“ਜਦੋਂ ਦਾ ਜੇਠਾ ਸਿੰਹੁ ਪਰਧਾਨ ਬਣਿਐ ਨਵੇਂ ਹੀ ਕੰਮ ਕਰਨ ਲੱਗ ਪਿਐ”
ਬਚਨੀ ਕਹਿਣ ਲੱਗੀ, “ਆਹ ਵੀਰਵਾਰ ਨੂੰ ਸੀਮਾ ਨੂੰ ਤਾਬਿਆ ਬੈਠਣ ਤੋਂ ਰੋਕ ਦਿੱਤਾ ਅਖੇ ਤੂੰ ਭਿੱਫਣਾਂ ਕਰਾਉਨੀਂ ਐਂ, ਨਾ ਕਿਹੜਾ ਨੀ ਕਰੋਦਾ, ਉਹ ਤਾਂ ਸਾਰੀਆਂ ਨਾਲੋਂ ਵਧੀਆ ਪਾਠ ਕਰਦੀ ਐ ਸੁਖਮਨੀ ਦਾ, ਬੋਲ ਵੀ ਉਹਦਾ ਈ ਸਾਰੀਆਂ ਤੋਂ ਵਧੀਐ।”
“ਆਹੋ ਪਰਸੋਂ ਬਾਬੂ ਰਾਮ ਨੂੰ ਮਨ੍ਹਾਂ ਕਰ ਦਿੱਤਾ,ਅਖੇ ਤੂੰ ਹੁਕਮਨਾਮਾ ਨੀ ਲੈ ਸਕਦਾ,”ਇੰਸਪੈਕਟਰਨੀ ਬੋਲੀ, “ਉਹਦੇ ਵਰਗਾ ਭਗਤ ਕਿਹੜੈ ਐਥੇ, ਉਸਨੇ ਘਰ ਵੀ ਮਾਹਾਰਾਜ ਰੱਖਿਆ ਹੋਇਐ,ਕੀਰਤਨ ਐਸਾ ਵਧੀਆ ਕਰਦੈ ਆਹ ਗਿਆਨੀ ਵੀ….ਤਾਂ ਹੀ ਤਾਂ ਕਥਾਵਾਚਕ ਤੰਗ ਆਕੇ ਅਸਤੀਫਾ ਦੇ ਕੇ ਚਲਿਆ ਗਿਆ, ਏਹਦੇ ਨਵੇਂ ਅਸੂਲਾਂ ਤੋਂ। ਲੋਕ ਚੱਲ ਚੱਲ ਆਉਂਦੇ ਸੀ ਕਥਾ ਸੁਨਣ।”
“ਹੋਰ ਸੁਣ,” ਕਰਤਾਰੀ ਬੋਲੀ, “ਹੁਣ ਤਾ ਲੰਗਰ ਵਿੱਚ ਵੀ ਵਿਤਕਰਾ ਹੋਣ ਲਗ ਪਿਆ। ਭਈਏ,ਸਹਿਜਧਾਰੀ ਅੱਡ ਬਠਾਉਣ ਲੱਗ ਪਿਐ।ਜਨਾਨੀਆਂ ਦੀਆਂ ਚੁੰਨੀਆਂ ਤੇ ਭਿਫਣਾ ਈ ਦੇਖੀ ਜਾਂਦੈ। ਨਾ ਸੰਗਤ ਵੀ ਕਿਹੜੀ ਰਹਿਗੀ ਹੁਣ ਗੁਰਦੁਆਰੇ ‘ਚ ਸਿਰਫ ਚਵਾਨੀ, ਆਮਦਨ ਵੀ ਚਵਾਨੀ, ਸਾਰੇ ਈ ਤੰਗ ਨੇ ਇਸ ਕਮੇਟੀ ਤੋਂ ਨਾਲੇ ਪਰਧਾਨ ਤੋਂ।”
“ਸਕੂਲ ‘ਚ ਵੀ ਤਾਂ ਬੱਚੇ ਘੱਟ ਗਏ ਜਦੋਂ ਦੀ ਚੌਧਰ ਇਹਨੇ ਸੰਭਾਲੀ ਐ,” ਮੈਡਮ ਸੁਰਿੰਦਰ ਕਹਿਣ ਲਗੀ, “ਬੱਚਿਆਂ ਦੀਆਂ ਵਰਦੀਆਂ ਬਦਲਾ ਦਿੱਤੀਆਂ,ਸਵੇਰ ਦੀ ਪ੍ਰਾਰਥਨਾ ਬਦਲ ਦਿੱਤੀ,ਨਿੱਕੇ ਨਿੱਕੇ ਬੱਚੇ ,ਜਿਨ੍ਹਾਂ ਨੂੰ ਕੱਛੀਆਂ ਸਾਂਭਣ ਦੀ ਅਕਲ ਨੀ ,ਉਹਨਾਂ ਦੀਆਂ ਗਲਾਂ ਵਿੱਚ ਫਿਰਕੂ ਰੰਗਤ ਨਜ਼ਰ ਆਉਣ ਲੱਗ ਪਈ। ਬੱਚਿਆਂ ਦੇ ਮਾਪੇ ਦੁਖੀ ਨੇ,ਸਟਾਫ ਵੀ ਇਨ੍ਹਾਂ ਦੀ ਪਰਧਾਨਗੀ ਤੋਂ ਤੰਗ ਐ, ਪਤਾ ਨੀ ਇਹ ਕਿਹੋ ਜਿਹੀ ਨ੍ਹੇਰ ਗਰਦੀ ਐ, ਕਿੱਦਾਂ ਦੀਆਂ ਗੱਲਾਂ ਨੇ, ਇਨਸਾਨ ਨੂੰ ਇਨਸਾਨ ਈ ਨੀ ਸਮਝਦੇ। ਆ ਜੇਠਾ ਸਿੰਹੁ ਤਾਂ ਪਤਾ ਨੀ ਕਿਹੜੀ ਮਿੱਟੀ ਤੋਂ ਬਣਿਐ।”
ਜੇਠਾ ਸਿੰਘ ਦੇ ਰੱਵਈਏ ਤੋਂ ਸਾਰੇ ਦੁਖੀ ਸੀ, ਉਹ ਹਰੇਕ ਤੇ ਆਪਣੀ ਗੱਲ ਥੋਪਣ ਤੱਕ ਜਾਂਦਾ ਸੀ।ਉਸਦੀ ਘਰਵਾਲੀ ਤਾਂ ਉਸਦੇ ਅੱਗੇ ਚੂੰ ਕਰਨ ਦੀ ਹਿੰਮਤ ਨਾ ਕਰਦੀ।ਹਾਂ ਬੇਬੇ ਖੁੱਲ੍ਹ ਕੇ ਉਸ ਨਾਲ ਟਾਕਰਾ ਕਰਦੀ।ਉਸਨੂੰ ਬੜ੍ਹਾ ਸਮਝਾਉਂਦੀ। ਬੇਬੇ ਨੂੰ ਉਸਦੀਆਂ ਅਤੇ ਉਸਦੇ ਨਾਲਦਿਆਂ ਦੀਆਂ ਗੱਲਾਂ ਪਸੰਦ ਨਹੀਂ ਸੀ।
ਬੇਬੇ ਬੜਾ ਵਰਜਦੀ, “ਪੁੱਤ ਇਹ ਫਿਰਕੂਆਂ ਵਾਲੀਆਂ ਗੱਲਾਂ ਚੰਗੀਆਂ ਨੀ ਨਾਲੇ ਆਹ ਜਿਹੜੀ ਤੇਰੇ ਨਾਲ ਪਾਰਟੀ ਫਿਰਦੀ ਐ ਇਹ ਵੀ ਚੰਗੀ ਨੀ।ਸਾਰੇ ਇਨਸਾਨ ਇਕੋ ਦੀ ਜੋਤ ਨੇ ਇਹ ਹੀ ਸੱਚ ਐ, ਬਾਕੀ ਸਭ ਝੂਠ।”
ਉਹਦੇ ਹੱਥ ਨੇਹਾ ਦੀਆਂ ਮੋਤੀਆਂ ਦੀਆਂ ਲੜੀਆਂ ਵਰਗੀਆਂ ਬਾਹਵਾਂ ਤੇ ਫਿਰ ਰਹੇ ਸੀ। ਉਸਦੇ ਗੁਲਾਬੀ ਹਥਾਂ ਨੂੰ ਇੳਂ ਘੁੱਟ ਰਹੇ ਸੀ ਜਿਵੇਂ ਆਸ਼ਕ ਆਪਣੀ ਮਸ਼ੂਕ ਨੂੰ ਇਕੱਲ ਵਿੱਚ।
‘ਨੀ ਬੱਚੀਏ,ਨੀ ਬੱਚੀਏ’ ਕਰਦੀ ਬੇਬੇ ਨੇਹਾ ਤੋਂ ਉਸਦੇ ਮਾਤਾ ਪਿਤਾ,ਚਾਚੇ ਤਾਏ,ਮਾਮੇ ਮਾਸੀਆਂ ਜਾਣੀ ਕੇ ਸਾਰੇ ਖਾਨਦਾਨ ਦਾ ਵੇਰਵਾ ਲੈ ਰਹੀ ਸੀ। ਗੱਲਾਂ ਕਰਦੀ ਕਰਦੀ ਬੇਬੇ ਆਪਣੀ ਜਵਾਨੀ ਦੀ ਗੱਲ ਕਰਨ ਲੱਗ ਪਈ, “ਬੱਚੀਏ,ਮੈਂ ਤਾਂ ਪੰਦਰਾਂ ਕੁ ਦੀ ਮਸਾਂ ਸੀ ਜਦ ਵਿਆਹ ਹੋਇਆ ਸੀ,ਮੈਂ ਵੀ ਤੇਰੇ ਵਰਗੀ ਓ ਸੀ।” ਬੇਬੇ ਦੇ ਚਿਹਰੇ ਤੇ ਅਜੇ ਵੀ ਨੂਰ ਸੀ।ਕੋਲ ਬੈਠੀ ਨੇਹਾ ਲੱਗਦੀ ਵੀ ਐਵੇਂ ਸੀ ਜਿਵੇਂ ਬੇਬੇ ਚੋਂ ਹੀ ਪੂੰਗਰੀ ਹੋਵੇ।ਨੇਹਾ ਹਰ ਗੱਲ ਵਿੱਚ ਬੇਬੇ ਨੂੰ ‘ਜੀ ਬੇ ਜੀ, ਜੀ ਬੇ ਜੀ ਕਹਿਕੇ ਗੱਲ ਕਰੀ ਅਤੇ ਸੁਣੀ ਜਾ ਰਹੀ ਸੀ ।
“ਪੁੱਤ ਕਾਲਾ ਟਿੱਕਾ ਲਾ ਲਿਆ ਕਰ ਐਵੇਂ ਕਿਧਰੇ ਨਜ਼ਰ ਨਾ ਲੱਗ ਜਾਵੇ।”
“ਬੇ ਜੀ ਮੇਰੀ ਦਾਦੀ ਤਾਂ ਮੇਰੇ ਕਾਲਾ ਟਿੱਕਾ ਲਾ ਈ ਦਿੰਦੀ ਸੀ।”
“ਪੁੱਤ ਤੈਨੂੰ ਤਾਂ ਰੱਬ ਨੇ ਵਿਹਲੇ ਬਹਿਕੇ …।”
“ਨਹੀਂ ਬੇ ਜੀ, ਮੈਨੂੰ ਤਾਂ ਮੇਰੀ ਦਾਦੀ ਨੇ ਐਨੀ ਸੋਹਣੀ ਬਣਾਇਐ,ਮੇਰੀ ਦਾਦੀ ਹੁਣ ਤੱਕ ਮੇਰਾ ਸਾਰਾ ਈ ਮੂੰਹ ਚੱਟ ਜਾਂਦੀ ਸੀ।ਬਹੁਤ ਪਿਆਰ ਕਰਦੀ ਸੀ ਮੈਨੂੰ ਮੇਰੀ ਦਾਦੀ।”ਕਹਿਕੇ ਨੇਹਾ ਦਾ ਗਲ਼ ਭਰ ਆਇਆ।
ਗੱਲਾਂ ਗੱਲਾਂ ਵਿਚ ਬੇਬੇ ਨੇ ਨੇਹਾ ਦੇ ਮਨ ਨੂੰ ਪੂਰੀ ਤਰਾਂ ਪੜ੍ਹ ਲਿਆ ਸੀ ਬੇਬੇ ਦਾ ਦਿਲ ਤਾਂ ਪੂਰੀ ਤਰਾਂ ਨੇਹਾ ਤੇ ਆ ਗਿਆ ਸੀ।ਉਸਨੂੰ ਤਾਂ ਉਹ ਭਾ ਗਈ ਸੀ।
ਬਲਜੀਤ ਦੇ ਮਾਤਾ ਪਿਤਾ ਨੇ ਤਾਂ ਨੇਹਾ ਦੀ ਸਤਿ ਸ੍ਰੀ ਅਕਾਲ ਦਾ ਜੁਆਬ ਵੀ ਚੱਜ ਨਾਲ ਨਹੀਂ ਸੀ ਦਿੱਤਾ। ਉਹ ਦੋਸਤਾਂ ਦੇ ਮਾਤਾ ਪਿਤਾ ਦੀ ਤਰ੍ਹਾਂ ਮਿਲੇ ਵੀ ਨਹੀਂ ਸੀ।ਬਲਜੀਤ ਦੇ ਦਾਦੇ ਨੇ ਜਰੂਰ ਉਸਦੇ ਸਿਰ ਤੇ ਹੱਥ ਫੇਰ ਕੇ ਅਸੀਸ ਦਿੱਤੀ ਸੀ।ਹੋਰ ਕਿਸੇ ਨੇ ਤਾਂ ਉਸਨੂੰ ਚੰਗੀ ਤਰਾਂ ਅਟੈਂਡ ਵੀ ਨਹੀਂ ਸੀ ਕੀਤਾ।ਦਾਦੀ ਕੋਲ ਬੈਠ ਕੇ ਹੀ ਉਹ ਘੰਟਾ ਡੇਢ ਘੰਟਾ ਗੱਲਾਂ ਕਰੀ ਗਈ ਸੀ।ਬਲਜੀਤ ਨੇ ਨੇਹਾ ਨੂੰ ਅਪਣੀ ਦੋਸਤ ਕਹਿਕੇ ਘਰ ਵਿੱਚ ਮਿਲਾਇਆ ਸੀ।ਜਦੋਂ ਉਹ ਬੇਬੇ ਕੋਲ ਬੈਠੀ ਗੱਲਾਂ ਕਰ ਰਹੀ ਸੀ ਉਸਨੂੰ ਦੂਸਰੇ ਕਮਰੇ ਚ ਹੁੰਦੀ ਘੁਸਰ ਮੁਸਰ ਸੁਣਾਈ ਦਿੱਤੀ।
“ਸਾਡੇ ਘਰ ਕੋਈ ਸਿਰਖਿੰਡੀ ਨਹੀਂ ਆਏਗੀ।ਅਸੀਂ ਤਾਂ ਕਿਸੇ ਗੁਰਸਿਖ ਪਰਿਵਾਰ ਵਿੱਚੋਂ ਹੀ ਕਰਾਂਗੇ।”ਜੇਠਾ ਸਿੰਘ ਬਲਜੀਤ ਨੂੰ ਘੂਰਵੀਂ ਪਰ ਨੀਵੀਂ ਅਵਾਜ ਵਿੱਚ ਕਹਿ ਰਿਹਾ ਸੀ।
ਇਹ ‘ਸਿਰਖਿੰਡੀ’ ਸਬਦ ਬਾਵਰੋਲੇ ਦੀ ਤਰ੍ਹਾਂ ਨੇਹਾ ਦੇ ਅੰਦਰ ਖੋਰੂ ਪਾਉਣ ਲੱਗ ਪਿਆ। ਉਹ ਤਾਂ ਸਿਰਫ ਇਕ ਦੋਸਤ ਦੇ ਤੌਰ ਤੇ ਘਰ ਆਈ ਸੀ।ਇਹ ‘ਸਿਰਖਿੰਡੀ’ ਘਰ ਨਹੀਂ ਆਏਗੀ ।ਬੇਬੇ ਨੂੰ ਨੇਹਾ ਇੰਨੀ ਪਸੰਦ ਆ ਗਈ ਕਿ ਉਸਦੇ ਅੰਦਰ ਉਹ ਵਰੋਲੇ ਪੈਦਾ ਕਰ ਰਹੀ ਸੀ।
ਤੁਰਨ ਲੱਗਿਆਂ ਬੇਬੇ ਨੇ ਨੇਹਾ ਦੀ ਪਿੱਠ ਤੇ ਹੱਥ ਫੇਰਿਆ “ਜਿਊਂਦੀ ਰਹਿ ਬੱਚੀਏ, ਫੇਰ ਆਈਂ।”
ਨੇਹਾ ਬੋਲੀ “ਬੇ ਜੀ ਸਿਰ ਤੇ ਹੱਥ ਰੱਖੋ, ਬਜ਼ੁਰਗਾਂ ਦਾ ਹੱਥ ਸਿਰ ਤੇ ਰਹਿਣ ਨਾਲ ਬੱਚਿਆਂ ਦੀ ਉਮਰ ਵੱਧ ਜਾਂਦੀ ਐ, ਮੇਰਾ ਤਾਂ ਖੂਨ ਵੀ ਵੱਧ ਜਾਂਦੈ।” ਜਾਂਦੇ ਜਾਂਦੇ ਨੇਹਾ ਬੇਬੇ ਦੇ ਦਿਲ ਨੂੰ ਹੋਰ ਵੀ ਖਿੱਚ ਪਾ ਗਈ ਸੀ।
ਨੇਹਾ ਪਹਿਲੀ ਵਾਰ ਆਪਣੇ ਘਰ ਕੁਝ ਖਿੰਡੇ ਜਿਹੇ ਮਨ ਨਾਲ ਪੁੱਜੀ ਸੀ।ਸਿਰ ਖਿੰਡੇ ਵਾਲਾਂ ਵਰਗਾ ਮਨ। ਭੱਲਾ ਸਾਹਿਬ ਨੇ ਉਸਦਾ ਮਿਜਾਜ਼ ਤਾੜਦੇ ਹੋਏ ਪੁੱਛ ਲਿਆ, “ਬੇਟੇ ਪੇਪਰ ਚੰਗੇ ਨਹੀਂ ਹੋਏ, ਕਿ ਕਿਸੇ ਨੇ ਕੁਝ ਕਹਿ ਦਿੱਤਾ ਜਾਂ ਕੋਈ ਹੋਰ ਗੱਲ ਹੋਗਈ, ਅਜ ਮੇਰੇ ਬੇਟੇ ਦਾ ਮੂਡ ਖਰਾਬ ਐ?” ਕਿੰਨੇ ਹੀ ਸਵਾਲ ਉਨ੍ਹਾਂ ਨੇ ਕਰ ਦਿੱਤੇ।
ਨੇਹਾ ਕਈ ਮਹੀਨਿਆਂ ਬਾਦ ਘਰ ਆਈ ਸੀ।ਉਸ ਨੇ ਆਪਣੇ ਮਨ ਦਾ ਬਵਾਲ ਮੰਮੀ ਪਾਪਾ ਅੱਗੇ ਕੱਢ ਦਿੱਤਾ।ਪੇਟ ਪੂਜਾ ਕੀਤੀ ਫਿਰ ਮੰਮੀ ਪਾਪਾ ਨਾਲ ਲਾਡ ਕਰਦੀ ਕਰਦੀ ਮੰਮੀ ਦੀ ਗੋਦੀ ਵਿੱਚ ਸਿਰ ਰੱਖ ਕੇ ਘਰਾੜੇ ਮਾਰਨ ਲੱਗ ਪਈ।ਪਿਛਲੀ ਰਾਤੀਂ ਤਾਂ ਮਨ ਦੇ ਫਤੂਰ ਨੇ ਉਸਨੂੰ ਸੌਣ ਨਹੀਂ ਸੀ ਦਿੱਤਾ। ਸਾਂਮ ਨੂੰ ਭੱਲਾ ਸਾਹਿਬ ਉਸਨੂੰ ਸਮਝਾਉਣ ਲੱਗੇ… ‘ਬੇਟਾ ਜੀਵਨ ਦੇ ਹਰ ਚੈਲੇਂਜ ਨੂੰ ਕਬੂਲਣਾ ਚਾਹੀਦੈ ਡਾਂਵਾਡੋਲ ਨਹੀਂ ਹੋਣਾ ਚਾਹੀਦਾ।ਇਹ ਵੀ ਇਮਤਿਹਾਨ ਹੈ, ਮੈਨੂੰ ਉਮੀਦ ਹੈ ਕਿ ਬੇਟੀ ਗੋਲਡ ਮੈਡਲਿਸਟ ਹੀ ਰਹੇਗੀ।’
ਬਲਜੀਤ ਦੇ ਘਰ ਵਿੱਚ ਉਸਦੀ ਦਾਦੀ ਨੇ ਮਮਲਾ ਮਘਾ ਲਿਆ। ਜੇਠੇ ਪੁੱਤ ਐਨਾ ਵਿਤਕਰਾ ਨੀ ਕਰੀਦਾ,ਏਨੀ ਚੰਗੀ ਲੜਕੀ ਸਾਰਾ ਮੁਲਖ ਲੱਭਿਆਂ ਨੀ ਮਿਲਣੀ।ਮੈਂ ਸਾਰੀ ਓ ਪਰਖ ਕਰਲੀ।ਬੇਬੇ ਇਸ ਗੱਲ ਤੇ ਅਟੱਲ ਸੀ।ਜੇਠਾ ਸਿੰਘ ਆਪਣੀ ਕੱਟੜ ਸੋਚ ਤੇ ਅੜਿਆ ਹੋਇਆ ਸੀ।ਇਹ ਮਸਲਾ ਕਈ ਮਹੀਨੇ ਚਲਿਆ।ਬੇਬੇ ਤਾਂ ਚੁੱਪ ਚੁਪੀਤੇ ਨੇਹਾ ਦੇ ਘਰ ਵੀ ਹੋ ਆਈ ਸੀ।ਉਹ ਆਪਣੀ ਸੋਚ ਤੇ ਮਜਬੂਤੀ ਨਾਲ ਖੜੀ ਸੀ।
ਜੇਠਾ ਸਿੰਘ ਕਹਿਣ ਲੱਗਿਆ, “ਬੇਬੇ ਤੈਨੂੰ ਨੀ ਪਤਾ ਮੈ ਛੋਟੇ ਨੂੰ ਵੀ ਵਿਆਹੁਣੈ, ਇਹਨਾਂ ਲੋਕਾਂ ਨਾਲ ਰਿਸ਼ਤਾ ਕਰਕੇ ਮੈਂ ਆਪਣੇ ਲੋਕਾਂ ਵਿੱਚ ਕਿਵੇਂ ਨਿਭਾ ਸਕੂੰ?”
“ਹਾਂ ਮੈਨੂੰ ਈ ਨੀ ਪਤਾ ਹੁਣ ਤੂੰ ਪਰਧਾਨ ਜੋ ਬਣ ਗਿਆ ਭਾਈ।।ਜਦ ਤੈਨੂੰ ਜਵਾਨੀ ਚੜ੍ਹੀ ਤੀ ਤਾਂ ਕਟਾ ਦੂੰ ਕਟਾ ਦੂੰ ਕਰਦਾ ਸੀ।ਮੈਂ ਹੀ ਰੋਕਿਆ ਸੀ… ‘ਪਿਓ ਦੀ ਦਾੜ੍ਹੀ ਵਲ ਦੇਖ’ ਕਹਿਕੇ।ਨਾਲੇ ਮੇਰੇ ਪੇਕੇ ਵੀ ਸਹਿਜਧਾਰੀ ਨੇ।ਹੁਣ ਤੈਨੂੰ ਈ ਸਭ ਕੁਝ ਪਤੈ।”
ਬਲਜੀਤ ਤਾਂ ਪਹਿਲਾਂ ਈ ਚਾਹੁੰਦਾ ਸੀ, ਬੇਬੇ ਨੇ ਉਸਨੂੰ ਹੋਰ ਪੱਕਾ ਕਰ ਦਿੱਤਾ।ਉਹ ਆਪਣੇ ਬਾਪ ਦੇ ਰਵਈਏ ਤੋਂ ਦੁਖੀ ਤਾਂ ਹੈ ਈ ਸੀ।ਫੇਰ ਨੇਹਾ ਕਿਹੜਾ ਕੋਈ ਰਿਸ਼ਤਾ ਬੰਨਣ ਆਈ ਸੀ ਉਹ ਤਾਂ ਸਿਰਫ ਇਕ ਦੋਸਤ ਵਜੋਂ ਆਈ ਸੀ, ਐਡੀ ਲਕੀਰ ਖਿੱਚਣ ਦੀ ਕੀ ਲੋੜ ਸੀ।
“ਬੇਬੇ,ਬਲਜੀਤ ਨੂੰ ਤੂੰ ਵਿਗਾੜ ਕੇ ਰੱਖ ਤਾ, ਉਹ ਤਾਂ ਮੇਰੇ ਅਗੇ ਅੱਖ ਨੀ ਸੀ ਚੁਕਦਾ,ਹੁਣ ਬਹਿਸ ਕਰਦੈ।”
ਬੇਬੇ ਉਸਨੂੰ ਮੁੜ ਮੁੜ ਸਮਝਾਉਂਦੀ “ਘਰ ਦਾ ਅੱਗਾ ਨਾ ਖੜ੍ਹਾ ਲਈਂ, ਮੈਂ ਸੱਤਰਾਂ ਤੋਂ ਟੱਪੀ ਹੋਈ ਆਂ।ਮੈਨੂੰ ਪੋਤ ਨੂੰਹ ਦੇਖ ਲੈਣ ਦੇ, ਕਿਤੇ ਐਵੇਂ ਈ ਨਾਂ ਲੰਘ ਜਾਂ।”
ਘਰ ਬੇਬੇ ਅਤੇ ਜੇਠਾ ਨਿੱਤ ਬਹਿਸਦੇ,ਆਪਣੇ ਆਪ ਨੂੰ ਠੀਕ ਠਹਿਰਾਉਂਦੇ।ਬਲਜੀਤ ਆਪਣੇ ਨਰਸਿੰਗ ਹੋਮ ਵਿੱਚ ਜਾਕੇ ਕੰਮ ਕਰਦਾ ਰਹਿੰਦਾ। ਬਲਜੀਤ ਦਾ ਦਾਦਾ ਬੇਬੇ ਦੀ ਗੱਲ ਨੂੰ ਠੀਕ ਮੰਨਦਾ ਸੀ, ਪਰ ਉਹ ਬੋਲਦਾ ਜਿਆਦਾ ਨਹੀਂ ਸੀ, ਉਸਨੂੰ ਡਾਕਟਰ ਨੇ ਮਨ੍ਹਾ ਕੀਤਾ ਹੋਇਆ ਸੀ। ਉਹ ਤਾਂ ਰੱਬ ਰੱਬ ਕਰਕੇ ਸਮਾਂ ਬਿਤਾ ਰਿਹਾ ਸੀ।
ਬੇਬੇ ਦੇ ਮਨ ਤੇ ਗੁਬਾਰ ਵੱਧ ਰਿਹਾ ਸੀ।ਉਸਦੇ ਸੀਨੇ ਵਿੱਚ ਦਰਦ ਉੱਠਿਆ “ਮੈਂ ਗਈ! ਮੈਂ ਗਈ! ਮੇਰਾ ਸਿਰ ਖਿੰਡ-ਮੇਰਾ ਸਿਰ ਖਿੰਡ ਗਿਆ।”ਉਹ ਕੁਰਲਾ ਉੱਠੀ।ਉਸਨੂੰ ਦਿਲ ਦਾ ਦੋਰਾ ਪੈ ਗਿਆ ਸੀ। ਉਹ ਬੱਚ ਤਾਂ ਗਈ ਪਰ ਉਸਦੀ ਬਲਜੀਤ ਦੇ ਰਿਸ਼ਤੇ ਬਾਰੇ ਜਿੱਦ ਹੋਰ ਪੱਕੀ ਹੋ ਗਈ।ਹੁਣ ਬਲਜੀਤ ਵੀ ਇੰਨੇ ਕਟੱੜ ਰਵੱਈਏ ਦਾ ਖੁਲ ਕੇ ਵਿਰੋਧ ਕਰਨ ਲਗ ਪਿਆ ਸੀ।
ਜੇਠਾ ਸਿੰਘ ਬੋਲਿਆ, “ਕਾਕਾ ਜੇ ਤੁੰ ਮੇਰੀ ਗੱਲ ਨਹੀਂ ਮੰਨਣੀ ਤਾਂ ਕੰਨ ਖੋਲ੍ਹ ਕੇ ਸੁਣ ਲੈ… ਮੈਂ ਤੁਹਾਡੇ ਨਾਲ ਵਰਤਾਗਾਂ ਨਹੀਂ, ਤੁਹਾਨੂੰ ਜਾਇਦਾਦ ਚੋਂ ਕੁਝ ਵੀ ਨਹੀਂ ਮਿਲੇਗਾ।ਬਸ ਵਿਆਹ ਤੋਂ ਬਾਅਦ ਤੁਸੀਂ ਅੱਡ ਰਹੋਗੇ।” ਬਲਜੀਤ ਨੂੰ ਤਾਂ ਇਹ ਸਭ ਕੁਝ ਲਿਖਤੀ ਤੌਰ ਤੇ ਮਨਜੂਰ ਕਰਨਾ ਪਿਆ।
ਨਾ ਬੈਂਡ ਨਾ ਬਾਜਾ ਨਾ ਕੋਈ ਬਹੁਤਾ ਕੱਠ ਵੱਠ ਨਾ ਕੋਈ ਜਾਗੋ ਨਾ ਗੀਤ ਸੰਗੀਤ ਨਾ ਰੋਸ਼ਨੀਆਂ, ਘਰ ਵਿੱਚ ਕੋਈ ਸ਼ੌਕ ਨਾ ਕੀਤਾ ਗਿਆ।ਬਿਲਕੁਲ ਸਾਦੇ ਤਰੀਕੇ ਦਾ ਵਿਆਹ।ਜੇਠਾ ਸਿੰਘ ਨੇ ਕੱਪੜੇ ਵੀ ਨਵੇਂ ਨਾ ਸਵਾਏ।
‘ਅਨੰਦ ਕਾਰਜਾਂ ਤੋਂ ਬਿਨ੍ਹਾ ਵਿਆਹ ਨੀ ਹੋਣਾ।’
ਨੇਹਾ ਦੇ ਘਰ ਵਾਲਿਆਂ ਨੂੰ ਤਾਂ ਕੋਈ ਫਰਕ ਹੀ ਨਹੀਂ ਸੀ,ਉਹ ਤਾਂ ਆਪ ਭੱਲੇ ਹੋਣ ਦਾ ਮਾਣ ਮਹਿਸੂਸ ਕਰਦੇ ਸੀ।ਸੱਜ ਵਿਆਹੀ ਨੇਹਾ ਦਾ ਕਿਸੇ ਨੇ ਕੋਈ ਸ਼ਗਨ ਨਾ ਕੀਤਾ,ਸੱਸ ਸਹੁਰੇ ਨੇ ਕੇਵਲ ਦਿਖਾਵਾ ਕੀਤਾ।ਹਾਂ ਬੇਬੇ ਬੇਹਦ ਖੁਸ਼ ਸੀ ਉਸਨੇ ਨੇਹਾ ਨੂੰ ਰੱਜ ਕੇ ਚੁੰਮਿਆ ਚੱਟਿਆ ਸੀ, ਆਪਣੇ ਗਲ਼ ਦੀ ਚੇਨ ਉਸਦੇ ਗਲ਼ ਪਾਕੇ ਨਵਾਜਿਆ ਸੀ।ਦਾਦੇ ਨੇ ਵੀ ਰੱਜ ਕੇ ਅਸੀਸਾਂ ਦਿੱਤੀਆਂ ਸੀ।
ਹਫਤੇ ਕੁ ਬਾਅਦ ਉਹਨ੍ਹਾਂ ਨੂੰ ਕਰਾਏ ਦੇ ਮਕਾਨ ਵਿੱਚ ਜਾਣ ਦਾ ਆਦੇਸ਼ ਹੋ ਗਿਆ।ਚਾਰ ਸ਼ਰੀਕਾਂ ‘ਚ ਬੈਠਕੇ ਜੇਠਾ ਸਿੰਘ ਨੇ ਦਖਾਵਾ ਕੀਤਾ, “ਬਈ ਕੋਈ ਜਰੂਰੀ ਚੀਜ ਚਾਹੀਦੀ ਐ ਤਾਂ ਅੱਜ ਲੈ ਸਕਦੇ ਓ।”
ਬਲਜੀਤ ਤਾਂ ਚੁੱਪ ਕਰ ਗਿਆ।
“ਤੂੰ ਵੀ ਦੇਖ ਲੈ ਭਾਈ” ਉਸਨੇ ਨੇਹਾ ਨੂੰ ਕਿਹਾ, “ਅੱਜ ਜੋ ਲੈਣੈ ਲੈਜਾ ਸਕਦੇ ਓ ਬਾਅਦ ਵਿੱਚ ਨਾ ਕਿਹੋ।”
ਨੇਹਾ ਨੇ ਕਿਹਾ, “ਠੀਕ ਐ ਪਾਪਾ ਇਕ ਚੀਜ ਜੇ ਦੇ ਸਕਦੇ ਓ ਤਾਂ ਮੰਗਾਂ।”
“ਹਾਂ ਹਾਂ ਜਰੂਰ।”ਉਸਨੇ ਕਿਹਾ “ਬੇ ਜੀ ਅਤੇ ਬਾਪੂ ਜੀ ਸਾਡੇ ਨਾਲ ਰਹਿਣਗੇ”
ਡਾ. ਰਾਜਿੰਦਰ ਸਿਘ ਦੋਸਤ
ਕ੍ਰਿਸਨਾ ਨਗਰ ਗਲੀ ਨੰ-12
ਅਮਲੋਹ ਰੋਡ ਖੰਨਾ 141401
ਮੋਬਾਇਲ ਨੰ:-98765 77827


0 comments:
Speak up your mind
Tell us what you're thinking... !