ਸਵੇਰੇ ਛੇ ਕੁ ਵਜੇ,ਅਜੇ ਮੈਂ ਬਿਸਤਰੇ ਵਿੱਚ ਹੀ ਪਿਆ ਸੀ,ਬਾਹਰ ਧੁੰਦ ਛਾਈ ਹੋਈ ਅਤੇ ਠੰਡ ਵੀ ਬਹੁਤ ਸੀ,ਪ੍ਰੀਤ ਚਾਹ ਦਾ ਕੱਪ ਲੈਕੇ ਆਈ,ਕਹਿਣ ਲੱਗੀ, “ਉੱਠੋ ਜੀ, ਚਾਹ ਪੀਓ ਅਤੇ ਜਾਣ ਲਈ ਤਿਆਰ ਹੋ ਜਾਓ।”ਚਾਹ ਦਾ ਕੱਪ ਫੜ੍ਹਕੇ ਅਜੇ ਮੈਂ ਦੋ ਕੁ ਘੁੱਟਾਂ ਹੀ ਭਰੀਆਂ ਸਨ ਕਿ ਬਾਹਰ ਕਿਸੇ ਦੇ ਸਕੂਟਰ ਰੁੱਕਣ ਦੀ ਅਵਾਜ਼ ਸੁਣਾਈ ਦਿੱਤੀ ਅਤੇ ਸਾਡਾ ਦਰਵਾਜ਼ਾ ਖੜਕਿਆ।“ਬਾਹਰ ਕੋਈ ਆਇਆ ਹੈ,ਦੇਖਿਓ ਤਾਂ ਕੌਣ ਹੈ।” ਮੈਂ ਪ੍ਰੀਤ ਨੂੰ ਕੁੰਢਾ ਖੋਲ੍ਹਣ ਲਈ ਕਿਹਾ।ਜਦੋਂ ਪ੍ਰੀਤ ਨੇ ਕੁੰਢਾ ਖੋਲ੍ਹਿਆ ਤਾਂ ਆਉਣ ਵਾਲਾ ਕੋਈ ਓਪਰਾ ਨਹੀਂ ਸੀ,ਇਹ ਮੇਰੇ ਮਾਮਾ ਜੀ ਦਾ ਵੱਡਾ ਲੜਕਾ ਇਕਬਾਲ ਸੀ। ਉਹ ਮੈਥੋਂ ਉਮਰ ਵਿੱਚ ਪੰਜ ਕੁ ਸਾਲ ਵੱਡਾ ਹੈ।ਵੱਡਾ ਹੋਣ ਕਰਕੇ ਮੈਂ ਉਸਨੂੰ ‘ਵੀਰ’ ਕਹਿਕੇ ਹੀ ਬੁਲਾਉਂਦਾ ਹਾਂ।ਉਸਨੇ ਮੈਟ੍ਰਿਕ ਪਾਸ ਕਰਕੇ ਨੌਕਰੀ ਕਰਨ ਦੀ ਥਾਂ ਅਪਣੇ ਪਿਤਾ ਪੁਰਖ਼ੀ ਕਿੱਤੇ ਨੂੰ ਹੀ ਤਰਜੀਹ ਦਿੱਤੀ ।ਉਹ ਘਰ ਦੀ ਵੀਹ ਕੁ ਏਕੜ ਜ਼ਮੀਨ ਵਿੱਚ ਵਿਗਿਆਨਕ ਢੰਗਾਂ ਨਾਲ ਖੇਤੀ ਬਾੜੀ ਕਰਦਾ ਹੈ,ਇਲਾਕੇ ਦੇ ਸਫ਼ਲ ਕਿਸਾਨਾਂ ਵਿੱਚ ਗਿਣਿਆ ਜਾਂਦਾ ਹੈ।ਅਪਣੇ ਚੰਗੇ ਰਸੂਖ਼ ਕਰਕੇ ਕਈ ਸਾਲਾਂ ਤੋਂ ਪਿੰਡ ਦਾ ਸਰਬਸੰਮਤੀ ਨਾਲ ਸਰਪੰਚ ਬਣਦਾ ਆ ਰਿਹਾ ਹੈ।
ਅਸੀਂ ਇਕ ਦੂਜੇ ਨੂੰ ਅਪਣਾ ਅਤੇ ਪਰਿਵਾਰਾਂ ਦਾ ਹਾਲ ਚਾਲ ਪੁੱਛਿਆ।ਮੇਰੇ ਘਰ ਵਾਲੀ ਪ੍ਰੀਤ,ਵੀਰੇ ਲਈ ਚਾਹ ਦਾ ਕੱਪ ਲੈ ਆਈ ਅਤੇ ਸਾਡੇ ਕੋਲ ਹੀ ਬੈਠ ਗਈ।ਕੁਝ ਕੁ ਰਸਮੀਂ ਗੱਲਾਂ ਤੋਂ ਬਾਅਦ ਮੈਂ ਗੱਲ ਬਦਲਕੇ ਪੁੱਛਿਆ, “ਵੀਰ!ਐਨਾ ਸੁਵੱਖਤੇ ……ਸੁੱਖ ਤਾਂ ਹੈ……ਕਿਵੇਂ ਆਉਣੇ ਹੋਏ?”
ਉਹ ਕਹਿੰਦਾ, “ਛੋਟੇ ਭਾਈ, ਮੈਂ ਤਾਂ ਤੈਨੂੰ ਹੀ ਮਿਲਣ ਆਇਆ ਹਾਂ ਅਤੇ ਇਕ ਜਰੂਰੀ ਕੰਮ ਵੀ ਹੈ।”
ਮੈਂ ਕਿਹਾ “ਦੱਸ ਵੀਰੇ ਕੀ ਕੰਮ ਐ?ਮੈਂ ਜਰੂਰ ਕਰੂੰਗਾ”।ਉਹ ਕਹਿੰਦਾ, “ ਬੰਤ ਤੈਨੂੰ ਤਾਂ ਪਤਾ ਹੀ ਹੈ ਕਿ ਆਪਾਂ ਹਰੇਕ ਕੰਮ ਇੱਕ ਦੂਜੇ ਦੀ ਸਲਾਹ ਨਾਲ ਹੀ ਕਰਦੇ ਆਂ। ਇਸੇ ਕਰਕੇ ਮੈਂ ਸੋਚਿਆ ਕਿ ਸੁਵੱਖਤੇ ਜਾਵਾਂ ਤਾਂ ਤੂੰ ਘਰ ਮਿਲੇਂਗਾ,ਨਹੀਂ ਤਾਂ ਤੈਂ ਅਪਣੀ ਡਿਊਟੀ ਤੇ ਚਲੇ ਜਾਣਾ ਸੀ।”
ਮੈਂ ਫੇਰ ਪੁੱਛਿਆ “ਤੂੰ ਕੰਮ ਤਾਂ ਦੱਸ,ਕੰਮ ਕੀ ਐ?” ਉਹ ਕਹਿੰਦਾ, “ਕੰਮ ਤਾਂ ਇਹ ਹੈ ਕਿ ਮੇਰੀ ਵੱਡੀ ਲੜਕੀ ‘ਜੋਤ’ ਬੀ ਏ. ਕਰਕੇ ਪੜ੍ਹਣੋਂ ਹੱਟ ਗਈ ਐ।ਅਸੀਂ ਤਾਂ ਵਥੇਰਾ ਕਿਹੈ,ਪੁੱਤ ਤੂੰ ਹੋਰ ਪੜ੍ਹਲੈ……ਹੁਣ ਉਹ ਹੋਰ ਅੱਗੇ ਪੜ੍ਹਨਾ ਨਹੀਂ ਮੰਨਦੀ। ਹੱਡਾਂ ਪੈਰਾਂ ਦੀ ਖੁਲ੍ਹੀ ਹੋਣ ਕਰਕੇ ਸੁੱਖ ਨਾਲ ਭਰ-ਜੁਆਨ ਮੁਟਿਆਰ ਲੱਗਦੀ ਐ। ਅਸੀਂ ਉਸਦੇ ਖ਼ਾਤਰ ਇਕ ਚੰਗੇ ਖ਼ਾਨਦਾਨ ਦਾ ਅਤੇ ਰੱਜੇ ਪੁੱਜੇ ਘਰਦਾ ਲੜਕਾ ਦੇਖਿਐ।”
“ਲੜਕਾ ਕੰਮ ਕੀ ਕਰਦੈ……ਕਿੰਨੀ ਕੁ ਉਮਰ ਦਾ ਹੈ……ਪੜ੍ਹਿਆਂ ਲਿਖਿਆ ਕਿੰਨਾ ਕੁ ਹੈ?”ਮੈਂ ਵੀਰੇ ਤੋਂ ਕਈ ਸਵਾਲ ਇਕੋ ਵਾਰੀ ਪੁੱਛ ਲਏ।
ਉਹਨੇ ਥੋੜਾ ਜਿਹਾ ਸੋਚਕੇ ਦੱਸਿਆ, “ਉਮਰ ਤਾਂ ਤਕਰੀਬਨ ਪੱਚੀ-ਛੱਬੀ ਕੁ ਸਾਲ ਦੀ ਐ……ਐਮ.ਏ.ਕਰਕੇ ਕੇਨਰਾ ਬੈਂਕ ਵਿੱਚ ਨੌਕਰੀ ਕਰਦੈ……ਤਨਖਾਹ ਵੀ ਕਾਫ਼ੀ ਐ……ਸੁਭਾ ਦਾ ਵੀ ਸਾਊ ਹੀ ਲਗਦੈ ……ਮੁੰਡੇ ਦੇ ਹਿੱਸੇ ਦਸ ਕੁ ਏਕੜ ਜ਼ਮੀਨ ਵੀ ਹੈ……ਅਸੀਂ ਤਾਂ ਅਪਣੇ ਵਲੋਂ ਕਾਫ਼ੀ ਪੁੱਛ-ਪੜਤਾਲ ਕੀਤੀ ਐ……ਠੀਕ ਹੀ ਲੱਗ ਰਿਹੈ……ਬਸ ਹੁਣ ਤਾਂ ਤੁਹਾਡੀ ਸਲਾਹ ਹੀ ਬਾਕੀ ਐ।”
ਮੈਂ ਪੁੱਛਿਆ “ਵੀਰੇ!ਜਾਣਾ ਕਦੋਂ ਹੈ ਅਤੇ ਕਿੱਥੇ ਜਾਣਾ ਹੈ?”
ਉਹ ਕਹਿਣ ਲੱਗਿਆ ਕਿ “ਸਾਡੇ ਪਿੰਡੋਂ ਪੰਜ ਕੁ ਕਿਲੋਮੀਟਰ ਸ਼ਹਿਰ ਵੱਲ ਨੂੰ ਜਾਕੇ,ਸੜਕ ਦੇ ਉਪਰ ਹੀ ਇਤਹਾਸਕ ਗੁਰਦੁਆਰਾ ਹੈ,ਉੱਥੇ ਇੱਕਠੇ ਹੋਣੈ, ਤੁਸੀਂ ਦੋਵੇਂ ਜੀਅ ਪਰਸੋਂ ਐਤਵਾਰ ਨੂੰ ਦਸ ਕੁ ਵਜੇ ਪਹੁੰਚ ਜਾਇਓ,ਜੇ ਗੱਲ ਬਣਗੀ ਤਾਂ ਸ਼ਗਨ ਪਾ ਦਿਆਂਗੇ।” ਮੈਂ ਕਿਹਾ “ਵੀਰੇ ਤੂੰ ਫ਼ਿਕਰ ਨਾ ਕਰ ਅਸੀਂ ਜਰੂਰ ਪਹੁੰਚਾਂਗੇ।
ਐਤਵਾਰ ਨੂੰ ਮੈਂ ਅਤੇ ਪ੍ਰੀਤ ਤਿਆਰ ਹੋਕੇ ਨੌ ਕੁ ਵਜੇ ਘਰੋਂ ਤੁਰ ਪਏ।ਜਦੋਂ ਅਸੀਂ ਮੇਨ-ਰੋਡ ਤੇ ਜਾ ਰਹੇ ਸੀ ਤਾਂ ਸ਼ਹਿਰੋਂ ਬਾਹਰ ਸੜਕ ਦੇ ਆਲ੍ਹੇ-ਦੁਆਲ੍ਹੇ ਦੋਹੀਂ ਪਾਸੀਂ ਮੱਝਾਂ ਗਾਵਾਂ ਅਤੇ ਬੰਦਿਆਂ ਦੀ ਭੀੜ ਲੱਗੀ ਹੋਈ ਸੀ। ਮੈਂ ਝੱਟ ਸਮਝ ਗਿਆ ਕਿ ਅੱਜ ਡੰਗਰਾਂ ਦੀ ਮੰਡੀ ਹੈ।ਭੀੜ ਕਰਕੇ ਅਸੀਂ ਸਕੂਟਰ ਤੋਂ ੳੁੱਤਰਕੇ ਪੈਦਲ ਹੀ ਰੁੱਕ ਰੁੱਕ ਕੇ ਅੱਗੇ ਵੱਧ ਰਹੇ ਸੀ।ਥਾਂ ਥਾਂ ਤੇ ਮੱਝਾਂ ਗਾਵਾਂ ਦੇ ਸੌਦੇ ਹੋ ਰਹੇ ਸਨ।ਮਾਲਕ ਅਪਣੇ ਅਪਣੇ ਪਸ਼ੂਆਂ ਦੀਆਂ ਸਿਫਤਾਂ ਕਰ ਰਹੇ ਸਨ।ਅਤੇ ਖਰੀਦਣ ਵਾਲੇ ਨੁਕਸ਼ ਕੱਢ ਰਹੇ ਸਨ।ਕੋਈ ਦੰਦ ਦੇਖ ਰਿਹਾ ਸੀ,ਕੋਈ ਸਿੰਙਾਂ ਦਾ ਨੁਕਸ ਦੱਸ ਰਿਹਾ ਸੀ,ਕੋਈ ਕਹਿ ਰਿਹਾ ਸੀ ਪੂੰਛ ਲੰਬੀ ਨਹੀਂ,ਕੋਈ ਪੁੜਿਆਂ ਦਾ ਨੁਕਸ ਕੱਢ ਰਿਹਾ ਸੀ,ਕੋਈ ਥਣਾਂ ਦਾ ਨੁਕਸ ਦੱਸ ਰਿਹਾ ਸੀ।ਸੌਦਾ ਕਰਵਾਉਣ ਵਾਲੇ ਦਲਾਲ ਸੌਦਾ ਕਰਾਉਣ ਲਈ ਪੂਰਾ ਜੋਰ ਲਾ ਰਹੇ ਸੀ।ਕਿਉਂਕਿ ਸੌਦਾ ਹੋਣ ਤੋਂ ਬਾਅਦ ਹੀ ਉਹ ਦਲਾਲੀ ਲੈਣ ਦੇ ਹੱਕਦਾਰ ਬਣਦੇ ਹਨ।
ਸਵਾ ਕੁ ਦਸ ਵਜੇ ਅਸੀਂ ਗੁਰਦੁਆਰੇ ਪਹੁੰਚ ਗਏ।ਸਾਡੇ ਜਾਂਦਿਆਂ ਨੂੰ ਵੀਰੇ ਹੋਰੀਂ ਪਰਵਾਰ ਅਤੇ ਪਿੰਡ ਦੇ ਕੁਝ ਸ਼ਰੀਕੇ ਵਾਲੇ ਬੰਦਿਆਂ ਨਾਲ ਪਹੁੰਚੇ ਹੋਏ ਸਨ। ਅਸੀਂ ਫਤਹਿ ਬੁਲਾਕੇ ਬੈਠ ਗਏ। ਦੋ ਚਾਰ ਕੁ ਗੱਲਾਂ ਕਰਕੇ ਮੈਂ ਪੁੱਛਿਆ, “ਵੀਰੇ!ਲੜਕੇ ਵਾਲੇ ਨਹੀਂ ਆਏ ਅਜੇ?”
ਉਹ ਕਹਿੰਦਾ “ਬਸ ਆਉਣ ਵਾਲੇ ਹੀ ਨੇ……ਫੋਨ ਕੀਤਾ ਸੀ……ਕਹਿੰਦੇ ਘਰੋਂ ਤਾਂ ਤੁਰ ਪਏ ਆਂ……ਬਸ ਆ ਜਾਂਦੇ ਨੇ ਪੰਜ ਸੱਤ ਮਿੰਟਾਂ ਵਿੱਚ।”
ਰਿਸ਼ਤੇ ਵਾਰੇ ਚੱਲ ਰਹੀਆਂ ਗੱਲਾਂ-ਬਾਤਾਂ ਤੋਂ ਮੈਂ ਅੰਦਾਜ਼ਾ ਤਾਂ ਲਾ ਲਿਆ ਸੀ ਕਿ “ਗੱਲ ਤਾਂ ਇਹਨਾਂ ਦੀ ਸਿਰੇ ਚੜ੍ਹੀ ਲਗਦੀ ਐ ,ਬੱਸ ਅੱਜ ਤਾਂ ਮੁੰਡੇ ਵਾਲਿਆਂ ਨੂੰ ਕੁੜੀ ਹੀ ਦਿਖਾਉਣੀ ਹੋਊ।”
ਕੁੱਝ ਚਿਰ ਬਾਅਦ ਲੜਕੇ ਵਾਲੇ ਕੁੱਝ ਬੰਦੇ ਅਤੇ ਕੁੱਝ ਜਨਾਨੀਆਂ ਗੁਰਦੁਆਰੇ ਆ ਗਏ।ਜਿਨ੍ਹਾਂ ਦਾ ਅਸੀਂ ਆਉਣ ਤੇ ਸੁਆਗਤ ਕੀਤਾ।ਕੁੱਝ ਇੱਧਰ ਉੱਧਰ ਦੀਆਂ ਰਸਮੀਂ ਜਿਹੀਆਂ ਗੱਲਾਂ ਕਰਕੇ ਮੈਂ ਮੂੰਡੇ ਦੇ ਬਾਪ ਨੂੰ ਪੁੱਛਿਆ “ਸਰਦਾਰ ਜੀ,ਤੁਹਾਡੀ ਕੋਈ ਮੰਗ ਹੈ ਤਾਂ ਦੱਸੋ।”
“ਨਹੀਂ ਜੀ,ਬੱਸ ਕੋਈ ਖਾਸ ਮੰਗ ਨਹੀਂ……ਵੈਸੇ ਸਾਡੀ ਵਿਚੋਲੇ ਰਾਹੀਂ ਇਹਨਾਂ ਨਾਲ ਸਾਰੀ ਗੱਲ ਤਹਿ ਹੋਈ ਹੋਈ ਐ ਅੱਜ ਤਾਂ ਆਪਾਂ ਮੁੰਡੇ ਅਤੇ ਕੁੜੀ ਦੀ ਸਹਿਮਤੀ ਹੀ ਲੈਣੀ ਹੈ ਅਤੇ ਨਾਲ ਆਏ ਰਿਸ਼ਤੇਦਾਰਾਂ ਨੇ ਕੁੜੀ ਪਸੰਦ ਕਰਨੀ ਹੈ।”ਮੁੰਡੇ ਦੇ ਬਾਪ ਨੇ ਕਿਹਾ।
ਮੈਂ ਕਿਹਾ “ਠੀਕ ਐ ਜੀ!......ਆਹ ਬੈਠੀ ਐ ਸਾਡੀ ਕੁੜੀ ਜੋਤ……ਤੁਸੀਂ ਜੋ ਕੁੱਝ ਪੁੱਛਣਾ ਹੈ,ਇਸ ਤੋਂ ਪੁੱਛ ਸਕਦੇ ਹੋ।” ਉਹਨਾਂ ਨੇ ਜੋਤ ਦੀ ਪੜ੍ਹਾਈ ਲਿਖਾਈ,ਸਿਲਾਈ,ਕਢਾਈ ਅਤੇ ਰਸੋਈ ਦੇ ਕੰਮਾਂ ਵਾਰੇ ਕਾਫ਼ੀ ਕੁੱਝ ਪੁੱਛਿਆ।ਜਿਨ੍ਹਾਂ ਦੇ ਉੱਤਰ ਜੋਤ ਨੇ ਬੜੇ ਠੀਕ ਢੰਗ ਨਾਲ ਦਿੱਤੇ।ਉਹਨਾਂ ਨੇ ਜੋਤ ਨੂੰ ਹਸਾਕੇ ਅਤੇ ਤੋਰਕੇ ਵੇਖਿਆ,ਹੱਥ ਪੈਰ ਦੇਖੇ,ਕੱਦ ਮਿਣਿਆ ਭਾਵ ਜੋਤ ਦਾ ਸਿਰੋਂ ਪੈਰਾਂ ਤੱਕ ਅੰਗ ਅੰਗ ਪਰਖਿਆ।ਕੁੱਝ ਸਮੇਂ ਲਈ ਮੁੰਡੇ ਨੇ ਜੋਤ ਨੂੰ ਇਕੱਲੇ ਬੈਠਕੇ ਵੀ ਕੁੱਝ ਗੱਲਾਂ ਕੀਤੀਆਂ।ਮੈਂ ਜੋਤ ਦੇ ਚੇਹਰੇ ਵੱਲ ਵੇਖਿਆ, ਮੈਨੂੰ ਲੱਗਿਆ ਜਿਵੇਂ ਵਿਚਾਰੀ ਨਾ ਚਾਹੁੰਦੇ ਹੋਏ ਵੀ ਇਹ ਸਭ ਕੁੱਝ ਸਹਿ ਰਹੀ ਸੀ।ਅਪਣੇ ਬਾਪ ਦੀ ਇਜ਼ਤ ਨੂੰ ਦੇਖਦੀ ਹੋਈ ਇੱਕ ਬੇਜ਼ੁਬਾਨ ਗਊ ਵਾਂਗ ਮੂਹੋਂ ਕੁੱਝ ਨਹੀਂ ਸੀ ਕਹਿ ਰਹੀ।
ਹੁਣ ਮੁੰਡੇ ਵਾਲੇ ਉਠੱਕੇ ਸਾਥੋਂ ਥੋੜਾ ਦੂਰ ਹੋਕੇ ਖੜ੍ਹ ਗਏ ਅਤੇ ਆਪੋ ਵਿੱਚ ਇਕ ਦੂਜੇ ਨਾਲ ਘੁੱਸਰ-ਮੁੱਸਰ ਜਿਹੀ ਕਰਨ ਲੱਗੇ।ਸਾਡੀਆਂ ਸਭ ਦੀਆਂ ਨਜ਼ਰਾਂ ਉਹਨਾਂ ਵੱਲ ਟਿੱਕੀਆਂ ਹੋਈਆਂ ਸਨ ਕਿ ਹਾਂ ਕਹਿੰਦੇ ਨੇ ਜਾਂ ਨਾਂਹ।ਪੰਜ ਕੁ ਮਿੰਟਾਂ ਬਾਅਦ ਮੁੰਡੇ ਦਾ ਬਾਪ ਕਹਿਣ ਲੱਗਿਆ “ਚੰਗਾ!ਸਰਦਾਰ ਜੀ ਅਸੀਂ ਸਲਾਹ ਕਰਕੇ ਦੱਸਾਂਗੇ।
ਹੁਣ ਮੇਰੀਆਂ ਅੱਖਾਂ ਦੇ ਸਾਹਮਣੇ ਦੋ ਕੁ ਘੰਟੇ ਪਹਿਲਾਂ ਦੇਖਿਆ ਡੰਗਰਾਂ ਦੀ ਮੰਡੀ ਦਾ ਸੀਨ ਘੁੰਮ ਰਿਹਾ ਸੀ।
ਜਰਨੈਲ ਸਿੰਘ ‘ਮਾਗਟ’ ਖੰਨਾ
ਗੁਰੁ ਨਾਨਕ ਨਗਰ,ਗਲੀ ਨੰ:-2,ਵਾਰਡ ਨੰ:-10
ਅਮਲੋਹ ਰੋਡ ਖੰਨਾ,ਨੇੜੇ ਸੁਨੇਤ ਸਰਵਿਸ ਸਟੇਸ਼ਨ
ਜ਼ਿਲਾ- ਲੁਧਿਆਣਾ (ਪੰਜਾਬ)
ਮੋਬਾਇਲ ਨੰ:-94633-19453


0 comments:
Speak up your mind
Tell us what you're thinking... !