ਨੂੰ ਮੈਰਿਟ ਅਨੁਸਾਰ ਨਾ ਦੇਣ ਦੇ ਵਿਰੁੱਧ ਪਾ ਦਿੱਤੀ ਜਿਸ ਦਾ ਫੈਸਲਾ ਹੱਕ ’ਚ ਹੋਣ ਨਾਲ ਅਧਿਆਪਕਾਂ ਦੀਆਂ ਨਿਯੁਕਤੀਆਂ ਵਿਚ ਰਿਜ਼ਰਵ ਸ੍ਰੇਣੀ ਦੇ 107 ਅਧਿਆਪਕਾਂ ਦੀ ਲਿਸਟ ਦੁਬਾਰਾ ਜਾਰੀ ਕਰਵਾ ਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਉਹਨਾਂ ਦਾ ਹੱਕ ਦਿਵਾਇਆ। ਇਹ ਅਧਿਆਪਕ ਰੁਜ਼ਗਾਰ ਮਿਲਣ ਉਪਰੰਤ ਅੱਜ ਆਪਣੀ ਜ਼ਿੰਦਗੀ ਦੀਆਂ ਖੁਸ਼ੀਆਂ ਮਾਣ ਰਹੇ ਹਨ। ਬਹੁਤੇ ਅਧਿਆਪਕਾਂ ਨੂੰ ਇਸ ਰਿੱਟ ਪਾਉਣ ਦੇ ਕਾਰਨਾਂ ਦਾ ਵੀ ਪਤਾ ਨਹੀਂ ਹੋਣਾ। ਜਿਹੜਾ ਕੰਮ ਜਥੇਬੰਦੀ ਪੱਧਰ ਉੱਪਰ ਹੋਣ ਵਾਲਾ ਸੀ ਉਹ ਸੰਢੌਰੀਆ ਖਾਂ ਤੇ ਉਸ ਦੇ ਸਾਥੀਆਂ ਨੇ ਆਪਣੇ ਪੱਧਰ ਤੇ ਕਰ ਦਿਖਾਇਆ। 
ਸੰਢੌਰੀਆ ਵਿਅੰਗ ਰੂਪੀ ਕਵਿਤਾ ਮੌਕੇ ’ਤੇ ਲਿਖਣ ’ਚ ਮਾਹਿਰ ਹੈ। ਉਹ ਸਮੇਂ ਦੀਆਂ ਅਹਿਮ ਘਟਨਾਵਾਂ ਨੂੰ ਵਿਅੰਗ ਰੂਪ ਦੇਣ ਲਈ ਤੱਤਪਰ ਰਹਿੰਦਾ ਹੈ। ਪਿੱਛੇ ਜਿਹੇ ਕ੍ਰਿਕੇਟ ਖਿਡਾਰੀਆਂ ਦੀ ਹਾਰ ’ਤੇ ਵਿਅੰਗ ਦੀਆਂ ਕੁਝ ਸਤਰਾਂ:
ਮਹਿੰਗੀਆਂ ਮਹਿੰਗੀਆਂ ਰੱਖਦੇ ਕਾਰਾਂ,
ਗੋਰੀਆਂ ਚਿੱਟੀਆ ਇਹਨਾਂ ਦੀਆਂ ਨਾਰਾਂ,
ਨਾਰਾਂ ਕੀ, ਬਿਜਲੀ ਦੀਆਂ ਤਾਰਾਂ,
ਮਾਰਗੀ ਇਸ਼ਕ ਬਿਮਾਰੀ,
ਪਹਿਲਾਂ ਬੰਗਲਾ ਦੇਸ਼ ਤੋਂ ਹਾਰੇ ਨੇ,
ਹੁਣ ਲੰਕਾ ਤੋਂ
ਸਾਡੇ ਅਮੀਰ ਖਿਡਾਰੀ
ਸਾਡੇ ਬੁੱਢੇ ਖਿਡਾਰੀ।
ਇਸੇ ਤਰ੍ਹਾਂ ਆਟਾ ਦਾਲ, ਦੇ ਸਰਵੇਖਣ ਬਾਰੇ ਵਿਅੰਗ ਚੋਂ ਕੁਝ ਸਤਰਾਂ:
ਨੂੰਹ ਤੋਂ ਸਤੀ ਹੋਈ ਵਿਚਾਰੀ
ਆਗੀ ਬਾਹੋ ਦਾਹੀ ਬਈ ਕਰਤਾਰੀ 
ਇਕੋ ਗੱਲ ’ਚ ਕਹਿ ਗਈ ਸਾਰੀ
ਥੋਡੀ ਕੋਈ ਲਗਦੀ ਹੁਸ਼ਿਆਰੀ।
ਅਡੈਂਟੀ ਕਾਰਡ ਦਿਖਾਓ ਪਹਿਲਾਂ
ਫੇਰ ਮਨੂੰਗੀ ਸਰਵੇਖਣ ਨੂੰ
ਬੀ.ਏ. ’ਚ ਪੜ੍ਹਦੀ ਬੇਟੀ ਮੇਰੀ 
ਤੁਸੀਂ ਆਏ ਹੋ ਉਹਨੂੰ ਦੇਖਣ ਨੂੰ।
ਬੱਚਿਆਂ ਲਈ ਬਾਲ ਗੀਤ ਵੀ ਉਸ ਨੇ ਲਿਖੇ ਹਨ ਜਿਨ੍ਹਾਂ ’ਚੋਂ ਕੁਝ ਬੋਲ ਇਸ ਤਰ੍ਹਾਂ ਨੇ,
‘‘ਭੇਜਦੇ ਸਕੂਲੇ ਮੈਨੂੰ ਅੰਮੀਏ,
ਮੇਰਾ ਪੜ੍ਹਨੇ ਨੂੰ ਕਰਦਾ ਏ ਜੀਅ’’
ਵਾਤਾਵਰਣ ਬਾਰੇ ਕੁਝ ਬੋਲ:
ਚਿੜੀਆਂ ਤੇ ਗਿਰਝਾਂ ਘਟੀਆਂ
ਕਿੱਕਰਾਂ ਤੇ ਟਾਹਲੀਆਂ,
ਘਟਦਾ ਹੈ ਪਾਣੀ ਜਾਂਦਾ
ਸੁਕਣਗੀਆਂ ਹਰਿਆਲੀਆਂ।
ਇਸੇ ਤਰ੍ਹਾਂ ਦਿਓਰ ਭਰਜਾਈ ਦੇ ਪਿਆਰ ਬਾਰੇ ਬਹੁਤ ਗੀਤਾਂ ਨੂੰ ਸ਼ਬਦਾਂ ’ਚ ਉਸ ਨੇ ਪਰੋਇਆ ਹੈ ਜਿਵੇਂ: ‘ਤੇਰੀ ਭਾਬੀ ਤੇਰੇ ਨਾਲ ਗੁੱਸੇ, ਵੇ ਸੁਣ ਸ਼ੌਂਕੀਆ ਦਿਓਰਾ। ਉਹ ਆਪਣੀ ਗੀਤਕਾਰੀ ਦਾ ਸ਼ੌਕ ਜਾਰੀ ਰੱਖਦਾ ਹੋਇਆ ਆਪਣੀ ਸਰਕਾਰੀ ਸੇਵਾ ਨੂੰ ਈਮਾਨਦਾਰੀ ਨਾਲ ਨਿਭਾਉਂਦਾ ਆ ਰਿਹਾ ਹੈ। ਉਸ ਦੀਆਂ ਰਚਨਾਵਾਂ ਅਖਬਾਰਾਂ ਅਤੇ ਮੈਗਜ਼ੀਨਾਂ ਵਿਚ ਵੀ ਛਪਦੀਆਂ ਰਹਿੰਦੀਆਂ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੀਂਗੀ ਤਹਿ: ਨਾਭਾ ਵਿਖੇ ਸੇਵਾ ਦੌਰਾਨ ਉਸ ਨੇ ਸਕੂਲ ਦੀ ਸੁੰਦਰਤਾ ਨੂੰ ਬੋਰਡ ਬਣਾ ਕੇ, ਮਾਟੋ ਲਿਖ ਕੇ ਚਾਰ ਚੰਨ ਲਾਏ। ਸਕੂਲ ਦੇ ਉਸ ਸਮੇਂ ਦੇ ਪ੍ਰਿੰਸੀਪਲ ਸ੍ਰੀ ਰਾਜਿੰਦਰ ਕੁਮਾਰ (ਜੋ ਬਾਅਦ ’ਚ ਮੰਡਲ ਸਿੱਖਿਆ ਅਫਸਰ ਬਣੇ) ਨੇ ਉਸ ਦੇ ਕੰਮਾਂ ਨੂੰ ਹਮੇਸ਼ਾਂ ਸਰਾਹਿਆ। ਹੁਣ ਉਹ ਸਰਕਾਰੀ ਮਿਡਲ ਸਕੂਲ ਅੱਚਲ ਵਿਖੇ ਵੀ ਉਸੇ ਤਰ੍ਹਾਂ ਸਕੂਲ ਦੀ ਸੁੰਦਰਤਾ ਬਨਾਉਣ ਲਈ ਆਪਣਾ ਯੋਗਦਾਨ ਪਾ ਰਿਹਾ ਹੈ। ਪੰਜਾਬ ਲੇਖਕ ਕਲਾ ਮੰਚ (ਪਲਕਮ) ਨਾਲ ਜੁੜੇ ਹੋਣ ਕਾਰਨ ਉਸ ਨੂੰ ਡਾ: ਸੁਖਮਿੰਦਰ ਸੇਖੋਂ ਦੀ ਲੇਖਣੀ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਡਾ. ਸੁਖਮਿੰਦਰ ਸੇਖੋਂ ਦੀ ਹੀ ਸੰਪਾਦਨਾ ਹੇਠ ਹੁਣੇ ਹੀ ਪਲਕਮ ਵੱਲੋਂ ਪ੍ਰਕਾਸ਼ਿਤ ‘ਮੁੱਠੀ ਕੁ ਤਾਰੇ’ ਵਿਚ ਸੰਢੌਰੀਆ ਸੁੱਖੇਵਾਲੀਆ ਦੀਆਂ ਸ਼ਾਮਿਲ ਰਚਨਾਵਾਂ ‘ਖਿਆਲ ਬਾਬਲੇ ਦੀ ਪੱਗ ਦਾ’, ਲੋਕ ਬੋਲੀਆਂ ‘ਗੱਭਰੂ ਦੇਸ਼ ਪੰਜਾਬ ਦਿਓ’ ਅਤੇ ‘ਠੱਗ ਬਾਬੇ ਅਤੇ ਮਨਿਸਟਰ’ ’ਚੋਂ ਕੁਝ ਬੋਲ ਇਸ ਤਰ੍ਹਾਂ ਹਨ:
ਤੀਹ ਤੀਹ ਲੱਖ ਦੀ ਗੱਡੀ ਕੋਲੇ,
ਲੰਮੇ ਲੰਮੇ ਪਾ ਕੇ ਚੋਲੇ।
ਚਿੱਟੇ ਚਿੱਟੇ ਪਾ ਕੇ ਚੋਲੇ।
ਦੇਖਣ ਨੂੰ ਨੇ ਲਗਦੇ ਭੋਲੇ,
ਇਹ ਪੱਕੇ ਮੁਸ਼ਟੰਡੇ ਨੇ,
ਠੱਗ ਬਾਬੇ ਅਤੇ ਮਨਿਸਟਰ,
ਇਕੋ ਵੇਲ ਦੇ ਕੰਡੇ ਨੇ।
ਹੱਸਮੁਖ, ਮਿਲਣਸਾਰ, ਸਮੇਂ ਦਾ ਪਾਬੰਦ ਸੰਢੌਰੀਆ ਖਾਂ ਆਪਣੀ ਸੇਵਾ ਪੂਰੀ ਇਮਾਨਦਾਰੀ ਨਾਲ ਨਿਭਾਅ ਰਿਹਾ ਹੈ। ਉਸ ਨੂੰ ਰਚਨਾ ਵਿਚਾਰ ਮੰਚ (ਰਜਿ:) ਨਾਭਾ ਦੇ ਮੰਚ ਤੋਂ ਡਾ. ਜਸਵਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵਿਅੰਗ ਰੂਪੀ ਰਚਨਾ ਪੜ੍ਹਨ ’ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸੰਢੌਰੀਆ ਸੁੱਖੇਵਾਲੀਆ ਆਪਣੇ ਸਾਥੀਆਂ ਨਾਲ ਹਮੇਸ਼ਾਂ ਸਿੱਖਿਆ ਦੇ ਸੁਧਾਰਾਂ ਸੰਬੰਧੀ ਵਿਚਾਰਾਂ ਕਰਦਾ ਹੈ। ਜੇਕਰ ਕੋਈ ਚੰਗਾ ਨੁਕਤਾ ਬੱਚਿਆਂ ਨੂੰ ਪੜ੍ਹਾਉਣ ਲਈ ਮਿਲਦਾ ਹੈ ਤਾਂ ਉਹ ਜਰੂਰ ਉਸ ਨੂੰ ਗ੍ਰਹਿਣ ਕਰ ਲੈਂਦਾ ਹੈ। ਉਹ ਸਕੂਲ ਵਿਚ ਈਮਾਨਦਾਰੀ ਨਾਲ ਦਿਲੋਂ ਸਮਰਪਿਤ ਹੋ ਕੇ ਬੱਚਿਆਂ ਨੂੰ ਪੜ੍ਹਾਉਂਦਾ ਅਤੇ ਸਕੂਲ ਦੇ ਕੰਮ ਕਰਦਾ ਹੈ।
ਧਰਮ ਨਿਰਪੱਖਤਾ ਅਤੇ ਜਾਤ ਪਾਤ ਦੀ ਹੋਂਦ ਚੋਂ ਉੱਪਰ ਉੱਠ ਕੇ ਉਸ ਨੇ ਮਾਨਸਾ ਜਿਲ੍ਹੇ ਦੇ ਅਲੀਸ਼ੇਰ ਪਿੰਡ ਦੇ ਸਿੱਖ ਧਰਮ ਨੂੰ ਮੰਨਣ ਵਾਲੇ ਸ੍ਰ: ਹਰੀ ਸਿੰਘ ਦੀ ਲੜਕੀ ਗੁਰਮੀਤ ਕੌਰ ਨਾਲ ਵਿਆਹ ਰਚਾਇਆ। ਉਹ ਆਪਣੀ ਪਤਨੀ ਗੁਰਮੀਤ ਕੌਰ ਪੁੱਤਰ ਸਿਕੰਦਰ ਮੀਰਕ ਅਤੇ ਪੁੱਤਰੀ ਸੀਮਾ ਸੁਲਤਾਨਾ ਨਾਲ ਅੱਜਕ੍ਹਲ ਨਾਭਾ ਵਿਖੇ ਸਾਦਗੀ ਨਾਲ ਰਹਿ ਰਿਹਾ ਹੈ। ਪ੍ਰਮਾਤਮਾ ਉਸਦੀਆਂ ਖਾਹਿਸ਼ਾਂ ਪੂਰੀਆਂ ਕਰੇ।

-ਮੇਜਰ ਸਿੰਘ ਨਾਭਾ
9463553962

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template