ਲੋਹੜ੍ਹੀ ਤਿਉਹਾਰ ਹੈ ਹੋਰਨਾਂ ਧਰਮੀਆਂ ਦਾ,ਸਿੱਖ-ਧਰਮ ਨਾਲ ਏਹਦਾ ਕੋਈ ਵਾਸਤਾ ਨਹੀਂ।
ਪੈ ਗਏ ਕੁਰਾਹੇ, ਕੁਰਾਹੀਆਂ ਨੂੰ ਕੌਣ ਮੋੜੇ ? ‘ਸ਼ਬਦ-ਗੁਰੂ’ ਤੇ ਰਹੀ ਹੁਣ ਆਸਥਾ ਨਹੀਂ।
ਸਾਡੇ ਕਾਕੇ ਦੀ ਲੋਹੜ੍ਹੀ ਤਾਂ ਮਸਾਂ ਆਈ , ਲੱਗੂ ਢੋਲ ਤੇ ਡਗਾ ਤੇ ਪਊ ਭੰਗੜਾ।
ਵਿਸਕੀ ਪੀ ਕੇ ਨੱਚਿਆ ਤੇ ਟੱਪਿਆ ਜਦ , ਹੱਟਾ ਕੱਟਾ ਇੰਝ ਜਾਪੇ, ਜਿਉਂ ਨੱਚੇ ਲ਼ੰਗੜਾ।
ਕੋਈ ਕਹਿੰਦਾ ਸਾਡੇ ਵਿਆਹ ਦੀ ਫਸਟ ਲੋਹੜੀ, ਕਸਰ ਕੋਈ ਨਹੀਂ ਰਾਤ ਨੂੰ ਰਹਿਣ ਦੇਣੀ।
ਭਾਵੇਂ ਲੱਖ ਉਪਦੇਸ਼ ਕੋਈ ਕਰੀ ਜਾਵੇ , ਅਸੀਂ ਨੱਕ ਤੇ ਮੱਖੀ ਨਹੀਂ ਬਹਿਣ ਦੇਣੀ।
ਧੂਣੇ ਤਪਾ ਕੇ ਅੱਗ ਦੇ ਬਾਲ ਭਾਂਬੜ, ਤਿਲ , ਰਿਊੜੀਆਂ , ਚਿੜਵੇ ਵਿੱਚ ਧਰੀ ਜਾਂਦੇ।
ਅੱਗੇ ਸਰਦਾਰ ਸਰਦਾਰਨੀ ਪਿੱਛੇ-ਪਿੱਛੇ, ਧੂਣੇ ਦੀਆਂ ਪ੍ਰਕਰਮਾ ਪਏ ਕਰੀ ਜਾਂਦੇ।
ਮੋਤੀ ਚੂਰ ਦੇ ਲੱਡੂ ਵੰਡ ਖੁਸ਼ੀ ਕਰਕੇ , ਅਗਨ ਦੇਵਤਾ ਦੇ ਸੱਤ ਲਾਉਣ ਚੱਕਰ।
ਚੇਤਾ ਭੁੱਲ ਗਏ , ਅਸਾਡੇ ਗੁਰੂ ਪਾਤਸ਼ਾਹ ਨੇ,ਅਜਿਹੇ ਅਡੰਬਰਾਂ ਨਾਲ ਸੀ ਲਈ ਟੱਕਰ।
ਭਲੀ ਕਰੇ ਪ੍ਰਮਾਤਮਾਂ , ਭਲਾ ਹੋਵੇ , ਜੇਕਰ ਅਜੇ ਵੀ ਲੋਹੜ੍ਹੀਆਂ ਬਾਲੀਏ ਨਾ।
230 ਸਾਲ , ਦਸਾਂ ਹੀ ਸਤਿਗੁਰਾਂ ਦੀ , ਕੀਤੀ ਕਰਾਈ ਮਿਹਨਤ ਨੂੰ ਗਾਲੀਏ ਨਾ।
ਗੁਰਪੁਰਬ 32 ਅਤੇ ਪੰਥ ਖ਼ਾਲਸੇ ਦਾ , ਸਾਜਨਾ-ਦਿਵਸ ਵਿਸਾਖੀ ਹਰ ਸਾਲ ਹੁੰਦੇ।
ਕੋਈ ਥੋੜ੍ਹੇ ਨਹੀਂ 33 ਗੁਰਪੁਰਬ ਆਉਂਦੇ , ਜੋ ਮਨਾਉਂਦੇ , ਉਹ ਸਦਾ ਨਿਹਾਲ ਹੁੰਦੇ।
ਛੱਡ ਕੇ ‘ਸੱਚ’ ਨੂੰ ‘ਕੱਚ’ ਨਾਲ ਨਾ ਜੁੜੀਏ ਕਿਉਂਕਿ ‘ਸੱਚੇ’ ਹੀ ਸਦਾ ਪਰਵਾਨ ਹੁੰਦੇ।
ਬਹਾਨਾ ਲੋਹੜ੍ਹੀ ਦਾ ਪੂਜਾ ਅਗਨ ਦੇਵਤੇ ਦੀ, ਬਹੁਤੇ ਕਰਦੇ ਕਈ ਵੇਖ ਹੈਰਾਨ ਹੁੰਦੇ?
‘ਫ਼ਤਿਹਪੁਰੀ’ ਦੀ ਕਲਮ ਅਪੀਲ ਕਰਦੀ , ਲੋਹੜ੍ਹੀ ਛੱਡ, ਗੁਰ-ਸ਼ਬਦ ਦਾ ਲੜ ਫੜੀਏ।
ਮਨ ਦੀ ਮੈਲ ਨੂੰ ਧੋਅ ਗੁਰ-ਸ਼ਬਦ ਰਾਹੀਂ, ‘ਸੇਵਾ’ ‘ਸਿਮਰਨ’ ਦੇ ਏਹਦੇ ਵਿੱਚ ਨਗ ਜੜੀਏ।
ਗਿਆਨੀ: ਅਜੀਤ ਸਿੰਘ ‘ਫ਼ਤਿਹਪੁਰੀ’
ਮੋਬਾਇਲ 8146633646


0 comments:
Speak up your mind
Tell us what you're thinking... !